ਕਿਹਾ ਜਾਂਦਾ ਹੈ ਕਿ
"ਜ਼ਫ਼ਰਨਾਮਾ" ਉਹੀ
ਚਿੱਠੀ ਹੈ ਜੋ ਗੁਰੂ ਜੀ ਨੇ ਔਰੰਗਜ਼ੇਬ ਨੂੰ ਦੀਨਾ-ਕਾਂਗੜ ਵਿੱਚ ਬੈਠ ਕੇ ਲਿਖੀ ਸੀ।
ਜ਼ਫ਼ਰਨਾਮਾ ਨਾਂ ਦੀ ਫ਼ਾਰਸੀ ਕਵਿਤਾ ਖ਼ੂਬਸੂਰਤ ਹੈ;
ਯਕੀਨਨ ਇਹ ਕਿਸੇ ਫ਼ਾਰਸੀ ਜ਼ਬਾਨ ਦੇ ਮਾਹਿਰ ਦੀ ਲਿਖੀ ਹੋਈ ਹੈ। ਇਸ ਗੁਰੂ ਗੋਬਿੰਦ
ਸਿੰਘ ਦਾ ਉਹ ਖ਼ਤ ਨਹੀਂ ਹੈ, ਜੋ ਉਨ੍ਹਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ।
ਚਮਕੌਰ
ਦੀ ਜੰਗ ਦਾ ਜ਼ਿਕਰ ਇਨਾਇਤੁੱਲਾ ਖ਼ਾਨ (ਮੌਤ 1725) ਨੇ ਆਪਣੀ ਕਿਤਾਬ
‘ਅਹਿਕਾਮ-ਇ-ਆਲਮਗੀਰੀ’ ਵਿੱਚ ਕੀਤਾ ਹੈ। ਇਸੇ
ਕਿਤਾਬ ਮੁਤਾਬਿਕ ਗੁਰੂ ਜੀ ਦੀ ਚਿੱਠੀ ਮਿਲਣ ‘ਤੇ ਔਰੰਗਜ਼ੇਬ ਨੇ ਦੋ ਅਹਿਦੀਏ (ਸ਼ੇਖ਼
ਯਾਰ ਮੁਹੰਮਦ ਮਨਸਬਦਾਰ ਤੇ ਮੁਹੰਮਦ ਬੇਗ਼ ਗੁਰਜ-ਬਰਦਾਰ) ਗੁਰੂ ਸਾਹਿਬ ਨੂੰ ਉਸ ਨਾਲ
ਮੁਲਾਕਾਤ ਕਰਵਾਉਣ ਲਈ ਲਿਆਉਣ ਵਾਸਤੇ ਭੇਜੇ ਸਨ ਅਤੇ ਲਾਹੌਰ ਤੇ ਸਰਹੰਦ ਦੇ ਸੂਬੇਦਾਰ
ਨੂੰ ਖ਼ਤ ਵੀ ਲਿਖੇ ਸਨ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਖ਼ਤ
ਮੁਗਲ ਬਾਦਸ਼ਾਹ ਔਰੰਗਜੇਬ ਨੂੰ, ਪਿੰਡ ਦੀਨਾ-ਕਾਂਗੜ ਵਿਖੇ 22 ਦਸੰਬਰ 1705 ਦੇ ਦਿਨ
ਲਿਖਿਆ ਸੀ, ਉਸ ਖ਼ਤ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਦੋ ਅਹਿਦੀਏ ਅਤੇ ਜੋ ਹਦਾਇਤਾਂ
ਸਰਹੰਦ ਤੇ ਲਾਹੌਰ ਦੇ ਸੂਬੇਦਾਰਾਂ ਨੂੰ ਭੇਜੀਆਂ ਸਨ, ਉਹ ਇਸ ‘ਜ਼ਫ਼ਰਨਾਮਾ’ ਨਾਂ ਦੀ
ਕਵਿਤਾ ਨੂੰ ਪੜ੍ਹ ਕੇ ਭੇਜੀਆਂ ਨਹੀਂ ਹੋ ਸਕਦੀਆਂ। ਉਹ ਖ਼ਤ
ਯਕੀਨਨ ਹੋਰ ਹੋਵੇਗਾ ਤੇ ਇਹ ਲਿਖਤ ਮਗਰੋਂ ਕਿਸੇ ਕਵੀ ਨੇ ਲਿਖੀ ਹੋਵੇਗੀ। ਜੇ
ਗੁਰੁ ਜੀ ਨੇ ਸਚਮੁਚ ਇਹੀ ਖ਼ਤ ਲਿਖਿਆ ਹੁੰਦਾ ਤਾਂ ਔਰੰਗਜ਼ੇਬ ਸਗੋਂ ਗੁੱਸੇ ਵਿੱਚ ਆਉਂਦਾ,
ਜਿਵੇਂ ਕਿ ਉਸ ਦਾ ਸੁਭਾਅ ਸੀ।
ਫਿਰ ਇਕ ਹੋਰ ਸਵਾਲ ਇਹ ਵੀ ਹੈ ਕਿ
ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਦੀ ਏਨੀ ਚਾਪਲੂਸੀ ਕਰ ਸਕਦੇ ਸਨ?: ਪੜੋ
ਮੌਜੂਦਾ ਅਖੌਤੀ ਜ਼ਫ਼ਰਨਾਮਾ ਲਿਖਤ...
ਖ਼ੁਸ਼ਸ਼ ਸ਼ਾਹਿ
ਸ਼ਾਹਾਨ ਔਰੰਗਜ਼ੇਬ, ਕਿ ਚਾਲਾਕ ਦਸਤੁ ਅਸਤੁ ਚਾਬੁਕ ਰਕੇਬ।
(ਹੇ! ਔਰੰਗਜ਼ੇਬ, ਤੂੰ ਨੇਕ ਹੈਂ, ਸ਼ਾਹਾਂ ਦਾ ਸ਼ਾਹ (ਬਾਦਸ਼ਾਹ) ਹੈਂ। ਤੂੰ ਅਕਲਮੰਦ ਹੈ,
ਤਲਵਾਰ ਚਲਾਉਣ ਵਿੱਚ ਮਾਹਿਰ ਹੈ; ਫ਼ੁਰਤੀਲਾ ਘੋੜ ਸਵਾਰ ਹੈਂ)।
ਚਿ ਹੁਸਨਲ
ਜਮਾਸਤੁ ਰੋਸ਼ਨ ਜ਼ਮੀਰ, ਖ਼ੁਦਾਵੰਦ ਮੁਲਕ ਅਸਤੁ ਸਾਹਿਬ ਅਮੀਰ।
(ਤੂੰ ਖ਼ੂਬਸੂਰਤ ਹੈਂ, ਜਲਾਲ ਵਾਲਾ ਹੈਂ; ਤੂੰ ਉਚੀ ਜ਼ਮੀਰ ਵਾਲਾ ਜਾਣਿਆ ਜਾਂਦਾ ਹੈਂ।
ਤੂੰ ਮੁਲਕ ਦਾ ਮਾਲਕ ਅਤੇ ਅਮੀਰਾਂ, ਯਾਨਿ ਹਾਕਮਾਂ, ਦਾ ਵੀ ਮਾਲਕ ਹੈਂ)।
ਕਿ ਤਰਤੀਬ
ਦਾਨਸ਼ ਬ ਤਦਬੀਰ ਤੇਗ਼; ਖ਼ੁਦਾਵੰਦ ਦੇਗ਼ੋ ਖ਼ੁਦਾਵੰਤ ਤੇਗ਼।
(ਤੂੰ ਚੰਗੀ ਅਕਲ ਵਾਲਾ ਤੇ ਤਲਵਾਰ ਚਲਾਉਣ ਦਾ ਮਾਹਿਰ ਹੈ। ਤੂੰ ਦੇਗ਼ ਦਾ ਮਾਲਕ ਤੇ
ਤੇਗ਼ ਦਾ ਮਾਲਕ ਹੈਂ)।
ਕਿ ਰੌਸ਼ਨ ਜ਼ਮਰਿ
ਅਸਤੁ ਹੁਸਨ ਜਮਾਲ; ਖ਼ੁਦਾਵੰਦ ਬਖ਼ਸ਼ਿੰਦਹੇ ਮੁਲਕੋ ਮਾਲ।
(ਤੂੰ ਉਚੀ ਜ਼ਮੀਰ ਵਾਲਾ ਤੇ ਖ਼ੂਬਸੂਰਤ ਰੂਪ ਵਾਲਾ ਹੈਂ। ਤੂੰ ਮੁਲਕ ਅਤੇ ਮਾਲ ਦਾ ਮਾਲਕ
ਤੇ ਬਖ਼ਸ਼ਿਸ਼ਾਂ ਕਰਨ ਵਾਲਾ ਹੈਂ)।
ਕੀ ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਵਾਸਤੇ ਇਹ ਲਫ਼ਜ਼
ਇਸਤੇਮਾਲ ਕਰ ਸਕਦੇ ਸਨ? ਹਰਗਿਜ਼ ਨਹੀਂ। ਸੋ, ਇਹ ਗੁਰੂ ਲਿਖਤ ਨਹੀਂ ਹੋ ਸਕਦੀ।
ਇਕ ਹੋਰ ਨੁਕਤਾ ਕਿ ਮੁੜ ਕੇ ਸਿੱਖਾਂ
ਕੋਲ ਇਹ ਜ਼ਫ਼ਰਨਾਮਾ ਨਾਂ ਦੀ ਕਵਿਤਾ ਪੁੱਜੀ ਕਿਵੇਂ?
- ਕੀ ਗੁਰੂ ਜੀ ਨੇ ਇਸ ਦੀ ਕਾਪੀ ਕਰ ਕੇ
ਰੱਖੀ ਹੋਈ ਸੀ?
- ਕੀ ਔਰੰਗਜ਼ੇਬ ਨੇ ਇਹ ਵਾਪਿਸ ਵੀ ਕਰ ਦਿੱਤੀ ਸੀ? ਇਹ
ਦੋਵੇਂ ਗੱਲਾਂ ਨਹੀਂ ਹਨ। ਸੋ, ਯਕੀਨਨ ਇਹ ਰਚਨਾ ਗੁਰੂ ਜੀ ਦੀ ਹਰਗਿਜ਼ ਨਹੀਂ
ਤੇ ਮਗਰੋਂ ਕਿਸੇ ਕਵੀ ਨੇ ਲਿਖੀ ਸੀ।
ਧੰਨਵਾਦ