ਪੜ੍ਹਨਾ
ਲਿਖਣਾ ਇਕ ਬਹੁਤ ਹੀ ਉੱਤਮ ਅਤੇ ਜ਼ਰੂਰੀ ਕਾਰਜ ਹੈ, ਜਿਸ ਨਾਲ ਇੱਕ ਚੰਗਾ ਸਭਿਯਕ
ਮਨੁੱਖ ਬਣਿਆ ਜਾ ਸਕਦਾ ਹੈ। ਪੁਰਾਣੇ ਸਮੇਂ ਵਿੱਚ ਪੜ੍ਹਾਈ ਲਿਖਾਈ ਲਈ
ਜ਼ਿਆਦਾਤਰ ਰਿਸ਼ੀ ਮੁਨੀਆਂ ਕੋਲ ਜਾਣਾ ਪੈਂਦਾ ਸੀ, ਜਿੱਥੇ ਸਿਰਫ ਪੁਰਸ਼ਾਂ ਨੂੰ ਵਿਦਿਆ
ਦਿੱਤੀ ਜਾਂਦੀ ਸੀ, ਤੇ ਉਸ ਵਿੱਚ ਵੀ ਬ੍ਰਾਹਮਣ ਦਾ ਏਕਾਧਿਕਾਰ ਸੀ, ਇਸਤਰੀਆਂ ਲਈ ਇਹ
ਮੁਮਕਿਨ ਨਹੀਂ ਸੀ। ਸਮੇਂ ਦੇ ਬਦਲਾਵ ਨਾਲ ਇਸਤਰੀਆਂ ਨੂੰ ਵੀ ਅਧਿਕਾਰ ਮਿਲ ਗਿਆ। ਕਈ
ਬ੍ਰਾਹਮਣਾਂ ਵੱਲੋਂ ਦੂਜੇ ਬ੍ਰਾਹਮਣਾਂ ਨੂੰ ਨੀਵਾਂ ਦਿਖਾਉਣ ਲਈ ਸ਼ਾਸਤਰਾਰਥ ਕਰਦੇ
ਹੁੰਦੇ ਸੀ, ਜਿਸ ਨਾਲ ਆਪਣੀ ਵਿਦਿਆ ਦਾ ਡੰਕਾ ਵਜਾਉਣ ਦੀ ਪਿਰਤ ਪਈ ਸੀ, ਜਿਸ ਨਾਲ
ਵਿਦਿਆ ਦਾ ਹੰਕਾਰ ਸਿਰ ਚੜ੍ਹ ਕੇ ਬੋਲਣ ਲੱਗ ਜਾਂਦਾ ਸੀ।
ਅੱਜ ਦੇ ਜ਼ਮਾਨੇ ਵਿੱਚ ਪੜ੍ਹਾਈ ਲਿਖਾਈ ਸਮਝਦਾਰ ਬਣਨ ਲਈ
ਨਹੀਂ, ਸਿਰਫ ਨੌਕਰੀ ਕੰਮ ਧੰਦੇ ਖਾਤਿਰ ਹੀ ਹੋ ਰਹੀ ਹੈ।
ਇਸ ਪੜ੍ਹੇ ਲਿਖੇ ਸੰਸਾਰ ਵਿੱਚ ਅੱਜ ਬੁੱਧੀ ਦਾ ਮਿਆਰ
ਬਹੁਤ ਨੀਵਾਂ ਹੁੰਦਾ ਜਾ ਰਿਹਾ, ਚਾਹੇ ਉਹ ਵਿਦਿਆ ਦਾ ਖੇਤਰ ਹੋਵੇ, ਧਾਰਮਿਕ ਖੇਤਰ
ਹੋਵੇ ਜਾਂ ਪਰਿਵਾਰਕ ਮਾਹੌਲ ਹੋਵੇ। ਦੁਨੀਆ ਪੜ੍ਹ
ਲਿੱਖ ਤਾਂ ਭਾਵੇਂ ਬਹੁਤ ਗਈ ਹੈ, ਪਰ ਅੱਜ ਵੀ ਸਮਝ ਦਾ ਪੱਧਰ, ਆਪਸੀ ਬੋਲਚਾਲ ਦੀ ਭਾਸ਼ਾ,
ਆਪਣੇ ਪੜ੍ਹੇ ਲਿਖੇ ਹੋਣ ਦਾ ਹੰਕਾਰ, ਬੰਦੇ ਨੂੰ ਬੰਦਾ ਨਾ ਸਮਝਣਾ ਆਦਿ ਦੀ ਨਾਮੁਰਾਦ
ਬਿਮਾਰੀ ਬਹੁਤ ਵੱਧ ਚੁਕੀ ਹੈ।
ਹੋਣਾ ਤਾਂ ਇਹ ਚਾਹੀਦਾ ਸੀ ਕਿ ਕੋਈ ਪੜ੍ਹ ਲਿਖ
ਕੇ ਆਪਣੇ ਪਰਿਵਾਰ, ਕੌਮ, ਦੇਸ਼ ਲਈ ਕੋਈ
ਉਸਾਰੂ ਕੰਮ ਕਰਦਾ, ਪਰ ਇਹ ਹੋ ਨਾ ਸਕਿਆ।
ਪੜ੍ਹ ਪੜ੍ਹ ਕੇ ਕਈਆਂ ਨੇ ਡਿਗਰੀਆਂ ਦੀ ਭਰਮਾਰ ਤਾਂ ਭਾਂਵੇ ਕਰ ਲਈ ਹੋਵੇ, ਪਰ "ਕੌਮਨ
ਸੈਂਸ" ਨਾਮ ਦੀ ਚੀਜ਼ ਗੁਆਚ ਗਈ। ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਵਿੱਚ ਇਸ ਬਾਬਤ
ਕਿਹਾ
ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ
ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ
॥ ਨਾਨਕ ਲੇਖੈ ਇਕ ਗਲ
ਹੋਰੁ ਹਉਮੈ ਝਖਣਾ ਝਾਖ ॥੧॥
ਅਰਥ:
ਜੇ ਇਤਨੀਆਂ ਪੋਥੀਆਂ ਕਿਤਾਬਾਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ
ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ; ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ,
ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ; ਜੇ ਪੜ੍ਹ ਪੜ੍ਹ ਕੇ
ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ
ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ
ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ ਤਾਂ ਭੀ
ਜੇ ਆਪਣੀ ਜ਼ਿੰਦਗੀ ਦਾ ਲੇਖਾ ਸੁਧਾਰ ਨਾ ਸਕਿਆ, ਜ਼ਿੰਦਗੀ ਦਾ ਪੱਧਰ ਉੱਚਾ ਨਾ
ਕਰ ਸਕਿਆ, ਅਤੇ ਸਿਰਫ ਇਸ ਹਉਮੈ ਵਿੱਚ ਰਹਿਆ ਕਿ ਮੈਂ ਬਹੁਤ ਪੜਿਆ ਲਿਖਿਆ ਹਾਂ,
ਤਾਂ ਇਹ ਸਿਰਫ ਝੱਖ ਮਾਰਣ ਦੇ ਬਰਾਬਰ ਹੀ ਹੈ।
ਇਹ ਪੜਾਈ ਚਾਹੇ ਦੁਨਿਆਵੀ ਹੋਵੇ ਚਾਹੇ ਗੁਰਬਾਣੀ ਦੇ ਰੱਟੇ ਮਾਰਕੇ ਗੱਡੇ ਭਰ ਲਏ ਜਾਣ,
ਜੇ ਆਪਣੀ, ਆਪਣੇ ਪਰਿਵਾਰ, ਕੌਮ, ਦੇਸ਼... ਕਿਸੇ ਦੀ ਜ਼ਿੰਦਗੀ ਨੂੰ ਸੁਖਾਲਾ ਨਾ ਕਰ
ਸਕਿਆ, ਜੇ ਮਨੁੱਖ ਨਾ ਬਣਿਆ ਤਾਂ ਸਭ ਵਿਅਰਥ ਹੈ।
ਗੁਰੂ ਨਾਨਕ ਸਾਹਿਬ ਆਖਦੇ ਹਨ ਆਸਾ ਮਹਲਾ ੧ ਚਉਪਦੇ ॥
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
{ਪੰਨਾ 356}
(ਵਿਦਿਆ ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ
ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।
ਆਸ ਹੈ ਕਿ ਅਸੀਂ ਵਿਚਾਰਵਾਨ, ਬਿਬੇਕੀ ਬਣਾਂਗੇ ਅਤੇ ਆਪਣੇ
ਚੌਗਿਰਦੇ ਨੂੰ ਸਵਾਰਾਂਗੇ।