Share on Facebook

Main News Page

ਸੰਤਾਲ਼ੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? (ਕਿਸ਼ਤ ਨੌਂਵੀਂ)
-: ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ : 088726-64000
ਈ-ਮੇਲ : gurpreetmandiani@gmail.com 

👉 ਲੜੀ ਜੋੜਨ ਲਈ ਪੜ੍ਹੋ ਕਿਸ਼ਤ : ਪਹਿਲੀ ; ਦੂਜੀ ; ਤਿਜੀ ; ਚੌਥੀ ; ਪੰਜਵੀਂ ; ਛੇਵੀਂ ; ਸੱਤਵੀਂ ; ਅੱਠਵੀਂ

35. ਵੱਖਰੇ ਸਿੱਖ ਮੁਲਕ ਦਾ ਮੁੱਦਾ ਕਦੇ ਗੰਭੀਰਤਾ ਨਾਲ ਉਭਰਿਆ ਹੀ ਨਹੀਂ: ਅੰਗਰੇਜਾਂ ਦੇ ਭਾਰਤ ਵਿੱਚੋਂ ਚਲੇ ਜਾਣ ਤੋਂ ਬਾਅਦ ਮੁਲਕ ਦੀ ਸਿਆਸੀ ਸ਼ਕਲ ਵੱਖਰੀ ਹੋਣੀ ਸੀ। ਮੁਸਲਮਾਨ ਅਵਾਮ ਆਪਣੀ ਸਿਆਸੀ ਪਾਰਟੀ ਮੁਸਲਿਮ ਲੀਗ ਰਾਹੀਂ ਆਪਣੀ ਖਾਤਰ ਵੱਖਰਾ ਮੁਲਕ ਲੈਣ ਲਈ ਕਲੀਅਰ ਕੱਟ ਸਟੈਂਡ ਲਈ ਬੈਠਾ ਸੀ। ਦੂਜੇ ਪਾਸੇ ਸਿੱਖ ਆਗੂਆਂ ਨੇ ਅੰਮ੍ਰਿਤਸਰ ਵਿੱਚ ਅਗਸਤ 1944 ਅਤੇ ਲਾਹੌਰ ਵਿੱਚ ਅਕਤੂਬਰ 1944 ਨੂੰ ਸਿਰਫ ਰਸਮੀ ਤੌਰ ‘ਤੇ ਵੱਖਰੇ ਸਿੱਖ ਮੁਲਕ ਦੀ ਗੱਲ ਤੋਰੀ। ਇਹ ਗੱਲ ਵੀ ਆਪਣੇ ਖਾਤਰ ਨਾ ਹੋ ਕੇ ਸਿੱਖਾਂ ਨੇ ਪਾਕਿਸਤਾਨ ਦੀ ਮੰਗ ਦੇ ਖਿਲਾਫ ਕੀਤੀ ਸੀ। ਜਿਸਦਾ ਸਿੱਧਾ ਮਤਲਬ ਸੀ ਕਿ ਜੇ ਪਾਕਿਸਤਾਨ ਬਣਨਾ ਹੈ ਤਾਂ ਸਿੱਖ ਮੁਲਕ ਵੀ ਬਣਨਾ ਚਾਹੀਦਾ ਹੈ। ਰਸਮੀ ਮੰਗ ਕਰਨ ਤੋਂ ਇਲਾਵਾ ਸਿੱਖਾਂ ਨੇ ਇਹਦੇ ਬਾਬਤ ਕੋਈ ਗੰਭੀਰ ਵਿਉਂਤਬੰਦੀ ਨਹੀਂ ਕੀਤੀ। ਬਲਕਿ ਪਾਕਿਸਤਾਨ ਦੀ ਕਾਇਮੀ ਨੂੰ ਰੋਕਣ ਖਾਤਰ ਸਾਰਾ ਟਿੱਲ ਲਾ ਦਿੱਤਾ। ਮਾਰਚ 1947 ਵਿੱਚ ਪੋਠੋਹਾਰ (ਜਿਲ੍ਹਾ ਰਾਵਲਪਿੰਡੀ ਵਗੈਰਾ) ਅਤੇ ਵੰਡ ਤੋਂ ਬਾਅਦ ਹੋਇਆ ਸਿੱਖਾਂ ਦਾ ਕਤਲੇਆਮ ਸਿੱਖਾਂ ਵੱਲੋਂ ਪਾਕਿਸਤਾਨ ਦੇ ਖਿਲਾਫ ਸਟੈਂਡ ਲੈਣ ਦੇ ਸਿੱਟੇ ਵਜੋਂ ਸੀ।

ਸਿੱਖਾਂ ਨੇ ਕਦੇ ਵੀ ਆਪਣੀ ਖਾਤਰ ਕੋਈ ਸਟੈਡ ਨਹੀਂ ਲਿਆ ਬਲਕਿ ਉਨ੍ਹਾਂ ਦਾ ਸਟੈਂਡ ਹਮੇਸਾਂ ਅੰਗਰੇਜਾਂ ਅਤੇ ਮੁਸਲਮਾਨਾਂ ਦੇ ਖਿਲਾਫ ਹੁੰਦਾ ਸੀ। ਦੂਜੇ ਲਫ਼ਜਾਂ ਵਿੱਚ ਗੱਲ ਕਰੀਏ ਤਾਂ ਉਨ੍ਹਾਂ ਦੇ ਇਹ ਸਟੈਂਡ ਉਹੀ ਹੁੰਦਾ ਸੀ ਜੋ ਕਿ ਹਿੰਦੂਆਂ ਦਾ ਆਪਣੀ ਸਿਆਸੀ ਪਾਰਟੀ ਕਾਂਗਰਸ ਰਾਹੀਂ ਹੁੰਦਾ ਸੀ। ਹਿੰਦੂਆਂ ਦਾ ਸਟੈਂਡ ਇਹ ਹੁੰਦਾ ਸੀ ਕਿ ਅੰਗਰੇਜ ਚੁੱਪਚਾਪ ਇੱਥੋਂ ਚਲੇ ਜਾਣ ਬਾਕੀ ਦੀ ਗੱਲ ਅਸੀਂ ਆਪੇ ਹੱਲ ਕਰਾਂਗੇ। ਮੁਸਲਮਾਨਾਂ ਦੀ ਦਿਲਚਸਪੀ ਅੰਗਰੇਜਾਂ ਨੂੰ ਇੱਥੋਂ ਛੇਤੀ ਕੱਢਣ ਵਿੱਚ ਨਹੀ ਸੀ ਬਲਕਿ ਉਹ ਚਾਹੁੰਦੇ ਸਨ ਕਿ ਅੰਗਰੇਜ ਆਪਣੇ ਹੁੰਦੇ-ਹੁੰਦੇ ਅਜਿਹਾ ਸਿਆਸੀ ਢਾਂਚਾ ਬਣਾ ਕੇ ਜਾਣ ਜੀਹਦੇ ਵਿੱਚ ਮੁਸਲਮਾਨਾਂ ਦੇ ਹਿੱਤ ਮਹਿਫੂਜ ਹੋਣ। ਜਦੋਂ ਅਜਿਹਾ ਨਾ ਹੁੰਦਾ ਦਿਿਸਆ ਤਾਂ ਉਨ੍ਹਾਂ ਨੇ ਸਾਰਾ ਜੋਰ ਵੱਖਰਾ ਮੁਲਕ ਲੈਣ ਤੇ ਲਾ ਦਿੱਤਾ। ਸਿੱਖਾਂ ਦਾ ਸਟੈਂਡ ਵੀ ਇਹੀ ਸੀ ਕਿ ਅੰਗਰੇਜ ਛੇਤੀ ਤੋਂ ਛੇਤੀ ਮੁਲਕ ਛੱਡ ਜਾਣ। ਮੁਸਲਮਾਨਾਂ ਵਾਂਗ ਉਨ੍ਹਾਂ ਨੇ ਅਜਿਹੀ ਕੋਈ ਮੰਗ ਨਹੀ ਰੱਖੀ ਕਿ ਅੰਗਰੇਜ ਜਾਣ ਤੋਂ ਪਹਿਲਾ ਸਿੱਖ ਹਿੱਤ ਸੁਰੱਖਿਅਤ ਕਰਕੇ ਜਾਣ। ਸਿੱਖਾਂ ਨੇ ਹਮੇਸ਼ਾਂ ਮੁਸਲਮਾਨ ਦੀ ਹਰੇਕ ਮੰਗ ਦਾ ਵਿਰੋਧ ਕੀਤਾ। ਉਨ੍ਹਾਂ ਦਾ ਹਰੇਕ ਸਿਆਸੀ ਪੈਂਤੜਾਂ ਉਹੀ ਹੁੰਦਾ ਸੀ ਜੋ ਕਿ ਕਾਂਗਰਸ ਚਾਹੁੰਦੀ ਸੀ। ਇਹਦੀਆ ਕੁੱਝ ਕੁ ਵੰਨਗੀਆ ਹੇਠ ਲਿਖੀਆਂ ਹਨ।

1928 ਵਿੱਚ ਇੱਕ ਬਰਤਾਵਨੀ ਕਮਿਸ਼ਨ ਭਾਰਤ ਆਇਆ ਜਿਸਨੂੰ ਸਾਈਮਨ ਕਮਿਸ਼ਨ ਆਖਿਆ ਜਾਂਦਾ ਹੈ। ਇਹ ਕਮਿਸ਼ਨ ਇਹ ਪਤਾ ਲਾਉਣ ਭਾਰਤ ਆਇਆ ਸੀ ਕਿ ਅੰਗਰੇਜਾਂ ਦੇ ਭਾਰਤ ਛੱਡ ਜਾਣ ਤੋਂ ਬਾਅਦ ਅਜ਼ਾਦ ਭਾਰਤ ਦੀ ਕੀ ਸ਼ਕਲੋ ਸੂਰਤ ਬਣੇਗੀ। ਕਾਂਗਰਸ ਨੇ ਇਹਦਾ ਬਾਈਕਾਟ ਇਹ ਕਹਿ ਕੇ ਕੀਤਾ ਕਿ ਅੰਗਰੇਜਾਂ ਨੂੰ ਅਜਿਹਾ ਕਰਨ ਦਾ ਕੋਈ ਹੱਕ ਨਹੀਂ ਉਹ ਚੁੱਪਚਾਪ ਇੱਥੋਂ ਚਲੇ ਜਾਣ ਬਾਕੀ ਅਸੀਂ ਆਪਦਾ ਆਪੇ ਦੇਖ ਲਵਾਂਗੇ। ਇੱਥੋਂ ਮੁਸਲਮਾਨਾਂ ਦਾ ਖਦਸ਼ਾ ਹੋਰ ਵਧਿਆ ਕਿ ਅਜ਼ਾਦ ਮੁਲਕ ਦੀ ਸਿਆਸੀ ਸ਼ਕਲੋਂ ਸੂਰਤ ਉਹੀ ਹੋਵੇਗੀ ਜੋ ਹਿੰਦੂ ਬਹੁ ਗਿਣਤੀ ਚਾਹੇਗੀ। ਜੀਹਦਾ ਸਿੱਧਮ ਸਿੱਧਾ ਮਤਲਬ ਇਹ ਸੀ ਕਿ ਮੁਸਲਮਾਨ ਦੇ ਮੁਫਾਦ ਹਿੰਦੂ ਬਹੁ ਗਿਣਤੀ ਦੀ ਮਰਜੀ 'ਤੇ ਨਿਰਭਰ ਹੋਣਗੇ। ਇਹ ਦੇਖ ਕੇ ਉਹ ਪਾਕਿਸਤਾਨ ਦੀ ਮੰਗ ਵੱਲ ਹੋਰ ਗੰਭੀਰ ਹੋ ਗਏ। ਵਕਤ ਦਾ ਤਕਾਜ਼ਾ ਮੰਗ ਕਰਦਾ ਸੀ ਕਿ ਸਿੱਖ ਆਗੂ ਵੀ ਕਮਿਸ਼ਨ ਕੋਲ ਆਪਣੀ ਇਹ ਮੰਗ ਰੱਖਦੇ ਕਿ ਅਜ਼ਾਦ ਭਾਰਤ ਵਿੱਚ ਸਿੱਖ ਹਿੱਤਾਂ ਦੀ ਰੱਖਿਆ ਦਾ ਕੋਈ ਬਾਨਣੂ ਬੰਨ੍ਹਿਆ ਜਾਵੇ। ਪਰ ਉਨ੍ਹਾਂ ਨੇ ਨਾ ਆ ਦੇਖਿਆ ਨਾ ਤਾਅ ਦੇਖਿਆ ਕਾਂਗਰਸ ਦੀ ਬੋਲੀ ਬੋਲਦਿਆ ਸਾਈਮਨ ਕਮਿਸ਼ਨ ਦਾ ਬਾਈਕਾਟ ਕਰ ਦਿੱਤਾ। ਇੱਥੇ ਇਹ ਗੱਲ ਦੱਸਣੀ ਜਰੂਰੀ ਹੈ ਕਿ ਸਿਰਫ ਅਗਸਤ 1947 ਦਾ ਹੀ ਸਮਾਂ ਨਹੀਂ ਸੀ ਜਦੋਂ ਅੰਗਰੇਜਾਂ ਨੇ ਸਭ ਤੋਂ ਪੁੱਛਿਆ ਕਿ ਤੁਸੀ ਕੀ ਚਾਹੁੰਨੇ ਓ ਤਾਂ ਸਿੱਖਾਂ ਨੇ ਜਵਾਬ ਦੇ ਦਿੱਤਾ । ਮੁਸਲਮਾਨਾਂ ਨੇ ਪਾਕਿਸਤਾਨ ਮੰਗ ਲਿਆ ਜੋ ਕਿ ਉਨ੍ਹਾਂ ਨੂੰ ਮਿਲ ਗਿਆ। ਮੁਸਲਮਾਨਾਂ ਨੇ ਪਾਕਿਸਤਾਨ ਦੀ ਮੰਗ ਨੂੰ ਸਾਕਾਰ ਕਰਨ ਲਈ ਦਹਾਕਿਆ ਤੋਂ ਇਹਦੀ ਖਾਤਰ ਹਾਲਾਤ ਤਿਆਰ ਕੀਤੇ। ਜਦਕਿ ਸਿੱਖਾਂ ਦਾ ਕੋਈ ਪੈਂਤੜਾ ਆਪਣੀ ਖਾਤਰ ਨਹੀਂ ਸੀ। ਇਹਦੇ ਮੱਦੇਨਜ਼ਰ ਇਹ ਸੰਭਵ ਵੀ ਨਹੀਂ ਸੀ ਕਿ ਵੱਖਰੇ ਸਿੱਖ ਰਾਜ ਦੀ ਮੰਗ 1947 ਵਿੱਚ ਜਾ ਕੇ ਕੀਤੀ ਜਾਂਦੀ ਤਾਂ ਉਹ ਪੂਰੀ ਹੋ ਜਾਂਦੀ।

36. ਆਪਦਾ ਮੁਫਾਦ ਸੋਚੇ ਬਿਨ੍ਹਾ ਸਿੱਖ ਕਾਂਗਰਸ ਦੀ ਪੈੜ੍ਹ ਵਿੱਚ ਪੈਰ ਧਰਦੇ ਰਹੇ: 1930 ਵਿੱਚ ਹੋਈਆਂ ਚੋਣਾਂ ਦਾ ਕਾਂਗਰਸ ਨੇ ਬਾਈਕਾਟ ਕੀਤਾ ਤੇ ਸਿੱਖ ਲੀਗ ਨੇ ਵੀ ਕਾਂਗਰਸ ਮਗਰ ਲੱਗ ਕੇ ਬਾਈਕਾਟ ਕਰ ਦਿੱਤਾ। ਉਨ੍ਹੀਂ ਦਿਨੀਂ ਅਕਾਲੀ ਦਲ ਪੂਰੀ ਤਰ੍ਹਾਂ ਇੱਕ ਸਿਆਸੀ ਪਾਰਟੀ ਵਜੋਂ ਨਹੀ ਸੀ ਉਭਰਿਆ ਅਤੇ ਸਿੱਖ ਲੀਗ ਹੀ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ। ਸਿੱਖ ਲੀਗ ਸਿੱਖਾਂ ਦੀ ਪਾਰਟੀ ਹੋਣ ਦੇ ਬਾਵਜੂਦ ਇਹਦਾ ਸਿਆਸੀ ਪ੍ਰੋਗਰਾਮ ਕਾਂਗਰਸ ਤੋਂ ਇੱਕ ਇੰਚ ਵੀ ਵੱਖਰਾਂ ਨਹੀ ਸੀ। ਇੱਥੋਂ ਤੱਕ ਕਿ ਸਿੱਖ ਲੀਗ ਦੇ ਅਹੁਦੇਦਾਰ ਨਾਲੋਂ-ਨਾਲ ਕਾਂਗਰਸ ਦੇ ਵੀ ਅਹੁਦੇਦਾਰ ਸੀਗੇ। ਸਿੱਖ ਲੀਗ ਦਾ ਸਕੱਤਰ ਸਰਦੂਲ ਸਿੰਘ ਕਵੀਸ਼ਰ ਪੰਜਾਬ ਕਾਂਗਰਸ ਕਮੇਟੀ ਦਾ ਵੀ ਸਕੱਤਰ ਸੀ। ਬਾਬਾ ਖੜਕ ਸਿੰਘ ਸਿੱਖ ਲੀਗ ਦਾ ਵੀ ਸੈਕਟਰੀ ਸੀ ਤੇ ਨਾਲੋਂ ਨਾਲ ਪੰਜਾਬ ਕਾਂਗਰਸ ਦਾ ਵੀ ਪ੍ਰਧਾਨ ਸੀ। ਜਦੋਂ 1930 ‘ਚ ਕਾਂਗਰਸ ਨੇ ਵਿਦੇਸ਼ੀ ਚੀਜਾਂ ਦੇ ਬਾਈਕਾਟ ਦਾ ਪ੍ਰੋਗਰਾਮ ਦਿੱਤਾ ਤਾਂ ਇਸ ਨਿਰੇ ਪੁਰੇ ਸਿਆਸੀ ਪ੍ਰੋਗਰਾਮ ਨੂੰ ਸਿੱਖ ਆਗੂਆਂ ਨੇ ਸਿੱਖਾਂ ਦੇ ਧਾਰਮਿਕ ਪ੍ਰੋਗਰਾਮ ਵਜੋਂ ਮਾਨਤਾ ਦਿੱਤੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਗਰੰਥ ਸਾਹਿਬ ਜੀ ਦੇ ਰੁਮਾਲੇ ਵੀ ਵਿਦੇਸ਼ੀ ਕੱਪੜੇ ਦੇ ਨਾ ਬਣਾਉਣ। ਦੇਗ ਵੀ ਦੇਸੀ ਖੰਡ ਦੀ ਬਣੀ ਹੋਈ ਪ੍ਰਵਾਨ ਕੀਤੀ ਜਾਵੇ।

ਇੱਕ ਵਾਰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਅੰਗਰੇਜਾਂ ਨੂੰ ਇਸ ਗੱਲ ਲਈ ਮਨਾ ਲਿਆ ਸੀ ਕਿ ਉਹ ਗੁਰਦੁਆਰਾ ਸੀਸ ਗੰਜ ਦਿੱਲੀ ਦੇ ਨਾਲ ਲੱਗਦੀ ਕੋਤਵਾਲੀ ਗੁਰਦੁਆਰੇ ਨੂੰ ਦੇ ਦੇਣ । ਮਾਸਟਰ ਤਾਰਾ ਸਿੰਘ ਨੇ ਇਹ ਕਹਿੰਦਿਆ ਸਖਤ ਸਟੈਂਡ ਲਿਆ ਕਿ ਅਸੀਂ ਗੁਰਦੁਆਰੇ ਖਾਤਰ ਅੰਗਰੇਜਾਂ ਹੱਥੋਂ ਕੱਖ ਨਹੀਂ ਲੈਣਾਂ। ਸਿੱਖ ਨਿੱਕੀ ਤੋਂ ਲੈ ਕੇ ਵੱਡੀ ਗੱਲ ਤੱਕ ਸਿੱਖ ਇਸ ਸਟੈਂਡ ਤੇ ਗੱਡਮੇਂ ਪੈਂਰੀ ਖੜ੍ਹੇ ਰਹੇ ਕਿ ਅਸੀ ਜੋ ਲੈਣਾਂ ਹੈ ਕਾਂਗਰਸ ਤੋਂ ਹੀ ਲਵਾਂਗੇ। ਸਿੱਖਾਂ ਦਾ ਇਹ ਸਟੈਂਡ ਐਨ ਅਖੀਰ ਤੱਕ ਕਾਇਮ ਰਿਹਾ। ਦਸਬੰਰ 1946 ਨੂੰ ਜਦੋਂ ਬਰਤਾਨਵੀ ਸਰਕਾਰ ਨੇ ਮੁਸਲਿਮ ਲੀਗ ਕਾਂਗਰਸ ਅਤੇ ਸਿੱਖਾਂ ਦਾ ਇੱਕ ਇੱਕ ਨੁਮਾਇੰਦਾ ਲੰਡਨ ਸੱਦਿਆ ਤਾਂ ਕਿ ਹਿੰਦੁਸਤਾਨ ਨੂੰ ਇੱਕਠਾ ਰੱਖਣ ਦੀ ਆਖਰੀ ਕੋਸ਼ਿਸ਼ ਕੀਤੀ ਜਾਵੇ। ਪਰ ਇਹ ਕੋਸ਼ਿਸ਼ ਵੀ ਫੇਲ ਹੋ ਗਈ। ਸਿੱਖ ਲੀਡਰਾਂ ਨੂੰ ਤਾਂ ਭਾਵੇਂ ਸਿੱਖਾਂ ਦੀ ਹੋਣੀ ਦੀ ਕੋਈ ਪ੍ਰਵਾਹ ਨਹੀ ਸੀ ਪਰ ਅੰਗਰੇਜ ਜਰੂਰ ਸਿੱਖਾਂ ਬਾਬਤ ਫਿਕਰਮੰਦ ਸਨ। ਉਨ੍ਹਾਂ ਦਾ ਫਿਕਰ ਇਹ ਸੀ ਕਿ ਪੰਜਾਬ ਦੀ ਵੰਡ ਨਾਲ ਸਿੱਖ ਕੌਮ ਦੋ ਹਿੱਸਿਆ ਵਿੱਚ ਵੰਡੀ ਜਾਵੇਗੀ ਜੀਹਦੇ ਨਾਲ ਇਹਦਾ ਭਾਰੀ ਨੁਕਸਾਨ ਹੋਵੇਗਾ। ਲੰਡਨ ਗਏ ਸਿੱਖਾਂ ਦੇ ਨੁਮਾਇੰਦੇ ਸ੍ਰ ਬਲਦੇਵ ਸਿੰਘ ਨੂੰ ਬਰਤਾਨਵੀ ਪਾਰਲੀਮੈਂਟ ਮੈਂਬਰਾਂ ਨੇ ਕੁੱਝ ਦਿਨ ਰੁਕਣ ਦੀ ਸਲਾਹ ਦਿੱਤੀ ਤਾਂ ਕਿ ਸਿੱਖ ਕੌਮ ਬਾਬਤ ਕੁਛ ਸੋਚਿਆ ਜਾ ਸਕੇ। ਬਲਦੇਵ ਸਿੰਘ ਨੇ ਇਹ ਗੱਲ ਉੱਥ ਹੀ ਨਹਿਰੂ ਨੂੰ ਦੱਸ ਦਿੱਤੀ। ਨਹਿਰੂ ਕਦ ਇਹ ਗੱਲ ਚਾਹੁੰਦਾ ਸੀ।

7 ਦਸੰਬਰ 1946 ਵਾਲੇ ਦਿਨ ਲੰਡਨ ਤੋਂ ਦਿੱਲੀ ਜਾਣ ਵਾਲੀ ਫਲਾਇਟ ਵਿੱਚ ਉਹਨੇ ਪਹਿਲਾ ਬਲਦੇਵ ਸਿੰਘ ਨੂੰ ਜਹਾਜ ਦੀਆਂ ਪੌੜੀਆਂ ਚੜਾਇਆ ਤੇ ਮਗਰੋਂ ਆਪ ਚੜ੍ਹਿਆ । ਜਹਾਜ਼ ਦੀਆਂ ਪੌੜੀਆਂ ਵਿਚੋਂ ਹੀ ਬਲਦੇਵ ਸਿੰਘ ਨੇ ਕੁੱਝ ਦਿਨ ਠਹਿਰਨ ਦੀ ਗੁਜ਼ਾਰਿਸ਼ ਕਰਨ ਵਾਲੇ ਬਰਤਾਨਵੀ ਐਮ ਪੀਜ਼ ਨੂੰ ਜਵਾਬ ਦਿੰਦਿਆਂ ਆਖਿਆ ਕਿ ਸਿੱਖਾਂ ਦੀ ਕੋਈ ਮੰਗ ਨਹੀਂ ਹੈ, ਅਸੀਂ ਅੰਗਰੇਜਾਂ ਤੋਂ ਕੱਖ ਹੀ ਲੈਣਾ ਜੋ ਲੈਣਾ ਅਸੀਂ ਆਪੇ ਨਹਿਰੂ ਹੁਣਾ ਤੋਂ ਲੈ ਲਾਵਾਂਗੇ ਸਿੱਖਾਂ ਦੀ ਇੱਕੋਂ ਇੱਕ ਮੰਗ ਹੈ ਕਿ ਅੰਗਰੇਜ ਹਿੰਦੁਸਤਾਨ ਨੂੰ ਫੌਰੀ ਖਾਲੀ ਕਰ ਜਾਣ। ਬੱਸ ਇਹੀ ਆਖਰੀ ਮੌਕਾ ਸੀ ਜੀਹਨੂੰ ਠੁੱਡ ਮਾਰਕੇ ਸਿੱਖ ਆਗੂ ਨੇ ਜਿੱਥੇ ਸਿੱਖ ਕੌਮ ਨਾਲ ਗੱਦਾਰੀ ਤਾਂ ਕੀਤੀ ਹੀ ਉੱਥੇ ਇਹ ਸਪੱਸ਼ਟ ਇਸ਼ਾਰਾ ਵੀ ਕਰ ਦਿੱਤਾ ਕਿ ਅਗਾਂਹ ਤੋਂ ਕੋਈ ਬੰਦਾ ਸਿੱਖ ਆਗੂਆ ਨੂੰ ਅਜਿਹੀ ਸਲਾਹ ਦੇ ਕੇ ਆਪਦੀ ਬੇਇਜੱਤੀ ਨਾ ਕਰਵਾਏ । ਹਾਂ ਸ੍ਰ ਬਲਦੇਵ ਸਿੰਘ ਨੇ ਜੋ ਸਿੱਖਾਂ ਖਾਤਰ ਲੈਣਾਂ ਸੀ ਉਹ ਇਹ ਸੀ ਜੀਹਦਾ ਬਿਆਨ ਸਿਰਦਾਰ ਕਪੂਰ ਸਿੰਘ ਆਪ ਦੀ ਕਿਤਾਬ ਸਾਚੀ ਸਾਖੀ ਸਫਾ ਨੰਬਰ 161 ਦੇ ਫੁੱਟ ਨੋਟ 'ਤੇ ਇਉਂ ਕਰਦੇ ਹਨ “1949 ਵਿੱਚ ਸੰਵਿਧਾਨ ਬਣ ਰਿਹਾ ਸੀ ਜਿਸ ਵਿੱਚ ਸਿੱਖ ਹਿੱਤ ਦੀ ਕੋਈ ਮੱਦ ਸ਼ਾਮਿਲ ਨਾ ਕੀਤੀ ਤਾਂ ਮਾਸਟਰ ਤਾਰਾ ਸਿੰਘ ਇਸ ਬਾਬਤ ਰੋਸ ਜਾਹਿਰ ਕਰਨ ਖਾਤਰ ਜਦੋਂ ਰੇਲ ਗੱਡੀ ਰਾਹੀਂ ਦਿੱਲੀ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਾਹ ਵਿੱਚ ਹੀ ਗਿਰਫਤਾਰ ਕਰ ਲਿਆ। ਉਦੋਂ ਰੱਖਿਆ ਮੰਤਰੀ ਬਣ ਚੁੱਕੇ ਸ੍ਰ ਬਲਦੇਵ ਸਿੰਘ ਨੇ ਰੇਡੀਓ ਤੇ ਆਪਣਾ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਮਾਸਟਰ ਤਾਰਾ ਸਿੰਘ ਮੂਰਖਤਾ ਕਰ ਰਹੇ ਹਨ। 1949 ਦਸੰਬਰ ਵਿੱਚ ਚਮਕੌਰ ਸਾਹਿਬ ਹੋਈ ਸਾਹਿਬਜ਼ਾਦਿਆਂ ਦੀ ਸਲਾਨਾ ਸ਼ਹੀਦੀ ਸਭਾ ਵਿੱਚ ਸ੍ਰ ਬਲਦੇਵ ਸਿੰਘ ਤਕਰੀਰ ਕਰਦਿਆ ਮਾਸਟਰ ਤਾਰਾ ਸਿੰਘ ਦੇ ਰੋਸ ਦਾ ਇਓ ਜਵਾਬ ਦਿੱਤਾ ”ਹਿੰਦੂਆਂ ਨੇ ਇੱਕ ਸਿੱਖ ਨੂੰ ਰੱਖਿਆ ਮੰਤਰੀ ਬਣਾਇਆ ਹੋਇਆ ਹੈ ਇਹਤੋਂ ਵੱਧ ਸਿੱਖ ਉਨ੍ਹਾਂ ਤੋਂ ਹੋਰ ਕੋਈ ਭਾਲਦੇ ਨੇ” ਇਹ ਲਫਜ਼ ਉਨ੍ਹਾਂ ਨੇ ਸਿਰਦਾਰ ਕਪੂਰ ਸਿੰਘ ਦੀ ਹਾਜ਼ਰੀ ਵਿੱਚ ਕਹੇ ।

37. ਕਾਂਗਰਸ ਵੱਲੋਂ ਅੰਗਰੇਜਾਂ ਖਿਲਾਫ ਨਾ ਮਿਲਵਰਤਣ ਅੰਦੋਲਨ ਦੀ ਸਿੱਖਾਂ ਦੀ ਬਿਨਾਂ ਸ਼ਰਤ ਹਮਾਇਤ: ਕਾਂਗਰਸ ਵੱਲੋਂ ਜਦੋਂ ਕੋਈ ਅੰਗਰੇਜਾਂ ਦੇ ਖਿਲਾਫ ਰੌਲਾ-ਗੌਲਾ ਕੀਤਾ ਜਾਂਦਾ ਸੀ ਤਾਂ ਸਿੱਖ ਅੱਡੀਆ ਚੁੱਕ ਕੇ ਮੂਹਰੇ ਹੁੰਦੇ ਸੀ ਕਦੇ ਇਹ ਗੱਲ ਨਹੀ ਸੀ ਪੁੱਛੀ ਜਾਂਦੀ ਕਿ ਇਹਦੇ ਵਿੱਚ ਸਿੱਖਾਂ ਦਾ ਕੀ ਫਾਇਦਾ ਹੋਵੇਗਾ। ਇਹ ਗੱਲ ਤਾਂ ਨਹੀਂ ਸੀ ਕੀਤੀ ਜਾਂਦੀ ਕਿ ਉਨ੍ਹਾਂ ਨੂੰ ਹਿੰਦੂਆਂ ਦਾ ਹਿੱਤ ਤੇ ਸਿੱਖਾਂ ਦਾ ਹਿੱਤ ਇਕੋ ਜਿਹਾ ਲੱਗਦਾ ਸੀ। ਉਹ ਤਾਂ ਲੱਗਦਾ ਸੀ ਸਿੱਖਾਂ ਦੇ ਮਨ ਵਿੱਚ ਕਦੇ ਵੀ ਹਿੰਦੂਆਂ ਤੋਂ ਅਹਿਸਾਸ-ਏ-ਅਲੈਹਦਗੀ ਨਹੀਂ ਪੈਦਾ ਹੋਈ। ਜੇ ਕਿਸੇ ਨੂੰ ਦੂਜੇ ਤੋਂ ਅਲੈਹਦਗੀ ਦਾ ਅਹਿਸਾਸ ਨਹੀਂ ਤਾਂ ਉਹ ਕਦੇ ਵੀ ਦੂਜੇ ਨੂੰ ਦੂਜਾ ਨਹੀਂ ਸਮਝੂਗਾ ਜਿਸ ਕਰਕੇ ਸਾਡੇ ਤੇ ਥੋਡੇ ਦਾ ਵਿਚਾਰ ਮਨ ਵਿੱਚ ਨਹੀਂ ਆ ਸਕਦਾ। ਇਹੀ ਕਾਰਨ ਹੈ ਕਿ ਸਿੱਖਾਂ ਨੇ ਕਦੇ ਕਾਂਗਰਸ ਭਾਵ ਹਿੰਦੂਆਂ ਤੋਂ ਇਹ ਨਹੀਂ ਪੁੱਛਿਆ ਥੋਡੇ ਨਾਲ ਤੁਰਨ ਦਾ ਸਾਨੂੰ ਕੀ ਫਾਇਦਾ ਹੋਵੇਗਾ। ਇਹੀ ਸਾਰੀ ਗੱਲ ਦਾ ਨਿਚੋੜ ਹੈ। ਇਸੇ ਕਰਕੇ ਕਾਂਗਰਸ ਵੱਲੋਂ ਅੰਗਰੇਜਾਂ ਦੇ ਖਿਲਾਫ ਕੀਤੇ ਗਏ ਨਾ ਮਿਲਵਰਤਣ ਅੰਦੋਲਨ ਦੀ ਵੀ ਸਿੱਖਾਂ ਨੇ ਬਿਨ੍ਹਾਂ ਸ਼ਰਤ ਹਮਾਇਤ ਕੀਤੀ । ਇਹੀ ਬਿਨਾਂ ਸ਼ਰਤ ਹਮਾਇਤ ਵਾਲੀ ਨੀਤੀ ਅੱਜ ਵੀ ਬਾਦਸਤੂਰ ਜਾਰੀ ਹੈ। ਬਿਨਾਂ ਸ਼ਰਤ ਦੇ ਨਾਲ ਨਾਲ ਬਿਨ ਮੰਗਵੀ ਵੀ ਹਮਾਇਤ ਕੀਤੀ ਜਾਂਦੀ ਹੈ। 1942 ਵਿੱਚ ਜਦੋਂ ਕਾਂਗਰਸ ਨੇ ਅੰਗਰੇਜਾਂ ਦੇ ਖਿਲਾਫ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਤਾਂ ਉਦੋਂ ਕਾਂਗਰਸ ਦੇ ਝੰਡੇ ਦੀ ਬਣਤਰ ਬਾਰੇ ਕਾਂਗਰਸ ਵਿੱਚ ਵਿਚਾਰ ਚੱਲ ਰਿਹਾ ਸੀ।

ਅਕਾਲੀ ਦਲ ਨੇ ਮੰਗ ਕੀਤੀ ਕਿ ਕਾਂਗਰਸ ਦੇ ਝੰਡੇ ਵਿੱਚ ਸਿੱਖਾਂ ਦਾ ਕੇਸਰੀ ਰੰਗ ਪਾਇਆ ਜਾਵੇ ਪਰ ਕਾਂਗਰਸ ਨੇ ਇਹਨੂੰ ਠੁਕਰਾ ਦਿੱਤਾ। ਇੱਥੇ ਵੀ ਆਹਿਸਾਸੇ ਅਲੈਹਦਗੀ ਗੈਰਹਾਜਰ ਜਾਪਦੀ ਹੈ। ਜੇ ਸਿੱਖਾਂ ਆਹਿਸਾਸੇ ਅਲੈਹਦਗੀ ਹੁੰਦਾਂ ਤਾਂ ਉਨ੍ਹਾਂ ਨੂੰ ਕਾਂਗਰਸ ਤੋਂ ਅਜਿਹੀ ਮੰਗ ਕਰਨ ਦੀ ਲੋੜ ਨਹੀ ਸੀ। ਸਿਆਸੀ ਤਕਾਜਾ ਇਹ ਮੰਗ ਕਰਦਾ ਸੀ ਕਿ ਕਾਂਗਰਸ ਤੋਂ ਕੁੱਝ ਮੰਗਣ ਦੀ ਬਜਾਏ ਚੁੱਪ ਰਿਹਾ ਜਾਂਦਾ ਜਦੋਂ ਕਾਂਗਰਸ ਸਿੱਖਾਂ ਤੋਂ ਹਮਾਇਤ ਮੰਗਦੀ ਤਾਂ ਉਹਦੇ ਮੂਹਰੇ ਆਪਦੀਆ ਸ਼ਰਤਾਂ ਰੱਖੀਆ ਜਾਂਦੀਆ ਤੇ ਕਿਹਾ ਜਾਂਦਾ ਕਿ ਕਾਂਗਰਸ ਦੱਸੇ ਕਿ ਉਹਨੂੰ ਸਿੱਖਾਂ ਦੀ ਲੋੜ ਹੈ ਕਿ ਨਹੀ ਜੇ ਸਿੱਖਾਂ ਦੀ ਲੋੜ ਸਮਝਦੇ ਪਹਿਲਾ ਝੰਡੇ ਵਿੱਚ ਸਾਡਾ ਰੰਗ ਪਾਓ ਪਰ ਇਹ ਗੱਲ ਤਾਂ ਹੁੰਦੀ ਜੇ ਅਸੀ ਤੁਸੀਂ ਦਾ ਫਰਕ ਹੁੰਦਾ ਨਾਲੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਜਮਾਤ ਅਕਾਲੀ ਦਲ ਦਾ ਵੱਖਰਾ ਝੰਡਾ ਸੀਗਾ ਤਾਂ ਫਿਰ ਕਾਂਗਰਸ ਦੇ ਝੰਡੇ ਵਿਚ ਸਿੱਖਾਂ ਦਾ ਰੰਗ ਪਵਾਉਣ ਦੀ ਲੋੜ ਹੀ ਨਹੀਂ ਸੀ। ਇਹ ਕਿਹਾ ਜਾਣਾ ਚਾਹੀਦਾ ਸੀ ਕਿ ਕਾਂਗਰਸ ਨੇ ਜੇ ਅੰਗਰੇਜ਼ਾਂ ਦੇ ਖਿਲਾਫ ਸਿੱਖਾਂ ਦੀ ਹਮਾਇਤ ਲੈਣੀ ਹੈ ਤਾਂ ਅਕਾਲੀ ਦਲ ਦੇ ਝੰਡੇ ਨੂੰ ਕਾਂਗਰਸ ਦੇ ਝੰਡੇ ਦੇ ਬਰਾਬਰ ਗੱਡਿਆ ਜਾਵੇ। ਪਰ ਸਿੱਖ ਤਾਂ ਅਸੀਂ ਤੁਸੀਂ ਦਾ ਫਰਕ ਪਹਿਲਾਂ ਹੀ ਮੁਕਾਈ ਬੈਠੇ ਸੀ। ਝੰਡੇ ਵਿੱਚ ਸਿੱਖਾਂ ਦਾ ਰੰਗ ਨਾ ਪਾਉਣ ਤੋਂ ਸਿੱਖ ਆਗੂ ਅਜੇ ਨਰਾਜ ਹੀ ਬੈਠੇ ਸਨ ਉਧਰੋਂ ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਦਾ ਐਲਾਨ ਕਰ ਦਿੱਤਾ। ਕਾਂਗਰਸ ਨੂੰ ਸਿੱਖਾਂ ਦੀ ਤਸੀਰ ਦਾ ਪਤਾ ਸੀ ਉਨ੍ਹਾਂ ਨੇ ਇਸ ਅੰਦੋਲਨ ਖਾਤਰ ਅਕਾਲੀ ਦਲ ਭਾਵ ਸਿੱਖਾਂ ਤੋਂ ਕੋਈ ਹਮਾਇਤ ਨਾ ਮੰਗੀ ਪਰ ਫਿਰ ਵੀ ਸਿੱਖ ਚੁੱਪ ਕਰਕੇ ਬਿਨ੍ਹਾਂ ਕਿਸੇ ਦੇ ਸੱਦਿਓ ਇਸ ਅੰਦੋਲਨ ਵਿੱਚ ਕੁੱਦ ਪਏ ਬਹਾਨਾ ਇਹ ਲਾਇਆ ਗਿਆ ਕਿ ਓਹ ਯਾਰ ! ਆਪਾਂ ਤੋਂ ਬਿਨ੍ਹਾਂ ਜੇ ਕਾਂਗਰਸ ਦੀ ਹਾਰ ਹੋ ਗਈ ਤਾਂ ਇਹਦਾ ਮੇਹਣਾ ਆਪਾਂ ਨੂੰ ਮਿਲੇਗਾ। ਜਦੋਂ ਕਿਸੇ ‘ਚ ਅਸੀ ਤੁਸੀ ਦਾ ਅਹਿਸਾਸ ਮੁੱਕ ਜਾਵੇ ਤਾਂ ਅਜਿਹੀ ਸੂਰਤੇਹਾਲ ਵਿੱਚ ਹੀ ਬੰਦਾ ਕਿਸੇ ਦੀ ਹਾਰ ਨੂੰ ਆਪ ਦੀ ਹਾਰ ਸਮਝਦਾ ਹੈ । ਅਕਾਲੀਆਂ ਭਾਵ ਸਿੱਖਾਂ ਵੱਲੋਂ ਆਪਣੇ ਆਪ ਨੂੰ ਕਾਂਗਰਸ ਭਾਵ ਹਿੰਦੂਆਂ ਦਾ ਹੀ ਅੰਗ ਸਮਝ ਲਿਆ ਗਿਆ ਤਾਂ ਇਸ ਵਿੱਚੋਂ ਆਪਣੀ ਖਾਤਰ ਵੱਖਰੇ ਮੁਲਕ ਦਾ ਅਹਿਸਾਸ ਕਿਥੋਂ ਪੈਦਾ ਹੋਣਾ ਸੀ।

38. ਬਰਤਾਨਵੀ ਸ਼ਹਿਜਾਦੇ ਦੀ ਖਾਲਸਾ ਕਾਲਜ ਫੇਰੀ ਦੀ ਸਿੱਖਾਂ ਵੱਲੋਂ ਮੁਖਾਲਫਿਤ: ਬਰਤਾਨਵੀ ਸਰਕਾਰ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਨਤਾ ਦਿੰਦਿਆਂ ਇਹਨੂੰ ਹਿੰਦੂ ਮੁਸਲਮਾਨਾਂ ਤੋਂ ਬਾਅਦ ਇੱਕ ਤੀਜੀ ਸਿਆਸੀ ਧਿਰ ਮੰਨਦੀ ਸੀ। ਵੱਖਰੀਆਂ ਕੌਮੀ ਨਿਸ਼ਾਨੀਆਂ ਵਜੋਂ ਮੁਸਲਮਾਨਾਂ ਅਤੇ ਹਿੰਦੂਆਂ ਦੀਆਂ ਯੂਨੀਵਰਸਿਟੀਆਂ ਸੀਗੀਆ । 1921 ਵਿੱਚ ਬਰਤਾਵਨੀ ਸਰਕਾਰ ਨੇ ਹਿੰਦੂ ਯੂਨੀਵਰਸਿਟੀ ਬਨਾਰਸ ਅਤੇ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੀ ਤਰਜ਼ ਤੇ ਸਿੱਖਾਂ ਦਾ ਰੁਤਬਾ ਇਨ੍ਹਾਂ ਦੇ ਬਰਾਬਰ ਕਰਨ ਖਾਤਰ ਅੰਮ੍ਰਿਤਸਰ ਵਿਚ ਇਕ ਸਿੱਖ ਯੂਨੀਵਰਸਿਟੀ ਕਾਇਮ ਕਰਨ ਦਾ ਫੈਸਲਾ ਕੀਤਾ। ਇਸਦਾ ਐਲਾਨ ਬਰਤਾਵਨੀ ਸਹਿਜਾਦੇ ਪ੍ਰਿੰਸ ਆਫ ਵੇਲਜ਼ ਨੇ ਖਾਲਸਾ ਕਾਲਜ ਅੰਮ੍ਰਿਤਸਰ ਆ ਕੇ ਕਰਨਾ ਸੀ। ਪਰ ਸਿੱਖ ਤਾਂ ਅੰਗਰੇਜ਼ ਸਰਕਾਰ ਨੂੰ ਹਰ ਮੌਕੇ ਬੱਦੂ ਕਰਨ ਦੀ ਤਾਕ ਵਿਚ ਰਹਿੰਦੇ ਸਨ। ਜਿਵੇਂ ਕਿ ਗੁਰਦੁਆਰਾ ਸੀਸ ਗੰਜ ਨਾਲ ਲੱਗਦੀ ਕੋਤਵਾਲੀ ਲੈਣ ਤੋਂ ਸਿੱਖਾਂ ਨੇ ਇਨਕਾਰ ਕੀਤਾ ਉਸੇ ਦਸਤੂਰ ਮੁਤਾਬਕ ਸਿੱਖਾਂ ਨੇ ਸਿੱਖ ਯੂਨੀਵਰਸਿਟੀ ਦੇ ਖਿਲਾਫ ਅੱਡੀਆਂ ਚੱਕ ਲਈਆਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਕਾਇਦਾ ਮਤਾ ਪਾਸ ਕਰਕੇ ਸਿੱਖਾਂ ਨੂੰ ਇਸ ਪ੍ਰੋਗਰਾਮ ਦੇ ਬਾਈਕਾਟ ਦਾ ਸੱਦਾ ਦਿੱਤਾ।

ਖਾਲਸਾ ਕਾਲਜ ਦੇ ਪ੍ਰੋਫੈਸਰਾਂ ਤੋਂ ਹੜਤਾਲ ਕਰਵਾ ਦਿੱਤੀ। ਖਾਲਸਾ ਕਾਲਜ ਦੇ ਪ੍ਰੋਫੈਸਰ ਅਤੇ ਮਾਸਟਰ ਤਾਰਾ ਸਿੰਘ ਦੇ ਭਰਾ ਪ੍ਰੋਫੈਸਰ ਨਿਰੰਜਣ ਸਿੰਘ ਨੇ ਐਲਾਨ ਕੀਤਾ ਕਿ ਮੈਂ ਸਹਿਜਾਦੇ ਦੀ ਗੱਡੀ ਮੂਹਰੇ ਲੰਮਾਂ ਪੈ ਕੇ ਜਾਨ ਤਾਂ ਦੇ ਸਕਦਾ ਪਰ ਉਹਦੀ ਗੱਡੀ ਆਪਦੇ ਜਿਉਦੇ ਜੀਅ ਖਾਲਸਾ ਕਾਲਜ ਵਿੱਚ ਵੜ੍ਹਨ ਨਹੀ ਦੇਣੀ। ਉਧਰ ਸਰਕਾਰ ਨੇ ਕਿਹੜਾ ਸਿੱਖਾਂ ਨੂੰ ਧੱਕੇ ਨਾਲ ਚੂਰੀ ਖਵਾਉਣੀ ਸੀ ਉਹਨੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਸਿੱਖਾਂ ਨੂੰ ਮੁਲਕ ਵਿੱਚ ਤੀਜੀ ਧਿਰ ਵਜੋਂ ਮਾਨਤਾ ਦੇਣ ਵਾਲੀ ਇੱਕ ਹੋਰ ਕਾਰਵਾਈ ਧਰੀ ਧਰਾਈ ਰਹਿ ਗਈ। ਜਿਹੜੀ ਚੀਜ ਸਿੱਖਾਂ ਨੂੰ ਬਿਨ ਮੰਗਿਆ ਮਿਲ ਰਹੀ ਸੀ ਉਹ ਵੀ ਲੈ ਨਾ ਹੋਈ। ਇਹਦਾ ਕਾਰਨ ਇਹ ਸੀ ਕਿ ਸਿੱਖਾਂ ਨੂੰ ਹਿੰਦੂਆਂ ਨਾਲੋਂ ਬਤੌਰ ਇਕ ਵੱਖਰੀ ਕੌਮ ਮਾਨਤਾ ਮਿਲਣ ਵੱਲ ਗੱਲ ਵੱਧਦੀ ਸੀ ਪਰ ਸਿੱਖ ਕਦਾਚਿਤ ਹਿੰਦੂਆਂ ਵੱਖਰੇ ਹੋਣ ਦਾ ਖਿਆਲ ਮਨ ਵਿੱਚ ਨਹੀ ਸੀ ਲਿਆ ਸਕਦੇ ਜਿਸ ਕਰਕੇ ਸਿੱਖ ਅਵਾਮ ਆਪਣੇ ਲੀਡਰਾਂ ਦੀਆ ਇਹ ਹਰਕਤਾਂ ਚੰਗੀਆ ਲੱਗਦੀਆ ਸਨ । ਇਹ ਮਿਸਾਲ ਇਹ ਦੱਸਣ ਲਈ ਕਾਫੀ ਹੈ ਕਿ ਸਿੱਖਾਂ ਆਗੂਆਂ ਦੀਆਂ ਅਜਿਹੀਆਂ ਅਹਿਮਕਾਨਾ ਹਰਕਤਾਂ ਲਈ ਸਿਰਫ ਸਿੱਖ ਆਗੂਆਂ ਨੂੰ ਹੀ ਕਸੂਰਵਾਰ ਕਰਾਰ ਦੇਣਾ ਜਾਇਜ਼ ਨਹੀਂ ਹੈ। ਕਿਉਂਕਿ ਸਿੱਖ ਅਵਾਮ ਨੇ ਕਦੇ ਵੀ ਅਜਿਹੇ ਆਗੂਆਂ ਦੀਆਂ ਕਾਰਵਾਈਆਂ ਨਾਲ ਅਸਹਿਮਤੀ ਜ਼ਾਹਰ ਨਹੀਂ ਕੀਤੀ ਬਲਕਿ ਗੱਜ ਵੱਜ ਕੇ ਇਨ੍ਹਾਂ ਗੱਲਾਂ ਦੀ ਹਮਾਇਤ ਕੀਤੀ। ਮਿਸਾਲ ਵਜੋਂ ਇਸ ਤੋਂ ਕੁੱਝ ਦਿਨ ਬਾਅਦ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਨੇ ਪ੍ਰਿੰਸ ਦੀ ਥਾਂ ਤੇ ਇੱਕ ਹਿੰਦੂ ਕਾਂਗਰਸੀ ਲੀਡਰ ਪੰਡਤ ਮਦਨ ਮੋਹਨ ਮਾਲਵਈਆ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਸੱਦਿਆ । ਖਾਲਸਾ ਕਾਲਜ ਦੇ ਪ੍ਰੋਫੈਸਰ ਸਿੱਖ ਵਿਦਿਆਰਥੀਆਂ ਨੂੰ ਨਾਲ ਲੈ ਕੇ ਰੇਲਵੇ ਸ਼ਟੇਸਨ ਤੇ ਉਹਦੀ ਆਉ ਭਗਤ ਲਈ ਪੁੱਜੇ । ਇਹ ਆਉ ਭਗਤ ਆਮ ਆਉ ਭਗਤਾਂ ਵਾਂਗ ਰਸਮੀ ਨਹੀਂ ਸੀ ਬਲਕਿ ਉਨ੍ਹਾਂ ਨੇ ਇਸ ਖਾਤਰ ਆਪਣੀ ਅਣਖ ਅਤੇ ਰੁਤਬੇ ਦਾ ਖਿਆਲ ਵੀ ਦਰਕਿਨਾਰ ਕਰ ਦਿੱਤਾ। ਮਾਲਵੀਏ ਖਾਤਰ ਇੱਕ ਉਚੇਚੀ ਘੋੜਾ ਬੱਗੀ ਮੰਗਾਈ ਗਈ । ਇੱਥੇ ਹੀ ਬੱਸ ਨਹੀਂ ਸਿੱਖ ਵਿਿਦਆਰਥੀਆ ਨੇ ਬੱਗੀ ਨਾਲੋਂ ਘੋੜੇ ਖੋਲ੍ਹ ਦਿੱਤੇ ਅਤੇ ਆਪਦੀਆ ਧੌਣਾਂ ਬੱਗੀ ਦੇ ਜੂਲੇ ਹੇਠਾਂ ਦੇ ਦਿੱਤੀਆਂ। ਆਪ ਘੋੜੇ ਬਣਕੇ ਮਾਲਵਈਆ ਦੀ ਬੱਗੀ ਮੂਹਰੇ ਜੁੜੇ ਤੇ ਇਓਂ ਇੱਕ ਜਲੂਸ ਦੀ ਸ਼ਕਲ ਵਿੱਚ ਉਹਨੂੰ ਖਾਲਸਾ ਕਾਲਜ ਤੱਕ ਲੈ ਕੇ ਗਏ। ਮਾਲਵਈਆ ਕੁੱਛ ਦੇਣ ਜੋਗਾ ਤਾਂ ਨਹੀ ਸੀ ਉਹਨੇ ਸਿਰਫ ਪ੍ਰਿੰਸ ਦੀ ਕਪੱਤ ਕਰਨ ਖਾਤਰ ਸਿੱਖਾਂ ਨੂੰ ਸ਼ਾਬਾਸ਼ ਦਿੱਤੀ।

ਸੋ, ਸਿੱਖ ਹਿੰਦੂਆਂ ਤੋਂ ਸ਼ਾਬਾਸ਼ ਲੈਣ ਖਾਤਰ ਆਪਦਾ ਹਿੱਤ ਗਵਾਉਣ ਨੂੰ ਵੀ ਵਡਭਾਗੇ ਸਮਝਦੇ ਸਨ। ਵੈਸੇ ਤਾਂ ਕੋਈ ਅਜਿਹੀ ਮਿਸਾਲ ਨਹੀਂ ਜਿੱਥੇ ਅੰਗਰੇਜ਼ਾਂ ਨੇ ਸਿੱਖ ਹਿਤਾਂ ਨੂੰ ਅੱਖੋਂ ਪਰੋਖੇ ਕੀਤਾ ਹੋਵੇ ਪਰ ਜੋ ਸਿੱਖਾਂ ਦਾ ਅੰਗਰੇਜ਼ਾਂ ਪ੍ਰਤੀ ਰਵੱਈਆ ਸੀ ਉਹਦੇ ਮੁਤਾਬਕ ਜੇ ਉਹ ਸਿੱਖਾਂ ਨੂੰ ਕੁਝ ਨਾ ਵੀ ਦਿੰਦੇ ਤਾਂ ਵੀ ਜਾਇਜ਼ ਕਿਹਾ ਜਾਣਾ ਸੀ। ਜਦੋਂ ਕੋਈ ਬੰਦਾ ਹਰ ਵੇਲੇ ਕਿਸੇ ਨੂੰ ਬੱਦੂ ਕਰਨ ’ਤੇ ਹੀ ਲੱਗਿਆ ਰਹੇ ਤਾਂ ਉਹਦੀ ਮਨੋ ਅਵਸਥਾ ਅਸੀਂ ਸਾਰੇ ਸਮਝ ਸਕਦੇ ਹਾਂ ਪਰ ਅੰਗਰੇਜ਼ਾਂ ਨੇ ਸਿੱਖਾਂ ਨਾਲ ਕਦੇ ਵੀ ਬਦਲੇ ਵਾਲਾ ਰਵੱਈਆ ਅਖਤਿਆਰ ਨਹੀਂ ਕੀਤਾ। ਸਿੱਖਾਂ ਨੇ ਹਿੰਦੂਆਂ ਨਾਲ ਅਸੀਂ ਤੇ ਤੁਸੀਂ ਦਾ ਐਨਾ ਫਰਕ ਮਿਟਾਇਆ ਹੋਇਆ ਸੀ ਕਿ ਉਨ੍ਹਾਂ ਨੇ ਹਿੰਦੂਆਂ ਨੂੰ ਇਹ ਮੋੜਵਾਂ ਸਵਾਲ ਨਹੀਂ ਕੀਤਾ ਕਿ ਜਦੋਂ ਤੁਸੀਂ ਸਰਕਾਰ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਬਣਵਾਈ ਹੈ ਤਾਂ ਅਸੀਂ ਸਿੱਖ ਯੂਨੀਵਰਸਿਟੀ ਕਿਉਂ ਨਾ ਬਣਵਾਈਏ? ਸਿੱਖ ਯੂਨੀਵਰਸਿਟੀ ਲੈਣ ਤੋਂ ਇਨਕਾਰ ਕਰਨ ਲਈ ਸ਼ਾਬਾਸ਼ ਦੇਣ ਆਏ ਮਦਨ ਮੋਹਨ ਮਾਲਵੀਏ ਮੂਹਰੇ ਘੋੜਿਆਂ ਵਾਂਗੂੰ ਜੁੜਕੇ ਸਿੱਖਾਂ ਨੇ ਇਹ ਸਬੂਤ ਦਿੱਤਾ ਕਿ ਮਾਲਵੀਆ ਜੀ ਭਾਵੇਂ ਤੁਸੀਂ ਸਾਨੂੰ ਇਨਕਾਰ ਕਰਨ ਦੀ ਸਲਾਹ ਤਾਂ ਨਹੀਂ ਸੀ ਦਿੱਤੀ ਪਰ ਸਾਡੇ ਵਲੋਂ ਅਜਿਹੇ ਇਨਕਾਰ ਕਰਨ ਦੀ ਥੋਡੇ ਵਲੋਂ ਸ਼ਾਬਾਸ਼ ਤੋਂ ਅਸੀਂ ਗਦਗਦ ਹਾਂ। ਥੋਡੇ ਸਾਡੇ ਦੀ ਐਨੀ ਅਣਹੋਂਦ ਸੀ ਕਿ ਹਿੰਦੂਆਂ ਦੀ ਬਨਾਰਸ ਯੂਨੀਵਰਸਿਟੀ ਨੂੰ ਸਿੱਖ ਆਪ ਦੀ ਹੀ ਸਮਝਦੇ ਸਨ। ਇਥੇ ਜ਼ਿਕਰਯੋਗ ਹੈ ਕਿ ਏਸ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਸਿੱਖਾਂ ਦੇ ਉੱਘੇ ਧਾਰਮਿਕ ਆਗੂ ਸੰਤ ਅਤਰ ਸਿੰਘ ਮਸਤੂਆਣਾ ਨੇ ਰੱਖਿਆ ਸੀ।

ਆਮ ਤੌਰ 'ਤੇ ਅੱਜ ਕੱਲ ਦੇ ਸਿੱਖ ਉਦੋਂ ਦੇ ਸਿੱਖ ਲੀਡਰਾਂ ਵਿੱਚ ਹੀ ਕਸੂਰ ਕੱਢਦੇ ਨੇ ਅਤੇ ਉਨ੍ਹਾਂ ਨੇ ਇਹ ਪੜਚੌਲ ਕਰਨ ਦੀ ਕੋਸ਼ਿਸ਼ ਨਹੀ ਕੀਤੀ ਕਿ ਸਿੱਖ ਲੀਡਰਾਂ ਦੀਆ ਇਨ੍ਹਾਂ ਹਰਕਤਾਂ ਨੂੰ ਸਿੱਖ ਕੌਮ ਨੇ ਕਿੰਨੀ ਕੁ ਮਾਨਤਾ ਦਿੱਤੀ। ਆਪਣੇ ਅਵਾਮ ਦੀ ਹਮਾਇਤ ਤੋਂ ਬਿਨ੍ਹਾਂ ਕਿਸੇ ਲੀਡਰ ਦੀ ਲੀਡਰੀ ਇੱਕ ਦਿਹਾੜੀ ਵੀ ਟਿੱਕ ਨਹੀ ਸਕਦੀ । ਮੋਦੀ ਤੋਂ ਪਹਿਲਾ ਲਾਲ ਕ੍ਰਿਸ਼ਨ ਅਡਵਾਨੀ ਬੀ ਜੇ ਪੀ ਭਾਵ ਹਿੰਦੂਆ ਦਾ ਬਹੁਤ ਹੀ ਹਰਮਨ ਪਿਆਰਾ ਲੀਡਰ ਰਿਹਾ ਹੈ। ਬੀ ਜੇ ਪੀ ਦਾ ਕੌਮੀ ਪ੍ਰਧਾਨ ਹੁੰਦਿਆ ਹੋਇਆ ਉਹ ਪਾਕਿਸਤਾਨ ਵਿੱਚ ਮੁਹੰਮਦ ਅਲੀ ਜਨਾਹ ਦੀ ਕਬਰ ਫੁੱਲਾਂ ਦਾ ਹਾਰ ਝੜਾ ਆਇਆ ਇਹ ਗੱਲ 4 ਜੂਨ 2005 ਦੀ ਹੈ। ਉਹਦੀ ਇਹ ਹਰਕਤ ਹਿੰਦੂਆਂ ਨੂੰ ਚੰਗੀ ਨਾ ਲੱਗੀ। ਜਿਹੜੇ ਲੋਕ ਅਡਵਾਨੀ ਨੂੰ ਹੱਥੀ ਛਾਵਾਂ ਕਰਦੇ ਸੀ ਉਹੀ ਅਡਵਾਨੀ ਦੇ ਪੁਤਲੇ ਫੂਕਣ ਲੱਗੇ। ਅਖੀਰ ਅਡਵਾਨੀ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਜਾਨ ਛੁਡਾਉਣੀ ਪਈ। ਕੋਈ ਵੀ ਲੀਡਰ ਕਿਸੇ ਕੌਮ ਦਾ ਉਦੋਂ ਤੱਕ ਹੀ ਲੀਡਰ ਰਹਿ ਸਕਦਾ ਹੈ ਜਦੋਂ ਤੱਕ ਉਹ ਕੌਮੀ ਜਜ਼ਬਾਤਾਂ ਦੇ ਨਾਲ ਚੱਲਦਾ ਹੈ। ਨਹੀ ਤਾਂ ਅਡਵਾਨੀ ਵਾਗੂੰ ਕੀਤੀ ਕਿਸੇ ਇੱਕ ਕੁਤਾਹੀ ਵਾਂਗ ਹੀ ਅਰਸ਼ ਤੋਂ ਫਰਸ਼ ਤੇ ਆ ਜਾਂਦਾ ਹੈ। ਪਰ ਇਹ ਦੇਖਣ ਵਿੱਚ ਨਹੀ ਆਇਆ ਕਿ ਸਿੱਖ ਆਗੂਆ ਦੀਆ ਇਨ੍ਹਾਂ ਹਰਕਤਾਂ ਨੂੰ ਸਿੱਖ ਕੌਮ ਨੇ ਕਦੇ ਗਲਤ ਕਿਹਾ ਹੋਵੇ। ਬਲਕਿ ਅਜਿਹੇ ਆਗੂਆ ਨੂੰ ਗਲਤ ਕਹਿਣ ਵਾਲੇ ਲੋਕਾਂ ਨੂੰ ਸਿੱਖ ਕੌਮ ਨੇ ਗਲਤ ਕਿਹਾ। ਇਹ ਗੱਲ ਨਹੀ ਸੀ ਉਸ ਵੇਲੇ ਸਿੱਖਾਂ ਦੀ ਸਿਰਫ ਇਹੀ ਲੀਡਰਸਿਪ ਸੀ ਜਿਹੜੀ ਅੰਗਰੇਜਾਂ, ਮੁਸਲਮਾਨਾਂ ਦੇ ਬਰਖਿਲਾਫ ਅਤੇ ਕਾਂਗਰਸ ਦੇ ਹੱਕ ਵਿੱਚ ਤੁਰਨ ਦੀ ਨੀਤੀ ਤੇ ਚੱਲ ਰਹੀ ਸੀ । ਬਲਕਿ ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਾਲੀ ਲੀਡਰਸਿਪ ਵੀ ਸਿੱਖਾਂ ਵਿੱਚ ਸੀਗੀ ਜਿਹੜੀ ਕਿ ਇਸ ਲਾਈਨ ਦੀ ਹਾਮੀ ਸੀ ਕਿ ਸਿੱਖਾਂ ਨੂੰ ਜੋ ਕੁੱਝ ਮਿਲਣਾ ਹੈ ਅੰਗਰੇਜਾਂ ਹੱਥੋ ਹੀ ਮਿਲਣਾ ਹੈ। ਪਰ ਸਿੱਖ ਅਵਾਮ ਨੇ ਇਨ੍ਹਾਂ ਨੂੰ ਅੰਗਰੇਜਾਂ ਦੇ ਪਿੱਠੂ ਹੋਣ ਦਾ ਬਦੂ ਨਾਮ ਦਿੱਤਾ। ਇਹ ਤੋਂ ਇਲਾਵਾ ਉਨ੍ਹਾਂ ਨੂੰ ਵੋਟਾਂ ਵਿੱਚ ਹਰਾਉਂਦੇ ਵੀ ਰਹੇ। ਸ੍ਰ ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਵਾਲੇ ਚੀਫ ਖਾਲਸਾ ਦੀਵਾਨ ਨੂੰ 1937 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਮੁਕਾਬਲੇ ਹਾਰ ਹੋਈ। 1942 ਵਿੱਚ ਦੀਵਾਨ ਦੀਆ ਸੀਟਾਂ ਹੋਰ ਘੱਟ ਗਈਆ ਤੇ ਅਕਾਲੀ ਦਲ ਦੀਆ ਵਧੀਆ। 1946 ਦੀਆ ਚੋਣਾਂ ਵਿੱਚ ਚੀਫ ਖਾਲਸਾ ਦੀਵਾਨ ਦਾ ਮੁਕੰਮਲ ਸਫਾਇਆ ਹੋ ਗਿਆ ਤੇ ਅਕਾਲੀ ਦਲ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਬਣਕੇ ਉੱਭਰੀ ।

ਇੱਥੇ ਜਿਕਰਯੋਗ ਹੈ ਕਿ ਇਹ ਤਿੰਨੇ ਚੋਣਾਂ ਧਾਰਮਿਕ ਰਾਖਵਾਂਕਰਨ ਮੁਤਾਬਿਕ ਹੋਈਆ ਸੀ ਭਾਵ ਸਿੱਖਾਂ ਲਈ ਰਿਜਰਵ ਹਲਕੇ ਵਿੱਚ ਸਿੱਖ ਹੀ ਚੋਣ ਲੜ ਸਕਦਾ ਸੀ ਤੇ ਉਹਦੇ ਲਈ ਵੋਟਾਂ ਵੀ ਸਿੱਖਾਂ ਦੀਆ ਪੈਂਦੀਆ ਸਨ। ਦੂਜੇ ਲਫ਼ਜਾਂ ਵਿੱਚ ਸਿੱਖ ਨੂੰ ਸਿੱਖ ਹੀ ਚੁਣਦੇ ਸੀ ਤੇ ਮੁਸਲਮਾਨਾਂ ਨੂੰ ਮੁਸਲਮਾਨ। ਇਹਦੇ ਨਾਲ ਨਾਲ 1926 ਤੋਂ ਲੈ ਕੇ 1944 ਤੱਕ ਸੱਤ ਵਾਰ ਹੋਈਆ ਸ਼ਰੋਮਣੀ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਵੀ ਹੌਲੀ ਹੌਲੀ ਅਕਾਲੀ ਦਲ ਹੀ ਭਾਰੂ ਹੁੰਦਾ ਗਿਆ। ਉਦੋਂ ਸ਼ਰੋਮਣੀ ਕਮੇਟੀ ਦੀਆ ਵੋਟਾਂ ਤਿੰਨ ਸਾਲ ਬਾਦ ਹੁੰਦੀਆ ਸਨ ਸ਼ਰੋਮਣੀ ਕਮੇਟੀ ਵਿੱਚ ਸਿੱਖ ਹੀ ਵੋਟਰ ਹੁੰਦੇ ਸਨ ਤੇ ਸਿੱਖ ਹੀ ਉਮੀਦਵਾਰ ਸਹਿਜਧਾਰੀ ਵੋਟਰਾਂ ਦਾ ਕੋਈ ਵਜੂਦ ਨਹੀ ਸੀ। ਕਹਿਣ ਦਾ ਭਾਵ ਇਹ ਹੋਇਆ ਕਿ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਸਿੱਖ ਅਵਾਮ ਨੂੰ ਚੰਗੀ ਲੱਗਦੀ ਸੀ। ਸੋ, ਉਸ ਲੀਡਰਸ਼ਿਪ ਨੇ ਉਹੀ ਕੀਤਾ ਜੋ ਸਿੱਖ ਕੌਮ ਨੂੰ ਚੰਗਾ ਲੱਗਦਾ ਸੀ। ਦੂਜੇ ਲਫ਼ਜਾਂ ਵਿੱਚ ਮਤਲਬ ਇਹ ਹੋਇਆ ਕਿ ਜੋ ਉਦੋਂ ਸਿੱਖ ਲੀਡਰਸ਼ਿਪ ਨੇ ਕੀਤਾ ਜੇ ਉਦੇ ਲਈ ਲੀਡਰਸ਼ਿਪ ਦੋਸ਼ੀ ਹੈ ਤਾਂ ਨਾਲ ਦੀ ਨਾਲ ਸਿੱਖ ਕੌਮ ਵੀ ਇਸ ਦੋਸ਼ ਵਿੱਚ ਬਰਾਬਰ ਦੀ ਹਿੱਸੇਦਾਰ ਹੈ। 1955 ਵਿੱਚ ਲੱਗੇ ਪੰਜਾਬੀ ਸੂਬੇ ਮੋਰਚੇ ਦੌਰਾਨ ਸਿੱਖਾਂ ਦੀਆ ਮੰਗਾਂ ਨੂੰ ਦਬਾਉਣ ਖਾਤਰ ਸਰਕਾਰ ਨੇ ਤਸ਼ੱਦਦ ਕੀਤਾ ਤਾਂ ਜਾ ਕੇ ਇਹ ਗੱਲ ਬਹੁਤ ਪਤਲੀ ਸ਼ਕਲ ਵਿੱਚ ਤੁਰਨੀ ਸ਼ੁਰੂ ਹੋਈ। ਕਿ ਸਿੱਖ ਲੀਡਰਸ਼ਿਪ ਨੇ 1947 ਵਿੱਚ ਸਿੱਖਾਂ ਲਈ ਵੱਖਰਾਂ ਮੁਲਕ ਨਾ ਲੈ ਕੇ ਗਲਤੀ ਕੀਤੀ ਹੈ। 1982 ਵਿੱਚ ਧਰਮ ਯੁੱਧ ਮੋਰਚੇ ਦੌਰਾਨ ਅਤੇ 1984 ਦੇ ਘੱਲੂਘਾਰੇ ਤੋਂ ਬਾਅਦ ਇਹ ਚਰਚਾਂ ਹੋਰ ਉੱਭਰਵੀ ਸ਼ਕਲ ਵਿੱਚ ਜਾਹਰ ਹੋਈ। ਪਰ ਅੱਜ ਵੀ ਸਿੱਖਾਂ ਦੀ ਆਟੇ ‘ਚ ਲੂਣ ਜਿਨੀ ਮਿਕਦਾਰ ਹੀ ਇਹ ਕਹਿੰਦੀ ਹੈ ਸਿੱਖ ਲੀਡਰਸ਼ਿਪ ਨੇ ਉਦੋ ਗਲਤੀ ਕੀਤੀ। ਅੱਜ ਦੇ ਹਿਸਾਬ ਨਾਲ 1947 ਮੌਕੇ ਦੀ ਸਿੱਖ ਕੌਮ ਦੀ ਸੋਚ ਦਾ ਜੇ ਅੰਦਾਜ਼ਾ ਲਾਈਏ ਤਾਂ ਇਹ ਕਹਿ ਸਕਦੇ ਹਾਂ ਕਿ ਉਦੋਂ ਸਿੱਖ ਕੌਮ ਦਾ ਇੱਕ ਫੀਸਦੀ ਹਿੱਸਾ ਵੀ ਵੱਖਰੇ ਮੁਲਕ ਦਾ ਹਾਮੀ ਨਹੀ ਹੋਣਾ। ਸੋ ਇਕੱਲੀ ਲੀਡਰਸ਼ਿਪ ਨੂੰ ਦੋਸ ਦੇਣਾ ਵਾਜਿਬ ਨਹੀ ਹੈ।

39. ਸਿੱਖਾਂ ਨੇ ਬੇਕਿਰਕੀ ਨਾਲ ਆਪ ਦੇ ਪੈਰੀ ਆਪ ਕੁਹਾੜੇ ਮਾਰੇ: ਬਰਤਾਨਵੀ ਰਾਜ ਦੌਰਾਨ ਜਦੋਂ ਕਾਂਗਰਸ ਦੀ ਅਗਵਾਈ ਵਿੱਚ ਹਿੰਦੂ ਅੰਗਰੇਜਾਂ ਨੂੰ ਹਿੰਦੁਸਤਾਨ ‘ਚੋ ਕੱਢਣ ਇੱਕ ਨੁਕਾਤੀ ਏਜੰਡੇ ਤੇ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਦੇ ਸਾਰੇ ਮੁਫਾਦ ਇਸੇ ਨੁਕਤੇ ਵਿੱਚ ਆ ਜਾਂਦੇ ਸਨ। ਉਨ੍ਹਾਂ ਨੂੰ ਆਪਣੇ ਖਾਤਰ ਕੋਈ ਵੀ ਹੋਰ ਮੰਗ ਅੰਗਰੇਜਾਂ ਤੋਂ ਮਨਵਾਉਣ ਦੀ ਲੋੜ ਨਹੀਂ ਸੀ। ਕਿਉਂਕਿ ਜੇ ਅੰਗਰੇਜ ਨਿਕਲਦੇ ਸੀ ਤਾਂ ਬਹੁਗਿਣਤੀ ਹੋਣ ਕਰਕੇ ਸਾਰਾ ਰਾਜ ਹੀ ਉਨ੍ਹਾਂ ਦੇ ਹੱਥ ਆ ਜਾਣਾ ਸੀ। ਜਦੋਂ ਅੰਗਰਜੇ ਕਿਸੇ ਵੀ ਅਜਿਹੇ ਮੁੱਦੇ ਤੇ ਚਰਚਾਂ ਛੇੜਦੇ ਸਨ ਜਿਸ ਵਿੱਚ ਇਹ ਵੇਖਿਆ ਜਾਣਾ ਹੁੰਦਾ ਸੀ ਕਿ ਜੀਹਨੂੰ ਅਸੀਂ ਰਾਜ ਭਾਗ ਸੌਂਪ ਕੇ ਜਾਣਾ ਹੈ ਉਹ ਢਾਂਚਾ ਕਿਹੋ ਜਿਹਾ ਹੋਵੇ ਤਾਂ ਹਿੰਦੂ ਪੱਬ ਚੱਕ ਕੇ ਅੰਗਰੇਜਾਂ ਦੇ ਇਹ ਕਹਿ ਕੇ ਗਲ ਪੈਂਦੇ ਸੀ ਕਿ ਥੋਨੂੰ ਬਾਅਦ ਥਾਈਂ ਕੀ ਤੁਸੀਂ ਇੱਕ ਵਾਰ ਇੱਥੋਂ ਤੁਰਦੇ ਬਣੋਂ ਬਾਅਦ ਦੀ ਅਸੀਂ ਆਪੇ ਨਿਬੇੜਾਂਗੇ। ਜਦ ਕਿ ਮੁਸਲਮਾਨ ਇਸੇ ਗੱਲ ਤੋਂ ਤਰੱਬਕਦੇ ਸੀ। ਉਨ੍ਹਾਂ ਦਾ ਤੌਖਲਾ ਸੀ ਕਿ ਬਾਅਦ ਵਿੱਚ ਸਾਰਾ ਕੰਮ ਹਿੰਦੂ ਬਹੁਗਿਣਤੀ ਦੇ ਹੱਥ ਵਿੱਚ ਹੋਊਗਾ ਅਸੀਂ ਮਾਰੇ ਜਾਵੇਗਾ। ਸੋ, ਮੁਸਲਮਾਨਾਂ ਦੀ ਅੰਗਰੇਜ਼ਾਂ ਕੋਲੋ ਵੱਡੀ ਮੰਗ ਇਹ ਸੀ ਕਿ ਆਪਦੇ ਹੁੰਦਿਆਂ ਹੁੰਦਿਆਂ ਸਾਰੇ ਫੈਸਲੇ ਕਰਾਕੇ ਜਾਵੋ ਤੇ ਜਾਂ ਸਾਨੂੰ ਅੱਡ ਕਰਕੇ ਜਾਵੋ। ਜਿਨ੍ਹਾਂ ਚਿਰ ਅੰਗਰੇਜੀ ਰਾਜ ਰਿਹਾ ਉਨ੍ਹਾਂ ਚਿਰ ਮੁਸਲਮਾਨ ਅੰਗਰੇਜਾਂ ਤੋਂ ਆਪਣੇ ਮੁਫਾਦਾਂ ਦੀ ਰੱਖਿਆ ਖਾਤਰ ਰਾਜਭਾਗ ਵਿੱਚ ਆਪਣੀ ਮੁਨਾਸਿਬ ਹਿੱਸੇਦਾਰ ਤੇ ਜੋਰ ਪਾਉਂਦੇ ਰਹੇ। ਇਹ ਤੋਂ ਉਲਟ ਸਿੱਖ ਰਾਜ ਭਾਗ ਵਿਚ ਆਪ ਦੀ ਮੁਨਾਸਿਬ ਹਿੱਸੇਦਾਰੀ ਮੰਗਣ ਦੀ ਬਜਾਏ ਮੁਸਲਮਾਨਾਂ ਦੀ ਹਿੱਸੇਦਾਰੀ ਨੂੰ ਰੋਕਣ ਤੇ ਆਪਦਾ ਸਾਰਾ ਜੋਰ ਲਾਉਂਦੇ ਰਹੇ ਤੇ ਨਾ ਉਨ੍ਹਾਂ ਨੂੰ ਇਸ ਗੱਲ ਦਾ ਫਿਕਰ ਸੀ ਕਿ ਅੰਗਰੇਜਾਂ ਦੇ ਜਾਣ ਤੋਂ ਬਾਅਦ ਸਾਡਾ ਕੀ ਬਣੂੰਗਾ। ਬਲਕਿ ਉਹ ਕਾਂਗਰਸ ਦੇ ਅੰਗਰੇਜਾਂ ਨੂੰ ਭਜਾਉਣ ਵਾਲੇ ਇੱਕੋ ਇੱਕ ਏਜੰਡੇ ਤੇ ਜ਼ੋਰ ਲਾਉਂਦੇ ਰਹੇ। ਜਦੋਂ ਅੰਗਰੇਜਾਂ ਨੇ ਸਿੱਖਾਂ ਨੂੰ ਰਾਜ ਭਾਗ ਵਿਚ ਹਿੱਸੇਦਾਰ ਬਣਾਉਣ ਖਾਤਰ ਉਨ੍ਹਾਂ ਨੂੰ ਬਿਨ ਮੰਗਿਆਂ ਚੋਣ ਖੇਤਰਾਂ ਵਿੱਚ ਰਾਖਵਾਂਕਰਨ ਦਿੱਤੀ ਤਾਂ ਸਿੱਖ ਇਹਦੇ ਖਿਲਾਫ ਇਸ ਕਦਰ ਅੰਗਰੇਜਾਂ ਦੇ ਗਲ ਪਏ ਜੀਹਦੀ ਮਿਸਾਲ ਪੰਥਕ ਇਤਿਹਾਸ ਵਿਚ ਅੱਜ ਤਾਈਂ ਨਹੀਂ ਮਿਲਦੀ। ਸਿੱਖਾਂ ਨੂੰ ਇਹ ਰਾਖਵਾਂਕਰਨ ਕਮਿਊਨਲ ਐਵਾਰਡ ਦੇ ਤਹਿਤ ਮਿਿਲਆ ਸੀ। ਜਿਹੜੀ ਰਿਆਇਤ ਮੁਸਲਮਾਨਾਂ ਨੇ ਆਪਣੇ ਖਾਤਰ ਲੜਕੇ ਲਈ ਸੀ ਉਹ ਸਿੱਖਾਂ ਨੂੰ ਮੁਫਤੋਂ-ਮੁਫਤ ਮਿਲ ਰਹੀ ਸੀ। ਪਰ ਸਿੱਖਾਂ ਨੇ ਇਸ ਰਿਆਇਤ ਨੂੰ ਇਹ ਕਹਿ ਕੇ ਠੁੱਡੇ ਮਾਰੇ ਕਿ ਹਾਂ-ਹਾਂ ਇਹੋ ਜਿਹੀ ਰਿਆਇਤ ਮੁਸਲਮਾਨਾਂ ਨੂੰ ਕਾਹਤੋਂ ਮਿਲੀ ਹੈ।

40. ਕੀ ਸੀ ਕਮਿਊਨਲ ਐਵਾਰਡ?: ਅੰਗਰੇਜੀ ਰਾਜ ਵਿੱਚ ਵਿਧਾਨ ਸਭਾ ਅਤੇ ਲੋਕ ਸਭਾਵਾਂ ਖਾਤਰ 1909 ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆ ਸਨ। ਪਰ ਉਦੋਂ ਵੋਟ ਦਾ ਅਖਤਿਆਰ ਹਰੇਕ ਕਿਸੇ ਨੂੰ ਨਹੀ ਸੀ ਹੁੰਦਾ। ਘੱਟੋਂ ਘੱਟ ਮੈਟ੍ਰਿਕ ਪਾਸ, ਕੁੱਛ ਖਾਸ ਹੱਦ ਤੋਂ ਵੱਧ ਜਮੀਨੀ ਮਾਮਲਾ ਦੇਣ ਵਾਲਾ ਜਾਂ ਇਨਕਮ ਟੈਕਸ ਦੇਣ ਵਾਲਾ ਹੀ ਵੋਟਰ ਬਣ ਸਕਦਾ ਸੀ। ਮੁਸਲਮਾਨ ਜਨਤਾ ਵਧੇਰੇ ਅਨਪੜ੍ਹ ਅਤੇ ਗਰੀਬ ਸੀ ਜਿਸ ਕਰਕੇ ਉਨ੍ਹਾਂ ਦੀ ਵੋਟ ਫੀਸਦੀ ਆਪਦੀ ਆਬਾਦੀ ਨਾਲੋਂ ਘੱਟ ਬਣਦੀ ਸੀ । ਅੱਜ ਵਾਂਗੂੰ ਸਾਂਝੇ ਚੋਣ ਹਲਕੇ ਹੋਣ ਕਰਕੇ ਉਨ੍ਹਾਂ ਦੇ ਨੁਮਾਇੰਦੇ ਬਹੁਤ ਘੱਟ ਗਿਣਤੀ ਵਿੱਚ ਜਿੱਤਦੇ ਸੀ।

ਇਸੇ ਤਰ੍ਹਾਂ ਸਿੱਖਾਂ ਦਾ ਵੀ ਇਹੀ ਹਾਲ ਸੀ 1909 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿੱਖਾਂ ਨੂੰ ਕੋਈ ਸੀਟ ਨਾ ਮਿਲੀ। 1912 ਵਿੱਚ ਸਿਰਫ ਇੱਕ ਸਿੱਖ ਉਮੀਦਵਾਰ ਜਿਿਤਆ ਅਤੇ ਫਿਰ 1916 ਦੀਆਂ ਚੋਣਾਂ ਵਿੱਚ ਸਿੱਖਾਂ ਨੂੰ ਕੋਈ ਸੀਟ ਨਾ ਮਿਲੀ। ਇਸੇ ਤਰ੍ਹਾਂ ਛੋਟੀਆਂ ਚੋਣਾਂ ਵਿੱਚ ਸਿੱਖਾਂ ਦਾ ਹਾਲ ਮਾੜਾ ਸੀ। 1884 ਦੇ ਅੰਕੜਿਆ ਮੁਤਾਬਿਕ ਪੰਜਾਬ ਦੀਆਂ ਕੁੱਲ 96 ਮਿਊਂਸੀਪਲ ਕਮੇਟੀਆਂ ਸੀਗੀਆਂ। ਜਿਨ੍ਹਾਂ ਵਿੱਚੋਂ 72 ਵਿੱਚ ਹਿੰਦੂਆਂ ਦੀ ਬਹੁਸੰਮਤੀ ਸੀ, 12 ਤੇ ਮੁਸਲਮਾਨ ਕਾਬਜ ਸੀਗੇ ਜਦਕਿ ਸਿਰਫ ਇਕੋ ਇਕ ਤਰਨਤਾਰਨ ਮਿਊਂਸੀਪਲ ਕਮੇਟੀ ਤੇ ਸਿੱਖਾਂ ਦਾ ਕਬਜਾ ਸੀ।

1921 ਦੀ ਮਰਦਮਸ਼ੁਮਾਰੀ ਮੁਤਾਬਿਕ ਪੰਜਾਬ ਵਿੱਚ ਮੁਸਲਮਾਨ ਵਸੋਂ 50 ਫੀਸਦੀ, ਹਿੰਦੂ 35 ਫੀਸਦੀ ਅਤੇ ਸਿੱਖ 12 ਫੀਸਦੀ ਸੀ। ਪਰ ਵੋਟ ਸ਼ਕਤੀ ਦੇ ਲਿਹਾਜ ਨਾਲ ਮੁਸਲਮਾਨ ਵੋਟਰ 40 ਫੀਸਦੀ, ਸਿੱਖ 24 ਫੀਸਦੀ ਬਣਦੇ ਸੀ। 24 ਫੀਸਦੀ ਵੋਟਰਾਂ ਦੇ ਹੁੰਦਿਆਂ ਵੀ ਸਿੱਖ ਕੋਈ ਸੀਟ ਨਹੀਂ ਸੀ ਜਿੱਤ ਰਹੇ। ਇਸ ਘਾਟੇ ਨੂੰ ਦੂਰ ਕਰਾਉਣ ਖਾਤਰ 1916 ਵਿੱਚ ਇੱਕ ਲਖਨਊ ਪੈਕਟ ਨਾਂ ਦਾ ਸਮਝੌਤਾ ਹੋਇਆ ਜਿਸ ਵਿੱਚ ਕਾਂਗਰਸ ਨੇ ਮੁਸਲਮਾਨਾਂ ਖਾਤਰ ਵੱਖਰੇ ਚੋਣ ਖੇਤਰਾਂ ਦੀ ਮੰਗ ਮੰਨ ਲਈ ਪਰ ਸਿੱਖਾਂ ਨੂੰ ਕੁੱਝ ਨਾ ਦਿੱਤਾ। ਨਾ ਦੇਣਾ ਇੱਕ ਪਾਸੇ ਰਿਹਾ ਇਸ ਸਮਝੌਤੇ ਖਾਤਰ ਚੱਲੀ ਲੰਬੀ ਗੱਲਬਾਤ ਵਿੱਚ ਨਾ ਤਾਂ ਸਿੱਖ ਨੁਮਾਇੰਦੇ ਨੂੰ ਸੱਦਿਆ ਗਿਆ, ਇੱਥੋਂ ਤੱਕ ਸਿੱਖਾਂ ਦਾ ਜ਼ਿਕਰ ਤੱਕ ਨਾ ਹੋਇਆ। ਚੀਫ ਖਾਲਸਾ ਦੀਵਾਨ ਅਤੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਕੋਲ ਸਿੱਖਾਂ ਨੂੰ ਅਜਿਹਾ ਹੱਕ ਦਿਵਾਉਣ ਲਈ ਪੈਰਵਾਈ ਕੀਤੀ, ਜਦੋਂ ਉਹ 1917 ਵਿੱਚ ਇਸ ਮਾਮਲੇ ਨੂੰ ਹੋਰ ਘੋਖਣ ਖਾਤਰ ਪੰਜਾਬ ਆਇਆ। ਪਰ ਸਿੱਖਾਂ ਦੀ ਭਾਰੂ ਧਿਰ ਨੇ ਕਾਂਗਰਸ ਦੀ ਪੈੜ ਵਿੱਚ ਪੈੜ ਧਰਦਿਆਂ ਉਹੀ ਰੱਟ ਲਾਈ ਰੱਖੀ ਕਿ ਸਾਨੂੰ ਕੁਛ ਨਹੀਂ ਚਾਹੀਦਾ ਬਸ ਇੱਥੋਂ ਅੰਗਰੇਜ ਚਲੇ ਜਾਣ।

ਪਰ ਬਰਤਾਨਵੀ ਸਰਕਾਰ ਸਿੱਖਾਂ ਦੀ ਭਾਰੂ ਧਿਰ ਨੂੰ ਦਰਕਿਨਾਰ ਕਰਦਿਆਂ ਸਿੱਖਾਂ ਨੂੰ ਮੁਸਲਮਾਨਾਂ ਅਤੇ ਹਿੰਦੂਆਂ ਦੇ ਬਰਾਬਰ ਤੀਜੀ ਧਿਰ ਵਾਲੇ ਦਰਜੇ ਮੁਤਾਬਿਕ ਸਤਿਕਾਰ ਦੇ ਰਹੀ ਸੀ। ਉਨ੍ਹਾਂ ਨੇ ਇਕੱਲਾ ਸਤਿਕਾਰ ਨਹੀਂ ਦਿੱਤਾ ਬਲਕਿ ਸਰਕਾਰੀ ਤੌਰ ਤੇ ਸਿੱਖਾਂ ਨੂੰ ਤੀਜੀ ਧਿਰ ਵਜੋਂ ਮਾਨਤਾ ਵੀ ਦਿੱਤੀ। ਭਾਰਤ ਦੇ ਸੰਵਿਧਾਨਿਕ ਸੁਧਾਰਾਂ ਬਾਰੇ ਮੌਂਟੇਗ-ਚੈਮਸਫ਼ੋਰਡ ਦੀ 1918 ਵਿੱਚ ਨਸ਼ਰ ਹੋਈ ਰਿਪੋਰਟ ਵਿੱਚ ਇਹ ਸ਼ਪੱਸਟ ਕਿਹਾ ਗਿਆ ਪੰਜਾਬ ਅੰਦਰ ਸਿੱਖ ਇੱਕ ਵੱਖਰੀ ਅਤੇ ਅਹਿਮ ਕੌਮ ਹੈ ਉਹ ਭਾਰਤੀ ਫੌਜ ਨੂੰ ਬਹਾਦਰ ਸਿਪਾਹੀ ਮੁਹੱਈਆ ਕਰਦੇ ਨੇ। ਪਰ ਹਰ ਥਾਂ ਘੱਟ ਗਿਣਤੀ ਹੋਣ ਕਰਕੇ ਉਹ ਵੋਟਾਂ ਵਿੱਚ ਜਿੱਤ ਨਹੀਂ ਸਕਦੇ। ਇਸ ਕਰਕੇ ਮੁਸਲਮਾਨਾਂ ਨੂੰ ਚੋਣ ਖੇਤਰਾਂ ਵਿੱਚ ਦਿੱਤੇ ਰਾਖਵਾਂਕਰਨ ਦੀ ਤਰਜ਼ ਤੇ ਸਿੱਖਾਂ ਲਈ ਵੀ ਚੋਣ ਖੇਤਰ ਰਾਖਵੇਂ ਕੀਤੇ ਜਾਣ।

ਮੌਂਟੇਗ-ਚੈਮਸਫ਼ੋਰਡ ਦੀ ਰਿਪੋਰਟ 'ਤੇ ਹੋਈ ਬਹਿਸ ਦੌਰਾਨ ਜਦੋਂ ਪੰਜਾਬ ਐਸੰਬਲੀ ਵਿੱਚ ਇੱਕ ਨਾਮਜ਼ਦ ਸਿੱਖ ਮੈਂਬਰ ਸ੍ਰ ਗੱਜਣ ਸਿੰਘ ਨੇ ਸਿੱਖਾਂ ਲਈ ਰਿਜਰਵੇਸ਼ਨ ਦੀ ਮੰਗ ਕੀਤੀ ਤਾਂ ਹਿੰਦੂ ਤੇ ਮੁਸਲਮਾਨ ਮੈਂਬਰਾਂ ਨੇ ਅੱਗ ਦੀ ਲਾਟ ਕੱਢਣ ਵਾਂਗ ਇਸ ਗੱਲ ਦਾ ਵਿਰੋਧ ਕੀਤਾ। ਹਿੰਦੂਆਂ ਵਲੋਂ ਸਿੱਖਾਂ ਦਾ ਵਿਰੋਧ ਤਾਂ ਸਮਝ ਵਿੱਚ ਪੈਂਦਾ ਹੈ ਪਰ ਸਿੱਖਾਂ ਦੀ ਭਾਰੂ ਲੀਡਰਸ਼ਿਪ ਨੇ ਵੀ ਸਿੱਖਾਂ ਨੂੰ ਮਿਲ ਰਹੀ ਇਸ ਰਿਆਇਤ ਦੇ ਖਿਲਾਫ ਹਿੰਦੂ ਮੁਸਲਮਾਨਾਂ ਨਾਲੋਂ ਵੀ ਉੱਚੀ ਲਾਟ ਮਾਰੀ। ਮੁਸਲਮਾਨਾਂ ਦਾ ਪੱਖ ਇਹ ਸੀ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨੇ ਤਾਂ ਇਨ੍ਹਾਂ ਨੂੰ ਵੱਖਰਾ ਰਾਖਵਾਂਕਰਨ ਕਾਹਦਾ ? ਹਿੰਦੂ ਕਹਿੰਦੇ ਸੀ ਸਿੱਖ ਤਾਂ ਸਾਡੇ ‘ਚੋ ਹੀ ਨੇ ਸਰਕਾਰ ਇਨ੍ਹਾਂ ਨੂੰ ਰਾਖਵਾਂਕਰਨ ਦੇ ਕੇ ਹਿੰਦੂਆਂ ਨਾਲੋਂ ਪਾੜ ਰਹੀ ਹੈ। ਲਾਲਾ ਲਾਜਪਾਤ ਰਾਏ ਵੱਲੋਂ ਕੱਢੇ ਜਾਂਦੇ ਇੱਕ ਆਰੀਆ ਸਮਾਜੀ ਪਰਚੇ ” ਪੰਜਾਬੀ” ਨੇ ਇਸ ਤਜਵੀਜ ਦੀ ਪੁੱਜ ਕੇ ਮੁਖਾਲਫਤ ਕੀਤੀ ਤੇ ਕਿਹਾ ਕਿ ਇਹ ਸਿੱਖਾਂ ਨੂੰ ਹਿੰਦੂਆਂ ਨਾਲੋਂ ਪਾੜਨ ਵਾਲੀ ਸ਼ਰਾਰਤ ਹੈ। ਅਜਿਹੀ ਕਾਰਵਾਈ ਨਾਲ ਹਿੰਦੂਆਂ ਨੇ ਤਾਂ ਅੰਗਰੇਜਾਂ ਤੇ ਪਾੜੋ ਤੇ ਰਾਜ ਕਰੋਂ ਦਾ ਇਲਜਾਮ ਲਾਉਣਾ ਹੀ ਸੀ ਪਰ ਬਹੁ ਗਿਣਤੀ ਵਿੱਚ ਸਿੱਖ ਵੀ ਅੰਗਰੇਜਾਂ ਨੂੰ ਪਾੜੋ ਤੇ ਰਾਜ ਕਰੋ ਵਾਲਾ ਬਦੂ ਨਾਮ ਦੇਣ ਲੱਗੇ।

ਸਿੱਖਾਂ, ਮੁਸਲਮਾਨਾਂ ਲਈ ਚੋਣ ਖੇਤਰਾਂ ਵਿੱਚ ਦਿੱਤੀ ਜਾਣ ਵਾਲੀ ਇਸ ਰਾਖਵੇਂਕਰਣ ਨੂੰ ਕਮਿਊਨਲ ਐਵਾਰਡ ਆਖਿਆ ਗਿਆ।

ਚਲਦਾ...


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top