Main News Page

   
ਘੱਲੂਘਾਰਾ ਦਿਵਸ ਦੇ 26 ਵਰ੍ਹੇ
ਲੇਖਕ - ਗੁਰਸੇਵ ਸਿੰਘ ਧੌਲਾ

1984 ਵਿ ਚ ਦਰਬਾਰ ਸਾਹਿਬ ਹਮਲੇ ਦਾ ਅੰਤਿਮ ਮਕਸਦ ਸਿੱਖਾਂ ਨੂੰ ਭਾਰਤ ਵਿਚ ਭੈਅ-ਭੀਤ ਹੋ ਕੇ ਰਹਿਣ ਲਈ ਮਜ਼ਬੂਰ ਕਰਨਾ ਸੀ। ਇੰਦਰਾ ਗਾਂਧੀ ਚਾਹੁੰਦੀ ਸੀ ਕਿ ਉਹ ਸਿੱਖਾਂ ਨੂੰ ਸਦਾ ਲਈ ਬਹੁਗਿਣਤੀ ਦੇ ਦਬਾਅ ਹੇਠ ਜਿਊਣ ਲਈ ਸਿੱਖਾਂ ਨੂੰ ਮਜ਼ਬੂਰ ਕਰਨ ਵਾਲੀ ‘ਚੰਦੂ ਦੀ ਨੇਕ ਔਲਾਦ ਬਣੇਗੀ'। ਉਹ ਸੋਚਦੀ ਸੀ ਕਿ ਇਸ ਤਰ੍ਹਾਂ ਕਰਨ ਨਾਲ ਉਹ ਭਾਰਤੀ ਹਕੂਮਤ ਦੀ ਕੁਰਸੀ ਸਦਾ ਲਈ ਆਪਣੇ ਘਰ ਡਾਹ ਲਵੇਗੀ ਜਿਸ ਨਾਲ ਭਾਰਤ ਦਾ ਰਾਜ ਉਸ ਦੇ ਖਾਨਦਾਨ ਦਾ ਪੁਸਤੈਨੀ ਰਾਜ ਬਣ ਜਾਵੇਗਾ। ਪ੍ਰੰਤੂ ਜੇਕਰ ਟੀਚੇ ਪਵਿੱਤਰ ਨਾ ਹੋਣ ਤਾਂ ਵੱਡੇ ਫੈਸਲੇ ਵੀ ਘਾਤਕ ਸਰਾਪ ਬਣ ਜਾਇਆ ਕਰਦੇ ਹਨ। ਇੰਦਰਾ ਗਾਂਧੀ ਨਾਲ ਵੀ ਅਜਿਹੀ ਹੀ ਬੀਤੀ, ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ 'ਤੇ ਹਮਲਾ ਕਰਵਾ ਕੇ ਉਸ ਨੇ ਜਿਥੇ ਆਪਣੀ ਮੌਤ ਨੂੰ ਖਿੱਚ ਕੇ ਨੇੜੇ ਕਰ ਲਿਆ, ਉਥੇ ਨਹਿਰੂ ਖਾਨਦਾਨ ਨੂੰ ਵੀ ਸਦਾ ਵਾਸਤੇ ਕਲੰਕ ਖੱਟ ਕੇ ਦੇ ਗਈ।

ਇਧਰ ਸਿੱਖਾਂ ਨੇ ਪ੍ਰਮਾਤਮਾ ਵੱਲੋਂ ਬਖਸ਼ੀ ਸ਼ਕਤੀ ਸਦਕਾ ‘ਸਾਕਾ ਦਰਬਾਰ ਸਾਹਿਬ' ਨੂੰ ਜ਼ੁਲਮ ਵਿਰੁੱਧ ਜੂਝਦਿਆਂ ਜਨਮ ਸਮੇਂ ਤੋਂ ਹੀ ਪੈ ਰਹੀਆਂ ‘ਕੌਮੀ ਮਾਰਾਂ' ਦੇ ਖਾਤੇ ਵਿਚ ਰੱਖ ਲਿਆ ਹੈ। ਭਾਵੇਂ ਸਾਕਾ ਦਰਬਾਰ ਸਾਹਿਬ ਘੱਟ ਗਿਣਤੀਆਂ ਖਿਲਾਫ਼ ‘ਗੰਗੂਸ਼ਾਹੀ ਹਕੂਮਤ' ਦੀ ‘ਤਾਂਡਵੀ ਤਸਵੀਰ' ਸੀ ਪ੍ਰੰਤੂ ਸਿੱਖ ਮੁੱਢ-ਕਦੀਮੋ ਅਜਿਹੀਆਂ ਮਾਰਾਂ ਸਹਿੰਦੇ ਆਏ ਹੋਣ ਕਰਕੇ ਇਸ ਸਾਕੇ ਨੂੰ ਵੀ ਭਾਣੇ ਵਜੋਂ ਸਹਿ ਗਏ ਹਨ। ਕੀ ਸਿੱਖਾਂ 'ਤੇ ਇਹ ਜ਼ੁਲਮ ਕਰਨ ਵਾਲੇ ਆਪਣੇ ਕੀਤੇ ਕਰੂਰ ਕੰਮਾਂ ਦੀ ਸੱਟ ਵਿਚੋਂ ਨਿਕਲ ਗਏ ਹਨ ਜਾਂ ਨਹੀਂ? ਅਤੇ ਹੁਣ ਹਮਲੇ ਦੇ 26 ਸਾਲ ਬਾਅਦ ਸਿੱਖ ਕੌਮ ਦੀ ਮਾਨਸਿਕਤਾ  ਕਿਹੋ ਜਿਹੀ ਹੈ ਇਸ ਬਾਰੇ ਵਿਚਾਰ ਕਰਨ ਦੀ ਬਹੁਤ ਲੋੜ ਹੈ। ਸਿੱਖ ਆਗੂਆਂ ਵੱਲੋਂ ਇਸ ਸਮੇਂ ਕੀਤੇ ਜਾਣ ਵਾਲੇ ਵਿਸਲੇਸ਼ਨ ਸਮੇਂ ਇੰਦਰਾ ਹਕੂਮਤ ਦੇ ਜ਼ੁਲਮਾਂ ਦਾ ਦੁਹਰਾਅ ਕਰ ਲੈਣਾ ਹੀ ਕਾਫੀ ਨਹੀਂ ਸਗੋਂ ਹੁਣ ਕੌਮ ਦੀ ਮੌਜੂਦਾ ਸਥਿਤੀ ਨੂੰ ਸਮਝਣ ਦੀ ਲੋੜ ਉਪਰ ਧਿਆਨ ਨੂੰ ਕੇਂਦਰਤ ਕਰਨਾ ਹੋਵੇਗਾ।

ਸਿੱਖਾਂ ਦੀ ਸਭਿਅਤਾ ਨੇ ਭਾਰਤੀ ਸੰਸਕ੍ਰਿਤੀ ਨਾਲ ਕਦੇ ਮਿਲ ਕੇ ਕਦਮ ਨਹੀਂ ਚੁੱਕੇ। ਇਸ ਦਾ ਕਾਰਨ ਵੀ ਇਤਿਹਾਸ ਦੇ ਜਾਣੂਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਕੋਈ ਇਕ ਹਜ਼ਾਰ ਸਾਲ ਗੁਲਾਮ ਰਹਿ ਕੇ ਮਿਲੀ ਅਜ਼ਾਦੀ ਨੂੰ (ਭਾਵੇਂ ਇਹ ਅਜ਼ਾਦੀ ਵੀ ਉਹਨਾਂ ਨੂੰ ਸਿੱਖਾਂ ਦੀਆਂ ਬੇਅਥਾਹ ਕੁਰਬਾਨੀਆਂ ਸਦਕੇ ਹੀ ਮਿਲੀ) ਮਾਨਣ ਲਈ ਭਾਰਤੀ ਹਿੰਦੂਵਾਦੀ ਤਾਕਤਾਂ ‘ਕਿੱਲੇ ਨਾਲੋਂ ਖੁੱਲ੍ਹੀ ਵੱਛੀ ਵਾਂਗ' ਟਪੂਸੀਆਂ ਮਾਰ ਰਹੀਆਂ ਹਨ ਅਤੇ ਘੱਟ ਗਿਣਤੀ ਲੋਕਾਂ 'ਤੇ ਜ਼ੁਲਮ ਕਰਨੇ ਵੀ ਉਹ ਆਪਣੇ ਇਹਨਾਂ ਜਸ਼ਨਾਂ ਦਾ ਹਿੱਸਾ ਹੀ ਮੰਨਦੀਆਂ ਹਨ। ਦੂਸਰੇ ਪਾਸੇ ਸਿੱਖ ਸਭਿਅਤਾ ਜਿਸ ਨੂੰ ਜਨਮ ਸਮੇਂ ਤੋਂ ਹੀ ਧੁਰੋਂ ਅਜ਼ਾਦੀ ਮਿਲੀ ਹੋਈ ਹੈ, ਨੇ ਕਦੇ ਵੀ ਕਿੱਲੇ ਤੋਂ ਖੁੱਲ੍ਹੀ ਵੱਛੀ ਨਾਲ ਰਲ ਕੇ ਟਪੂਸੀਆਂ ਨਹੀਂ ਮਾਰੀਆਂ। ਇਹ ਫ਼ਰਕ ਹੀ ਦੋਨਾਂ ਕੌਮਾਂ ਦੇ ਪਿਛਲੇ ਸਾਢੇ ਪੰਜ ਸੌ ਸਾਲ ਦੇ ਟਕਰਾਅ ਦਾ ਨਿਚੋੜ ਹੈ। ਖੁਦ ਸਵੈਮਾਨ ਨਾਲ ਜਿਊਣ ਅਤੇ ਹੋਰਾਂ ਨੂੰ ਵੀ ਇਸ ਤਰ੍ਹਾਂ ਮਾਨਵਤਾ ਦਾ ਸੰਦੇਸ਼ ਦੇਣ ਵਾਲੀ ਸਿੱਖ ਕੌਮ ਬਹੁਗਿਣਤੀ ਦੇ ਅੱਖਾਂ ਵਿਚ ਰੜਕਦੀ ਰਹੀ ਹੈ ਜਿਸ ਵਿਚੋਂ ਅੱਜ ਤੋਂ 26 ਸਾਲ ਪਹਿਲਾਂ ਵਾਪਰੇ ਸਾਕਾ ਦਰਬਾਰ ਸਾਹਿਬ ਨੇ ਜਨਮ ਲਿਆ ਹੈ। ਸਿੱਖਾਂ ਦਾ ਅੰਤਿਮ ਟੀਚਾ ਕਿਉਂਕਿ ਮਨੁੱਖੀ ਸਵੈਮਾਨ ਦੀ ਬਹਾਲੀ ਹੈ ਇਸ ਲਈ ਉਹ ਅਜਿਹੇ ਜ਼ੁਲਮਾਂ ਨੂੰ ਸਹਿਣ ਲਈ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹਨ। 1984 ਵਿਚ ਵੀ ਸਿੱਖਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਤਿਆਰ ਕਰ ਲਿਆ ਹੋਇਆ ਸੀ

ਸਿੱਖ ਵੀ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਜ਼ੁਲਮੀ ਹਕੂਮਤਾਂ ਖਿਲਾਫ਼ ਜੂਝਣ ਵਾਲਿਆਂ ਦਾ ਖੁਦ ਜ਼ੁਲਮ ਦੀ ਅੱਗ ਵਿਚ ਸੜ ਜਾਣ ਦਾ ਆਲਮੀ ਇਤਿਹਾਸ ਹੈ। ਇਹ ਵੀ ਇਤਿਹਾਸਕ ਸੱਚ ਹੈ ਕਿ ਸਮੇਂ ਦੀ ਕਠਿਨਾਈਆਂ ਨੂੰ ਝੱਲਣ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਉਹਨਾਂ ਦੇ ਮੁੜ ਉਭਰਨ ਲਈ ਸਭ ਤੋਂ ਵੱਧ ਸਹਾਈ ਹੁੰਦਾ ਹੈ। ਇਤਿਹਾਸ ਦੇ ਚਾਨਣ ਵਿਚ 26 ਸਾਲ ਦਾ ਸਮਾਂ ਇਕ ਸਕਿੰਟ ਨਾਲੋਂ ਵੀ ਛੋਟਾ ਹੁੰਦਾ ਹੈ। ਇਸ ਸਮੇਂ ਦੌਰਾਨ ਸਾਕਾ ਦਰਬਾਰ ਸਾਹਿਬ, ਦਿੱਲੀ ਕਤਲੇਆਮ ਅਤੇ ਪੰਜਾਬ ਵਿਚ ਸਿੱਖਾਂ ਦਾ ਡੇਢ ਦਹਾਕਾ ਕਤਲੇਆਮ ਹੋਇਆ ਹੈ, ਪ੍ਰੰਤੂ ਕੌਮ ਅੱਜ ਵੀ ਚੜ੍ਹਦੀ ਕਲਾ ਵਿਚ ਹੈ ਅਤੇ ਦੁਸ਼ਮਣ ਦੇ ਹਰ ਮੁਹਾਜ 'ਤੇ ਸਾਵੀਂ ਟੱਕਰ ਲੈ ਰਹੀ ਹੈ। ਦੂਸਰੇ ਪਾਸੇ ਜ਼ੁਲਮ ਕਰਨ ਵਾਲਿਆਂ ਵਿਚ ਸਾਕਾ ਦਰਬਾਰ ਸਾਹਿਬਤੋਂ ਬਾਅਦ ਇੰਦਰਾ ਗਾਂਧੀ, ਦਿੱਲੀ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ, ਪੰਜਾਬ ਵਿਚ ਸਿੱਖ ਕਤਲੇਆਮ ਤੋਂ ਬਾਅਦ 'ਬੇਅੰਤ' ਜਿਹੇ ਲੋਕਾਂ ਦਾ ਹਸ਼ਰ ਵੀ ਸਾਡੇ ਸਾਹਮਣੇ ਹੈ। ਤੁਸੀਂ ਸਭ ਵਿਚਾਰ ਕਰਕੇ ਦੇਖ ਲਵੋ ਜਿੱਤ ਹਮੇਸ਼ਾ ਸਾਡੀ ਮਾਨਵਵਾਦੀ ਵਿਚਾਰਧਾਰਾ ਦੀ ਹੀ ਹੋਈ ਹੈ। ਸਾਡੀਆਂ ਜਿੱਤਾਂ ਨੂੰ ਹਾਰਾਂ ਦੱਸਣ ਵਾਲੇ ਸਾਡੇ ਭਰਾ ਜ਼ਰੂਰ ਇਤਿਹਾਸ ਤੋਂ ਅਣਜਾਣ ਹਨ। ਪਿਛਲੇ 26 ਸਾਲ ਦਾ ਵਿਸਲੇਸ਼ਨ ਕਰਦਿਆਂ ਹੁਣ ਸੋਚਣਾ ਹੈ ਕਿ ਹੁਣ ਕੀ ਕੀਤਾ ਜਾਵੇ?

ਅੰਗਰੇਜ਼ ਹਕੂਮਤ ਤੋਂ ਬਾਅਦ ‘ਧੋਤੀ ਪ੍ਰਸ਼ਾਦਾਂ' ਦੇ ਜ਼ੁਲਮਾਂ ਤੋਂ ਅਸੀਂ ਤੇਜ਼ੀ ਨਾਲ ਉਭਰ ਰਹੇ ਹਾਂ। ਦੂਸਰੇ ਪਾਸੇ ਸਾਨੂੰ ਦਬਾਅ ਕੇ ਰੱਖਣ ਵਾਲੀਆਂ ਤਾਕਤਾਂ ਵੀ ਤੇਜ਼ੀ ਨਾਲ ਬਦਲ ਕੇ ਨਿੱਤ ਨਵੇਂ ਪੈਂਤੜਿਆਂ ਨਾਲ ਸਾਡੇ ਸਾਹਮਣੇ ਹਨ। ਇਹਨਾਂ ਤਾਕਤਾਂ ਦਾ ਟਾਕਰਾ ਕਾਨੂੰਨੀ ਦਾਇਰੇ ਵਿਚ ਰਹਿ ਕੇ ਹੀ ਚੰਗੀ ਤਰ੍ਹਾਂ ਕੀਤਾ ਜਾ ਸਕਦਾ ਹੈ। ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਾਡੇ ਸਿਰ 'ਤੇ ਆ ਪੁੱਜੀਆਂ ਹਨ ਜਿਸ ਲਈ ਸਾਨੂੰ ਤੁਰੰਤ ਵਿਉਂਤਬੰਦੀ ਕਰਨ ਦੀ ਲੋੜ ਹੈ। ਇਹ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ ਸਗੋਂ ਇਹਨਾਂ ਚੋਣਾਂ ਨੇ ਹੀ ਕੌਮੀ ਭਵਿੱਖ ਦਾ ਫੈਸਲਾ ਕਰਨਾ ਹੈ ਜਿਸ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਪਵੇਗਾ। ਇਸ ਲਈ ਅਸੀਂ ਸਭ ਗੁਰਦੁਆਰਾ ਚੋਣਾਂ ਵਿਚ ਕੌਮ ਘਾਤੀ ਲੋਕਾਂ ਨੂੰ ਪਛਾੜ ਕੇ ਗੁਰੂ ਸਾਹਿਬਾਨਾਂ ਦੀ ਸੋਚ ਨੂੰ ਉਭਾਰਨ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਈਏ। ਜੇਕਰ ਅਸੀਂ ਏਕਤਾ ਦੀ ਤਾਕਤ ਨਾਲ ਅਜਿਹਾ ਕਰਨ ਵਿਚ ਸਫਲ ਹੋ ਗਏ ਤਾਂ ਸਮਝੋ ‘ਸਿੱਖ ਮਿਸ਼ਨ' ਦਾ ਇਨਕਲਾਬ ਆ ਜਾਵੇਗਾ। ਅਸੀਂ ਸਭ ਗੁਰੂ ਸਾਹਿਬਾਨਾਂ ਦੀ ਅਸ਼ੀਸ਼ ਲੈਣ ਵਾਲੇ ਬਣ ਸਕਾਂਗੇ। ਇਹ ਸਾਡੇ 1984 ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top