ਪੁਕਾਰ

ਬਾਬਾ ਨਾਨਕ ਆ ਕੇ ਵੇਖ ਜ਼ਰਾ, ਵਾੜ ਫ਼ੇਰ ਅੱਜ ਖੇਤ ਨੂੰ ਕਿੰਝ ਖਾਈ ਜਾਂਦੀ।

ਮਿੱਠੀ ਬੋਲੀ ਉਹ ਗੁਰੂ ਅੰਗਦ ਵਾਲੀ, ਪਹਿਲਾਂ ਵਾਂਗ ਨਹੀਂ ਅੱਜ ਪੜ੍ਹਾਈ ਜਾਂਦੀ।

ਬਸ ਪੰਗਤ ਤੇ ਹੈ ਸਾਰਾ ਜ਼ੋਰ ਦਿੱਤਾ, ਗੱਲ ਸੰਗਤ ਦੀ ਗੁਰੂ ਅਮਰ ਵਾਲੀ, ਕਿਉਂ ਹੈ ਭੁਲਾਈ ਜਾਂਦੀ?

ਆ ਕੇ ਵੇਖ ਗੁਰੂ ਰਾਮਦਾਸ ਅੱਜ ਰਾਮਸਰ ਤਾਂਈ, ਬਾਣੀ ਕਿੰਝ ਹੈ ਓਥੇ ਗਾਈ ਜਾਂਦੀ।

ਕੈਸ਼ ਕਰ ਰਹੇ ਨੇ ਕਿਓਂ ਸ਼ਹੀਦੀ ਗੁਰੂ ਅਰਜਨ ਦੀ, ਕਿਉਂ ਨਹੀਂ ਚੰਦੂਆਂ ਨੂੰ ਸਜ਼ਾ ਸੁਣਾਈ ਜਾਂਦੀ।

ਰਾਖੀ ਲਈ ਲੜੇ ਕਿੰਝ ਆਮ ਬੰਦਾ, ਮੀਰੀ ਪੀਰੀ ਓਹ ਗੁਰੂ ਹਰਗੋਬਿੰਦ ਤੇਰੀ, ਅਜਾਇਬ ਘਰਾਂ ਵਿੱਚ ਹੀ ਪਾਈ ਜਾਂਦੀ।

ਹਰਰਾਇ ਤੇ ਗੁਰੁ ਹਰਕ੍ਰਿਸ਼ਨ ਤਾਂਈ, ਅੱਜ ਅਰਦਾਸ ਆਪਣੇ ਕੰਮ ਲਈ ਹੈ ਬਸ ਕਰਾਈ ਜਾਂਦੀ।

ਤੇਗ ਪਿਤਾ ਕਿਉਂ ਦਸਤਾਰ ਲਈ ਤੂੰ ਸਿਰ ਦਿੱਤਾ, ਅਕ੍ਰਿਤਘਣਾਂ ਕਲ਼ੋਂ ਨਹੀਂ ਸਿਰ ਤੇ ਸਜਾਈ ਜਾਂਦੀ।

ਜੋੜਿਆ ਨਾਲ ਗੁਰੂ ਗ੍ਰੰਥ ਦੇ ਸੀ ਤੂੰ ਮੇਰੇ ਗੋਬਿੰਦ, ਤੇ ਹੋਰ ਕਿਸੇ ਗ੍ਰੰਥ ਦੀ ਮੰਜੀ ਨਾਲ ਕਿਉਂ ਹੈ ਅੱਜ ਟਿਕਾਈ ਜਾਂਦੀ।

ਕਿਹਾ ਖ਼ਾਲਸੇ ਨੂੰ ਕੀ ਸੀ ਤੂੰ ਕਦੀ, ਤੇ ਗੱਲ ਕਿਹੜੀ ਹੈ ਤੇਰੀ ਅੱਜ ਸੁਣਾਈ ਜਾਂਦੀ।

“ਬਾਣੀ ਹੀ ਗੁਰੂ ਹੈ”, ਫ਼ੇਰ ਇਹ ਭਟਕਣ ਕਾਹਦੀ, ਗੱਲ ਸਿੱਧੀ ਜਿਹੀ ਕਿਉਂ ਨਹੀਂ ਦਿਲਾਂ ‘ਚ ਵਸਾਈ ਜਾਂਦੀ

- ਬੀਬੀ ਸੁਖਵਿੰਦਰ ਕੌਰ ‘ਨਿਰਮਲ’

Go to Top