Share on Facebook

Main News Page

ਪੱਗ ਲਾਹੁਣ ਦਾ ਕਲਚਰ ਕਿੱਥੋਂ ਤੇ ਕਿਉਂ ਸ਼ੁਰੂ ਹੋਇਆ ?
-: ਸਿਰਦਾਰ ਪ੍ਰਭਦੀਪ ਸਿੰਘ
26 Aug 2018

ਪਿਛਲੇ ਲੰਬੇ ਸਮੇ ਤੋਂ ਪੱਗਾਂ ਦੀ ਲੜਾਈ ਨਾ ਬਣਾਉ ਸੰਬੰਧੀ "ਰੇਡੀਓ ਸਿੰਘਨਾਦ" ਤੋਂ ਹੋਕਾ ਦਿੰਦੇ ਆ ਰਹੇ ਹਾਂ, ਪਰ ਕਿਸੇ ਭੀ ਸਿੱਖਾਂ ਦੀ ਸਿਰਮੌਰ ਜਾਂ ਜਿੰਮੇਵਾਰ ਸੰਸਥਾ ਨੇ ਜਿਸ ਦਿੱਲੀ ਕਮੇਟੀ, ਸ਼ਿਰੋਮਣੀ ਕਮੇਟੀ ਅਤਿਆਦਿ ਨੇ ਇੱਕ ਲਫਜ ਭੀ ਮੂਹੋਂ ਨਹੀਂ ਕੱਢਿਆ ਕਿ ਪੱਗ ਲਾਹੁਣ ਵਾਲੇ ਦੀ ਤਲਬੀ ਕੀਤੀ ਜਾਵੇਗੀ।

1) ਕਿਉਂ ਨਹੀਂ ਐਸੀ ਸਖ਼ਤ ਕਾਰਵਾਈ ਦੀ ਮੰਗ ਉੱਠੀ ਕਿਉਂਕਿ ਬਹੁਤਾਤ ਪੱਗਾਂ ਲਾਹੁਣ ਵਾਲੇ ਜੀ.ਕੇ ਦੇ ਹੀ ਉਹ ਭਾਈ ਸਨ ਜਿਹੜੇ ਇਸਨੂੰ ਜਨਮਦਿਨ ਤੇ ਕਿਰਪਾਨਾਂ ਦੀ ਸਲਾਮੀ ਦਿੰਦੇ ਸਨ, ਪਰ ਜੀਕੇ ਨਾਲ ਵਾਪਰੀ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਵੱਲੋਂ ਹੀ ਲਾਈ ਅੱਗ ਦੀ ਚਿੰਗਾਰੀ ਅੱਜ ਆਮ ਲੋਕਾਂ ਦੇ ਹੱਥ ਭੀ ਪਹੁੰਚ ਗਈ ਹੈ। ਵੈਸੇ ਤਾਂ ਪੱਗ ਲਾਹੁਣ ਵਾਲੀ ਰੀਤ ਬਹੁਤ ਪੁਰਾਣੀ ਹੈ, ਪਰ ਥੋੜਾ ਜਿਹਾ ਪਿੱਛੇ ਜਾ ਕੇ ਯਾਦ ਕਰੋ ਕਿ ਇਸ ਰੀਤ ਨੂੰ ਸੰਸਥਾਈ ਰੂਪ ਵਿੱਚ ਮਨਜ਼ੂਰੀ ਉਦੋਂ ਮਿਲੀ ਸੀ ਜਦੋਂ ਪਟਨੇ ਵਾਲੇ ਨੇ ਆਸਨਸੋਲ ਵਿੱਚ ਟਾਸਕ ਫੋਰਸ ਵਾਲੇ ਗੁੰਡੇ ਭੇਜ ਕੇ ਪ੍ਰੋ ਦਰਸ਼ਨ ਸਿੰਘ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ ਸੀ। ਇਸ ਪੱਗ ਲਾਊ ਲੜਾਈ ਨੂੰ ਨਿੰਦਣ ਦੀ ਬਜਾਏ ਜੀਕੇ ਹੁਰਾਂ ਦਾ ਚਹੇਤਾ ਜਥੇਦਾਰ ਇਹ ਕਹਿ ਰਿਹਾ ਸੀ ਕਿ ਇਹ ਗੁਰੂ ਦੇ ਲਾਲ ਹੁਕਮਨਾਮਾਂ ਜਾਰੀ ਕਰਵਾਉਣ ਗਏ ਸਨ। ਹੁਕਮਨਾਮਾਂ ਪ੍ਰੋ. ਦਰਸ਼ਨ ਸਿੰਘ 'ਤੇ ਤਾਂ ਲਾਗੂ ਨਾ ਹੋਇਆ, ਸਗੋਂ ਉੱਲਟ ਅਖੌਤੀ ਜਥੇਦਾਰ ਇਕਬਾਲ ਸਿੰਘ 'ਤੇ ਹੀ ਦੋ ਕੁ ਸਾਲ ਬਾਅਦ ਲਾਗੂ ਹੋ ਗਿਆ, ਜਦੋਂ ਇਸਦੀ ਤਖਤ ਦੀ ਜਥੇਦਾਰੀ ਨੂੰ ਲੈ ਕੇ ਆਪਣੀ ਪੱਗ ਹੱਥ ਵਿੱਚ ਆ ਗਈ।

2) ਆਸਟਰੇਲੀਆ ਦੀ ਧਰਤੀ 'ਤੇ ਪਹੁੰਚੇ ਕੌਮ ਦੇ ਦਾਨੇ ਵਿਦਵਾਨ ਸਿਰਦਾਰ ਗੁਰਤੇਜ ਸਿੰਘ ਅਤੇ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਵਿੱਚੋਂ ਸਿਰਦਾਰ ਗੁਰਤੇਜ ਸਿੰਘ ਦੀ ਪੱਗ ਨੂੰ ਹੱਥ ਪਰਮਜੀਤ ਰਾਣੇ ਦੇ ਉਹਨਾਂ ਚਹੇਤਿਆਂ ਵੱਲੋਂ ਪਾਇਆ ਗਿਆ ਜੋ ਰਾਣੇ ਦੁਆਰਾ ਕਰਵਾਈ ਜਾਂਦੀ ਚੰਡੀ ਦੀ ਵਾਰ ਦੇ ਦੀਵਾਨੇ ਸਨ। ਇਹਨਾਂ ਵਿੱਚੋ ਕਿਸੇ ਵੱਲੋਂ ਭੀ ਇੱਕ ਲਫਜ ਇਹਨਾਂ ਵਿਦਵਾਨਾਂ ਦੇ ਹੱਕ ਵਿੱਚ ਨਿਕਲਿਆ? ਸਗੋਂ ਰਾਣੇ ਵਰਗੇ ਖੁਸ਼ ਹੁੰਦੇ ਹੋਣੇ ਕਿ ਚੰਡੀ ਦੀ ਵਾਰ ਨੇ ਰੰਗ ਲਿਆ ਦਿੱਤਾ।

3) ਭਾਈ ਇੰਦਰ ਸਿੰਘ ਘੱਗਾ ਦੀ ਪੱਗ ਭੀ ਪਿੱਛੇ ਜਹੇ ਮਲੇਸ਼ੀਆ ਵਿੱਚ ਲਾਹੀ ਗਈ। ਇਸ ਤੋਂ ਪਹਿਲਾਂ ਇਹਨਾਂ ਘਰ ਆ ਕੇ ਪਕੌੜੇ ਤੇ ਚਾਹਾਂ ਛੱਕ ਕੇ ਜੀ.ਕੇ ਹੁਰਾਂ ਦੇ ਹੀ ਪ੍ਰੰਪਰਾਵਾਦੀ ਭਾਈ ਇਸ ਬਜ਼ੁਰਗ 'ਤੇ ਹਮਲਾ ਕਰਕੇ ਦੌੜ ਗਏ, ਪਰ ਕੀ ਇਹ ਸੰਸਥਾਵਾਂ ਦੇ ਮੋਢੀ ਸੁੱਤੇ ਪਏ ਸਨ? ਕੀ ਇਹਨਾਂ ਨੇ ਕੋਈ ਕਾਰਵਾਈ ਕੀਤੀ ਜਾ ਨਿੰਦਾ ਭੀ ਕੀਤੀ ਹੋਵੇ ਕਿ ਵਿਚਾਰਾਂ ਦੇ ਵਖਰੇਵੇਂ ਨੂੰ ਪੱਗਾਂ ਤੱਕ ਨਾ ਪਹੁੰਚਾਉ।

4) ਇਸ ਪੱਗ ਦੀ ਵਾਰੀ ਇੱਕ ਵਾਰ ਫਿਰ ਮੇਰੇ (ਪ੍ਰਭਦੀਪ ਸਿੰਘ) ਸਮੇਤ ਪ੍ਰੋ ਦਰਸ਼ਨ ਸਿੰਘ ਹੁਰਾਂ ਦੀ ਤਰਨ ਤਾਰਨ ਦੀ ਧਰਤੀ 'ਤੇ ਆਈ ਅਤੇ ਲਾਹੁਣ ਵਾਲੇ ਭੀ ਸ਼ਿਰੋਮਣੀ ਕਮੇਟੀ ਦੇ ਕੁਝ ਕੁ ਗੁੰਡੇ, ਨਿਰਾਦਰ ਕਮੇਟੀ ਦੇ ਸੂਰਬੀਰ ਅਤੇ ਕੁਝ ਨਿਹੰਗ ਜੋ ਅਵਤਾਰ ਸਿੰਘ ਬਿਧੀ ਚੰਦ ਨਾਲ ਸੰਬੰਧਤ ਦੱਸੇ ਜਾਂਦੇ ਸਨ ਆਏ ਪਰ ਅੱਗੋਂ ਭੀ ਡਾਂਗ ਕਾਇਮ ਹੋਣ ਕਰਕੇ ਪੱਗ ਤਾਂ ਬਚ ਗਈ ਪਰ ਦੇਸੀ ਜਿਹੇ ਗ੍ਰਨੇਡ ਦਾ ਧਮਾਕਾ ਸੁਣਨ ਨੂੰ ਮਿਲ ਗਿਆ। ਇਸ 'ਤੇ ਬਿਆਨ ਦੇਣ ਵਾਲੇ ਦਾਦੂ ਵਾਲਾ ਅਤੇ ਕੁੱਝ ਨਵੇਂ ਬਣੇ ਜਥੇਦਾਰ ਗੁੰਡਿਆਂ ਨੂੰ ਹੀ ਹੱਲਾਸ਼ੇਰੀ ਦੇ ਰਹੇ ਸਨ। ਕਿਸੇ ਅਖੌਤੀ ਜਥੇਦਾਰ, ਦਿੱਲੀ ਕਮੇਟੀ ਜਾ ਸ਼ਿਰੋਮਣੀ ਕਮੇਟੀ ਦੇ ਕੰਨ ਤੇ ਜੂੰ ਨਾ ਸਰਕੀ।

5) ਹੁਣ ਇਹ ਵਾਰੀ ਭਾਈ ਪੰਥਪ੍ਰੀਤ ਸਿੰਘ ਦੀ ਜਰਮਨ ਦੀ ਧਰਤੀ 'ਤੇ ਆਈ। ਇਸ ਵਿੱਚ ਜਰਮਨ ਵਾਲੇ ਕੁਝ ਸਰਕਾਰੀ ਸਿੱਖਾਂ ਦਾ ਜ਼ੋਰ ਹੀ ਸਾਰਾ ਪੱਗ ਲਾਹੁਣ 'ਤੇ ਲੱਗਾ ਸੀ। ਲੀਕ ਹੋਈ ਵੀਡੀਉ ਵਿੱਚ ਭੀ ਸੁਣਿਆ ਜਾ ਸਕਦਾ ਹੈ ਕਿ ''ਪੱਗ ਲਾਹੋ ਪੱਗ'' ਪਰ ਗੁਰਮਤਿ ਨੂੰ ਪ੍ਰਣਾਏ ਸਿੱਖਾਂ ਦੀ ਕਿਸੇ ਨਾ ਕਿਸੇ ਬਿਧ ਨਾਲ ਉਹ ਆਪ ਹੀ ਰੱਖਿਆ ਕਰਦਾ ਹੈ ਤੇ ਭਾਈ ਪੰਥਪ੍ਰੀਤ ਸਿੰਘ ਦੀ ਪੱਗ ਦੀ ਲਾਜ ਭੀ ਉਸਨੇ ਰੱਖ ਲਈ, ਸਗੋਂ ਲਾਹੁਣ ਵਾਲਿਆਂ ਦੇ ਵਾਲ ਖਿਲਰੇ ਪਏ ਸਨ। ਹੁਣ ਦੱਸੋ ਕਿਸ ਬੇਸ਼ਰਮ ਜਥੇਦਾਰ ਜਾ ਕਮੇਟੀ ਨੇ ਇਸਨੂੰ ਗੰਭੀਰਤਾ ਨਾਲ ਲਿਆ? ਸਗੋਂ ਜੀ.ਕੇ ਅਤੇ ਬਾਦਲਾਂ ਦਾ ਜਥੇਦਾਰ ਭਾਈ ਪੰਥਪ੍ਰੀਤ ਨੂੰ ਹੁਕਮ ਸੁਣਾ ਰਿਹਾ ਸੀ ਕਿ ਵਾਪਿਸ ਆ ਜਾਉ।

6) ਹੁਣ ਇੰਗਲੈਂਡ ਵਾਲੇ ਕਿਹੜੇ ਕਿਸੇ ਨਾਲੋਂ ਘੱਟ ਹਨ? ਟਿਵੀਡੇਲ ਵਾਲੇ ਕੁਝ ਕੁ ਗੁੰਡੇ ਇਸ ਕਾਰਜ ਵਿੱਚ ਮੋਹਰੀ ਪਾਏ ਜਾਂਦੇ ਹਨ। ਇਹਨਾਂ ਨੂੰ ਅੰਦਰ ਖਾਤੇ ਸ਼ਹਿ ਕੁਝ ਕੁ ਯੂਕੇ ਦੇ ਅਖੌਤੀ ਲੀਡਰਾਂ ਦੀ ਭੀ ਹੈ ਜਿਹੜੇ ਬਾਅਦ ਵਿੱਚ ਇਹਨਾਂ ਨੂੰ ਗੁਰੂ ਦੇ ਲਾਲ ਦੱਸ ਕੇ ਸੰਗਤ ਵਿੱਚ ਸੁਰਖਰੂ ਕਰਵਾਉਂਦੇ ਹਨ। ਗੱਲ ਬਹੁਤੀ ਪੁਰਾਣੀ ਨਹੀਂ ਤਿੰਨ ਮਹੀਨੇ ਪੁਰਾਣੀ ਹੈ ਜਦੋਂ ਗਿਆਨੀ ਅਮਰੀਕ ਸਿੰਘ ਹੁਰਾਂ ਨੂੰ ਗੁਰਦਵਾਰਾ ਸਿੰਘਸਭਾ ਸਾਊਥਾਲ ਵਿੱਚ ਕਥਾ ਲਈ ਬੁਲਾਇਆ ਗਿਆ ਅਤੇ ਇਹ ਟਿਵਿਡੇਲ ਵਾਲੇ ਗੁੰਡੇ ਗਿਆਨੀ ਜੀ ਦੀ ਪੱਗ ਨੂੰ ਪੈ ਗਏ ਅਤੇ ਬਹਾਦਰੀ ਦੀ ਨਿਸ਼ਾਨੀ ਵਜੋਂ ਜਾਣ ਲੱਗੇ ਨਾਲ ਹਜੂਰੀਆ ਲਿਜਾ ਕੇ ਕਹਿੰਦੇ ਕਿ ''ਹੈ ਕਿਸੇ ਮਿਸ਼ਨਰੀ ਵਿੱਚ ਹਿੰਮਤ ਤਾਂ ਲੈ ਜਾਵੇ ਵਾਪਿਸ" ਗੁਰਮੇਲ ਸਿੰਘ ਮੱਲੀ ਅਤੇ ਹਰਜੀਤ ਸਿੰਘ ਸਰਪੰਚ ਜਿੰਨ੍ਹਾਂ ਦੀ ਹਜ਼ੂਰੀ ਵਿੱਚ ਇਹ ਸਭ ਕੁਝ ਵਾਪਰਿਆ, ਉਹਨਾਂ ਨੇ ਤੁਰੰਤ ਪੁਲਿਸ ਅਤੇ ਐਬੂਲੈਂਸ ਸੱਦਣੀ ਭੀ ਜਰੂਰੀ ਨਹੀਂ ਸਮਝੀ, ਸਗੋਂ ਦੋ ਕੁ ਦਿਨ ਬਾਅਦ ਸਰਪੰਚ ਉਹਨਾਂ ਗੁੰਡਿਆਂ ਨੂੰ ਹੀ ਸੁਰਖਰੂ ਕਰਵਾਉਣ ਲਈ ਅਮਰੀਕ ਸਿੰਘ ਗਿੱਲ ਵਾਲੀ ਵੀਡੀਉ ਵਿੱਚ ਉਹਨਾਂ ਨੇ ਨਾਲ ਖੜਾ ਸੀ। ਗੁਰਮੇਲ ਮੱਲੀ ਸੀ.ਸੀ.ਟੀਵੀ ਰਲੀਜ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿਉਂ ਨਹੀਂ ਕਰਦਾ? ਕੀ ਕਿਸੇ ਕਮੇਟੀ ਨੇ ਜਾ ਜਥੇਦਾਰ ਨੇ ਸਿੰਘਸਭਾ ਦੇ ਪ੍ਰਧਾਨ ਮੱਲੀ ਜਾ ਟਿਵਿਡੇਲ ਵਾਲਿਆਂ ਦੀ ਹਰਕਤ ਤੇ ਜੁਆਬ ਤਲਬੀ ਕੀਤੀ? ਕਿਵੇਂ ਕਰਨਗੇ? ਦਿੱਲੀ ਕਮੇਟੀ ਵਾਲਿਆਂ ਦੀ ਸੇਵਾਪਾਣੀ ਕੌਣ ਕਰੇਗਾ ਯੂਕੇ ਵਿੱਚ ਐਸੇ ਭੱਦਰ ਪੁਰਸ਼ਾ ਤੋਂ ਸਿਵਾਏ?

7) ਹੁਣ ਵਾਰੀ ਆਉਂਦੀ ਹੈ ਭਾਈ ਸਰਬਜੀਤ ਸਿੰਘ ਧੂੰਦਾ ਦੀ, ਜਿਸ ਲਈ ਇੱਕ ਨਸ਼ਈ ਨੌਜਵਾਨ ਕਿਰਾਏ 'ਤੇ ਕੀਤਾ ਗਿਆ ਕਿ ਕਿਸੇ ਤਰਾਂ ਭਾਈ ਧੂੰਦੇ ਦੀ ਪੱਗ ਲੈ ਕੇ ਭੱਜ ਜਾਵੇ, ਪਰ ਅਸਫਲ ਰਿਹਾ। ਦੱਸੋਂ ਕਿਸ ਸ਼ਿਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਜੀ.ਕੇ ਬਿਆਨ ਆਇਆ ਕਿ ਇਸ ਰੁਝਾਨ ਨੂੰ ਠੱਲ ਪਾਈ ਜਾਵੇ?

8) ਪੱਗ ਵਾਲੇ ਯੁੱਧ ਦੀ ਦਾਸਤਾਨ ਤਾਂ ਅਜੇ ਬਹੁਤ ਲੰਬੀ ਹੈ ਇਹ ਤਾਂ ਕੁਝ ਕੁ ਝਲਕੀਆਂ ਹੀ ਹਨ ਜੋ ਅਜੇ ਪਿਛਲੇ 4 ਸਾਲਾਂ ਦੇ ਅੰਦਰ ਵਾਪਰੀਆਂ ਹਨ। ਜਦੋਂ ਜਿੰਮੇਵਾਰ ਸੰਸਥਾਵਾਂ 'ਤੇ ਹੁੰਦੇ ਹੋਏ (ਸ਼ਿਰੋਮਣੀ ਕਮੇਟੀ, ਜਥੇਦਾਰ ਅਤੇ ਦਿੱਲੀ ਕਮੇਟੀ) ਕੇਵਲ ਤਮਾਸ਼ਬੀਨਾਂ ਵਾਂਗ ਤਮਾਸ਼ਾ ਵੇਖਣਗੇ, ਤਾਂ ਇਹ ਅੱਗ ਇਹਨਾਂ ਘਰ ਭੀ ਲੱਗੇਗੀ। ਭਾਵੇਂ ਮੈਂ ਜੀ.ਕੇ ਦੀ ਪੱਗ ਲਾਹੁਣ ਦੇ ਹੱਕ ਵਿੱਚ ਬਿਲਕੁੱਲ ਭੀ ਨਹੀਂ ਹਾਂ, ਪਰ ਜੀਕੇ ਅਤੇ ਪਰਮਜੀਤ ਸਿੰਘ ਰਾਣਾ ਨੇ ਜਿੰਮੇਵਾਰ ਕੁਰਸੀ 'ਤੇ ਹੋਣ ਦੇ ਬਾਵਜੂਦ ਅੱਜ ਤੱਕ ਪੱਗ ਦੀ ਸ਼ਾਨ ਸੰਬੰਧੀ ਕੀ ਭੂਮਿਕਾ ਨਿਭਾਈ ਹੈ, ਉਸ ਸੰਬੰਧੀ ਕੁਝ ਨੁਕਤੇ ਤੇ ਕੁਝ ਸਵਾਲ ਹੇਠਾਂ ਸਾਂਝੇ ਕਰ ਰਿਹਾਂ ਹਾਂ।

  1. ਕੀ ਜੀ.ਕੇ ਜਾ ਰਾਣਾ ਉਪਰੋਕਤ ਕਿਸੇ ਭੀ ਪੱਗ ਦੀ ਬੇਅਦਬੀ ਸੰਬੰਧੀ ਦੋ ਲਫਜ ਭੀ ਬੋਲੇ? ਜੇ ਬੋਲੇ ਹੁੰਦੇ ਤਾਂ ਹੋ ਸਕਦਾ ਸੀ ਇਹ ਅੱਗ ਇਹਨਾਂ ਘਰ ਨਾ ਲੱਗਦੀ।

  2. ਕੀ ਇਹ ਪੱਗ ਤੁਸੀਂ ਬੀ.ਜੇ.ਪੀ ਅਤੇ ਆਰ ਐਸ ਐਸ ਵਰਗੀਆਂ ਸੰਸਥਾਵਾਂ ਨੂੰ ਗਿਰਵੀ ਨਹੀਂ ਰੱਖ ਦਿੱਤੀ?

  3. ਕੀ ਰਾਣਾ ਸਾਬ ਇਹ ਦੱਸਣਗੇ ਜਦੋਂ ਦਿੱਲੀ ਦੀ ਸਟੇਜ ਤੋਂ ਮਹਾਂਮਾਈ ਦੀ ਕਥਾ ਚੱਲੇਗੀ ਤਾਂ ਫਿਰ ਇਸ ਪੱਗ ਦੀ ਲੋੜ ਹੈ ਜਾ ਚੁੰਨੀ ਦੀ?

  4. ਕੀ ਰਾਣਾ ਸਾਬ ਗੁਰੂ ਗੋਬਿੰਦ ਦੇ ਨਾਮ 'ਤੇ ਮੜੇ ਜਾਣ ਵਾਲੇ ਗਰੰਥ (ਅਖੌਤੀ ਦਸਮ ਗਰੰਥ) ਵਿੱਚ ਨੂਪ ਕੌਰ ਵਾਲੇ ਕਿੱਸੇ ਰਾਹੀਂ ਗੁਰੂ ਦੀ ਪੱਗ ਦੀ ਬੇਅਦਬੀ ਦੇ ਜਿੰਮੇਵਾਰ ਨਹੀਂ ਹਨ? ਕਿਉਂਕਿ ਆਰ.ਐਸ.ਐਸ ਦੇ ਇਸ਼ਾਰੇ 'ਤੇ ਇਹਨਾਂ ਦਾ ਸਭ ਤੋਂ ਜਿਆਦਾ ਜ਼ੋਰ ਦਿੱਲੀ ਦੀ ਸਟੇਜ ਰਾਹੀਂ ਇਸ ਕੂੜ ਨੂੰ ਪ੍ਰਚਾਰਨ 'ਤੇ ਲੱਗਾ ਹੈ?

  5. ਕੀ ਇਸ ਪੱਗ ਨੂੰ ਦਾਗ ਉਦੋਂ ਨਹੀਂ ਲੱਗਾ ਜਦੋਂ ਦਿੱਲੀ ਕਮੇਟੀ ਵਿੱਚ ਕੰਮ ਕਰਦੀਆਂ ਬੀਬੀਆਂ ਦੀ ਇੱਜਤ ਤੇ ਤੁਹਾਡੇ ਕਮੇਟੀ ਮੈਂਬਰ ਤਨਵੰਤ ਸਿਉਂ ਵਰਗੇ ਹੱਥ ਪਾਉਂਦੇ ਹਨ?

  6. ਕੀ ਹੈ ਮੁੱਲ ਇਸ ਪੱਗ ਦਾ ਜਿਥੇ ਗੁਰੂ ਗਰੰਥ ਸਾਹਿਬ ਹੀ ਤੁਹਾਡੇ ਆਕਿਆਂ (ਅਕਾਲੀਆਂ) ਨੇ ਗਲੀਆਂ ਵਿੱਚ ਰੋਲ ਦਿੱਤਾ ਹੋਵੇ?

  7. ਤੁਸੀਂ ਯੂਕੇ ਦੇ ਇੱਕ ਟੀਵੀ ਚੈਨਲ ਤੇ ਕਿਹਾ ਸੀ ਕਿ ਮੈਨੂੰ ਹਿੰਦੂਸਤਾਨੀ ਹੋਣ 'ਤੇ ਮਾਣ ਹੈ ਜੋ ਕਿ ਭਾਰਤ ਦਾ ਸਵਧਾਨਿਕ ਨਾਮ ਭੀ ਨਹੀਂ, ਸਗੋਂ ਰਾਸ਼ਟਰਵਾਦੀਆਂ ਦਾ ਪ੍ਰਚਾਰਿਆ ਨਾਮ ਹੈ ਤੇ ਫਿਰ ਜਦੋਂ ਸਿੱਖ ਆਪਣੇ ਆਪ ਨੂੰ ਖ਼ਾਲਸਤਾਨੀ ਕਹਿੰਦਾ ਹੈ ਤਾਂ ਤੁਹਾਡੀ ਪੱਗ ਦੇ ਪੇਚ ਕਿਉਂ ਥਿੜਕਦੇ ਹਨ?

ਅਖੀਰ 'ਤੇ ਫਿਰ ਇਹੋ ਕਹਿਣਾ ਚਾਹੁੰਦਾ ਹਾਂ ਕਿ ਅਜੇ ਭੀ ਸੰਭਲ ਜਾਵੋ ਅਤੇ ਮੁੜ ਗੁਰੂ ਸਿਧਾਂਤ ਨੂੰ ਪਰਤ ਆਉ ਅਤੇ ਪੱਗ ਦੀ ਸ਼ਾਨ ਤੁਹਾਡੇ ਨਾਲ ਹੀ ਵਾਪਿਸ ਆ ਜਾਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top