Share on Facebook

Main News Page

'ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ।' ਕਾਲਕਾ ਸ਼ਬਦ ਕਾਲਕਾ ਦੇਵੀ ਵਾਸਤੇ ਵਰਤਿਆ ਗਿਆ ਹੈ, ਪ੍ਰਭੂ ਵਾਸਤੇ ਨਹੀਂ !
-: ਆਤਮਜੀਤ ਸਿੰਘ, ਕਾਨਪੁਰ

ਅੱਜ ਸਵੇਰ ਤੋਂ ਹਰ ਇਕ ਦੀ ਪੋਸਟ ਵਿਚ, ਇਕ ਹੀ ਗੱਲ ਵੇਖਣ ਨੂੰ ਮਿਲ ਰਹੀ 'ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ। ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ।'

ਓਇ ਭਲਿਓ ਜਿਸ ਵਾਰ ਨੂੰ ਤੁਸੀਂ ਅੱਖਾਂ ਮੀਚ ਕੇ ਪੜੀ ਜਾ ਰਹੇ ਹੋ, ਉਹ ਭਾਈ ਗੁਰਦਾਸ ਜੀ ਦੀ ਨਹੀਂ, ਇਹ ਭਾਈ ਗੁਰਦਾਸ ਦੂਜੇ ਦੀ ਵਾਰ ਹੈ। ਭਾਈ ਗੁਰਦਾਸ ਜੀ ਦਾ ਤਾਂ ਛੇਵੇਂ ਪਾਤਸ਼ਾਹ ਅਪਣੇ ਹੱਥੀ ਸੰਸਕਾਰ ਕੀਤਾ ਸੀ।

ਇਹ ਵਾਰ ਤਾਂ 'ਗੁੜ ਨਾਲ ਲਾਈ ਜ਼ਹਿਰ ਹੈ। ਹਰ ਪੰਥ ਦਰਦੀ ਵੀਰ ਇਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਵਾਰ ਨਿਰੋਲ ਗੁਰਮਤਿ ਵਿਰੋਧੀ ਹੈ ਤੇ ਕਿਸੇ ਪੰਥ ਦੋਖੀ ਤਾਕਤ (ਲੇਖਕ) ਦੀ ਲਿਖੀ ਹੋਈ ਹੈ।
ਆਉ ਇਸ ਵਾਰ ਬਾਰੇ ਵੀ ਵਿਚਾਰ ਕਰ ਲੈਣਾ ਲਾਹੇਵੰਦਾ ਰਹੇਗਾ।

'ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ।'

ਕਾਲਕਾ ਸ਼ਬਦ ਕੀ ਹੈ? ਇਹ ਸ਼ਬਦ ਸੰਸਕ੍ਰਿਤ ਦੇ ‘ਕਾਲਿਕਾ’ ਸ਼ਬਦ ਤੋਂ ਵਿਗੜ ਕੇ ਬਣਿਆ ਹੈ। ਇਵੇਂ ਹੀ ਬਾਰਿਕ ਤੋਂ ਬਾਰਕ, ਮਾਲਿਕ ਤੋਂ ਮਾਲਕ, ਬਾਲਿਕ ਤੋਂ ਬਾਲਕ, ਮਾਲਿਨੀ ਤੋਂ ਮਾਲਨੀ ਆਦਿਕ ਸ਼ਬਦ ਬਣੇ ਹਨ।

ਕਾਲਕਾ ਸ਼ਬਦ ਇਸਤ੍ਰੀ ਲਿੰਗ ਹੈ ਅਤੇ ਦੇਵੀ ਵਾਸਤੇ ਵਰਤਿਆ ਗਿਆ ਹੈ, ਪ੍ਰਭੂ ਵਾਸਤੇ ਨਹੀਂ। ਗੁਰਬਾਣੀ ਵਿੱਚ ਕਿਤੇ ਵੀ ‘ਮੈਨੂੰ ਪ੍ਰਭੂ ਮਿਲ਼ੀ’, ‘ਮੈਨੂੰ ਕਰਤਾ ਪੁਰਖ ਮਿਲ਼ੀ’, ‘ਉਸ ਨੂੰ ਅਕਾਲ ਪੁਰਖ ਮਿਲ਼ੀ’, ‘ਮੈਨੂੰ ਈਸ਼ਵਰ ਮਿਲ਼ ਪਈ’ ਵਾਕ ਅੰਸ਼ ਵਰਤ ਕੇ ਪ੍ਰਭੂ ਨੂੰ ਇਸਤ੍ਰੀ ਲਿੰਗ ਵਿੱਚ ਨਹੀਂ ਲਿਖਿਆ ਗਿਆ। ਕਰਤਾ ਪੁਰਖ ਕਾਲਕਾ ਨਹੀਂ ਹੈ, ਕਾਲਕਾ ਅ਼ੌਰਤ ਹੈ ਅਤੇ ਦੇਵੀ ਹੈ ਇਸ ਦੇ ਕੁੱਝ ਪ੍ਰਮਾਣ ਦੇਖੋ:-

ਚੰਡੀ ਦੁਰਗਾ ਮਾਈ ਨੇ ਕਾਲਿਕਾ/ਕਾਲ਼ੀ ਨੂੰ ਆਪਣਾ ਮੱਥਾ ਤੋੜ ਕੇ ਆਪਣੇ ਵਿੱਚੋਂ ਹੀ ਪ੍ਰਗਟ ਕੀਤਾ ਸੀ ਤੇ ਫਿਰ ਦੁਰਗਾ ਮਾਈ ਕਾਲੀ ਦੇਵੀ ਨੂੰ ਕਹਿੰਦੀ ਹੈ- ਹੇ ਪੁੱਤ੍ਰੀ ਤੂੰ ਕਾਲਕਾ ਹੋਹੁ ਜੁ ਮੁਝ ਮੈ ਲੀਨ। (ਚੰਡੀ ਚਰਿੱਤ੍ਰ ਛੰਦ ਨੰਬਰ ੭੬)। ਚੰਡੀ ਚਰਿੱਤ੍ਰ ਦੇ ਲਿਖਾਰੀ ਨੇ ਏਥੇ ਕਾਲਕਾ ਨੂੰ ਦੁਰਗਾ ਦੀ ਬੇਟੀ ਕਿਹਾ ਹੈ ਤੇ ਭਾਈ ਵੀਰ ਸਿੰਘ, ਪੰਡਿਤ ਨਰਾਇਣ ਸਿੰਘ ਅਤੇ ਅੰਮ੍ਰਿਤ ਕੀਰਤਨ ਦੇ ਲਿਖਾਰੀ ਨੇ ‘ਕਾਲਕਾ’ ਨੂੰ ਅਕਾਲ ਪੁਰਖ ਕਿਹਾ ਹੈ। ਜ਼ਰਾ ਸੋਚੋ ਸੱਚਾ ਕੌਣ ਹੈ ਤੇ ਗੱਪੀ ਕੌਣ ਹੈ?

ਚੰਡੀ ਚਰਿੱਤ੍ਰ ਦਾ ਲਿਖਾਰੀ ਸੱਚਾ ਹੈ ਕਿਉਂਕਿ ਉਸ ਨੇ ‘ਕਾਲਕਾ’ ਨੂੰ ਦੇਵੀ ਲਿਖ ਕੇ ਸੱਚਾਈ ਬਿਆਨ ਕੀਤੀ ਹੈ। ਕਾਲਕਾ ਨੇ ਹੀ ਦੈਂਤਾਂ ਦਾ ਖ਼ੂਨ ਪੀਤਾ ਤੇ ਮਾਂਸ ਖਾਧਾ ਸੀ, ਅਕਾਲ ਪੁਰਖ ਨੇ ਨਹੀਂ ਤੇ ਨਾ ਹੀ ਅਕਾਲਪੁਰਖ ਦੈਂਤਾਂ ਨਾਲ਼ ਲੜਿਆ ਸੀ। ਜਿਵੇਂ- ਆਮਿਖ ਸ੍ਰਉਨ ਅਚਿਓ ਬਹੁ ਕਾਲਕਾ ਤਾ ਛਬਿ ਮੈ ਕਵਿ ਇਉ ਮਨ ਚੀਨੇ।(ਛੰਦ ਨੰਬਰ ੧੬੯, ਚੰਡੀ ਚਰਿੱਤ੍ਰ)।

ਸੋ ਕਾਲਕਾ, ਅਕਾਲ ਪੁਰਖ ਨਹੀਂ, ਦੇਵੀ ਹੈ। ਫਿਰ ਦੇਖੋ ਦੇਵੀ ਨੂੰ ਹੀ ਕਾਲਕਾ ਕਿਹਾ ਗਿਆ ਹੈ- ਚੰਡਿ ਪ੍ਰਚੰਡਿ ਸੁ ਕੇਹਰਿ ਕਾਲਕਾ ਅਉ ਸ਼ਕਤੀ ਮਿਲਿ ਜੁੱਧ ਕਰਿਓ ਹੈ।(ਚੰਡੀ ਚਰਿੱਤ੍ਰ ਛੰਦ ਨੰਬਰ ੨੦੬)।

ਦੁਰਗਾ ਦੇਵੀ ਦੇ ਜੁੱਧ ਜਿੱਤਣ ਤੇ ਉਸ ਦੀ ਕਾਲਕਾ ਕਹਿ ਕੇ ਸਿਫ਼ਤਿ ਕੀਤੀ ਹੈ- ਮਿਲਿ ਕੇ ਸੋ ਦੇਵਨ ਬਡਾਈ ਕਰੀ ਕਾਲਕਾ ਕੀ ਏਹੋ ਜਗਮਾਤ ਤੈਂ ਤੋ ਕਟਿਓ ਬਡੋ ਪਾਪ ਹੈ।( ਚੰਡੀ ਚਰਿੱਤ੍ਰ ਛੰਦ ਨੰਬਰ ੨੨੭)।

ਉਪਰੋਕਤ ਵਿਚਾਰ ਤੋਂ ‘ਕਾਲਕਾ’ ਸ਼ਬਦ ਦੇ ਅਰਥ ਦੁਰਗਾ ਮਾਈ, ਜਗਮਾਤ, ਭਵਾਨੀ ਗਿਰਿਜਾ ਆਦਿਕ ਸਪੱਸ਼ਟ ਹੋ ਗਏ ਹਨ। ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਕਾਲਕਾ ਨੂੰ ਅਕਾਲਪੁਰਖ ਨਹੀਂ ਕਿਹਾ ਜਾ ਸਕਦਾ।

ਕੀ ‘ਕਾਲਕਾ’ ਸ਼ਬਦ ਨੂੰ ਤੋੜ ਕੇ ‘ਕਾਲ ਕੋ’ ਦੋ ਸ਼ਬਦ ਬਣਾਏ ਜਾ ਸਕਦੇ ਹਨ?

‘ਕਾਲਿਕਾ’ ਤੋਂ ਹੀ ‘ਕਾਲਕਾ’ ਸ਼ਬਦ ਇੱਕ ਇਕਾਈ ਹੈ ਜਿੱਸ ਤੋਂ ਤੋੜ ਕੇ ‘ਕਾਲ ਕੋ’ ਦੋ ਸ਼ਬਦ ਨਹੀਂ ਬਣਾਏ ਸਕਦੇ। ਜਿਨ੍ਹਾਂ ਨੇ ਅਜਿਹੀ ਗ਼ਲਤੀ ਕੀਤੀ ਹੈ ਉਨ੍ਹਾਂ ਨੇ ‘ਮਨਾਈ’ ਸ਼ਬਦ ਨੂੰ ਵੀ ਆਪਣੀ ਮਨਮੱਤ ਨਾਲ਼ ਗ਼ਲਤ ਲਿਖਿਆ ਦੱਸ ਕੇ ‘ਮਨਾਇਓ’ ਠੀਕ ਸਮਝਿਆ ਹੈ। ਇਸ ਤਰ੍ਹਾਂ ਕਰਨ ਵਿੱਚ ਵੀ ਉਹ ਹਾਰ ਗਏ ਹਨ ਕਿਉਂਕਿ ‘ਕਾਲ’ ਦਾ ਸਿਮਰਨ ਗੁਰਮੱਤ ਵਿੱਚ ਹੈ ਹੀ ਨਹੀਂ।

ਹੁਣ ਇਸ ਵਾਰ ਵਿਚ ਹੋਰ ਅਗਾਹਾਂ ਵੱਧਦੇ ਹਾਂ:

ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ॥ ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ॥
ਇਉਂ ਉਠੇ ਸਿੰਘ ਭਭਕਾਰਿ ਕੈ ਸਭ ਜਗ ਡਰਪਾਨਾ॥ ਮੜੀ ਦੇਵਲ ਗੋਰ ਮਸੀਤਿ ਢਾਹਿ ਕੀਏ ਮੈਦਾਨਾ॥

ਬੇਦ ਪੁਰਾਨ ਖਟ ਸਾਸਤ੍ਰਾ ਫੁਨ ਮਿਟੇ ਕੁਰਾਨਾ॥ ਬਾਂਗ ਸਲਾਤ ਹਟਾਇ ਕਰਿ ਮਾਰੇ ਸੁਲਤਾਨਾ॥
ਮੀਰ ਪੀਰ ਸਭ ਛਪਿ ਗਏ ਮਜਹਬ ਉਲਟਾਨਾ॥ ਮਲਵਾਨੇ ਕਾਜੀ ਪੜਿ ਥਕੇ ਕਛੁ ਮਰਮੁ ਨ ਜਾਨ॥

ਲਖ ਪੰਡਤਿ ਬ੍ਰਹਮਨ ਜੋਤਕੀ ਬਿਖ ਸਿਉ ਉਰਝਾਨਾ॥ ਫੁਨ ਪਾਥਰ ਦੇਵਲ ਪੂਜਿ ਕੈ ਅਤਿ ਹੀ ਭਰਮਾਨਾ॥
ਇਉਂ ਦੋਨੋ ਫਿਰਕੇ ਕਪਟ ਮੋਂ ਰਚ ਰਹੇ ਨਿਦਾਨਾ॥ ਇਉਂ ਤੀਸਰ ਮਜਹਬ ਖਾਲਸਾ ਉਪਜਿਓ ਪਰਧਾਨਾ॥

ਜਿਨਿ ਗੁਰੁ ਗੋਬਿੰਦ ਕੇ ਹੁਕਮ ਸਿਉ ਗਹਿ ਖੜਗ ਦਿਖਾਨਾ॥ ਤਿਹ ਸਭ ਦੁਸਟਨ ਕਉ ਛੇਦਿ ਕੈ ਅਕਾਲ ਜਪਾਨਾ॥
ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ॥ ਅਬ ਸੁੰਨਤ ਕੋਇ ਨ ਕਰ ਸਕੈ ਕਾਂਪਤਿ ਤੁਰਕਾਨਾ॥

ਇਉਂ ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ॥ ਤਬ ਫਤੇ ਡੰਕ ਜਗ ਮੋ ਘੁਰੇ ਦੁਖ ਦੁੰਦ ਮਿਟਾਨਾ॥
ਇਉਂ ਤੀਸਰ ਪੰਥ ਰਚਾਇਨੁ ਵਡ ਸੂਰ ਗਹੇਲਾ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥੧੬॥

{੪੧ ਵੀਂ ਵਾਰ, ੧੬ ਵੀਂ ਪਉੜੀ}

ਕੀ ਗੁਰੂ ਗੋਬਿੰਦ ਐਸਾ ਹੁਕਮ ਕਰ ਸਕਦੇ ਸਨ ਕਿ ਹਿੰਦੂ - ਮੁਸਲਮਾਨਾਂ ਦੇ ਮੰਦਿਰ, ਮਸੀਤਾਂ, ਮੜੀਆਂ ਢਾਹ ਕੇ, ਮੈਦਾਨ ਬਣਾ ਦਿਓ? ਦੂਜੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਦੁਸ਼ਟ ਕਹਿਣਾ "ਤਿਹ ਸਭ ਦੁਸਟਨ ਕਉ ਛੇਦਿ ਕੈ..." ਕੀ ਇਹ ਗੁਰੂ ਸਾਹਿਬ ਕਹਿ ਸਕਦੇ ਹਨ? ਹੁਣ ਕੋਈ ਸੁੰਨਤ ਨਹੀਂ ਕਰ ਸਕਦਾ, ਸਾਰੇ ਤੁਰਕ ਕੰਬਣ ਲੱਗ ਪਏ "ਅਬ ਸੁੰਨਤ ਕੋਇ ਨ ਕਰ ਸਕੈ ਕਾਂਪਤਿ ਤੁਰਕਾਨਾ"...

ਉਪਰੋਕਤ ਵਿਚਾਰ ਤੋਂ ਉਪਰੰਤ ਇਹ ਸਾਬਿਤ ਕਰਨ ਲਈ ਸ਼ਾਇਦ ਹੀ ਕੋਈ ਗੁੰਜਾਇਸ਼ ਬਚਦੀ ਹੋਵੇ ਕਿ ਇਹ ਵਾਰ ਪੰਥ ਵਿਰੋਧੀ ਤਾਕਤਾਂ ਵਲੋਂ ਪੰਥ ਦੇ ਵਿਹੜੇ ਵਿੱਚ "ਗੁੜ ਨਾਲ ਲਾਈ ਜ਼ਹਿਰ" ਵਜੋਂ ਸੁੱਟੀਆਂ ਗਈਆਂ ਰਚਨਾਵਾਂ ਦਾ ਹੀ ਹਿੱਸਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top