ਹਰ
ਇੱਕ ਸਿੱਖ ਲਈ ਅਤੇ ਸਿੱਖ ਅਖਵਾਉਣ ਵਾਲੇ ਲਈ ਗੁਰੂ ਇੱਕੋ ਹੀ ਹੈ, ਉਹ ਹੈ ਸ਼ਬਦ ਗੁਰੂ
ਅਤੇ ਉਸ ਸ਼ਬਦ ਦੇ ਪ੍ਰਚਾਰ ਹੇਤ ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ
ਸਾਹਿਬ ਤੱਕ ਜਾਮੇ ਬਦਲੇ ਗਏ, ਪਰ
ਪ੍ਰਚਾਰ ਗੁਰਬਾਣੀ ਦਾ ਹੀ ਹੋਇਆ। ਗੁਰੂ ਸਾਹਿਬ ਨੇ ਦੇਹ ਜਾਮਿਆਂ ਤੋਂ ਬਾਅਦ
ਜੀਵਨ ਜਾਚ ਲਈ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਣ ਦਾ ਹੁਕਮ ਕਰਕੇ, ਦੇਹਧਾਰੀ
ਪ੍ਰੰਪਰਾ ਸਮਾਪਤ ਕੀਤੀ।
ਪਰ ਸਿੱਖਾਂ ਦੇ ਮੁਗਲਾਂ ਨਾਲ ਟਕਰਾਅ ਦੇ ਚਲਦੇ, ਗੁਰਦੁਆਰੇ ਬ੍ਰਾਹਮਣਾਂ ਦੇ ਹੱਥ ਆਏ,
ਜਿਥੋਂ ਬ੍ਰਾਹਮਣੀ ਕਰਮਕਾਂਡਾਂ ਦਾ ਦੌਰ ਸ਼ੁਰੂ ਹੋਇਆ, ਜੋ ਹਾਲੇ ਤੱਕ ਜਾਰੀ ਹੈ। ਜੋ
ਰੂਪ ਅੱਜ ਗੁਰਦੁਆਰਿਆਂ ਦਾ ਹੈ, ਉਹ ਬ੍ਰਾਹਮਣ ਦੀ ਦੇਣ ਹੈ, ਨਹੀਂ ਤਾਂ ਸਿੱਖ ਅਖਵਾਉਣ
ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਵੀਚਾਰ ਕਰਕੇ, ਜੀਵਨ ਸੇਧ ਲੈਂਦੇ, ਪਰ
ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਵੀਚਾਰਨਾ ਛੱਡ ਕੇ ਇੱਕ ਮੂਰਤੀ ਤੋਂ
ਵੱਧ ਕੁੱਝ ਨਹੀਂ ਸਮਝਿਆ, ਜੇ ਕਹਿ ਲਿਆ ਜਾਵੇ ਕਿ ਅੱਜ ਦਾ
ਸਿੱਖ ਅਖਵਾਉਣ ਵਾਲਾ ਮੂਰਤੀ ਦਾ
ਪੁਜਾਰੀ ਹੈ, ਤੇ ਕੋਈ ਅਤਿਕਥਨੀ ਨਹੀਂ।
ਅੱਜ ਦਾ ਸਿੱਖ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਏ
ਬੰਦਿਆਂ ਕੋਲੋਂ, ਆਪਣੀ ਜਥੇਬੰਦੀ ਦੇ ਆਗੂ ਨੂੰ ਸਿਰਮੌਰ ਸਮਝਦਾ ਹੈ, ਗੁਰੂ ਨੂੰ ਨਹੀਂ।
ਉਹ ਅਖਵਾਉਂਦਾ ਤਾਂ ਗੁਰੂ ਦਾ ਸਿੱਖ ਹੈ, ਪਰ ਹੈ ਇਸ ਦੇ ਉਲਟ। ਉਹ ਤਸਵੀਰਾਂ, ਪੇੜਾਂ,
ਸ਼ਸਤਰਾਂ, ਗੱਦੀਆਂ, ਕਪੜਿਆਂ, ਜੁੱਤੀਆਂ ਆਦਿ ਹੋਰ ਵਸਤੂਆਂ ਦਾ ਹੀ ਸਿੱਖ ਰਹਿ ਗਿਆ
ਹੈ। ਗੁਰੂ ਦੀ ਵੀਚਾਰ ਦੇ ਤਾਂ ਨੇੜੇ ਹੀ ਨਹੀਂ ਢੁੱਕਦਾ।
ਗੁਰੂ ਨੇ ਕਿਹਾ "ਵਖਤੁ ਵੀਚਾਰੇ ਸੁ ਬੰਦਾ ਹੋਇ ॥",
ਪਰ ਕੀ ਅਸੀਂ ਵਖਤ ਨੂੰ ਵੀਚਾਰਿਆ ਹੈ, ਵੀਚਾਰ ਰਹੇ ਹਾਂ? ਹਾਲੇ ਵੀ ਅਸੀਂ 16 ਵੀਂ ਸਦੀ
ਵਿੱਚ ਹੀ ਜੀ ਰਹੇ ਹਾਂ। ਅਖੇ ਜੀ ਬੰਦਾ ਸਿੰਘ ਬਹਾਦਰ ਨੇ ਆਹ ਕੀਤਾ, ਭਾਈ ਮਨੀ ਸਿੰਘ
ਨੇ ਆਹ ਕੀਤਾ, ਹੋਰ ਸ਼ਹੀਦਾਂ ਨੇ ਆਹ ਕੀਤਾ... ਉਨ੍ਹਾਂ ਨੇ ਵਖਤ ਦੇ ਮੁਤਾਬਿਕ ਸਿਰ
ਵਰਤ ਕੇ ਸੀਸ ਦਿੱਤਾ। ਸੀਸ ਵੀ ਉਨ੍ਹਾਂ ਦਾ ਲਿਆ ਜਾਂਦਾ ਹੈ ਜਿਸਦਾ ਸਿਰ ਕੰਮ ਕਰਦਾ
ਹੋਵੇ। ਇੱਕਲਿਆਂ ਸੀਸ ਦੇਣ ਵਾਲੇ ਹੀ ਨਹੀਂ, ਬਹੁਤ ਵੀਚਾਰਵਾਨ ਸਿੱਖ ਵੀ ਹੋਏ ਨੇ
ਜਿਨ੍ਹਾਂ ਨੇ ਆਪਣੀ ਲੇਖਣੀ, ਕਰਣੀ ਨਾਲ ਪੂਰਨੇ ਪਾਏ। ਅਸੀਂ ਭਾਈ ਗੁਰਦਾਸ ਜੀ, ਭਾਈ
ਨੰਦਨਾਲ ਜੀ, ਪ੍ਰੋ. ਗੁਰਮੁੱਖ ਸਿੰਘ, ਗਿਆਨੀ ਗੁਰਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ
ਆਦਿ ਨੂੰ ਭੁੱਲ ਹੀ ਜਾਂਦੇ ਹਾਂ। ਹੋਰ ਵੀ ਖੇਤਰਾਂ ਵਿੱਚ ਸਿੱਖਾਂ ਨੇ ਆਪਣਾ ਯੋਗਦਾਨ
ਪਾਇਆ ਤੇ ਪਾ ਰਹੇ ਨੇ।
ਗੱਪ, ਕਹਾਣੀਆਂ, ਧੂਤਿਆਂ ਟਕਸਾਲੀਆਂ, ਭਰਮਗਿਆਨੀਆਂ, ਸੰਪਰਦਾਵਾਂ, ਡੇਰੇਦਾਰਾਂ, ਤਖ਼ਤਾਂ,
ਜੱਥੇਦਾਰਾਂ, ਪੁਰਾਣੇ-ਨਵੇਂ ਸਾਧਾਂ ਦੀਆਂ ਬਕਵਾਸਾਂ / ਡਾਇਲਾਗਬਾਜ਼ੀ ਤੋਂ ਪਰੇ ਹੱਟ
ਕੇ, ਸਿੱਧਾ "ਗੁਰਬਾਣੀ ਇਸੁ ਜਗ ਮਹਿ ਚਾਨਣੁ..." ਨਾਲ ਜੁੜੋ, ਜਿਸ ਨਾਲ ਆਪਣਾ, ਆਪਣੇ
ਪਰਿਵਾਰ, ਕੌਮ ਦਾ ਕੁੱਝ ਸੁਧਾਰ ਹੋ ਸਕੇ। ਆਪਣਾ ਸਮਾਂ ਤੇ
ਪੈਸਾ ਕਥਿਤ ਪਾਠ, ਅਖੰਡ ਪਾਠਾਂ, ਕੀਰਤਨ ਦਰਬਾਰ, ਜਲੂਸ, ਗੋਲਕਦੁਆਰਿਆਂ, ਸਾਧਾਂ,
ਪ੍ਰਚਾਰਕਾਂ ਆਦਿ ਦੀਆਂ ਹਵਾਈ ਟਿਕਟਾਂ 'ਤੇ ਬਰਬਾਦ ਕਰਣ ਦੀ ਬਜਾਏ ਆਪ
ਗੁਰਬਾਣੀ ਪੜ੍ਹੋ, ਸਮਝੋ ਤੇ ਸਮੇਂ ਦੇ ਹਾਣੀ ਬਣੋ, ਤੇ ਆਪਣੇ ਕਿਰਦਾਰ ਰਾਹੀਂ ਪ੍ਰਚਾਰ
ਕਰੋ, ਨਾ ਕਿ ਸਿਰਫ ਬਾਹਰੀ ਦਿੱਖ ਨਾਲ। ਬਾਹਰੀ ਦਿੱਖ ਵੀ
ਤਾਂ ਹੀ ਸਫਲ ਹੈ ਜੇ ਕਿਰਦਾਰ ਸਹੀ ਹੈ, ਨਹੀਂ ਤਾਂ "ਫਲੀਅਹਿ
ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥" ਵਾਲੀ ਹਾਲਤ ਹੈ, ਜਿਸਦਾ ਅੱਜ ਕੌਮ
ਫਲ ਭੁਗਤ ਰਹੀ ਹੈ। ਪੰਜ ਕਕਾਰੀ ਭੇਖ ਕੋਈ ਧਰਮੀ ਹੋਣ ਦੀ ਨਿਸ਼ਾਨੀ ਨਹੀਂ, ਜੇ ਅੰਦਰ
ਗੁਰਮਤਿ ਨਹੀਂ "ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ
॥" ਵਾਲੀ ਹਲਾਤ ਅੱਜ ਪ੍ਰਤਖ ਦਿੱਸ ਰਹੀ ਹੈ।
ਸਾਨੂੰ ਆਪਣਾ ਗੁਰਮਤਿ ਅਨੁਸਾਰੀ ਇਤਿਹਾਸ ਨਹੀਂ ਭੁੱਲਣਾ
ਚਾਹੀਦਾ, ਇਤਿਹਾਸ ਦੇ ਸਿਰ 'ਤੇ ਹੀ ਸਿਰਫ ਬੜ੍ਹਕੀ ਜਾਣਾ ਸਹੀ ਨਹੀਂ। ਅਸੀਂ
ਅੱਜ ਕੀ ਹਾਂ ਦੇਖਣਾ ਤਾਂ ਉਹ ਹੈ! ਹਾਲੇ ਵੀ 21ਵੀਂ ਸਦੀ
ਵਿੱਚ ਅਸੀਂ ਉਦਾਹਰਣਾਂ 16-17ਵੀਂ ਸਦੀ ਦੀਆਂ ਦੇਈ ਜਾਂਦੇ ਹਾਂ। ਅੱਜ ਦਾ
ਮਾਹੌਲ, ਅੱਜ ਦੀਆਂ ਦਿੱਕਤਾਂ-ਔਕੜਾਂ ਵੱਖ ਹਨ ਉਸ ਜ਼ਮਾਨੇ ਤੋਂ। "ਸਾਹਿਬੁ
ਮੇਰਾ ਨੀਤ ਨਵਾ..." ਪੜ੍ਹਨ ਸੁਣਨ ਵਾਲਾ ਸਿੱਖ ਹਾਲੇ ਵੀ ਦੇਖੀ ਪਿੱਛਾਂਹ
ਨੂੰ ਜਾਂਦਾ... ਅੱਜ ਦੇ ਸੰਦਰਭ ਵਿੱਚ ਸਾਨੂੰ ਗੁਰਬਾਣੀ ਤੋਂ ਸੇਧ ਲੈਂਦੇ ਹੋਏ ਫੈਸਲੇ
ਵੀ ਅੱਜ ਮੁਤਾਬਿਕ ਹੀ ਲੈਣੇ ਪੈਣਗੇ... ਇਤਿਹਾਸ ਜਿੰਨਾਂ ਮਰਜ਼ੀ ਸੁਨਿਹਰਾ ਹੋਵੇ,
ਵਰਤਮਾਨ ਕੈਸਾ ਹੈ ਤੁਹਾਨੂੰ ਜਾਣਿਆ ਉਸ ਨਾਲ ਜਾਂਦਾ ਹੈ... "ਮੂ
ਪਿਤਰਮ ਸੁਲਤਾਨ ਬੂ" ਮਤਲਬ.. ਮੇਰਾ ਪਿਓ ਸੁਲਤਾਨ ਸੀ...
ਪਰ ਸਿੱਖਾ, ਅੱਜ ਤੂੰ ਕੀ ਹੈਂ? ਗੱਲ ਤਾਂ ਇੱਥੇ
ਖੜੀ ਹੈ।