Share on Facebook

Main News Page

ਕਥਿਤ ਦਸਮ ਗ੍ਰੰਥ ਦੇ ਵੀਰਾਂ ਵੱਲੋਂ ਦਿੱਤੀਆਂ ਜਾਂਦੀਆਂ ਕੁੱਝ ਜਜ਼ਬਾਤੀ ਦਲੀਲਾਂ 'ਤੇ ਵਿਚਾਰ {ਭਾਗ:4}
ਜਦ ਤੁਸੀਂ ਅੰਮ੍ਰਿਤ ਛਕਿਆ ਸੀ ਤਾਂ ਉਸ ਵੇਲੇ ਪੰਜ ਪਿਆਰਿਆਂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ ?
-: ਆਤਮਜੀਤ ਸਿੰਘ, ਕਾਨਪੁਰ

ਲੜੀ ਜੋੜਨ ਲਈ ਪਿਛਲੇ ਅੰਕ ਪੜ੍ਹੋ :--)))) { ਭਾਗ-1 }; {ਭਾਗ-2}; {ਭਾਗ:3}

"ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥"

ਅੱਜ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ, ਪਰ ਉਸ ਦੀ ਮੰਨਦਾ ਇੱਕ ਵੀ ਨਹੀਂ, ਗੁਰੂ ਹੋਕਾ ਦੇ ਕੇ ਕਹਿ ਰਿਹਾ ਹੈ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਦੇ ਸਿਧਾਂਤ 'ਤੇ ਪਹਿਰਾ ਦੇ, ਤੇਰੀ ਮਤਿ ਵਿੱਚ ਰਤਨ ਪ੍ਰਗਟ ਹੋ ਜਾਣਗੇ, ਪਰ ਅੱਜ ਦਾ ਸਿੱਖ ਇਸ ਸਿਧਾਂਤ ਨੂੰ ਵਿਸਾਰ ਉਸ ਰਚਨਾਵਾਂ ਤੇ ਪਹਿਰਾ ਦੇ ਰਿਹਾ ਹੈ ਜਿਸ ਨਾਲ ਮਤ ਵਿਚ ਭਗਉਤੀ ਅਤੇ ਮਹਾਕਾਲ ਹੀ ਪ੍ਰਗਟ ਹੋਣਾ ਹੈ।

ਦਸਮ ਗ੍ਰੰਥ ਦੇ ਸਮਰਥਕਾਂ ਵੱਲੋਂ ਇਕ ਹੀ ਸਵਾਲ ਦਾ ਵਾਰ-ਵਾਰ ਰਟਨ ਕੀਤਾ ਜਾਂਦਾ ਹੈ, ਜਦ ਤੁਸੀਂ ਅੰਮ੍ਰਿਤ ਛਕਿਆ ਸੀ, ਤਾਂ ਉਸ ਵੇਲੇ ਪੰਜ ਪਿਆਰਿਆਂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ? ਓਇ ਭਲਿਓ ਇਹ ਸਵਾਲ ਪੁੱਛਣ ਤੋਂ ਪਹਿਲਾਂ ਉਹਨਾਂ ਰਹਿਤਨਾਮੇ ਅਤੇ ਰਹਿਤ ਮਰੀਆਦਾ ਦੇ 'ਤੇ ਝਾਤ ਮਾਰੋ, ਜਿਸ ਨੂੰ ਤੁਸੀਂ ਆਧਾਰ ਮੰਨ ਕੇ ਅੰਮ੍ਰਿਤ ਸੰਚਾਰ ਦੇ ਦੌਰਾਨ ਇਹ ਬਾਣੀਆਂ ਪੜ੍ਹਨ ਨੂੰ ਕਹਿੰਦੇ ਹੋ। ਉਹ ਰਹਿਤਨਾਮੇ ੧੮ਵੀਂ ਅਤੇ ੧੯ਵੀਂ ਸਦੀ ਵਿੱਚ ਛਪੇ ਸਨ।

ਹੁਣ ਸਵਾਲ ਉਠਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਵਿੱਚ ੧੬੯੯ ਈਸਵੀ ਵਿੱਚ ਖੰਡੇ ਦੀ ਪਾਹੁਲ ਤਿਆਰ ਕਰਨ ਦਾ ਬ੍ਰਿਤਾਂਤ ਤੇ ਰਹਿਤਾਂ ਦਾ ਗਿਆਨ ਇਹਨਾਂ ਲੇਖਕਾਂ ਨੂੰ ਇਤਨੀ ਦੇਰ ਬਾਦ ਕਿਵੇਂ ਹੋਇਆ ? ਅਤੇ ਪ੍ਰਚਲਿਤ ਰਹਿਤ ਮਰੀਆਦਾ ਦਾ ਖਰੜਾ ਵੀ ੧੯੪੫ ਵਿੱਚ ਤਿਆਰ ਹੋਇਆ ਸੀ, ਆਉ ਆਪਣੇ ਵਿਸ਼ਯ ਵੱਲ ਵਧੀਏ, ਕਥਿਤ ਦਸਮ ਗ੍ਰੰਥ ਗ੍ਰੰਥ ਦੇ ਸਮਰਥਕਾਂ ਵੱਲੋਂ ਦਿੱਤੀ ਜਾਣ ਵਾਲੀ ਚੌਥੀ ਦਲੀਲ 'ਤੇ ਵੀਚਾਰ ਕਰੀਏ :

4) ਜਦ ਤੁਸੀਂ ਅੰਮ੍ਰਿਤ ਛਕਿਆ ਸੀ, ਤਾਂ ਉਸ ਵੇਲੇ ਪੰਜ ਪਿਆਰਿਆਂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ? ਹੁਣ ਵੀ ਜੇਕਰ ਇਹ ਬਾਣੀਆਂ ਪੜ੍ਹੀਆਂ ਜਾਂਦੀਆਂ ਰਹਿਣ ਤਾਂ ਕਿਸੇ ਨੂੰ ਕੀ ਇਤਰਾਜ਼ ਹੈ?

ਇਹ ਸਵਾਲ ਉਨ੍ਹਾਂ ਸਿੱਖਾਂ ਨੂੰ ਕੀਤਾ ਜਾਂਦਾ ਹੈ, ਜਿਹੜੇ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਨਕਾਰ ਕੇ ਸਿਰਫ਼ ਗੁਰੂ ਗ੍ਰੰਥ ਸਾਹਿਬ ਤੋਂ ਅਧਿਆਤਮਕ ਸੇਧ ਲੈਣ ਦੀ ਵਕਾਲਤ ਕਰਦੇ ਹਨ, ਪਰ ਇਹ ਸਵਾਲ ਕਰਨ ਵਾਲੇ ਵੀਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅੰਮ੍ਰਿਤ ਸੰਚਾਰ ਵੇਲੇ ਪੜ੍ਹੀਆਂ ਜਾਂਦੀਆਂ ਰਚਨਾਵਾਂ ਦਾ ਅਧਾਰ ਸਿੱਖ ਰਹਿਤ ਮਰਿਆਦਾ ਹੈ ਅਤੇ ਪ੍ਰਚਲਿਤ ਰਹਿਤ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣਾਈ ਸੀ, ਬਲਕਿ ਸਿੱਖਾਂ ਨੇ ਖ਼ੁਦ ਬਣਾਈ ਸੀ, ਅਤੇ ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ, ਹੋਰਨਾਂ ਭੁੱਲਣਹਾਰ ਇਨਸਾਨਾਂ ਦੀ ਤਰ੍ਹਾਂ ਰਹਿਤ ਮਰਿਆਦਾ ਤਿਆਰ ਕਰਨ ਵਾਲੇ ਸੱਜਣਾਂ ਨੇ ਵੀ ਅਨਜਾਣੇ ਵਿੱਚ ਜਾਂ ਹੂੜਮਤੀਆਂ ਦੇ ਦਬਾਅ ਅਧੀਨ ਅੰਮ੍ਰਿਤ ਸੰਚਾਰ ਦੌਰਾਨ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚ 3 ਰਚਨਾਵਾਂ ਦਸਮ ਗ੍ਰੰਥ ਦੀਆਂ ਸ਼ਾਮਲ ਕਰ ਦਿੱਤੀਆਂ।

ਇਸੇ ਵਾਸਤੇ ਹੁਣ ਵੀ ਇਹ ਪ੍ਰਚਲਨ ਜਾਰੀ ਹੈ ਅਤੇ ਹਰ ਪਾਹੁਲਧਾਰੀ ਦੇ ਪਾਹੁਲ ਛਕਣ ਸਮੇਂ ਦਸਮ ਗ੍ਰੰਥ ਦੀਆਂ ਰਚਨਾਵਾਂ ਵੀ ਪੜ੍ਹੀਆਂ ਜਾਂਦੀਆਂ ਹਨ, ਪਰ ਇਸਦਾ ਅਰਥ ਇਹ ਨਹੀਂ ਕਿ ਜੇਕਰ ਕੁੱਝ ਚੁਨਿੰਦਾ ਸਿੱਖਾਂ ਨੇ ਗਲਤੀ ਨਾਲ ‘ਦੋ ਤੇ ਦੋ ਪੰਜ ਆਖ ਦਿੱਤਾ ਸੀ, ਤਾਂ ਹੁਣ ਵੀ ‘ਰਹਿਤ ਮਰਿਆਦਾ ਦੇ ਨਾਮ 'ਤੇ ਉਸ ਗਲਤ ਧਾਰਨਾ ਦੀ ਹੀ ਪਾਲਣਾ ਕੀਤੀ ਜਾਂਦੀ ਰਹੇ, ਜੇਕਰ ਰਹਿਤ ਮਰਿਆਦਾ ਦੇ ਅਧਾਰ 'ਤੇ ਖੰਡੇ-ਬਾਟੇ ਦੀ ਪਾਹੁਲ ਰਸਮ ਦੌਰਾਨ ਪੰਜ ਸਿੱਖਾਂ (ਪਿਆਰਿਆਂ) ਵੱਲੋਂ ਦਸਮ ਗ੍ਰੰਥ ਦੀਆਂ 3 ਰਚਨਾਵਾਂ ਪੜ੍ਹੀਆਂ ਜਾ ਸਕਦੀਆਂ ਹਨ, ਤਾਂ ਫਿਰ ਅਜਿਹੇ ਹੀ ਜਾਗ੍ਰਿਤ ਪੰਜ ਸਿੱਖਾਂ (ਪਿਆਰਿਆਂ) ਵੱਲੋਂ ਸਾਰੀਆਂ 5 ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਉਂ ਨਹੀਂ ਪੜ੍ਹੀਆਂ ਜਾ ਸਕਦੀਆਂ?

ਖੰਡੇ-ਬਾਟੇ ਦੀ ਪਾਹੁਲ ਰਸਮ ਦੌਰਾਨ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹੇ ਜਾਣ ਸਬੰਧੀ ਇਤਰਾਜ਼ ਇਹੀ ਹੈ ਕਿ ਇਹ ਰਵਾਇਤ ਅਜਿਹਾ ਸੰਕੇਤ ਦਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੰਪੂਰਨ ਅਤੇ ਸਰਬ-ਸਮਰੱਥਾਵਾਨ ਗੁਰੂ ਨਹੀਂ ਹਨ, ਜੋ ਸਿੱਖਾਂ ਨੂੰ ਆਪਣੀ ਮੁਢਲੀ ਧਾਰਮਕ ਰਸਮ ਅਦਾ ਕਰਨ ਲਈ ਕਿਸੇ ਹੋਰ ਗ੍ਰੰਥ ਦੀਆਂ ਰਚਨਾਵਾਂ ਪੜ੍ਹਨੀਆਂ ਪੈਂਦੀਆਂ ਹਨ, ਇਸਦੇ ਇਲਾਵਾ, ਸਿੱਖ ਵਿਦਵਾਨਾਂ ਨੇ ਹਿੰਦੂ ਮਿਥਿਹਾਸਕ ਗ੍ਰੰਥਾਂ ਨਾਲ ਤੁਲਨਾਤਮਕ ਅਧਿਐਨ ਕਰਕੇ ਸਾਬਿਤ ਕਰ ਦਿੱਤਾ ਹੈ, ਕਿ ਇਸ ਵਿਵਾਦਿਤ ਪੁਸਤਕ (ਦਸਮ ਗ੍ਰੰਥ) ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਨਹੀਂ, ਬਲਕਿ ਇਹ ਰਚਨਾਵਾਂ ਬਾਰ-ਬਾਰ ਅਸਿੱਧੇ ਤਰੀਕੇ ਨਾਲ ਗੁਰਬਾਣੀ ਦੇ ਉਪਦੇਸ਼ਾਂ ਦੀ ਉਲੰਘਣਾ ਅਤੇ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਦਾ ਅਪਮਾਨ ਕਰਦੀਆਂ ਹਨ, ਇਸ ਲਈ, ਸਿੱਖਾਂ ਨੂੰ ਆਪਣੇ ਸਾਰੇ ਰਸਮੋ-ਰਿਵਾਜ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਓਟ-ਆਸਰਾ ਲੈ ਕੇ ਕਰਨੇ ਚਾਹੀਦੇ ਹਨ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top