ਗੁਰੂ
ਗ੍ਰੰਥ ਸਾਹਿਬ ਵਿੱਚ ਫੁਨਹੇ
ਮਹਲਾ ੫ ਸਿਰਲੇਖ ਹੇਠ 23 ਬੰਦ ਹਨ, ਜਿਨ੍ਹਾਂ ਵਿੱਚ ਹੀ ਹੇਠ ਲਿਖਿਆ 10ਵਾਂ ਬੰਦ ਵੀ ਹੈ।
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ
॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥
ਪਦ ਅਰਥ: ਥਾਵ = (ਲਫ਼ਜ਼ 'ਥਾਉ' ਤੋਂ ਬਹੁ-ਵਚਨ) ।
ਸਭੇ ਥਾਵ = ਸਾਰੇ ਥਾਂ।
ਤੁਧੁ ਜੇਹਿਆ = ਤੇਰੇ ਬਰਾਬਰ ਦਾ। ਬਧੋਹੁ =
ਤੈਨੂੰ ਬੰਨ੍ਹਿਆ ਹੈ, ਤੈਨੂੰ ਬਣਾਇਆ ਹੈ। ਪੁਰਖਿ = (ਅਕਾਲ-)
ਪੁਰਖ ਨੇ। ਬਿਧਾਤੈ = ਸਿਰਜਣਹਾਰ ਨੇ।
ਸੋਹਿਆ = ਸੋਹਣਾ ਦਿੱਸਦਾ ਹੈਂ।
ਵਸਦੀ = ਵੱਸੋਂ, (ਉੱਚੇ ਆਤਮਕ ਗੁਣਾਂ ਦੀ) ਵੱਸੋਂ।
ਸਘਨ = ਸੰਘਣੀ। ਅਪਾਰ
= ਬੇਅੰਤ। ਅਨੂਪ = (ਅਨ-ਊਪ) ਉਪਮਾ-ਰਹਿਤ,
ਬੇ-ਮਿਸਾਲ। ਰਾਮਦਾਸ = ਰਾਮ ਦੇ ਦਾਸ।
ਰਾਮਦਾਸਪੁਰ = ਹੇ ਰਾਮ ਦੇ ਦਾਸਾਂ ਦੇ ਨਗਰ! ਹੇ
ਸਤਸੰਗ! ਨਾਨਕ = ਹੇ ਨਾਨਕ! ਕਸਮਲ = (ਸਾਰੇ) ਪਾਪ।
ਜਾਹਿ = ਦੂਰ ਹੋ ਜਾਂਦੇ ਹਨ।
ਰਾਮਦਾਸ ਸਰ = ਹੇ ਰਾਮ ਦੇ ਦਾਸਾਂ ਦੇ ਸਰੋਵਰ!
ਨਾਇਐ = (ਤੇਰੇ ਵਿਚ) ਇਸ਼ਨਾਨ ਕੀਤਿਆਂ।10।
ਅਰਥ: ਹੇ ਨਾਨਕ! (ਆਖ-) ਹੇ
ਰਾਮ ਦੇ ਦਾਸਾਂ ਦੇ ਸਰੋਵਰ! (ਹੇ ਸਤਸੰਗ! ਤੇਰੇ ਵਿਚ ਆਤਮਕ) ਇਸ਼ਨਾਨ ਕੀਤਿਆਂ! (ਮਨੁੱਖ
ਦੇ ਮਨ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!)
(ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ) ਵੱਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇ-ਬਿਸਾਲ
ਹੈ। ਹੇ ਰਾਮ ਦੇ ਦਾਸਾਂ ਦੇ ਸ਼ਹਰ! ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, (ਪਰ) ਤੇਰੇ ਬਰਾਬਰ
ਦਾ (ਮੈਨੂੰ ਕੋਈ) ਨਹੀਂ (ਦਿੱਸਿਆ) । ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) ਤੇਰੀ
ਨੀਂਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ ਤੂੰ (ਉਸ ਦੇ ਆਤਮਕ ਗੁਣਾਂ
ਦੀ ਬਰਕਤਿ ਨਾਲ) ਸੋਹਣਾ ਦਿੱਸਦਾ ਰਿਹਾ ਹੈਂ।10।
ਗੁਰੂ ਦੀ ਸੰਗਤਿ ਇਕ ਸਰੋਵਰ ਹੈ, ਜਿਸ
ਵਿਚ ਆਤਮਕ ਇਸ਼ਨਾਨ ਕੀਤਿਆਂ ਮਨੁੱਖ ਦੇ ਮਨ ਦੇ ਸਾਰੇ ਪਾਪ ਧੁਪ ਜਾਂਦੇ ਹਨ। ਸਾਧ-ਸੰਗਤਿ,
ਮਾਨੋ, ਇਕ ਸ਼ਹਿਰ ਹੈ ਜਿਸ ਵਿਚ ਆਤਮਕ-ਗੁਣਾਂ ਦੀ ਸੰਘਣੀ ਵੱਸੋਂ ਹੈ। ਸਾਧ-ਸੰਗਤਿ ਵਿਚ
ਟਿਕਿਆਂ ਦੁਨੀਆ ਦੇ ਪਾਪ-ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦੇ।
ਉਪਰੋਕਤ ਅਰਥ ਪ੍ਰੋ. ਸਾਹਿਬ ਸਿੰਘ ਵੱਲੋਂ
ਕੀਤੇ ਗਏ ਹਨ, ਇਸ 10ਵੇਂ ਬੰਦ "ਡਿਠੇ ਸਭੇ ਥਾਵ ਨਹੀ ਤੁਧੁ
ਜੇਹਿਆ ॥" ਦਾ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਕੋਈ ਸੰਬੰਧ ਨਹੀਂ ਹੈ।