"ਚਰਣ-ਧੂੜਿ ਦੀਆਂ ਪੁੜੀਆਂ"

ਤਰਲੋਕ ਸਿੰਘ 'ਹੁੰਦਲ'

ਤੁਸੀਂ ਲੁਧਿਆਣੇ ਜਾਂਦੇ ਹੋ !

ਲੁਧਿਆਣੇ ਸ਼ਹਿਰ ਨਾਲ ਸਾਡਾ ਵੀ ਡੰੂਘਾ ਲਗਾਉ ਰਿਹਾ ਹੈ । ਸਾਰੀ ਉਚ-ਵਿਦਿਆ ਇਸੇ ਸ਼ਹਿਰ ਵਿੱਚ ਹੀ ਹਾਸਲ ਕੀਤੀ। ਰੇਲ-ਗਡੀ ਦਾ ਪਾਸ ਬਣਾ ਕੇ ਪੜ੍ਹਨ ਆਉਣਾ। ਰੇਲਵੇ ’ਟੇਸ਼ਨ ਤੋਂ ਸਾਰਿਆਂ ਜਣਿਆਂ ਨੇ ‘ਰੱਖ-ਬਾਗ’ ਵਿੱਚੋਂ ਦੀ ਹਰਨਾਂ ਵਾਂਗੂੰ ਚੁਗੀਆਂ ਭਰਦਿਆਂ ਕਾਲਜ ਪਹੁੰਚ ਜਾਣਾ। ਜੀ.ਜੀ.ਐਨ ਖ਼ਾਲਸਾ ਕਾਲਿਜ ਦੇ ਸਤਿਕਾਰਯੋਗ ਪਿੰ: ਸੁਜਾਨ ਸਿੰਘ ਜੀ ਦਾ ਪਿਆਰ ਅਤੇ ਸੁੱਚਜੀ ਅਗਵਾਈ, ਮੇਰਾ ਤਾਂ ਅੱਜ ਵੀ ਮਾਰਗ-ਦਰਸ ਕਰ ਰਹੀ ਹੈ। ਗੌਰਮਿੰਟ ਕਾਲਿਜ ਵਿੱਚ ਐਂਮ.ਏ (ਅਰਥ-ਸ਼ਾਸਤਰ) ਕਰਦਿਆਂ ਸਹਿ-ਵਿਦਿਆਰਥੀ ਰਾਮੂਵਾਲੀਏ ਭਰਾਵਾਂ ਨਾਲ ਪਰਸਪਰ ਪਿਆਰ ਬਰਕਰਾਰ ਚਲਿਆ ਆ ਰਿਹਾ ਹੈ। ਇਥੇ ਕਾਲਿਜ ਸਮੇਂ ਦੀਆਂ ਖ਼ਰ-ਮਸਤੀਆਂ ਲਈ ਕੋਈ ਥਾਂ ਨਹੀ ਹੈ, ਬਸ ਏਨਾ ਹੀ ਕਾਫੀ ਹੈ ਕਿ ਕਦੇ ਫ਼ੇਲ ਅਤੇ ਕਦੇ ਪਾਸ । ਪਤਾ ਨਹੀਂ ਕਿਉਂ ਇਹ ਅਖਾਣ ਸਾਡੇ ਗਰੁਪ ਉਤੇ ਹੀ ਪੂਰਾ ਢੁਕਿਆ ਰਿਹਾ ਕਿ ‘ਅਸਫਲਤਾ ਹੀ ਕਾਮਯਾਬੀ ਦਾ ਥੰਮ ਹੈ’। ਖੈਰ ! ਇਕ ਗਲ ਪੱਕੀ ਸੀ ਕਿ ਇਮਤਿਹਾਨਾਂ ਦੇ ਦਿਨ੍ਹਾਂ’ਚ ਅਸੀਂ ਗੁਰਦੁਆਰੇ ਨਤਮਸਤਕ ਹੋਣ ਲਈ ਜਰੂਰ ਜਾਇਆ ਕਰਦੇ ਸਾਂ ।

ਅੱਜ ਕੱਲ ‘ਪੂਰਬੀਆਂ ਦੇ ਟੋਰਾਂਟੋ’ ਸ਼ਹਿਰ ਲੁਧਿਆਣਾ ਵਿੱਚਲੀ ਘੜਮਸ ਵੇਖ ਕੇ ਕੌਡੀ-ਫੇਰਾ ਹੀ ਪਾਈਦਾ ਹੈ । ਹੋਰ ਕੁਝ ਵੀ ਪਿਆ ਹੋਵੇ ਹਕੀਕਤਨ ਇਕ ਨਿਮਾਣੇ ਸਿੱਖ ਵਜੋਂ ਇਸ ਸਨਅਤੀ ਸ਼ਹਿਰ ਦੇ ਕਿਸੇ ਗੁਰਦੁਆਰੇ ਕੋਲੋ ਨਤਮਸਤਕ ਹੋਏ ਬਗੈਰ ਨਹੀਂ ਲੰਘਦਿਆਂ ਜਾਂਦਾ । ਇਕ ਵਾਰ ਐਤਕੀਂ ਐਸਾ ਹੀ ਸਬੱਬ ਬਣਿਆ ਕਿ ਅਸੀਂ ‘ਗੁਰਦੁਆਰਾ ਦੂਖ-ਨਿਵਾਰਨ ਸਾਹਿਬ’ ਲੁਧਿਆਣਾ ਚਲੇ ਗਏ । ਇਹ ਦਸਣਾ ਵੀ ਕੁਥਾਂਵੇਂ ਨਹੀਂ ਹੋਵੇਗਾ ਕਿ ਪਹਿਲਾਂ-ਪਹਿਲ ਸਿੱਖ ਭਾਈਚਾਰੇ ਦੇ ਅਥਾਹ ਰੂਝਾਨ ਕਰਕੇ ‘ਗੁਰਦੁਆਰਾ ਕਲਗੀਧਰ ਲੁਧਿਆਣਾ’ ਬਹੁਤ ਪ੍ਰਸਿੱਧ ਸੀ ਪਰ ਹੁਣ ‘ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਜੀ ’ ਆਮ ਲੋਕਾਂ ਦੀ ਰੂਚੀ ਅਨਕੂਲ ਕਾਫੀ ਲੋਕ-ਪ੍ਰੀਆ ਬਣ ਗਿਆ ਹੋਇਆ ਹੈ ।

ਪੰਥ ਪ੍ਰਮਾਣਿਤ ਰਹਿਤ ਮਰਯਾਦਾ ਅਨੁਸਾਰ ਇਸ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਨਿਰੰਤਰ ਕਥਾ-ਕੀਰਤਨ ਪ੍ਰਵਾਹ ਚਲਦਾ ਰਹਿੰਦਾ ਹੈ । ਸਾਰਾ ਸਾਰਾ ਦਿਨ ਸੰਗਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ । ਮੀਡੀਆ ਦੇ ਸੁਚਿਆਰੂ ਮਾਧੀਅਮ ਰਾਹੀਂ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ-ਬਾਣੀ ਦਾ ਪੱਵਿਤਰ ਸੰਦੇਸ਼’ ਘਰ-ਘਰ ਪਹੁੰਚਾਉਣ ਦਾ ਵਿਸ਼ੇਸ਼ ਪ੍ਰਬੰਧ ਵਾਕਿਆਈ ਸਲਾਹੁਣਯੋਗ ਕਦਮ ਹੈ ।

ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਦਵਿੰਦਰ ਸਿੰਘ ਜੀ ‘ਸੋਢੀ’-ਜੋ ‘ ਚੜ੍ਹਦੀ ਕਲ੍ਹਾ ਟੈਲੀਵੀਜ਼ਨ ਰਾਹੀਂ ‘ਭਲੋ ਭਲੋ ਰੇ ਕੀਰਤਨੀਆ ’ ਪ੍ਰੋਗਰਾਮ ਅਧੀਨ , ਨੋ-ਜਵਾਨ ਪੀੜ੍ਹੀ ਨੂੰ ਨਿਰਧਾਰਤ ਰਾਗਾਂ ਦੀਆਂ ਬੰਦਸ਼ਾਂ ਅਨੁਸਾਰ ਗੁਰਬਾਣੀ ਗਾਇਨ ਕਰਨ ਦੇ ਮੁਕਾਬਲਿਆਂ ਦੀ ਲੜੀ ਚਲਾ ਰਹੇ ਹਨ - ਵੀ ਇਸ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਹਨ ।

ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸਾਧ ਸੰਗਤ ਵਿੱਚ ਜੁੜ-ਬੈਠ ਕੇ ਗੁਰਬਾਣੀ ਦੇ ਅਭਿਆਸ ਉਪਰੰਤ ਵਾਪਸ ਜਦੋਂ ਜੋੜਾ ਲੈਣ ਗਿਆ ਤਾਂ ਓਥੇ ਅਸਚਰਜਤਾ ਵਾਲੀ ਇੱਕ ਗੱਲ ਇਹ ਵੇਖੀ ਕਿ ਜੋੜਾ-ਘਰ ਕੋਲ ਇਕ ਪਾਸੇ ਸ਼ੀਸ਼ੇ ਦਾ ਬਕਸਾ ਰੱਖਿਆ ਹੋਇਆ ਹੈ , ਜਿਸ ਉਤੇ ਪੀਲੇ ਰੰਗ ਨਾਲ ਗੁਰਮੁਖੀ ਵਿੱਚ ਬੜਾ ਸੁੰਦਰ ਲਿਖਿਆ ਹੋਇਆ ਹੈ ,ਞ"ਚਰਣ-ਧੂੜਿਞ" ਦੀਆ ਪੁੜੀਆਂ ।

ਆਮ ਤੌਰ ਤੇ ਕਥਾ-ਕੀਰਤਨ ਸ੍ਰਵਣ ਕਰਨ ਤੋਂ ਬਾਅਦ ਜਦੋਂ ਗੁਰਦੁਆਰਾ ਸਾਹਿਬ’ਚੋਂ ਸਾਧ ਸੰਗਤ ਵਾਪਸ ਆਉਂਦੀ ਹੈ । ਆਪੋ-ਆਪਣੇ ਜੋੜੇ ਪਹਿਨ ਕੇ ਲੋੜ ਅਨੁਸਾਰ ਞ"ਚਰਨ-ਧੂੜਿਞ" ਦੀ ਪੁੜੀ ਬੜੇ ਸਤਿਕਾਰ ਨਾਲ ਉਠਾ ਲੈਂਦੀ ਹੈ । ਬਹੁ-ਤਦਾਦ ਵਿੱਚ ਕੋਲ ਹੀ ਪਹਿਲਾਂ ਤੋਂ ਪਾੜ ਕੇ ਰੱਖੇ ਹੋਏ ਅਖਬਾਰੀ ਕਾਗਜ਼ ਦੇ ਟੁਕੜੇ ਵਿੱਚ ਲਪੇਟ ਕੇ ‘ਵਾਹਿਗੁਰੂ-ਵਾਹਿਗੁਰੂ’ ਕਰਦੀ ਨਾਲ ਲੈ ਜਾਂਦੀ ਹੈ । ਕਈਆਂ ਨੂੰ ਤਾਂ ਇਕੋ ਹੱਥ ਵਿੱਚ ‘ਪ੍ਰਸਾਦਿ’ ਦਾ ਗੱਫਾ ਅਤੇ ਉਪਰੋਤਕ ਪੁੜੀ ਘੁੱਟ ਕੇ ਫੜੀ ਤੁਰੇ ਜਾਂਦੇ ਵੀ ਵੇਖਿਆ ਗਿਆ ।

ਹੈਰਾਨ ਅਤੇ ਪ੍ਰੇਸ਼ਾਨ ਮਨ ਨਾਲ ਜੋੜਾ-ਘਰ ਕੋਲ ਬੈਠਾ ਸਿੱਖੀ ਮੰਡਲ ਵਿੱਚ ‘ਦੇਖਾ-ਦੇਖੀ ਸਭ ਕਰੇ’ ਦਾ ਇਹ ਸਿਲਸਿਲਾ ਕਾਫੀ ਚਿਰ ਤੋੜੀਂ ਤਕਦਾ ਰਿਹਾ ....ਤਕਦਾ ਹੀ ਰਿਹਾ । ਵੱਡਾ ਅਫਸੋਸ ਇਹ ਰਿਹਾ ਕਿ ਅਸਾਨੂੰ ਸਿੱਖ ਸਰਧਾਲੂਆਂ ਵਲੋਂ ਅਗਿਆਨਤਾ ਵਸ , ਸਿੱਖ ਸਿਧਾਂਤਾਂ ਦੀ ਘੋਰ-ਉਲੰਘਣਾ ਕਰਕੇ ਇਸ ਆਪ-ਹੁਦਰੀ ਚਾਲ ਦੀ ਕੋਈ ਸਮਝ ਨਾ ਪਵੇ ਅਤੇ ਨਾ ਹੀ ਕਿਸੇ ਤੋਂ ਪੁੱਛਣ ਦਾ ਹੀਆ ਹੀ ਪਵੇ ਕਿ ਮਤੇਂ ਹਰਖ ਿਵੱਚ ਆਇਆ ਕੋਈ ਸੇਵਾਦਾਰ , ਐਂਵੇਂ ਲਾਹ-ਪਾਹ ਕਰ ਦੇਵੇ , ਕਿਉਂ ਜੁ ਸਾਨੂੰ ਏਨਾ ਕੁ ਤਾਂ ਇਲਮ ਹੈ ਹੀ ਕਿ ਰੋਹ ਵਿੱਚ ਆਇਆ ਥੋੜ-ਦਿਲਾ ਸੇਵਾਦਾਰ , ਜਿਸ ਖੁਰਚਣੇ ਨਾਲ ਪ੍ਰਸ਼ਾਦ ਤਿਆਰ ਕਰਦਾ ਹੈ , ਜੇ ਕਿਧਰੇ ਮੌਕਾ ਬਣ ਪਵੇ ਤਾਂ ਉਸੇ ਨੂੰ ਹੀ ਟੰਬਾ ਬਣਾਕੇ ਖੂੰਬ ਠੱਪਣ ਤੋਂ ਵੀ ਸੰਕੋਚ ਨਹੀਂ ਕਰਦਾ । ਅਜੇਹੀ ਸਥਿਤੀ ਵਿੱਚ ਫਿਰ ਫਰਿਆਦ ਵੀ ਨਹੀਂ ਚਲਦੀ ।

ਬਹੁਤ ਸੋਚ ਵਿਚਾਰ ਕੇ ਫਿਰ ਨਮੂੰਨੇ ਵਜੋਂ ਜੋੜਾ-ਘਰ ਵਿਚੋਂ ਚਰਣ-ਧੂੜਿ ਦੀਆਂ ਦੋ ਪੁੜੀਆਂ ਚੁੱਕ ਹੀ ਲਈਆਂ । ( ਇਥੇ ਇਹ ਵੀ ਦਸਣ ਵਿੱਚ ਸ਼ਰਮ-ਵ-ਸੰਕੋਚ ਨਹੀਂ ਕਿ ਇਹ ਦੋਵੇਂ ਪੁੜੀਆਂ-ਮਨਫੀ ਚੁੱਟਕੀ-ਭਰ ਖਾਕ , ਕਨੇਡਾ ਵਿੱਚ ਅਜ ਵੀ ਮੇਰੇ ਪਾਸ ਹੈ )। ਤ੍ਰਿਸ਼ਨਾਵਾਂ ਦੇ ਗੁਲਾਮ ਢਿੱਲੜ ਸਿੱਖ-ਸਿੱਖਣੀਆਂ ਦੇ ਇਸ ਗੈਰ-ਸਿਧਾਂਤਕ ਵਰਤਾਰੇ ਕਾਰਨ ਦੁਖੀ , ਇਨ੍ਹਾਂ ਪੁੜੀਆਂ ਨੂੰ ਗਿੱਟੀਆਂ ਵਾਂਗੂੰ ਹੱਥਾਂ ਵਿੱਚ ਉਲਟਾ-ਪਲਟਾ ਕੇ ਵੇਖਦਾ ਹੋਇਆ ਨੇੜਲੇ ਬਜਾਰ ਵਿਚੋਂ ਦੀ ਲੰਘ ਰਿਹਾ ਸਾਂ ਕਿ ਵਾਹਵਾ ਢੋ-ਮੇਲਾ ਬਣ ਗਿਆ ।

ਕਿਤੇ ਦੂਰੋਂ ਹੀ ਵੇਖ ਕੇ ਇਕ ਅੰਮ੍ਰਿਤਧਾਰੀ ਦੁਕਾਨਦਾਰ ਵੀਰ ਨੇ ਆਣ ‘ਫ਼ਤਿਹ’ਗਜਾਈ । ਇਸ ਤੋਂ ਪਹਿਲਾਂ ਕਿ ਗੁਰਮਤਿ ਅਨੁਸਾਰ ਮੋੜਵੀਂ ‘ਫਤਿਹ’ ਦਾ ਹੁੰਗਾਰਾ ਭਰਿਆ ਜਾਂਦਾ- ਦੋਵੇਂ ਹੱਥ ਜੋੜ ਕੇ ਨਿੰਮ੍ਰਤਾ ਭਰੇ ਲਹਿਜੇ ਨਾਲ ਕਹਿਣ ਲਗਾ ਕਿ ‘ਗੁਰਮੁਖੋ ! ਜੇ ਚੁਟਕੀ-ਭਰ ਚਰਣ-ਧੂੜਿ ਦੀ ਬਖ਼ਸ਼ਿਸ਼ ਕਰਦੇ ਜਾਵੋ ? ’ ਉਸ ਦੀ ਅਤੀ ਤਰਸਯੋਗ ਦਸ਼ਾਂ ਵੇਖ ਕੇ ਅਸਾਂ ਜਿੳੋ̮ਂ ਹੀ ਪੁੜੀਆਂ ਵਾਲਾ ਬੋਝਲ ਹੋਇਆ - ਹੋਇਆ ਆਪਣਾ ਹੱਥ , ਉਸ ਦੇ ਵਲ ਅਗਾਂਹ ਵਧਾਇਆ ਤਾਂ ਉਸ ਵੀਰ ਨੇ ਪਹਿਲਾਂ ਤਾਂ ਕਿਸੇ ਅਨੂੰਠੇ ਵਜਦ’ਚ ਆਣ ਕੇ ਨਮਸਕਾਰ ਕੀਤੀ , ਫਿਰ ਬੜੇ ਸਲੀਕੇ ਨਾਲ ਇੱਕ ਪੁੜੀ ਖੋਲ੍ਹੀ , ਭੋਰਾ-ਕੁ ਖਾਕ ਕੱਢੀ ਅਤੇ ਫਿਰ ੳੋ̮ਵੇਂ ਹੀ ‘ਪੁੜੀ’ ਨੂੰ ਬੰਦ ਕਰਕੇ , ਮੇਰੇ ਹੱਥਾਂ ਉਤੇ ਰੱਖਿਆ ਅਤੇ ਰੁਕਣ ਦਾ ਇਸ਼ਾਰਾ ਕਰ ਕੇ ਆਪਣੀ ਦੁਕਾਨ ਵਿੱਚ ਚਲਾ ਗਿਆ ।

" ਕੀ ਵੇਖਦਾ ਹਾਂ ! ਕਿ ਉਸ ਸਿੱਖ ਨੇ ਉਕਤ ਖਾਕ ਨਾਲ ਲਿਬੜੇ ਪੋਟੇ ਪਹਿਲਾਂ ਆਪਣੇ ਮਸਤਕ ਨਾਲ ਲਾਏ , ਫਿਰ ਦੁਕਾਨ ਦੇ ਬੂਹੇ ਨਾਲ ਛੁਹਾਏ । ਇੱਕ ਗਲਾਸ ਪਾਣੀ ਵਿੱਚ ਬਾਕੀ ਬਚੀ ਸਾਰੀ ਖ਼ਾਕ ਮਿਲਾਈ ਅਤੇ ਬਹੁਤ ਸਤਿਕਾਰ ਨਾਲ ਦੁਕਾਨ ਵਿੱਚ ਛਿੱਟਾ ਦੇਂਦਾ ਹੋਇਆ ਸ਼ਾਇਦ ‘ ਧੰਨੁ ਗੁਰੁ ਨਾਨਕ...ਧੰਨੁ ਗੁਰੁ ਨਾਨਕ...’ ਦਾ ਉਚਾਰਣ ਪਿਆ ਕਰਦਾ ਸੀ "।

ਉਸ ਨੇ ਆਪਣੀ ਅਲਪ-ਬੁੱਧੀ ਅਨੁਸਾਰ ਕਰਮ ਕੀਤਾ ਅਤੇ ਮੁੜ ਇਸ਼ਾਰੇ ਨਾਲ ਅੰਦਰ ਆਉਣ ਲਈ ਕਿਹਾ । ਬੜੇ ਅਦਬ ਨਾਲ ਬਿਠਾਇਆ ਅਤੇ ਥਰਮਸ ਵਿੱਚੋਂ ਗਰਮ-ਗਰਮ ਚਾਹ ਦਾ ਕੱਪ ਭਰ ਕੇ ਸਾਨੂੰ ਛਕਣ ਹਿਤ ਪੇਸ਼ ਕਰਦਿਆਂ ਕਹਿਣ ਲਗਾ, ‘ ਭਾਈ ਸਾਹਿਬ ਜੀਉ ! ਨਿੱਤਾ-ਪ੍ਰਤੀ ਦੁਕਾਨ ਖੋਲ੍ਹਣ ਵੇਲੇ ਸਾਧ-ਸੰਗਤ ਦੀ ਚਰਣ-ਧੂੜਿ ਦਾ ਛਿੱਟਾ ਦੇਈਦਾ ਹੈ..... ਗੱਲੇ ਵਿੱਚ ਸੰਭਾਲ ਕੇ ਰਖੀਦੀ ਐ.....ਗੁਰਦੁਆਰਾ ਦੂਖ ਨਿਵਾਰਣ ਸਾਹਿਬ ਜੋੜਾ-ਘਰ ਦਾ ਸੇਵਾਦਾਰ ਹਾਂ ਜੀ..... ਅਜ ਤੁਸਾਂ ਬੜੀ ਮਿਹਰ ਕਰ ਦਿਤੀ .....ਨਹੀਂ ਤੇ....।’ ਡਾਢਾ ਭਾਵਕ ਹੋਇਆ ਘੋਗਾ ਸਿੱਖ ਵਾਕ ਵੀ ਪੂਰਾ ਨ ਕਰ ਸਕਿਆ ।

ਖੋਜ ਬਿਰਤੀ ਨਾਲ ਸ਼ੰਕਾ ਨਿਵਿਰਤ ਕਰਨ ਦਾ ਸੁਨੈਹਰੀ ਮੌਕਾ ਜਾਣ ਕੇ ਅਸੀਂ ਪੁੱਛਿਆ,’ਕਿ ਭਾਈ ਸਾਹਿਬ ! ਦਸਿਆ ਜੇ ਕਿ ਗੁਰਦੁਆਰਾ ਸਾਹਿਬ’ਚ ਇਹ ਸੰਸਕਾਰੀ ਮਨੌਤ ਵਾਲੀ ਚਰਣ-ਧੂੜਿ ਦੇ ਪੈਕਟ ਕਿਵੇਂ ਤਿਆਰ ਕਰਦੇ ਹੋ ?

ਥਸ ਜੀ , ਤੁਰਤ-ਫੁਰਤ ਚੌਕੜੀ ਮਾਰ ਕੇ ਸਾਹਮਣੇ ਗੱਦੀ ਤੇ ਬੈਠ ਗਿਆ ਅਤੇ ਦੋਵੇਂ ਹੱਥ ਬੰਦਨਾਂ ਸਥਿਤੀ’ਚ ਮੁੰਦ ਕੇ ਵਿਸਥਾਰ ਨਾਲ ਇੰਞਞ ਦਸਣ ਲਗ ਪਿਆ ਕਿ ‘ ਜੀ ! ਕਾਫੀ ਲੰਮੇ ਸਮੇਂ ਤੋਂ ਗੁਰੂ ਜੀ ਨੇ ਜੋੜਾ-ਘਰ ਦੀ ਸੇਵਾ ਬਖ਼ਸ਼ੀ ਹੋਈ ਹੈ । ਗੁਰੂ-ਦਰਸ਼ਨਾਂ ਨੂੰ ਆਉਂਦੀ ਸਾਧ-ਸੰਗਤ ਦੇ ਜੋੜਿਆਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਸੇਵਾਦਾਰ , ਇਨ੍ਹਾਂ ਦੇ ਜੋੜਿਆਂ ਨੂੰ ਝਾੜ-ਪੂੰਝ ਕੇ ਪਾਲਿਸ਼ ਕਰਦੇ ਰਹਿੰਦੇ ਹਨ । ਅਖੀਰ ਰਾਤ ਨੂੰ ‘ਸਾਹਿਬਾਂ’ ਦੀ ਸੁਵਾਰੀ ਸੁਖ-ਆਸਣ ਦੇ ਅਸਥਾਨ ਉਤੇ ਸ਼ਸ਼ੋਬਤ ਹੋਣ ਉਪਰੰਤ ਜੋੜਾ-ਘਰ ਵਿੱਚ ਸਾਰੀ ਸਮਗਰੀ ਨੂੰ ਇੱਕਠੀ ਕਰਕੇ , ਬਰੀਕ ਛਾਨਣੀ ਨਾਲ ਬਾਰ-ਬਾਰ ਛਾਣੀਦਾ ਹੈ । ਇਸ ਵਿਚੋਂ ਘਾਸ-ਫੂਸ , ਕੰਕਰ-ਬਜਰੀ-ਰੋੜਾ ਚੁਣ ਕਰ ਕੇ ਸਾਫ ਕੀਤਾ ਜਾਂਦਾ ਹੈ ।ਐਂਨ ਸਾਫ-ਸੁਥਰੀ ਅਵਸਥਾ ਵਿੱਚ ਚਰਣ-ਧੂੜਿ ਨੂੰ ਪਲਾਸਟਿਕ ਦੀਆਂ ਛੋਟੀਆਂ-ਛੋਟੀਆਂ ਲਿਫ਼ਾਫੀਆਂ ਵਿੱਚ ਚਿੱਮਚਾ-ਚਿੱਮਚਾ ਪਾ ਕੇ ਬੰਦ ਕਰ ਦੇਂਦੇ ਹਾਂ ।

ਜੋੜਾ-ਘਰ ਵਿੱਚ ਹੀ ਲਗਾਏ ਵੱਖਰੇ ਬਕਸੇ ਵਿੱਚ ਸੰਗਤਾਂ ਲਈ , ਪ੍ਰਭਾਤ ਵੇਲੇ ਤੋਂ ‘ਚਰਣ-ਧੂੜਿ ਦੀਆਂ ਪੁੜੀਆਂ’ ਸਜਾ ਦਿਤੀਆ ਜਾਂਦੀਆਂ ਹਨ । ਅਥਾਹ ਸ਼ਰਧਾ ਨਾਲ ਸੰਗਤਾਂ ਬਿਲਕੁਲ ‘ਪ੍ਰਸ਼ਾਦ’ ਦੀ ਤਰ੍ਹਾਂ ਇਕ-ਇਕ , ਦੋ-ਦੋ ਚਰਣ-ਧੂੜਿ ਦੀਆਂ ਪੁੜੀਆਂ , ਆਪੋ-ਆਪਣੇ ਘਰਾਂ ਨੂੰ ਤੇ ਕਾਰੋਬਾਰੀ ਸਥਾਨਾਂ ਲਈ ਲੈ ਜਾਂਦੀਆਂ ਹਨ । ਇਹ ਬੜੀ ਦੁਰਲੱਭ ਵਸਤੂ ਹੈ । ਸਾਧ-ਸੰਗਤ ਦੇ ਚਰਨਾਂ ਦੀ ਪੱਵਿਤਰ ਧੂੜੀ ਕਿਧਰੇ ਐਂਵੇ ਮਿਲਦੀ ਹੈ ? ਵੇਖੋ ਜੀ ! ਅਜ ਤੁਸਾਂ ਨੇ ਬੜੀ ਕ੍ਰਿਪਾ ਕੀਤੀ ਤਾਂ ਜਾ ਕੇ ਸਾਨੂੰ ਰਤੀ ਕੁ ਧੂੜੀ ਨਸੀਬ ਹੋਈ ’। ਜ਼ਜ਼ਬਾਤੀ ਹੋਏ ਹੋਏ ਇਸ ਵਿਅਕਤੀ ਨੂੰ ਕੰਬਣੀ ਜਹੀ ਵੀ ਛਿੜੀ ਹੋਈ ਮਹਿਸੂਸ ਕੀਤੀ ਗਈ ।

‘ਅੱਛਾ.....ਅੱਛਾ.....ਇੱਕ ਗੱਲ ਹੋਰ ਦਸਿਉ ? ’ ਇਹ ਸਾਡਾ ਅਵੈੜਾ ਜਿਹਾ ਸਰਕੜੇ ਵਰਗਾ ਪ੍ਰਸ਼ਨ ਸੀ ਕਿ‘ ਗੁਰਦੁਆਰਾ ਸਾਹਿਬ ਦੀ ਪਾਵਨ ਇਮਾਰਤ ਦੇ ਉਦਾਲੇ-ਦੁਆਲੇ ਅਬਾਦੀ ਬਹੁਤ ਸੰਘਣੀ ਹੈ । ਗਰੀਬ-ਗੁਰਬਿਆਂ ਦੀ ਘਣੀ ਅਬਾਦੀ ਕਰਕੇ ਇਹ ਇਲਾਕਾ ਵੀ ਪਛੜਿਆ ਹੋਇਆ ਹੈ । ਭੀੜੀਆਂ-ਭੀੜੀਆਂ ਗਲੀਆਂ ਵਿੱਚ ਸਫ਼ਾਈ ਵੀ ਕੋਈ ਨਹੀਂ । ਗੁਰਦੁਆਰੇ ਜਾਈਏ ਤਾਂ ਆਸਿਉਂ-ਪਾਸਿਉਂ ਉਠਦੀ ਸੜਿਆਂਦ ਜਾਹਿਰ ਕਰਦੀ ਹੈ ਕਿ ਰੇਲਵੇ ਲਾਈਨ ਦੇ ਨਜ਼ਦੀਕ ਹੋਣ ਕਰਕੇ ਆਮ ਜਨਤਾ ਜੰਗਲ-ਪਾਣੀ ਤੇ ਮਲ-ਮੂਤਰ ਵੀ ਸ਼ਰੇ-ਆਮ ਕਰਦੇ ਹਨ । ਚਿੱਕੜ ਭਰੀਆਂ ਗਲੀਆਂ ਅਤੇ ਬਜ਼ਾਰਾਂ ਵਿੱਚੋਂ ਲੰਘ ਕੇ ਗੁਰੂ-ਦਰਸ਼ਨਾਂ ਨੂੰ ਹਨੇਰੇ-ਸੁਵੇਰੇ ਆਉਣ ਵਾਲੀ ਸੰਗਤ ਦੇ ਜੋੜੇ , ਇਸ ਬੇ-ਰੋਕ ਖਿੱਲਰੇ ਗੰਦ-ਮੰਦ ਨਾਲ ਭ੍ਰਿਸ਼ਟ ਹੋ ਜਾਂਦੇ ਹੋਣਗੇ । ਇਸ ਤਰ੍ਹਾਂ ਦੀ ਬਦਬੂਦਾਰ ਅਤੇ ਘਿਰਣਾਯੋਗ ਮੈਲ-ਖੈਲ ਦਾ ਜੋੜਾ-ਘਰ ਵਿਖੇ ਪਹੁੰਚ ਜਾਣਾ ਅਤੀ ਸੁਭਾਵਕ ਜਿਹੀ ਗੱਲ ਹੈ । ਕੀ ਇਸ ਦਾ ਕੋਈ ਸਮਾਧਾਨ ਹੈ ?

‘ਖਾ ਜਾਂਦੇ ਨੇ , ਖਾ............ਫੱਕੇ ਮਾਰਦੇ ਨੇ , ਫੱਕੇ ?’ ਬਾਹਰੋਂ ਬਿਜਲੀ ਵਾਂਗ ਇੱਕ ਕੱੜਕਵੀਂ ਆਵਾਜ਼ ਆਈ । ਵੇਖਿਆ ਤਾਂ ਦੁਕਾਨ ਦੇ ਬਾਹਰਵਾਰ ਬੈਂਚ ਉਤੇ ਬੈਠੀ ਇਕ ਬਿਰਧ ਮਾਤਾ ਜੀ ਨੇ ਤੀਰ ਦੀ ਨਿਆਈਂ ਆਪਣੀ ਖੰੂਡੀ ਸਾਡੇ ਵੱਲ ਸੇਧੀ ਹੋਈ ਸੀ । ਇਹ ਗੁਰੱਿਸੱਖ ਮਾਤਾ ਜੀ , ਮਾਈ ਭਾਗੋ ਵਾਂਗੂੰ ਬੜੇ ਗੱੁਸੇ ਵਿੱਚ ਪਈ ਬੋਲਦੀ ਸੀ ਕਿ ,‘ ਭਿਰਾ ਜੀ ! ਕੁਕਰਮਾਂ’ਚ ਪਏ ਇਨ੍ਹਾਂ ਪ੍ਰਪੰਚੀਆਂ ਨੂੰ ਵੀ ਕੋਈ ਮੱਤ ਤੇ ਦੇ ਛਡੋ...ਕੀ ਪਏ ਕਰਦੇ ਨੇ ? ਇਨ੍ਹਾਂ ਨੂੰ ਗੁਰਸਿੱਖਾਂ ਦੀ ਰਹਿਣੀ-ਬਹਿਣੀ ਵਿਸਰ ਗਈ । ਇਹ ਤਾਂ‘ਭਰਮ ਭੂਲੇ ਨਰ ਕਰਤ ਕਚਾਇਣ’ ॥ ਮੂਲੋਂ ਨਹੀਂ ਜਾਣਦੇ ਕਿ ਗੁਰੂ ਮੱਤ ਤੋਂ ਬਾਗੀ ਹੋ ਕੇ ਕੀਤੇ ਸਭ ਫੋਕਟ ਕਰਮ-ਕਾਂਡ ਅਤੇ ਵਿਅਰਥ ਵਿਵਹਾਰ , ਇਨ੍ਹਾਂ ਵਹਿਮੀਆਂ ਨੂੰ ਥੋਕ ਵਿੱਚ ਸੰਤੁਸ਼ਟੀ ਤਾਂ ਦੇ ਸਕਦੇ ਹਨ ਪਰ ਪ੍ਰਾਪਤੀ ਕੋਈ ਨਹੀਂ ਜੇ ਹੋਣੀ ।
ਜਿਉਂ ਹੀ ਅਸੀਂ ਗੁਣ-ਵਾਨ ਮਾਤਾ ਜੀ ਵਲ ਪਾਸਾ ਪਰਤਿਆ ਤਾਂ ਉਹ ਹੌਸਲੇ ਨਾਲ ਸਿੱਧਾ ਮੈਨੂੰ ਸੰਬੋਧਨ ਹੋ ਕੇ ਕਹਿਣ ਲਗ ਪਈ ਕਿ‘ ਵੇਖੋ ਭਾਈ ਸਾਹਿਬ ! ਇਹ ਸੱਚ ਹੈ ਸੋਲ੍ਹਾਂ-ਆਨੇ ਸੱਚ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਸਾਧ-ਸੰਗਤ ਦੀ "ਚਰਣਧੂੜਞ" ਦਾ ਕਈ ਥਾਈਂ ਜ਼ਿਕਰ ਆਇਆ ਹੈ । ਜਿਵੇਂ ਮਲਾਰ ਰਾਗ ਅੰਦਰ ਪੰਜਵੇਂ ਨਾਨਕ ਜੀ ਫੁਰਮਾਉਂਦੇ ਹਨ:

"ਸਤਿ ਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲ ਗਈ॥" ਤਥਾ
"ਜਨੁ ਨਾਨਕੁ ਧੂੜਿ ਮੰਗੇ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥" ਤਥਾ
"ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ॥"
 

ਭਾਈ ਸਾਹਿਬ ਭਾਈ ਕਾਨ੍ਹ ਸਿੰਘ ‘ਨਾਭਾ’ ਜੀ ਚਰਣ-ਧੂੜਿ ਦੀ ਵਿਆਖਿਆ ਕਰਦੇ ਲਿਖਦੇ ਹਨ ਕਿ ਚਰਣ-ਧੂੜਿ ਤੋਂ ਭਾਵ ਹੈ ਕਿ ਗੁਰੁਸਿੱਖੋ , ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਹੋ ਜਾਓ ਅਤੇ ਜਾਤਿ ਵਰਣਾਭਿਮਾਨ ਦੇ ਸਿਰ ਮਿੱਟੀ ਪਾਓ । ਸ੍ਵਾਮੀ ਕਲਿਆਨ ਦਾਸ ਜੀ ਉਦਾਸੀ ਤਾਂ ਇਥੋਂ ਤਕ ਕਹਿ ਗਏ ਹਨ ਕਿ ‘ ਜੋ ਆਦਮੀ ਆਪਣੇ ਧਰਮ ਦਾ ਇਲਮ ਨਹੀਂ ਜਾਣਦਾ , ਉਹ ਕਦੇ ਵੀ ਆਪਣੇ ਧਰਮ ਦੇ ਤਤ੍ਵ ਨੂੰ ਨਹੀਂ ਜਾਣ ਸਕਦਾ ਅਤੇ ਉਹ ਦੂਸਰੇ ਧਰਮ ਦੀ ਵਿਦਿਆ ਦੇ ਅਸਰ ਹੇਠ ਜਰੂਰ ਆਪਣੇ ਧਰਮ ਤੋਂ ਗਿਰ ਜਾਵੇਗਾ’। ਇੰਞਞ ਹੀ ਹੋ ਵੀ ਰਿਹਾ ਹੈ।

‘ਭਿਰਾ ਹੀ ! ਉਂਝ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿੱਚ ਸੇਵਾ ਕਰਦੀ ਹਾਂ । ਸਾਰੇ ਬਜ਼ਾਰ-ਮੁਹੱਲੇ ਵਾਲੇ ਅਕਸਰ ‘ਮਾਤਾ ਰਾਜੋ’( ਰਜਿੰਦਰ ਕੌਰ ) ਕਰਕੇ ਜਾਣਦੇ ਹਨ । ਹੁਣ ਨੇਮ ਨਾਲ ਗੁਰਦੁਆਰਾ ਸਾਹਿਬ ਇੱਕ ਟਾਈਮ ਹੀ ਜਾਈਦਾ ਹੈ । ਗੋਡਿਆਂ ਦੀ ਤਕਲੀਫ਼ ਕਰਕੇ ਇਸ ਬੈਂਚ ਉਤੇ ਕਏ-ਕਦਾਈਂ ਸਾਹ ਲੈਣ ਬੈਠ ਜਾਈਦਾ ਹੈ , ਮਾੜੀ ਕਿਸਮਤ ਨੂੰ ਇਸ (ਦੁਕਾਨਦਾਰ ਵਲ ਸੋਟੀ ਕਰ ਕੇ ) ਦੀਆਂ ਕਰਤੂਤਾਂ ਵੇਖਣ ਲਈ ।’

‘ ਭਾਈ ਸਾਹਿਬ !’ ਫਿਰ ਕਹਿਣ ਲਗੀ ਕਿ ‘ ਭਾਈ ਦਯਾ ਸਿੰਘ ਜੀ ਦਾ ਰਹਿਤਨਾਮਾ ਤਾਂ ਦਸਦਾ ਹੈ ਕਿ ਜਿਸ ਜਲ ਮੇਂ ਹੱਥ ਪਵੇ , ਪੀਣਾ ਨਹੀਂ ਚਾਹੀਏ । ਜਰਾ (ਦੁਕਾਨਦਾਰ ਵਲ ਉਂਗਲ ਕਰਕੇ ) ਇਸ ਖਸਮਹੁ ਘੁਥੇ ਇਨਸਾਨ ਨੂੰ ਪੁੱਛੋ ਕਿ ਸਵੇਰ ਵੇਲੇ ਦੁਕਾਨ ਤੇ ਆਉਣ-ਸਾਰ ਪਾਣੀ ਵਿੱਚ ਘੋਲ-ਘੋਲ ਕੇ ਇਹ ਕਿਹੜੀ ਸੁਗਾਤ ਪੀਂਦਾ ਹੁੰਦਾ ਹੈ ? ਕੀ ਗੁਰੂ ਸਾਹਿਬ ਨੇ ਹੈਸ ਖੇਹ-ਸੁਵਾਹ ਬਾਰੇ ਬਚਨ ਕੀਤਾ ਸੀ ਕਿ ਞ"............ਧੂੜਿ ਘੋਲ ਘੋਲ ਪੀਜੈ ॥ਞ" ...ਮੂੜਿਆ ਸੁਣ ! ਇਹ ਗੁਰੁ-ਮਰਯਾਦਾ ਨਹੀਂ ਹੈ । ਗੁਰੂ-ਘਰ ਨੂੰ ਤਮਾਸ਼ਾ-ਘਰ ਨਾ ਬਣਾਉ .....ਵੈਰੀਉੁ ’।ਸਿੱਖ ਵਿਦਵਾਨ ਪਿੰ੍ਰ:ਗੰਗਾ ਸਿੰਘ ਜੀ ਨੇ ਬਹੁਤ ਸਰਲ ਭਾਸ਼ਾ ਵਿੱਚ ਸਮਝਾਉਣੀ ਦੇਂਦਿਆ ਲਿਖਿਆ ਹੈ ਕਿ ‘ਜਿਥੇ ਭੀ ਕਰਮ ਤੋਂ ਧਰਮ ਸਮਝਿਆ ਜਾਏਗਾ-ਜੀਵਨ ਪ੍ਰਾਪਤੀ ਨਹੀਂ ਹੋਵੇਗੀ ਪਰ ਜਿਥੇ ਧਰਮ ਦੇ ਆਸਰੇ ਕਰਮ ਕੀਤਾ ਜਾਏਗਾ-ਜੀਵਨ ਬਣੇਗਾ ’।

ਇਨ੍ਹਾਂ ਗੁਰਦੁਆਰਿਆਂ ਦੇ ਕੱਚ-ਘੜੱਚ ਸੇਵਾਦਾਰਾਂ ਨੇ ਤਾਂ ਸਾਡੇ ਜ਼ਨਾਨ-ਵਾਧੇ ਨੂੰ ਪੱਠੇ ਚਾਟੇ ਲਾ ਦਿਤਾ ਹੋਇਆ ਹੈ । ਕੀ ਗਲ ਕਰਾਂ... ਬੜੀ ਸ਼ਰਮ ਆਉਂਦੀ ਹੈ । ਜਿਹੜੀ ‘ ਮਿੱਟੀ ’ ਦਾ ਤੁਸਾਂ ਕਿੱਸਾ ਛੇੜਿਆ ਹੋਇਆ ਹੈ । ਕੀ ਅੰਮ੍ਰਿਤਧਾਰੀ ਤੇ ਕੀ ਦੂਸਰੀਆਂ -ਬਹੁਤ ਸਾਰੀਆਂ ਔਰਤਾਂ ਗੁਰਦੁਆਰਿਉਂ ‘ਪ੍ਰਸਾਦ’ ਲੈਣ ਤੇ ਭਾਵੇਂ ਨਾ ਲੈਣ ,ਪਰ ਖੇਹ ਦੀਆਂ ਪੁੜੀਆਂ ਜ਼ਰੂਰ ਚੁਕ ਕੇ ਲੈ ਜਾਂਦੀਆਂ ਹਨ । ਪਤੀ ਵੱਸ ਕਰਨਾ ਤਾਂ ਘੋਲ ਕੇ ਪਿਆਉ ਪੁੜੀ , ਸੰਧੂਰ ਵਾਂਗੂੰ ਸਿਰ ਦੇ ਚੀਰ ਵਿੱਚ ਪਾਉ ਪੁੜੀ , ਬੱਚਾ ਨਹੀਂ ਠਹਿਰਦਾ ਤਾਂ ਘੋਲ ਕੇ ਪੀਉ ਪੁੜੀ , ਆਸਾਵੰਤੀ ਜਨਾਨੀਆਂ ਤਾਂ ਢਿੱਡ ਤੇ ਪੁੜੀ ਦਾ ਲੇਪ ਵੀ ਕਰਦੀਆਂ ਹਨ ਕਿ ਲੜਕਾ ਹੋਵੇ.......ਹਤ ਤੁਹਾਡਾ ਬੇੜਾ ਗਰਕ ਹੋਵੇ.....।’

ਜੋਸ਼ ਅਤੇ ਹੋਸ਼ ਨਾਲ ਵਿਦਵਤਾ-ਭਰਪੂਰ ਸੰਜੀਦਗਾ ਬੋਲਦੀ ਹੋਈ ਹੱਫ਼ ਚੁੱਕੀ ਮਾਤਾ ਜੀ , ਜਰਾ ਕੁ ਸਾਹ ਲੈ ਕੇ ਫਿਰ ਕਹਿਣ ਲਗੀ ਕਿ ‘ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਕੀ ? ਜੋ ਮਰਜ਼ੀ ਪਿਆ ਹੋਵੇ । ਉਹਨਾਂ ਨੂੰ ਤਾਂ ਗੋਲਕਾਂ ਭਰਨ ਤਕ ਹੀ ਗਰਜ ਹੈ । ਵੱਡੇ ਵੱਡੇ ਗੁਰਦੁਆਰੇ ਕੀ ਕਰਨੇ ਹਨ ਜੇ ਮਨਮਤੀਆਂ ਅਤੇ ਹੁਰਮਤੀਆਂ ਹੀ ਕਰਨੀਆਂ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਗੁਰਦੁਆਰਿਆਂ’ ਨੂੰ ਸੋਝੀ ਦੇ ਘਰ ਦਸਿਆ ਹੈ । ਸਾਹਿਬਾਂ ਦਾ ਸੂਹੀ ਰਾਗ ਅੰਦਰ ਪਾਵਨ ਫੁਰਮਾਨ ਹੈ:-

"ਗੁਰੂ ਦੁਆਰੇ ਹੋਇ ਸੋਝੀ ਪਾਇਸੀ ॥ ਏਤ ਦੁਆਰੈ ਧੋਇ ਹਛਾ ਹੋਇਸੀ ॥"

ਗੁਰਦੁਆਰੀਏ , ਸਿੱਖ ਰਹਿਤ ਮਰਯਾਦਾ ਨੂੰ ਤਿਲਾਂਜਲੀ ਦੇ ਕੇ ਐਸੇ-ਐਸੇ ਵੰਨ-ਸੁਵੰਨੇ ਭਰਮ-ਜਾਲ ਬੁਣਦੇ-ਤਣਦੇ ਰਹਿੰਦੇ ਹਨ ਕਿ ਸਧਾਰਨ ਸਿੱਖ ਦੀ ਸੋਚਣ ਸ਼ਕਤੀ ਨੂੰ ਨਿਪੁੰਨਸਿਕ ਕਰ ਦੇਂਦੇ ਹਨ ਅਤੇ ਪਤਾ ਵੀ ਨਹੀਂ ਚਲਣ ਦੇਂਦੇ।ਭਾਈ ਗੁਰਦਾਸ ਜੀ ਨੇ ਇਕ ਕਬਿੱਤ ਸਵੱਯੇ ਵਿੱਚ ਅਜੇਹੇ ਗੁਰਦੁਆਰਿਆਂ ਬਾਬਤ ਇੰਝ ਲਿਖਿਆ ਹੈ:-

ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ, ਨਾਉ ਮੈਂ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ।
ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਕਹੋ ਕਤਿ ਜਾਈਐ।
ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ।
ਪਾਇਆ ਡਰ ਡਰਪਤ ਹਾਰਿ ਗੁਰ-ਦੁਅਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ।੫੪੪।

ਇਹ ਕਬਿੱਤ ਅਜੇ ‘ਮਾਤਾ ਜੀ’ਦੀ ਜੁਬਾਨ ਤੇ ਹੀ ਸੀ ਕਿ ਇੱਕ ਸਕੂਟਰ ਰੁਕਿਆ । ਵੇਖਦਿਆਂ-ਹੀ-ਵੇਖਦਿਆਂ ਗੁਰਸਿੱਖ ਨੌ-ਜੁਵਾਨ ਬੀਬੀ ਬੜੇ ਠਰੰਮੇ ਅਤੇ ਧੀਰਜ ਨਾਲ ‘ਮਾਤਾ ਜੀ’ ਨੂੰ ਪਿਛਲੀ ਸੀਟ ਉਤੇ ਬਿਠਾਕੇ ਲੈ ਗਈ। ਅਸਾਂ , ਜਿਹੜੇ ਨਾ-ਵਾਕਿਫ ‘ਮਾਤਾ ਜੀ’ ਦੇ ਗੁਰਸਿੱਖੀ ਜਲਾਉ ਦੀ ਝਲਕ ਪਏ ਮਾਣਦੇ ਸਾਂ - ਦੁਕਾਨ ਵੱਲ ਭਉਂ ਕੇ ਤੱਕਿਆ ਤਾਂ ਦੁਕਾਨਦਾਰ ਵੀਰ ਭਿੱਜੀ ਬਿੱਲੀ ਦੀ ਤਰ੍ਹਾਂ ਸੁਕੜਿਆ ਹੋਇਆ ਨੀਵੀ ਪਾਈ ਬੈਠਾ ਸੀ।

ਹੁਣ ਅਸੀਂ ‘ਗੁਰ-ਫ਼ਤਿਹ ਪ੍ਰਵਾਨ ਕਰਨੀ ਜੀ ’ ਉਚਾਰਨ ਉਪਰੰਤ ਆਪਣੀ ਮੰਜਲ ਵਲ ਚਲਣਾ ਹੀ ਬਿਹਤਰ ਸਮਝਿਆ । ਚੱਲੇ ਤਾਂ ਕੁਝ ਕੁ ਕਦਮਾਂ ਉਤੇ ਅੱਗੇ ਇੱਕ ਚੌਕ ਸੀ । ਸ਼ਹਿਰੀ ਆਵਾਜਾਈ ਨੂੰ ਨਿਯਮਬੱਧ ਤਰੀਕੇ ਨਾਲ ਚਲਦਾ ਰੱਖਣ ਲਈ ‘ਪਹਿਰੇਦਾਰ’ ਬਣਿਆ ਸਿਪਾਹੀ , ਹਰ ਇਕ ਰਾਹਗੀਰ ਪਾਸੋਂ , ਸਰਕਾਰੀ ਹਦਾਇਤਾਂ ਦੀ ਪਾਲਣਾ ਹੀ ਨਹੀਂ ਕਰਵਾ ਰਿਹਾ ਸੀ ਸਗੋਂ ਤਹਿਸ਼ੁਦਾ ਅਸੂਲਾਂ ਦੀ ਉਲੰਘਣਾ ਕਰਨ ਵਾਲੇ ਨੂੰ ਸੈਨਤ ਨਾਲ ਸਮਝਾ ਕੇ ਸਿੱਧੇ ਰਸਤੇ ਵੀ ਪਾ ਰਿਹਾ ਸੀ । ਆਮ ਜਨਤਾ ਦੇ ਸੁਖੈਣ ਅਤੇ ਨਿਰ-ਵਿਗਨ ਆਮਦੋ-ਰਫਤ ਵੇਖ ਕੇ ਸਾਡੇ ਮੰਹੋਂ ਸਹਿ-ਸੁਭਾ ਹੀ ਨਿਕਲ ਗਿਆ:-

"ਓ ਬਾਬਾ ਨਾਨਕ ! ਤੇਰੀ ਨਿਰੰਕਾਰੀ ਸਿੱਖੀ ਦੇ ਸੱਚੇ-ਸੱਚੇ ਅਤੇ ਸੁਹਿਰਦ ਪਹਿਰੇਦਾਰ ਕਿਥੇ ਚਲੇ ਗਏ ?"
*******
ਤਰਲੋਕ ਸਿੰਘ 'ਹੁੰਦਲ'
ਟੋਰਾਂਟੋ-ਕਨੇਡਾ
ਫੋਨ: (੯੦੫)੭੯੪ ੨੮੮੭