Share on Facebook

Main News Page

ਗੁਰੂ ਦੀ ਬੇਅਦਬੀ ਦੀ ਕੋਈ ਗੱਲ ਨਹੀਂ, ਭਿੰਡਰਾਂਵਾਲੇ ਦੀ ਨਹੀਂ ਹੋਣੀ ਚਾਹੀਦੀ
-: ਸੰਪਾਦਕ ਖ਼ਾਲਸਾ ਨਿਊਜ਼
03 May 2018

ਮੌਜੂਦਾ ਦੌਰ ਵਿੱਚ ਹਾਲਾਤ ਐਸੇ ਬਣ ਚੁਕੇ ਹਨ ਕਿ ਸਿੱਖ ਅਖਵਾਉਣ ਵਾਲਿਆਂ ਨੂੰ ਗੁਰੂ ਦੀ ਬੇਅਦਬੀ ਦਾ ਕੋਈ ਫਿਕਰ ਨਹੀਂ, ਪਰ ਕੋਈ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਬੋਲ ਜਾਵੇ, ਤਾਂ ਸੱਤੀਂ ਕਪੜੀਂ ਅੱਗ ਲੱਗ ਜਾਂਦੀ ਹੈ.... ਕਿਉਂ? ਭਿੰਡਰਾਂਵਾਲਾ ਕੋਈ ਗੁਰੂ ਹੈ?

ਪਿਛਲੇ ਛੇ-ਸੱਤ ਮਹੀਨਿਆਂ ਤੋਂ ਅਖੌਤੀ ਅਪਗ੍ਰੇਡ ਸਾਧ ਢੱਡਰੀਆਂਵਾਲੇ ਤੇ ਉਸਦੇ ਕਰਿੰਦੇ ਹਰਨੇਕ ਵੱਲੋਂ ਜੋ ਗੁਰਬਾਣੀ, ਗੁਰੂ ਜਾਮਿਆਂ, ਇਤਿਹਾਸਿਕ ਵੇਰਵਿਆਂ ਦਾ ਆਪਣੀ ਕੁਬੁੱਧੀ ਅਨੁਸਾਰ ਵਿਗਾੜ ਕਰਨਾ, ਤੇ ਹੋਰ ਬਕਵਾਸ ਸ਼ੁਰੂ ਕੀਤੀ ਗਈ ਸੀ, ਜੇ ਹਾਲੇ ਤੱਕ ਚਾਲੂ ਹੈ, ਬਾਰੇ ਕੁੱਝ ਕੁ ਸਿੱਖੀ ਦਾ, ਕੌਮ ਦਾ ਦਰਦ ਰੱਖਣ ਵਾਲਿਆਂ ਵੱਲੋਂ ਡੱਟ ਕੇ ਜਵਾਬ ਦਿੱਤਾ ਗਿਆ, ਪਰ ਬਹੁਤਾਤ ਪ੍ਰਚਾਰਕ ਤੇ ਜਾਗਰੂਕਾਂ ਨੇ ਚੁੱਪ ਹੀ ਵੱਟੀ ਰੱਖੀ। ਬਾਰ ਬਾਰ ਝਿੰਜੋੜਨ ਦੇ ਬਾਵਜੂਦ ਵੀ ਜਾਗਰੂਕ ਤਬਕਾ ਵੀ ਚੁੱਪ ਹੀ ਰਿਹਾ। ਇੱਥੋਂ ਤੱਕ ਕੇ ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਅਖਵਾਉਣ ਵਾਲੇ ਧੂਤੇ, ਹੋਰ ਬੇਅੰਤ ਪਖੰਡੀ ਬਾਬਿਆਂ ਦੇ ਸਿਰ 'ਤੇ ਜੂੰ ਤੱਕ ਨਾ ਸਰਕੀ, ਤੇ ਨਾ ਹੀ ਅਖੌਤੀ ਜਥੇਦਾਰ ਕੁੱਝ ਬੋਲੇ। ਇਨ੍ਹਾਂ ਤੋਂ ਆਸ ਤਾਂ ਹੈ ਨਹੀਂ ਸੀ, ਪਰ ਜਿਸ ਗੁਰੂ ਦਾ ਖਾਂਦੇ ਹਨ, ਉਸ ਪ੍ਰਤੀ ਐਨਾ ਅਵੇਸਲਾਪਨ, ਸ਼ਰਮਨਾਕ ਹੈ।

ਸਰੋਵਰਾਂ, ਭੋਰਿਆਂ ਆਦਿ ਬਾਰੇ ਤਾਂ ਬੜਾ ਟੱਪ ਟੱਪ ਕੇ ਬੋਲਣ ਵਾਲੇ ਧੂਤੇ, ਗੁਰੂ ਦੀ ਹੋ ਰਹੀ ਬੇਅਦਬੀ ਵੇਲੇ ਮੂੰਹ 'ਤੇ ਛਿੱਕੂ ਲਾਕੇ ਬੈਠੇ ਰਹੇ। ਜਦਕਿ ਇਨ੍ਹਾਂ ਦੋਹਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ। ਸਰੋਵਰ ਜਿਹੜੇ ਕਿ ਸਿਰਫ ਪਾਣੀ ਦਾ ਸਰੋਤ ਹਨ, ਤੇ ਬਣਾਏ ਵੀ ਪਾਣੀ ਦੀ ਪੂਰਤੀ ਲਈ ਹੀ ਸੀ, ਉਨ੍ਹਾਂ ਦਾ ਧਰਮ ਨਾਲ ਸੰਬੰਧ ਜੋੜਨਾ, ਬੇਵਕੂਫੀ ਤੋਂ ਵੱਧ ਕੁੱਝ ਨਹੀਂ। ਇਸੇ ਤਰ੍ਹਾਂ ਭੋਰਿਆਂ ਦਾ ਧਰਮੀਕਰਣ ਕਰਨਾ ਵੀ ਬੇਹੂਦਗੀ ਹੀ ਹੈ। ਖੈਰ... ਇਹ ਵਿਸ਼ਾ ਨਹੀਂ ਹੈ ਅੱਜ ਦਾ...

ਹੁਣ ਜਦੋਂ ਅਖੌਤੀ ਅਪਗ੍ਰੇਡ ਜੁੰਡਲੀ ਆਪਣੇ ਗਾਲ਼ੀ ਗਲ਼ੌਚ ਵਾਲੇ ਵਰਤਾਰੇ (ਜਿਸ ਵਿੱਚ ਇਨ੍ਹਾਂ ਦਾ ਸਰਗਨਾ ਸਾਧ ਢੱਡਰੀਆਂਵਾਲਾ ਵੀ ਭਾਈਵਾਲ ਹੈ) ਨੂੰ ਹੋਰ ਨੀਚਤਾ ਵੱਲ ਲੈ ਗਏ, ਤੇ ਭਿੰਡਰਾਂਵਾਲੇ ਬਾਰੇ, ਉਨ੍ਹਾਂ ਦੀ ਘਰਵਾਲੀ ਬਾਰੇ ਬਕਵਾਸ ਕੀਤੀ, ਤਾਂ ਜਿਸ ਤਰ੍ਹਾਂ ਮੀਂਹ ਵਿੱਚ ਗੰਡੋਏ ਬਾਹਰ ਨਕਲਦੇ ਹਨ, ਉਸੇ ਤਰ੍ਹਾਂ ਕਈ ਪ੍ਰਚਾਰਕ ਤੇ ਧੂਤੇ ਬਾਹਰ ਨਿਕਲੇ। ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕੀ ਕੀਤਾ, ਤੇ ਕੀ ਨਹੀਂ ਕੀਤਾ, ਇਹ ਇਸ ਪੋਸਟ ਦਾ ਵਿਸ਼ਾ ਨਹੀਂ, ਪਰ ਕਿਸੇ ਵੀ ਬਾਰੇ ਇਸ ਤਰ੍ਹਾਂ ਦੇ ਕੁਬੋਲ ਬੋਲਣੇ, ਗ਼ਲਤ ਹਨ, ਨਿਹਾਇਤ ਹੀ ਗਿਰੀ ਹੋਈ ਹਰਕਤ ਹੈ।

ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਸਾਡੀ ਸੋਚ ਵੱਖਰੀ ਹੋ ਸਕਦੀ ਹੈ, "ਤੇ ਹੈ ਵੀ", ਅਖੌਤੀ ਦਸਮ ਗ੍ਰੰਥ ਤੇ ਹੋਰ ਕਈ ਅਨਮਤੀ ਗ੍ਰੰਥਾਂ ਦੇ ਉਹ ਸਮਰਥਕ ਰਹੇ, ਤੇ ਕਈ ਗ਼ਲਤੀਆਂ ਵੀ ਉਨ੍ਹਾਂ ਨੇ ਕੀਤੀਆਂ, ਪਰ ਇਸ ਨਾਲ ਕਿਸੇ ਬਾਰੇ ਐਸੇ ਬੋਲ ਬੋਲਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਮਿਲ ਜਾਂਦੀ। ਜੇ ਟਕਸਾਲੀਆਂ ਨੇ ਕਿਸੇ ਨੂੰ ਗਾਹਲ਼ਾਂ ਕੱਢੀਆਂ ਹਨ, ਪਰ ਇਸ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਘੜੀਸਣਾ ਜਾਇਜ਼ ਹੈ? ਉਸਦਾ ਜਵਾਬ ਸਲੀਕੇ ਨਾਲ ਤੇ ਸਖਤ ਤਰੀਕੇ ਨਾਲ ਬਿਨਾਂ ਗਾਲੀ ਗਲ਼ੌਚ ਤੋਂ ਵੀ ਦਿੱਤਾ ਜਾ ਸਕਦਾ ਹੈ, ਪਰ ਟਕਸਾਲੀਆਂ ਦੇ ਪੱਧਰ 'ਤੇ ਆਪ ਵੀ ਗਿਰ ਜਾਣਾ, ਕਿਥੋਂ ਦੀ ਸਿਆਣਪ ਹੈ? ਵੀਚਾਰ ਦੀ ਆਜ਼ਾਦੀ ਸਭ ਦੀ ਹੈ, ਪਰ ਬਕਵਾਸ ਦੀ ਆਜ਼ਾਦੀ ਨਹੀਂ !

ਹੁਣ ਤਾਂ ਅਖੌਤੀ ਜਥੇਦਾਰਾਂ ਦਾ ਵੀ ਬਿਆਨ ਆ ਗਿਆ, ਜਿਸਦਾ ਕੋਈ ਮਾਇਨਾ ਨਹੀਂ, ਕਿਉਂਕਿ ਇਨ੍ਹਾਂ ਪੱਪੂਆਂ ਦੀ ਕੋਈ ਔਕਾਤ ਨਹੀਂ ਕਿ ਇਹ ਕਿਸੇ ਬਾਰੇ ਕੁੱਝ ਵੀ ਕਰ ਸਕਣ। ਨਾ ਹੀ ਇਨ੍ਹਾਂ ਦੀ ਕੋਈ ਬੁੱਕਤ ਹੈ, ਤੇ ਨਾ ਹੀ ਕਾਨੂਨੀ ਤੌਰ 'ਤੇ ਪੰਜਾਬ ਤੋਂ ਬਾਹਰ ਕਿਸੇ 'ਤੇ ਵੀ ਇਨ੍ਹਾਂ ਦਾ ਕੋਈ ਜ਼ੋਰ ਚਲ ਸਕਦਾ ਹੈ। ਇਨ੍ਹਾਂ ਪੱਪੂਆਂ ਨੂੰ ਅਖੌਤੀ ਟਕਸਾਲ ਤੇ ਬਾਦਲ ਦੇ ਤਲਵੇ ਚੱਟਣ ਤੋਂ ਵਿਹਲ ਮਿਲੇ ਤਾਂ ਇਹ ਕੋਈ ਕੌਮ ਦਾ ਸੋਚਣ। ਇਨ੍ਹਾਂ ਨੇ ਜਿਹੜੀ ਕਾਰਵਾਈ ਕਰਨੀ ਹੈ, ਉਸ ਬਾਰੇ ਕਿਸੇ ਨੂੰ ਕੋਈ ਦਿਲਚਸਪੀ ਨਹੀਂ, ਨਾ ਹੀ ਉਸ ਕਾਰਵਾਈ ਦੇ ਕੋਈ ਮਾਇਨੇ ਹੋਣੇ ਹਨ।

ਹਾਂ ਜਿਹੜੇ ਹੁਣ ਕਹਿ ਰਹੇ ਨੇ ਕਿ "ਇਸ ਗੁਲਾਮ ਜਥੇਦਾਰ ਨੂੰ ਦੱਸੋ, ਓਤੇ ਖੋਤਿਆ! ਤੁਹਾਡੀ ਹਾਅ ਤੜ ਭੰਨਣ ਵਾਸਤੇ ਹੀ ਤਾਂ ਅਸੀਂ ਬੈਠੇ ਹਾਂ।" ਇਹੀ ਕੁੱਝ ਕੁ ਸਾਲ ਪਿੱਛੇ ਪ੍ਰੋ. ਦਰਸ਼ਨ ਸਿੰਘ ਨੇ ਇਨ੍ਹਾਂ ਦੀ ਤੱੜ ਭੰਨ ਦਿੱਤੀ ਸੀ, ਤੇ ਹੋਰ ਵੀ ਭੰਨੀ ਜਾ ਸਕਦੀ ਸੀ, ਜੇ ਇਹੀ ਤੜ ਭੰਨਣ ਦੀ ਗੱਲ ਕਹਿਣ ਵਾਲਾ, ਅਕਾਲ ਤਖ਼ਤ ਦੀ ਪੌੜੀਆਂ ਤੋਂ ਵਾਪਿਸ ਬੁਲਾ ਲੈਣ ਦੀ ਫੜ ਮਾਰਣ ਵਾਲਾ, ਉਸ ਵੇਲੇ ਗੰਦ ਨਾ ਪਾਉਂਦਾ, ਤਾਂ ਹਾਲਾਤ ਕੁੱਝ ਹੋਰ ਹੋਣੇ ਸੀ।

ਜਾਗਦੇ ਰਹਿਣ ਵਾਲੇ ਸਿੱਖ... ਸਾਧ ਢੱਡਰੀਆਂਵਾਲੇ ਤੇ ਹਰਨੇਕ ਵਰਗੇ ਲੋਕਾਂ ਲਈ ਕਾਫੀ ਹਨ, ਤੇ ਇਨ੍ਹਾਂ ਦਾ ਜਵਾਬ ਦੇਣ ਵਿੱਚ ਤੇ ਇਨ੍ਹਾਂ ਦੀ ਕਾਰਗੁਜ਼ਾਰੀ ਨੰਗਿਆਂ ਕਰਣ ਵਿੱਚ ਸਮਰੱਥ ਹਨ। ਪਰ ਰੋਸ ਉਨ੍ਹਾਂ 'ਤੇ ਹੈ ਜਿਹੜੇ ਗੁਰੂ ਬੇਅਦਬੀ 'ਤੇ ਇੱਕ ਅੱਖਰ ਨਹੀਂ ਬੋਲੇ, ਪਰ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ 'ਤੇ ਹੋਈ ਘਟੀਆ ਟਿੱਪਣੀ 'ਤੇ ਝੱਟ ਬੋਲ ਪਏ...

- ਕੀ ਐਸੇ ਪ੍ਰਚਾਰਕ ਜਾਂ ਲਾਈ ਲੱਗ ਲੋਕ ਜਿਨ੍ਹਾਂ ਦੀਆਂ ਭਾਵਨਾਵਾਂ ਹੁਣ ਭੜਕੀਆਂ ਨੇ, ਉਨ੍ਹਾਂ ਦਾ ਗੁਰੂ ਕੁੱਝ ਨਹੀਂ ਲੱਗਦਾ?
- ਕੀ ਅਖੌਤੀ ਟਕਸਾਲ ਦੀ ਗੁੰਡਾ ਗਰਦੀ ਤੋਂ ਡਰਦਿਆਂ ਇਹ ਬਿਆਨਬਾਜ਼ੀ ਹੋ ਰਹੀ ਹੈ?
- ਕੀ ਅਖੌਤੀ ਟਕਸਾਲ ਤੇ ਉਸਦੇ ਮੁੱਖੀ, ਗੁਰੂ ਨਾਲੋਂ ਵੱਧ ਮਾਇਨਾ ਰੱਖਦੇ ਹਨ?

ਕੀ ਇਸ ਤੋਂ ਸਾਬਿਤ ਨਹੀਂ ਹੁੰਦਾ ਕਿ ਗੁਰੂ ਦੀ ਬੇਅਦਬੀ ਦੀ ਕੋਈ ਗੱਲ ਨਹੀਂ, ਭਿੰਡਰਾਂਵਾਲੇ ਦੀ ਨਹੀਂ ਹੋਣੀ ਚਾਹੀਦੀ।  ਕਿਉਂ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top