Khalsa News homepage

 

 Share on Facebook

Main News Page

ਗੁਰੂ ਅਰਜੁਨ ਸਾਹਿਬ ਨੇ ਬਾਬਾ ਮੋਹਣ ਦੀ ਉਸਤਤ ਵਿੱਚ ਸ਼ਬਦ ਨਹੀਂ ਉਚਾਰਿਆ
ਕਈ ਫਰਜ਼ੀ ਅਤੇ ਕਈ ਗੁਰਮਤਿ ਵਿਰੋਧੀ ਅਨਸਰਾਂ ਨੂੰ ਸਿੱਖੀ ਦੇ ਵਿਹੜੇ ਵਿੱਚ ਦਿੱਤੀ ਜਾ ਰਹੀ ਮਾਨਤਾ ਖ਼ਤਰਨਾਕ ਹੈ - ਭਾਗ-3
-: ਸੰਪਾਦਕ ਖ਼ਾਲਸਾ ਨਿਊਜ਼
21.11.19

ਨੋਟ: ਹੇਠ ਲਿਖੀ ਲਿਖਤ ਖ਼ਾਲਸਾ ਨਿਊਜ਼ ਨੂੰ ਵਾਟਸਐਪ ਰਾਹੀਂ ਪ੍ਰਾਪਤ ਹੋਈ ਹੈ, ਪਰ ਇਸ 'ਤੇ ਲੇਖਕ ਦਾ ਨਾਮ ਨਹੀਂ ਹੈ। ਜਿਸ ਕਿਸੀ ਨੇ ਵੀ ਇਹ ਲਿਖਿਆਹੋਵੇ ਉਹ ਕੁਮੈਂਟ ਰਾਹੀਂ ਦਸ ਸਕਦਾ ਹੈ। ਧੰਨਵਾਦ ਜੀ।

👉 ਲੜੀ ਜੋੜਨ ਲਈ ਪੜ੍ਹੋ : ਭਾਗ ਪਹਿਲਾ - ਫਰਜ਼ੀ ਭਾਈ ਬਾਲਾ
🚫 ਭਾਗ ਦੂਜਾ - ਦਿਲ ਖੋਟਾ ਤੇ ਗੁਰੂ ਤੋਂ ਆਕੀ "ਸ਼੍ਰੀ ਚੰਦ"
🚫 ਕੋਰਾ ਝੂਠ ਕਿ ਗੁਰੂ ਤੋਂ ਆਕੀ ਸ਼੍ਰੀ ਚੰਦ ਨੇ ਸੁਖਮਨੀ ਦੀ ਬਾਣੀ ਵਿੱਚ
"ਸਲੋਕੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ॥" ਉਚਾਰਿਆ

ਕਈ ਪ੍ਰਚਾਰਕ ਇਹ ਆਖਦੇ ਹਨ ਕਿ ਜਦੋਂ ਗੁਰੂ ਅਰਜਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਲੱਗੇ ਤਾਂ ਉਹਨਾ ਕੋਲ ਪਹਿਲੇ ਚਾਰ ਗੁਰੂ ਸਾਹਿਬਾਨ ਵੱਲੋਂ ਉਚਾਰੀ ਗੁਰਬਾਣੀ ਦੀਆਂ ਪੋਥੀਆਂ ਨਹੀਂ ਸਨ। ਉਹ ਪੋਥੀਆਂ ਗੋਇੰਦਵਾਲ ਬਾਬਾ ਮੋਹਣ ਜੀ ਦੇ ਕੋਲ ਸਨ ਜੋ ੳਨ੍ਹਾਂ ਨੂੰ ਦੇਂਦੇ ਨਹੀਂ ਸਨ । ਇਸ ਕਰਕੇ ਪੰਚਮ ਪਾਤਸ਼ਾਹ ਆਪ ਗੋਇੰਦਵਾਲ, ਬਾਬਾ ਮੋਹਣ ਜੀ ਦੇ ਘਰ ਕੋਲ ਜਾ ਕੇ ਬਾਬਾ ਜੀ ਦੀ ਉਸਤਤ ਵਿੱਚ ਸ਼ਬਦ ਉਚਾਰਿਆ ਸੀ। ਸ਼ਬਦ ਤੋਂ ਖੁਸ਼ ਹੋ ਕੇ ਬਾਬਾ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਪਾਤਸ਼ਾਹ ਨੂੰ ਦਿੱਤੀਆਂ ਸਨ। ਗੁਰੂ ਜੀ ਦੇ ਬਾਬਾ ਮੋਹਣ ਜੀ ਦੀ ਉਸਤਤ ਵਿੱਚ ਸ਼ਬਦ ਉਚਾਰਨ ਵਾਲੀ ਕਹਾਣੀ ਵੀ ਅਜਿਹੇ ਹੀ ਗਿਆਨਹੀਣ ਜਾਂ ਗੁਰਮਤਿ ਦੋਖੀਆਂ ਨੇ ਬਣਾਈ ਹੋਈ ਹੈ। ਇਸ ਸ਼ਬਦ ਵਿੱਚ ਮੋਹਨ ਲਫਜ ਅਕਾਲ ਪੁਰਖ ਲਈ ਵਰਤਿਆ ਗਿਆ ਹੈ ਨਾਂ ਕਿ ਕਿਸੇ ਮਨੁੱਖ ਲਈ ! ਵੇਖਦੇ ਹਾਂ ਇਹ ਸ਼ਬਦ:

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ ॥
ਧਰਮਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧||
ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥
ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥ ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥
ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥ ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥ ( ਮ: ੫, ਪੰਨਾ ੨੪੮)

ਇਸ ਸ਼ਬਦ ਨੂੰ ਧਿਆਨ ਨਾਲ ਪੜ੍ਹਨ ਨਾਲ ਸਾਫ ਪਤਾ ਲੱਗ ਜਾਂਦਾ ਹੈ ਕਿ ਗੁਰੂ ਜੀ ਨੇ ਇਹ ਸ਼ਬਦ ਬਾਬਾ ਮੋਹਣ ਜੀ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਅਕਾਲ ਪੁਰਖ ਦੀ ਉਸਤਤ ਕਰਨ ਲਈ ਉਚਾਰਿਆ ਹੈ ।

ਹੁਣ ਵੇਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੁਝ ਹੋਰ ਮੋਹਨ ਸ਼ਬਦ :

ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥ ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥ (ਮ:੧, ਪੰਨਾ ੧੯੭)
ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥ ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥ (ਮ:੧, ਪੰਨਾ ੧੨)
ਮੋਹਨਿ ਮੋਹਿ ਲੀਆ ਮਨੁ ਮੋਹਿ ॥ ਗੁਰ ਕੈ ਸਬਦਿ ਪਛਾਨਾ ਤੋਹਿ ॥ ਨਾਨਕ ਠਾਢੇ ਚਾਹਹਿ ਪ੍ਰਭੂ ਦੁਆਰਿ ॥ ਤੇਰੇ ਨਾਮਿ ਸੰਤੋਖੇ ਕਿਰਪਾ ਧਾਰਿ ॥ (ਮ:੧, ਪੰਨਾ ੧੮੭)
ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥ ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥ (ਮ:੩, ਪੰਨਾ ੨੪੫)
ੴ ਸਤਿਗੁਰ ਪ੍ਰਸਾਦਿ ॥ ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ ॥ ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥੧|| ਰਹਾਉ ॥ (ਮ:੫, ਪੰਨਾ ੫੩੪)

ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਗੁਰੂ ਦੋਖੀਆਂ ਅਤੇ ਸਿੱਖ ਸਿਧਾਂਤ ਤੋਂ ਅਣਜਾਣ ਅਖੌਤੀ ਸੰਤਾਂ ਸਾਧਾਂ, ਪ੍ਰਚਾਰਕਾਂ ਨੇ ਰਟੀਆਂ ਹੋਈਆਂ ਹਨ। ਜਿੰਨਾਂ ਨੂੰ ਅਜਿਹੇ ਲੋਕ ਗੁਰਦੁਆਰਿਆਂ ਦੀਆਂ ਸਟੇਜ਼ਾਂ ਤੋਂ ਰੋਜਾਨਾ ਹੀ ਸੁਣਾਉਂਦੇ ਰਹਿੰਦੇ ਹਨ।

ਇੰਝ ਹੀ ਕੁਝ ਸਮਾਂ ਪਹਿਲਾਂ ਕਨੇਡਾ ਵਿਖੇ ਇਕ ਅਖੌਤੀ ਸੰਤ ਆਇਆ ਸੀ। ਉਸਨੇ ਵੀ ਇਕ ਰੇਡੀਓ 'ਤੇ ਬੋਲਦਿਆਂ ਕਿਹਾ "ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧|| ਰਹਾਉ॥" (ਮ:੫, ਪੰਨਾ ੪੯੬) ਵਾਲਾ ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਾਤਾ ਬੀਬੀ ਭਾਨੀ ਜੀ ਦਾ ਹੈ । ਜਦ ਕਿ ਇਹ ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਲਾ ੫ਵਾਂ ਦੇ ਸਰਲੇਖ ਹੇਠ ਦਰਜ ਹੈ। ਅਜਿਹਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਅਤੇ ਉਨ੍ਹਾਂ ਦੇ ਅਖੌਤੀ ਸੰਤਾਂ ਸਾਧਾਂ ਦਾ ਅੱਜ ਹਾਲ ਵੀ ਉਹੀ ਹੈ, ਜਿੰਨਾਂ ਤੋਂ ਗੁਰਬਾਣੀ ਸਾਨੂੰ ਇਸ ਸਲੋਕ ਰਾਂਹੀਂ ਸੁਚੇਤ ਕਰਦੀ ਹੈ:

ਸਲੋਕ ॥ ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥
੧॥ (ਮ:੨, ਪੰਨਾ ੧੨੮)

ਅਕਾਲ ਪੁਰਖ! ਜਿਥੇ ਸਿੱਖਾਂ ਨੂੰ ਅੱਜ ਦੇ ਆਪੇ ਬਣੇ ਫਿਰਦੇ ਸੰਤਾਂ ਸਾਧਾਂ ਅਤੇ ਉਨ੍ਹਾਂ ਦੇ ਪੜ੍ਹਾਏ ਪ੍ਰਚਾਰਕਾਂ ਤੋਂ ਸੁਚੇਤ ਰਹਿਣ ਦੀ ਸੁਮੱਤ ਬਖ਼ਸ਼ੇ; ਉਥੇ ਮਾਇਆ ਦੇ ਲਾਲਚ ਵਿੱਚ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਅਤੇ ਸਿੱਖ ਸਿਧਾਂਤ ਵਿਰੋਧੀ ਕਥਾ ਕਹਾਣੀਆਂ ਬਣਾਉਣ ਅਤੇ ਸਿੱਖਾਂ ਵਿੱਚ ਪ੍ਰਚਾਰਨ ਵਾਲਿਆਂ ਨੂੰ ਵੀ ਸੋਝੀ ਤੇ ਸਬਰ ਸੰਤੋਖ ਦੇਵੇ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top