ਪਿਛਲੇ
ਦਿਨੀਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ "ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
ਸੀ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਦੇ ਇਤਿਹਾਸ
ਵੱਲ ਝਾਤ ਮਾਰੀ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ 'ਛੱਜੂ ਝੀਵਰ' ਦੀ ਜੋੜੀ ਜਾਂਦੀ
ਸਾਖੀ 'ਤੇ ਨਜ਼ਰ ਪਈ, ਜੋ ਕਿ ਗੁਰਮਤਿ ਦੀ ਰੌਸ਼ਣੀ ਵਿਚ ਨਿਰਮੂਲ ਸਾਬਿਤ ਹੁੰਦੀ ਹੈ।
ਆਖਿਆ ਜਾਂਦਾ ਹੈ ਕਿ "ਗੁਰੂ ਹਰਿਕ੍ਰਿਸ਼ਨ" ਸਾਹਿਬ ਜੀ
ਨੇ 'ਪੰਡਤ ਲਾਲ ਚੰਦ' ਦਾ ਹੰਕਾਰ ਤੋੜਨ ਲਈ 'ਛੱਜੂ ਝੀਵਰ' ਦੇ ਕੋਲ ਗੀਤਾ ਦੇ ਅਰਥ ਕਰਵਾਏ
ਸੀ {ਛੱਜੂ ਝੀਵਰ ਜੋ ਕਿ ਕੰਨਾ ਤੋਂ ਬਹਿਰਾ ਅਤੇ ਜ਼ੁਬਾਨ ਤੋਂ ਗੂੰਗਾ ਸੀ}। ਇਹ ਕਰਾਮਾਤੀ
ਸਾਖੀਆਂ ਆਪਣੇ ਕੋਲੋਂ ਹੀ ਬਣਾ ਬਣਾ ਕੇ ਇਤਿਹਾਸ ਵਿੱਚ ਭਰ ਦਿੱਤੀਆਂ ਗਈਆਂ ਹਨ, ਕਿਉਂਕੀ
ਲੁਕਾਈ ਵੀ ਨਿਰੋਲ ਗੁਰਬਾਣੀ ਸੁਣਨ ਦੀ ਥਾਂ ਤੇ ਮਿੱਠੀ ਮਿੱਠੀ ਸਾਖੀਆਂ ਸੁਣਨ ਪੜ੍ਹਨ ਨੂੰ
ਹੀ ਬਹੁਤਾਤ ਤਰਜੀਹ ਦੇਂਦੀ ਹੈ। ਇਸ ਲਈ ਅਖੌਤੀ ਬਾਬੇ, ਡੇਰੇਦਾਰ ਅਤੇ ਗੁਰਮਤਿ ਦੀ ਰੌਸ਼ਣੀ
ਵਿਚ ਵਿਚਾਰੇ ਬਿਨਾ ਕਈ ਪ੍ਰਚਾਰਕ ਵੀ ਇਹੋ ਜਿਹੀ ਮਿੱਠੀ ਮਿੱਠੀ ਸਾਖੀਆਂ ਲੁਕਾਈ ਨੂੰ
ਸੁਣਾਉਣਾ ਪਸੰਦ ਕਰਦੇ ਹਨ।
ਜਦੋਂ ਇਸ ਸਾਖੀ ਨੂੰ ਗੁਰਮਤਿ ਦੀ ਰੌਸ਼ਣੀ ਵਿਚ ਪਰਖਣ ਦਾ ਜਤਨ
ਕੀਤਾ ਤੇ ਗੁਰਬਾਣੀ ਦਾ ਫੁਰਮਾਨ ਚੇਤੇ ਆ ਗਿਆ ਜੋ ਇਸ ਸਾਖੀ ਨੂੰ ਨਿਰਮੂਲ ਸਾਬਿਤ ਕਰਦਾ
ਹੈ।
ਕਹਾ ਬਿਸਨਪਦ ਗਾਵੈ ਗੁੰਗ ॥ ਜਤਨ ਕਰੈ ਤਉ ਭੀ ਸੁਰ ਭੰਗ ॥
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੨੬੭}
ਅਰਥ: ਗੂੰਗਾ ਕਿਵੇਂ ਬਿਸ਼ਨ-ਪਦੇ
{ਪਰਮਾਤਮਾ ਦੇ ਗੁਣ} ਗਾ ਸਕਦਾ ਹੈ? … ਕਈ ਜਤਨ ਵੀ ਕਰੇ ਤਾਂ ਭੀ ਉਹ ਗਾ ਨਹੀਂ ਸਕਦਾ।
ਇਹ ਸਾਖੀ ਗੁਰਬਾਣੀ ਦੀ ਰੌਸ਼ਨੀ ਵਿੱਚ ਸਰਾਸਰ ਨਿਰਮੂਲ ਸਾਬਿਤ ਹੁੰਦੀ
ਹੈ। ਅਸਲ ਵਿਚ ਇਸਦਾ ਸਹੀ ਜਵਾਬ ਵੀ ਗੁਰਬਾਣੀ ਵਿਚੋਂ ਹੀ ਮਿਲਦਾ ਹੈ। ਗੁਰਬਾਣੀ ਦਾ
ਫੁਰਮਾਨ ਹੈ
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ
ਇਆਣੇ ॥ ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥
ਅਸੀਂ ਹਾਂ ਇਆਣੇ (ਗੂੰਗੇ) ਹੀ, ਪਰ ਗੁਰੂ ਪਾਂਧਾ ਆਪਣੇ ਉਪਦੇਸ਼ ਨਾਲ ਸਿਆਣਾ ਕਰਦਾ ਹੈ,
ਨਾਹ ਕਿ ਕਿਸੇ ਛੜੀ ਦੀ ਕਰਮਾਤ ਨਾਲ।
ਸੋ ਕੋਈ ਵੀ ਸਾਖੀ ਪੜਨ ਅਤੇ ਸੁਣਾਉਣ ਤੋਂ ਪਹਿਲਾਂ ਗੁਰਮਤਿ ਦੀ
ਰੌਸ਼ਣੀ ਵਿੱਚ ਪਰਖ ਲੈਣੀ ਚਾਹੀਦੀ ਹੈ, ਕਿ ਉਹ ਗੁਰਮਤਿ ਦੀ ਰੌਸ਼ਣੀ ਵਿਚ ਖਰੀ ਉਤਰ
ਰਹੀ ਹੈ ਜਾਂ ਨਹੀਂ, ਸੋ ਦੂਜਿਆਂ ਨੂੰ ਮੋਕਾ ਦੇਣ ਨਾਲੋਂ ਖੁਦ ਸੁਚੇਤ ਹੋਣ ਦੀ ਲੋੜ ਹੈ।