Share on Facebook

Main News Page

ਵੇਸ {ਬਾਣਾ}
-: ਆਤਮਜੀਤ ਸਿੰਘ, ਕਾਨਪੁਰ
140219

ਗੁਰਬਾਣੀ ਕਿਸੇ ਵੀ ਬਾਹਰਲੇ ਵੇਸ, ਲਿਬਾਸ ਜਾਂ ਬਾਣੇ ਨੂੰ ਮਹੱਤਾ ਨਹੀਂ ਦਿੰਦੀ, ਕੇਵਲ ਅੰਦਰੂਨੀ ਗੁਣਾਂ ਦੇ ਵੇਸ ਨੂੰ ਹੀ ਅਪਨਾਇਆ ਗਿਆ ਹੈ।

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥


ਇਹ ਬਾਹਰਲਾ ਵੇਸ ਜਾਂ ਬਾਣਾ ਹੀ ਧੋਖੇ ਦਾ ਕਾਰਨ ਬਣ ਜਾਂਦਾ ਹੈ (ਅਤੇ ਬਣਿਆ ਵੀ ਹੋਇਆ ਹੈ) ਇਸੇ ਲਈ ਗੁਰਬਾਣੀ ਵਿੱਚ ਇਹ ਪ੍ਰਵਾਨ ਨਹੀਂ।

ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥
ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥
ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥

ਅਗਰ ਮਨ ਵਿਕਾਰਾਂ ਦੀ ਮੈਲ ਨਾਲ ਲਬਰੇਜ਼ ਹੈ ਤਾਂ ਬਾਹਰੀ ਵੇਸ ਜਾਂ ਸਿਖੀ ਬਾਣਾ ਇੱਕ ਲੋਕ ਪਚਾਰਾ ਜਾਂ ਦਿਖਾਵੇ ਤੋਂ ਬਿਨਾ ਹੋਰ ਕੁਛ ਵੀ ਨਹੀਂ, ਇਸ ਦੀ ਕੋਈ ਮਹੱਤਾ ਨਹੀਂ ਰਹਿ ਜਾਂਦੀ। ਇਸ ਦੀ ਮਸਾਲ ਇੰਟਰਨੈਟ ਤੇ ਪਈਆਂ ਵੀਡੀਓਸ ਤੇ ਵੇਖੀ ਜਾ ਸਕਦੀ ਹੈ ਜਿਥੇ ਸਿਖੀ ਬਾਣੇ ਵਾਲਿਆਂ ਦੀਆਂ ਕਰਤੂਤਾਂ ਜ਼ਾਹਰ ਕੀਤੀਆਂ ਗਈਆਂ ਹਨ। ਗੁਰੂ ਦੀ ਸਿਖਿਆ ਦੁਆਰਾ ਅਪਨਾਏ ਗੁਣਾਂ ਦੇ ਵੇਸ ਬਿਨਾ ਹੋਰ ਦੂਸਰਾ ਕੋਈ ਵੇਸ, ਲਿਬਾਸ ਜਾਂ ਬਾਣਾ ਮਹੱਤਵਪੂਰਨ ਨਹੀਂ। ਗੁਰਬਾਣੀ ਦਾ ਕਥਨ ਹੈ ਕਿ ...
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥

ਜਿਸ ਅੰਮ੍ਰਿਤ ਜਲ (ਖੁਸ਼ਹਾਲੀ ਆਤਮਿਕ ਜੀਵਨ) ਦੇ ਖਜ਼ਾਨੇ ਲਈ ਤੁਸੀਂ ਜਗਤ ਵਿੱਚ ਆਏ ਹੋ ਉਹ ਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦਾ ਹੈ। ਇਹ ਬਾਣੇ ਤੇ ਕਰਮ ਕਾਂਡਾਂ ਦੁਆਰਾ ਧਾਰਮਕ ਹੋਣ ਦੀਆਂ ਚਤੁਰਾਈਆਂ ਛੱਡੋ ਕਿਉਂਕਿ ਇਸ ਦੁਚਾਲ ਵਿੱਚ ਪਿਆਂ ਉਸ ਅੰਮ੍ਰਿਤ ਫਲ ਦੀ ਪ੍ਰਾਪਤੀ ਨਹੀਂ ਹੋ ਸਕਦੀ। ਰਾਮ ਕੋਈ ਇਆਣਾ ਨਹੀਂ ਤੇ ਸਭ ਮਨੁੱਖੀ ਚਤੁਰਾਈਆਂ ਤੋਂ ਜਾਣੂ ਹੈ।

ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥

ਬਾਣਾ ਪਾਇਆ ਤਾਂ ਹੀ ਸਫਲ ਹੈ ਜਦੋਂ ਗੁਰੂ ਦੀ ਸਿਖਿਆ ਨੂੰ ਗ੍ਰਹਿਣ ਕਰ ਲਿਆ, ਬਿਨਾ ਸਿਖਿਆ ਗ੍ਰਹਿਣ ਕੀਤੇ ਭਾਵ ਗੁਰੂ ਦੇ ਕਹੇ ਬਚਨਾਂ ਨੂੰ ਅਪਣੇ ਜੀਵਨ ਵਿਚ ਕਮਾਏ ਬਿਨਾ ਧਾਰਣ ਕੀਤਾ ਬਾਣਾ ਇਕ ਵਿਖਾਵਾ ਮਾਤਰ ਹੈ ... ਗੁਰਬਾਣੀ ਦਾ ਕਥਨ ਹੈ ...

ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥

ਪਰ ਮਨੁੱਖ ਕੰਤ ਨੂੰ ਮਨਾਇ ਬਿਨਾ ਹੀ ਧਰਮ ਸ਼ਿੰਗਾਰ ਕਰੀ ਬੈਠਾ ਹੈ, ਧਰਮੀ ਹੋਏ ਬਿਨਾ ਹੀ ਧਰਮ ਦਾ ਬਾਣਾ ਪਾਈ ਬੈਠਾ ਹੈ।

ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥

ਜੇ ਗੁਰਬਾਣੀ ਨਾਲ ਸਾਂਝ ਨਹੀਂ ਪਈ, ਗੁਰਮਤ ਦਾ ਜਾਣੂ ਹੋਇਆ ਹੀ ਨਹੀਂ ਤਾਂ ਕੀਤਾ ਧਰਮ ਸ਼ਿੰਗਾਰ (ਧਰਮੀ ਪਹਿਰਾਵਾ ਤੇ ਕਰਮ ਕਾਂਡ) ਸਭ ਵਿਅਰਥ ਹੀ ਹੈ।

ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀਂ ਪ੍ਰੀਤਿ ਮੁਖਹੁ ਗੰਢ ਲਾਵਤ ॥

ਧਰਮ ਦਾ ਵਖਾਵਾ ਹੋਰ ਤੇ ਅਮਲੀ ਜ਼ਿੰਦਗੀ ਕੋਈ ਹੋਰ? ਪ੍ਰਭੂ ਨਾਲ ਕੋਈ ਪਿਆਰ ਨਹੀਂ, ਉਸ ਦੇ ਗੁਣਾਂ ਨਾਲ ਕੋਈ ਸਾਂਝ ਨਹੀਂ ਪਰ ਬੋਲਾਂ, ਕਰਮ ਕਾਂਡਾਂ ਤੇ ਪਹਿਰਾਵੇ ਨਾਲ ਸਾਧੂ, ਸੰਤ ਤੇ ਬ੍ਰਹਿਮ ਗਿਆਨੀ ਬਣਿਆ ਬੈਠਾ ਹੈ।

ਧਰਮੀ ਮਨੁੱਖ ਨੂੰ ਕਿਸੇ ਵੀ ਤਰਾਂ ਦਾ ਧਰਮੀ ਹੋਣ ਦਾ ਵਿਖਾਵਾ ਕਰਨ ਦੀ ਲੋੜ ਹੀ ਨਹੀਂ ਰਹਿੰਦੀ, ਉਹ ਭਾਵੇਂ ਕਿਸੇ ਵੀ ਬਾਹਰਲੇ ਵੇਸ ਵਿੱਚ ਵਿਚਰੇ, ਪਰ ਉਹ ਅੰਦਰੋਂ (ਮਨ ਦੀ ਪਵਿਤ੍ਰਤਾ ਕਰਕੇ) ਧਰਮੀ ਹੀ ਰਹੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top