Share on Facebook

Main News Page

ਪੰਜਾਬੀ ਬੋਲੀ ਨੂੰ ਕਿਸ ਤੋਂ ਖ਼ਤਰਾ ਹੈ ?
-: ਸੰਪਾਦਕ ਖ਼ਾਲਸਾ ਨਿਊਜ਼
19.9.19

- ਕੀ ਪੰਜਾਬੀ ਨੂੰ ਹਿੰਦੀ ਤੋਂ ਖ਼ਤਰਾ ਹੈ ?
- ਕੀ ਪੰਜਾਬੀ ਨੂੰ ਅੰਗ੍ਰੇਜ਼ੀ ਤੋਂ ਖ਼ਤਰਾ ਹੈ ?
ਜਾਂ ਕਿਸੇ ਹੋਰ ਤੋਂ ?? ਆਓ ਦੇਖੀਏ

ਪੰਜਾਬੀ ਭਾਸ਼ਾ ਨੂੰ ਜੇ ਖ਼ਤਰਾ ਹੈ ਤਾਂ ਸਿਰਫ ਪੰਜਾਬੀ ਅਖਵਾਉਣ ਵਾਲਿਆਂ ਤੋਂ ਹੈ। ਪੰਜਾਬ ਵਿੱਚ ਕਿੰਨੇ ਲੋਕ ਨੇ ਜਿਹੜੇ ਅਪਾਣੇ ਬੱਚਿਆਂ ਨਾਲ ਪੰਜਾਬੀ ਬੋਲਦੇ ਹਨ, ਪੰਜਾਬੀ ਲਿਖਣੀ ਪੜ੍ਹਨੀ ਸਿਖਾਉਂਦੇ ਹਨ? ਕਿੰਨੇ ਸਕੂਲ ਹਨ ਜਿਹੜੇ ਪੰਜਾਬੀ ਨੂੰ ਉਤਸ਼ਾਹਿਤ ਕਰਦੇ ਹਨ? ਜੇ ਤੁਸੀਂ ਪੰਜਾਬੀ ਬੋਲੋਗੇ ਤਾਂ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਕਿ ਬਈ ਤੂੰ ਪੰਜਾਬੀ ਨਾ ਬੋਲ। ਤੁਹਾਡੇ ਘਰੇ ਕੌਣ ਰੋਕਦਾ? ਪਰ ਜਦੋਂ ਮਾਂ ਪਿਓ ਆਪ ਹੀ ਘਰੇ ਹਿੰਦੀ ਬੋਲਣ ਲੱਗ ਜਾਣ ਤਾਂ ਉਸ ਔਲਾਦ ਤੋਂ ਉਮੀਦ ਕਾਹਦੀ? ਜੇ ਤੁਸੀਂ ਨਿਰਣਾ ਕਰ ਲਿਆ ਕਿ ਅਸੀਂ ਪੰਜਾਬੀ ਲਿਖਣੀ ਪੜ੍ਹਨੀ ਬੋਲਣੀ ਹੈ ਤਾਂ ਕਿਸੇ ਅਮਿਤ ਸ਼ਾਹ ਜਾਂ ਹੁਕਮ ਚੰਦ ਰਾਜਪਾਲ ਦੀ ਕੀ ਹਿੰਮਤ ਕਿ ਤੁਹਾਨੂੰ ਰੋਕ ਲਵੇ। ਮਰਦਮਸ਼ੁਮਾਰੀ (Census) ਵੇਲ਼ੇ ਤੁਸੀਂ ਲਿਖਵਾਉ ਪੰਜਾਬੀ, ਕਿਹੜਾ ਤੁਹਾਨੂੰ ਰੋਕ ਲਊ???

ਚਲੋ ਚੱਲੀਏ ਪੰਜਾਬ ਤੋਂ ਬਾਹਰ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ... ਕੀ ਇੱਥੇ ਹਿੰਦੀ ਤੋਂ ਖ਼ਤਰਾ ਹੈ? ਇੱਥੇ ਤਾਂ ਕੋਈ ਨਹੀਂ ਰੋਕਦਾ, ਨਾ ਅਮਿਤ ਸ਼ਾਹ ਨਾ ਹੁਕਮ ਚੰਦ ਰਾਜਪਾਲ!!! ਫਿਰ ਇੱਥੇ ਕੀ ਮਸਲਾ ਹੈ? ਇੱਥੇ ਤਾਂ ਸਕੂਲ ਦੇ ਅਧਿਆਪਕ ਆਪ ਕਹਿੰਦੇ ਹਨ ਕਿ ਤੁਸੀਂ ਆਪਣੇ ਬੱਚਿਆਂ ਨਾਲ ਆਪਣੀ ਮਾਂ ਬੋਲੀ ਬੋਲੋ, ਜ਼ਿਆਦਾ ਚੰਗਾ ਹੈ ਬੱਚੇ ਦੇ ਵਿਕਾਸ ਲਈ। ਪਰ ਇੱਥੇ ਮਾਂ ਪਿਓ ਆਪ ਅੰਗ੍ਰੇਜ਼ੀ ਨੂੰ ਪਹਿਲ ਦਿੰਦੇ ਹਨ। 90-95% ਪੰਜਾਬੀ, ਸਿੱਖ ਅਖਵਾਉਣ ਵਾਲਿਆਂ ਦੇ ਬੱਚੇ ਸਿਰਫ ਅੰਗ੍ਰੇਜ਼ੀ ਬੋਲਦੇ ਹਨ, ਪੰਜਾਬੀ ਸਮਝ ਲੈਂਦੇ ਹਨ, ਪਰ ਬੋਲਦੇ ਅੰਗ੍ਰੇਜ਼ੀ ਹਨ। ਦਾਦਾ ਦਾਦੀ, ਨਾਨਾ ਨਾਨੀ ਨਾਲ ਤਾਂ ਮੁਸ਼ਕਿਲ ਨਾਲ ਥੋੜੀ ਬਹੁਤੀ ਬੋਲ ਲੈਣ, ਆਪਣੇ ਮਾਂ ਪਿਓ, ਖਾਸਕਰ ਕੇ ਪੰਜਾਬੀ ਦੋਸਤਾਂ ਨਾਲ ਤਾਂ 100% ਅੰਗ੍ਰੇਜ਼ੀ ਹੀ ਬੋਲੀ ਜਾਂਦੀ ਹੈ। ਇੱਥੋਂ ਤੱਕ ਕੇ ਕਥਿਤ ਗੁਰਮਤਿ ਕੈਂਪ ਵੀ 99% ਅੰਗ੍ਰੇਜ਼ੀ ਵਿੱਚ ਹੀ ਹੁੰਦੇ ਹਨ, ਕੈਂਪ ਚਲਾਉਣ ਵਾਲੇ ਵੀ ਸਿੱਖ ਹੁੰਦੇ ਹਨ। ਹੈ ਨਾ ਕਮਾਲ!!! ਫਿਰ ਇੱਥੇ ਤਾਂ ਹਿੰਦੀ ਦਾ ਖ਼ਤਰਾ ਨਹੀਂ, ਫਿਰ ਕੀ ਮਸਲਾ ਹੈ???

ਜੇ ਪੰਜਾਬੀ ਨੂੰ ਖ਼ਤਰਾ ਹੈ ਤਾਂ ਖੁੱਦ ਪੰਜਾਬੀਆਂ ਤੋਂ ਹੈ, ਜਿਹੜੇ ਖ਼ੁਦ ਹੀ ਹੀਨ ਭਾਵਨਾ ਦਾ ਸ਼ਿਕਾਰ ਹਨ। ਸੋਚਦੇ ਹਨ ਕਿ ਜੇ ਪੰਜਾਬੀ ਬੋਲੀ ਗਈ ਤਾਂ ਕਿਤੇ ਸਾਨੂੰ ਪਿਛੜਿਆ ਹੋਇਆ ਨਾ ਸਮਝ ਲੈਣ। ਅਸੀਂ ਖੁਦ ਹੀ ਕਿਸੇ ਨੂੰ ਬੁਲਾਉਣ ਲੱਗਿਆ ਓਏ, ਖੋਤਿਆ, ਕੰਜਰਾ, ਭਾਟੜਿਆ, ਅਤੇ ਮਾਂ ਭੈਣ ਦੀਆਂ ਗਾਹਲ਼ਾਂ ਕੱਢਦੇ ਹਾਂ ਤਾਂ ਸੁਣਨ ਵਾਲੇ ਨੂੰ ਲਗਦਾ ਹੈ ਕਿ ਇਹ ਤਾਂ ਹੈ ਹੀ ਗਵਾਰ, ਗਵਾਰਾਂ ਦੀ ਭਾਸ਼ਾ। ਇਹ ਵੀ ਨਹੀਂ ਕਿ ਦੂਜੀਆਂ ਭਾਸ਼ਾਵਾਂ ਵਿੱਚ ਐਸੇ ਸ਼ਬਦ ਨਹੀਂ ਹਨ, ਪਰ ਅਸੀਂ ਜ਼ਿਆਦਾ ਪ੍ਰਚਲਿੱਤ ਕੀਤੇ ਹਨ। ਜੇ ਆਪ ਹੀ ਅਸੀਂ ਸਭਯਿਕ ਸ਼ਬਦ ਵਰਤੀਏ, ਭਾਸ਼ਾ ਦਾ ਗਿਆਨ ਵਧਾਈਏ, ਸੋਹਣਾ ਬੋਲੀਏ, ਤਾਂ ਇਸ ਹੀਨ ਭਾਵਨਾ ਤੋਂ ਛੁਟਕਾਰਾ ਸੰਭਵ ਹੈ। ਪੰਜਾਬੀ ਸਾਹਿਤ ਬਹੁਤ ਅਮੀਰ ਹੈ, ਬਹੁਤ ਉੱਚ ਪਾਏ ਦੀਆਂ ਰਚਨਾਵਾਂ ਹਨ, ਜਿਸ ਦੀ ਸਭ ਤੋਂ ਸਰਵੋੱਤਮ ਰਚਨਾ ਹੈ ਗੁਰੂ ਗ੍ਰੰਥ ਸਾਹਿਬ, ਜਿਸ ਵਿੱਚ ਗੁਰਮੁੱਖੀ ਲਿਪੀ ਵਿੱਚ ਪੰਜਾਬੀ, ਅਤੇ ਹੋਰ ਭਾਸ਼ਾਵਾਂ ਸੰਮਲਿਤ ਹਨ। ਜ਼ਰਾ ਪੜ੍ਹ ਕੇ ਸਮਝ ਕੇ ਤਾਂ ਵੇਖੀਏ ਤਾਂ ਪਤਾ ਚੱਲੇ ਕੇ ਅਸੀਂ ਕਿੱਥੇ ਖੜੋਤੇ ਹਾਂ!

ਪੰਜਾਬੀ ਬੋਲੀ ਸਿੱਖਾਂ ਲਈ ਖਾਸ ਤਾਂ ਹੈ ਕਿ ਗੁਰੂ ਗ੍ਰੰਥ ਸਾਹਿਬ ਬਹੁਤਾਤ ਪੰਜਾਬੀ ਵਿੱਚ ਹੈ, ਤੇ ਜੇ ਸਿੱਖ ਪੰਜਾਬੀ ਬੋਲੀ ਤੋਂ ਦੂਰ ਹੁੰਦਾ ਹੈ ਤਾਂ ਗੁਰੂ ਨਾਲੋਂ ਵੀ ਦੂਰ ਸੁਭਾਵਿਕ ਹੈ, ਕਿਉਂਕਿ ਉਸਨੂੰ ਸਮਝਹੀ ਨਹੀਂ ਲਗਣੀ ਕਿ ਗੁਰੂ ਕੀ ਸਮਝਾਉਣਾ ਚਾਹੁੰਦਾ ਹੈ। ਹੋਰਾਂ ਭਾਸ਼ਾਵਾਂ ਵਿੱਚ ਗੁਰਬਾਣੀ ਦਾ ਤਰਜ਼ਮਾ ਹੋ ਸਕਦਾ ਹੈ, ਤੇ ਤਰਜ਼ਮਾ ਕਦੇ ਵੀ ਮੂਲ ਰੂਪ ਨੂੰ ਉਜਾਗਰ ਨਹੀਂ ਕਰ ਸਕਦਾ। ਹਿੰਦੂਆਂ ਦੇ ਸਾਰੇ ਗ੍ਰੰਥ ਸੰਸਕ੍ਰਿਤ ਵਿੱਚ ਹਨ, ਤੇ ਅੱਜ ਸੰਸਕ੍ਰਿਤ ਉਂਗਲ਼ਾਂ 'ਤੇ ਗਿਣੇ ਜਾ ਸਕਣ ਵਾਲੇ ਲੋਕਾਂ ਨੂੰ ਆਉਂਦੀ ਹੈ, ਇਸ ਲਈ ਸ਼ਾਤਿਰ ਬ੍ਰਾਹਮਣ ਲੋਕਾਂ ਨੂੰ ਆਪਣੀ ਮਰਜ਼ੀ ਦੇ ਅਰਥ ਕਰਕੇ ਭਰਮਾਂ ਵਿੱਚ ਪਾ ਰਿਹਾ ਹੈ। ਇਹੀ ਹਾਲ ਸਿੱਖ ਅਖਵਉਣ ਵਾਲਿਆਂ ਦਾ ਹੋ ਰਿਹਾ ਹੈ, ਜਿਹੜੇ ਭਾਂਵੇਂ ਕਹਿ ਤਾਂ ਰਹੇ ਹਨ ਕਿ ਅਸੀਂ ਹਿੰਦੂ ਨਹੀਂ, ਪਰ ਬਹੁਤਾਤ ਕਰਮਕਾਂਡ ਹਿੰਦੂਆਂ ਦੀ ਤਰਜ਼ 'ਤੇ ਕਰ ਰਹੇ ਹਨ। ਕਾਰਣ... ਕਿ ਉਨ੍ਹਾਂ ਨੇ ਆਪ ਗੁਰਬਾਣੀ ਦਾ ਉਪਦੇਸ਼ ਪੜਿਆ ਨਹੀਂ ਤੇ ਗ੍ਰਹਿਣ ਕਰਨਾ ਤਾਂ ਦੂਰ ਦੀ ਗਲ ਹੈ। ਇਸੇ ਲਈ ਸਿੱਖਾਂ ਲਈ ਅਤਿ ਜ਼ਰੂਰੀ ਹੈ ਪੰਜਾਬੀ ਭਾਸ਼ਾ ਦਾ ਗਿਆਨ... ਨਹੀਂ ਤਾਂ ਜਿਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ "ਪੰਜਾਬੀ ਬੋਲੀ ਨੂੰ ਨਕਾਰਨਾ ਸਿੱਖੀ ਲਈ ਨਸਲਕੁਸ਼ੀ ਹੈ " ਬਿਲਕੁਲ ਦੁਰੁਸਤ ਹੈ।

ਪੰਜਾਬੀ ਇਕੱਲੀ ਸਿੱਖਾਂ ਦੀ ਨਹੀਂ, ਹਿੰਦੂ, ਮੁਸਲਮਾਨ ਤੇ ਹੋਰ ਲੋਕ ਵੀ ਬੋਲਦੇ ਹਨ, ਪਰ ਪੰਜਾਬੀ ਬੋਲੀ 'ਤੇ ਹਮਲੇ ਉੱਤੇ ਸਿਰਫ ਸਿੱਖ ਹੀ ਬੋਲੇ ਹਨ, ਕੀ ਦੂਜਿਆਂ ਨੂੰ ਇਸ ਗੱਲ ਨਾਲ ਪਰੇਸ਼ਾਨੀ ਨਹੀਂ? ਜੇ ਨਹੀਂ ਹੈ ਤਾਂ ਉਹ ਕਿਉਂ ਪਰੇਸ਼ਾਨ ਹੁੰਦੇ ਹਨ ਕਿ ਸਿੱਖ ਪੰਜਾਬੀ ਲਈ ਐਨਾ ਜ਼ੋਰ ਕਿਉਂ ਲਾ ਰਹੇ ਹਨ? ਇਹ ਸੋਚਣ ਵਾਲੀ ਗੱਲ ਹੈ। ਇੱਥੋਂ ਤੱਕ ਕੇ ਪੰਜਾਬ ਵਿੱਚ ਵਸਦਾ ਹਿੰਦੂ ਭਾਈਚਾਰਾ ਇਸ ਬਾਰੇ ਕੁਸਕਿਆ ਤੱਕ ਨਹੀਂ!!! ਹੈ ਨਾ ਦੋਗਲਾਪਨ!! ਖੈਰ...

ਆਪਣੇ ਬੱਚਿਆਂ ਨੂੰ ਪੰਜਾਬੀ ਖੁਦ ਪੜ੍ਹਾਓ, ਘਰ ਵਿੱਚ ਸਿਰਫ ਪੰਜਾਬੀ ਬੋਲੋ, ਫਿਰ ਦੇਖਿਓ ਨਤੀਜਾ! ਮੇਰੇ ਤਿੰਨੋਂ ਬੱਚੇ ਜੋ ਕਿ 14, 12, ਤੇ 8 ਸਾਲ ਦੇ ਹਨ, ਤਿੰਨਾਂ ਨੂੰ ਪੰਜਾਬੀ ਲਿਖਣੀ, ਪੜ੍ਹਨੀ ਤੇ ਬੋਲਣੀ ਆੁੳਂਦੀ ਹੈ, ਪੋਥੀ ਸੈਂਚੀਆਂ ਆਪ ਪੜ੍ਹ ਲੈਂਦੇ ਹਨ, ਘਰ ਵਿੱਚ ਤਾਂ ਕੀ, ਆਪਸ ਵਿੱਚ ਵੀ ਪੰਜਾਬੀ ਵਿੱਚ ਗੱਲ ਕਰਦੇ ਹਨ, ਕਿਸੇ ਦੇ ਦਸਤਾਰ ਬੰਨ੍ਹੀ ਹੋਵੇ ਤਾਂ ਵੀ ਪੰਜਾਬੀ  ਹੀ ਬੋਲਦੇ ਹਨ। ਪਰ ਉਨ੍ਹਾਂ ਨੂੰ ਪੰਜਾਬੀ ਦੇ ਨਾਲ ਨਾਲ ਅੰਗ੍ਰੇਜ਼ੀ, ਫੈਂਚ ਤੇ ਹਿੰਦੀ ਵੀ ਆਉਂਦੀ ਹੈ। ਮੈਂ ਆਪਣੀ ਉਦਾਹਰਣ ਤਾਂ ਦਿੱਤੀ ਕਿ ਸਾਡਾ ਪਰਿਵਾਰ ਵੀ ਉਸੇ ਮਾਹੌਲ ਵਿੱਚ ਜੀ ਰਿਹਾ ਹੈ, ਜਿਸ ਵਿੱਚ ਬਾਕੀ ਜੀ ਰਹੇ ਹਨ, ਫਿਰ ਬਾਕੀ ਕਿਉਂ ਨਹੀਂ ਕਰ ਸਕਦੇ? ਇਹ ਵੀ ਨਹੀਂ ਕਿ ਹੋਰ ਐਸੇ ਪਰਿਵਾਰ ਨਹੀਂ, ਪਰ ਉਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ।

ਭਾਸ਼ਾ ਕੋਈ ਵੀ ਮਾੜੀ ਨਹੀਂ, ਬੋਲੀ ਆਪਣੇ ਭਾਵ ਨੂੰ ਸਬਦਾਂ ਰਾਹੀਂ ਪ੍ਰਗਟ ਕਰਣ ਦਾ ਜ਼ਰੀਆ ਹੈ, ਤੇ ਉਹੀ ਜ਼ਰੀਆ ਕਾਮਯਾਬ ਹੁੰਦਾ ਜਿਸ ਵਿੱਚ ਨਿਪੁੰਣਤਾ ਹੋਵੇ। ਅਸੀਂ ਸੋਚਦੇ ਪੰਜਾਬੀ ਵਿੱਚ ਹਾਂ ਤੇ ਦਿਮਾਗ ਵਿੱਚ ਟ੍ਰਾਂਸਲੇਟ ਕਰਕੇ ਅੰਗ੍ਰੇਜ਼ੀ ਬੋਲਦੇ ਹਾਂ। ਆਪਣੀ ਬੋਲੀ ਸਭ ਤੋਂ ਵਧੀਆ ਤਾਂ ਹੈ ਕਿ ਅਸੀਂ ਬੜੀ ਆਸਾਨੀ ਨਾਲ ਆਪਣੇ ਖਿਆਲ ਪੇਸ਼ ਕਰ ਸਕਦੇ ਹਾਂ। ਕੋਈ ਵੀ ਹੋਰ ਭਾਸ਼ਾ ਤੁਹਾਡੇ 'ਤੇ ਥੋਪੀ ਨਹੀਂ ਜਾ ਸਕਦੀ। ਇਸ ਲਈ ਡਰਣ ਦੀ ਬਜਾਏ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ, ਕੋਈ ਭਾਂਵੇਂ 2 ਸਾਲ ਕਹੇ ਜਾਂ ਪਜਾਂਹ ਸਾਲ, ਜੇ ਤੁਸੀਂ, ਹਰ ਕਿਸੇ ਨੇ ਆਪਣਾ ਘਰ ਬਚਾ ਲਿਆ ਤਾਂ ਸਮਝੋ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ। ਕਿ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top