ਗੁਰੂ
ਗ੍ਰੰਥ ਸਾਹਿਬ ਜੀ ਨੂੰ ਪੜਨ ਅਤੇ ਵਿਚਾਰਨ ਤੋਂ ਬਾਅਦ ਪਤਾ ਲਗਦਾ ਹੈ ਕੇ ੩੫ ਦੇ ੩੫
ਮਹਾਂਪੁਰਸ਼ ਆਪਣੀ ਲਿੱਖੀ ਬਾਣੀ ਵਿੱਚ ਇੱਕੋ ਸਿਧਾਂਤ ਦੀ ਗਲ ਕਰਦੇ ਹਨ। ਉਹ ਬਾਣੀ ਭਾਵੇਂ
ਭਗਤ ਫਰੀਦ ਜੀ ਦੀ ਹੋਵੇ, ਜਾਂ ਫਿਰ ਗੁਰੂ ਤੇਗ ਬਹਾਦੁਰ ਜੀ ਦੀ ਸਿਧਾਂਤ ਇੱਕੋ ਹੀ ਹੈ। ਇਸੇ
ਤਰਾਂ ਬਾਣੀ ਨੂੰ ਸਮਝਣ ਵਾਲਿਆਂ ਦਾ ਸਿਧਾਂਤ ਵੀ ਸਿਰਫ ਤੇ ਸਿਰਫ ਇੱਕ ਹੀ ਹੋ ਸਕਦਾ ਹੈ,
ਅਲੱਗ ਲੱਗ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਸਮੇ ਤੋਂ ਹੀ ਇਸ ਵਿਚਾਰਧਾਰਾ ਦਾ ਵਿਰੋਧ
ਸ਼ੁਰੂ ਹੋ ਗਿਆ ਸੀ ਤੇ ਵਿਰੋਧ ਕਰਣ ਵਾਲਾ ਕੋਈ ਹੋਰ ਨਹੀਂ ਓਹਨਾ
ਦੇ ਆਪਣਾ ਪੁਤਰ ਸ੍ਰੀ ਚੰਦ ਹੀ ਸੀ।
ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ॥
ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ੍ਹ ਮੁਰਟੀਐ॥
ਦਿਲਿ ਖੋਟੈ ਆਕੀ ਫਿਰਨਿ੍ਹ੍ਹ, ਬੰਨਿ੍ਹ੍ਹ ਭਾਰੁ ਉਚਾਇਨਿ੍ਹ੍ਹ ਛਟੀਐ॥
{ਪੰਨਾ ੯੬੭}
ਅਰਥ
: - ਗੁਰੂ ਨਾਨਕ ਸਾਹਿਬ ਜੀ ਨੇ ਜੋ ਵੀ ਹੁਕਮ ਕੀਤਾ, ਗੁਰੂ ਅੰਗਦ ਸਾਹਿਬ ਜੀ ਨੇ
ਉਸ ਨੂੰ ਸੱਚ ਕਰਕੇ ਮੰਨਿਆ, ਅਤੇ ਆਪ ਨੇ ਉਸ ਦੇ ਮੰਨਣ ਤੋਂ ਕਦੇ ਨਾਂਹ ਨਹੀਂ ਕੀਤੀ।
ਸਤਿਗੁਰੂ ਜੀ ਦੇ ਪੁਤ੍ਰਾਂ ਨੇ ਬਚਨ ਨਾ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਸਦਾ ਹੁਕਮ ਹੀ
ਮੋੜਦੇ ਰਹੇ। ਅਜਿਹੇ ਲੋਕ ਜੋ ਖੋਟੇ ਦਿਲਾਂ ਵਾਲੇ ਹੋਣ ਕਾਰਨ ਗੁਰੂ ਵੱਲੋਂ ਆਕੀ ਹੋਏ ਫਿਰਦੇ
ਹਨ ਅਤੇ ਦੁਨੀਆ ਦੇ ਧੰਧਿਆਂ ਦੀ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।
ਇਸ ਤੋਂ ਬਾਅਦ ਦਾਤੂ, ਦਾਸੂ, ਮੋਹਨ, ਮੋਹਰੀ, ਪ੍ਰਿਥੀਚੰਦ,
ਰਾਮਰਾਏ, ਮੇਹਰਬਾਨ, ਧੀਰਮਲ ਕੋਈ ਬਗਾਨੇ ਨਹੀਂ ਸਨ। ਫਿਰ ਅੱਜ ਸਾਨੂੰ ਸਿੱਖੀ
ਸਰੂਪ ਵਾਲਿਆਂ ਦਾ ਵਿਰੋਧ ਦੇਖ ਕੇ ਇਸ ਤਰਾਂ ਕਿਉਂ ਲਗਦਾ ਹੈ ਕੇ “ਸਿੱਖ ਹੀ ਸਿੱਖ ਦਾ
ਦੁਸ਼ਮਣ ਹੈ” ਅਸਲ ਵਿੱਚ ਲੜਾਈ ਸਿਰਫ
ਵਿਚਾਰਧਾਰਾ ਦੀ ਸੀ, ਹੈ ਤੇ ਹਮੇਸ਼ਾਂ ਰਹੇਗੀ।
ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ।
ਲਖਮੀਦਾਸਹੁ ਧਰਮਚੰਦ ਪੋਤਾ ਹੁਇਕੈ ਆਪੁ ਗਣਾਇਆ।
ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ।
ਮੋਹਣੁ ਕਮਲਾ ਹੋਇਆ ਚਉਬਾਰੀ
ਮੋਹਰੀ ਮਨਾਇਆ।
ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ।
ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ।
ਚੰਦਨ ਵਾਸੁ ਨ ਵਾਸ ਬੋਹਾਇਆ। (ਵਾਰ ੨੬, ਪਉੜੀ ੩੩)
ਅਰਥ:-
ਸਿਰੀ ਚੰਦ (ਗੁਰੁ ਨਾਨਕ ਦਾ ਵੱਡਾ ਪੁੱਤਰ) ਬਾਲ ਜਤੀ
ਹੀ ਰਿਹਾ (ਵਿਰਕਤੀ ਪਕੜ ਲੀਤੀ) ਅਰ ਬਾਬਾਣਾ ਦੇਹੁਰਾ (ਅਰਥਾਤ ਗੁਰੁ ਨਾਨਕ ਦਾ ਦੇਹੁਰਾ
ਰਾਵੀ ਦੇ ਕੰਢੇ) ਬਣਵਾ ਕੇ ਬੈਠ ਗਿਆ (ਭਾਵ ਗੁਰੂ ਕੀ ਆਗਿਆ ਦੇਹੁਰਾ ਬਣਾਉਣ ਦੀ ਨਹੀਂ
ਸੀ)। ਦੂਜੇ ਪੁੱਤਰ ਲਖਮੀ ਦਾਸ (ਜੋ ਗ੍ਰਿਹਸਥ ਮਾਰਗ
ਵਿਖੇ ਸੀ) ਦਾ ਪੁੱਤਰ ਧਰਮ ਚੰਦ (ਗੁਰੂ ਨਾਨਕ ਸਾਹਿਬ ਦਾ) ਪੋਤਾ ਅਖਾ ਕੇ ਆਪਣਾ ਆਪ
ਗਿਣਾਉਣ ਲੱਗਾ, (ਭਾਵ ਉਸ ਨੇ ਵੀ ਆਪਾ ਨਾ ਛੱਡਿਆ)। ਦਾਸੂ
ਨੂੰ (ਗੋਇੰਦਵਾਲ) ਮੰਜੀ ਪੁਰ ਬੈਠਾ ਦਿੱਤਾ ਅਰ ਦਾਤੂ
ਸਿੰਘਾਸਣ ਲਾ ਬੈਠਾ (ਗੱਲ ਕੀ ਗੁਰੂ ਜੀ ਦੇ ਵਕਤ ਦੋਵੇਂ ਪੁੱਤਰ ਗੱਦੀ ਲਾਇਕ ਨਾ
ਹੁੰਦੇ ਹੋਏ, ਆਪੋ ਆਪਣੀ ਵਲ ਸੰਗਤਾਂ ਨਿਵਾਉਣ ਲੱਗੇ)। ਮੋਹਨ
ਕਮਲਾ ਹੋ ਗਿਆ, ਅਤੇ ਮੋਹਰੀ ਚਉਬਾਰੇ ਦੀ
ਟਹਿਲ ਕਰਨ ਲੱਗਾ। ਪ੍ਰਿਥੀਆ ‘ਮੀਣਾ’ (ਅਰਥਾਤ ਕਪਟੀ)
ਨਿਕਲਿਆ, ਟੇਢ ਪੁਣੇ ਕਰ ਕਰ ਕੇ ਆਪਣਾ ਸੌਦਾ ਚਲਾ ਦਿੱਤਾ (ਝੂਠੇ ਹੁਕਮਨਾਮੇ ਲਿਖ ਭੇਜੇ)।
ਮਹਾ ਦੇਉ (ਗੁਰੂ ਅਰਜਨ ਸਾਹਿਬ ਦੇ ਭਰਾਤਾ; ਆਪ ਹਜ਼ੂਰ
ਤੋਂ ਵੱਡੇ ਅਤੇ ਪ੍ਰਿਥੀਚੰਦ ਤੋਂ ਛੋਟੇ ਸਨ) ਨੇ ਹੰਕਾਰ ਕੀਤਾ, (ਉਸ ਨੂੰ ਪ੍ਰਿਥੀਏ ਨੇ)
ਬੇਮੁਖ ਕਰਕੇ ਕੁੱਤੇ ਵਾਂਗ ਭਉਕਾਇਆ। (ਪਰ ਗੁਰੂ ਰੂਪ) ਚੰਦਨ
ਦੀ ਵਾਸ਼ਨਾ ਨਾਲ ਵਾਂਸ (ਭਾਵ ਗੁਰੂ ਪੁੱਤਰ) ਸੁਗੰਧਤ ਨਾ ਹੋਇਆ।
ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ, ਉਨ੍ਹਾਂ ਨੇ
ਬ੍ਰਾਹਮਣ ਵਿਚਾਰਧਾਰਾ ਦੇ ਵਿਰੁਧ ਬਗਾਵਤ ਦਾ ਐਲਾਨ ਕਰ ਦਿੱਤਾ ਸੀ। ਉਸੇ ਦਿਨ ਤੋਂ ਸਨਾਤਨੀ
ਵਿਚਾਰਧਾਰਾ ਨੂੰ ਖਤਰਾ ਮਹਸੂਸ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਉਸ ਨੇ ਹਰ ਹੀਲਾ ਵਸੀਲਾ ਕਰਕੇ
ਸਿੱਖੀ ਵਿੱਚ ਘੁਸਪੈਠ ਸ਼ੁਰੂ ਕਰ ਦਿੱਤੀ ਸੀ। ਨਿਰਮਲੇ, ਉਦਾਸੀ,
ਨਾਨਕਸਰੀਏ, ਭਨਿਆਰੇ ਵਾਲੇ, ਰਾੜੇ ਵਾਲੇ, ਪਿਹੋਵੇ ਵਾਲੇ, ਬੁਲੰਦੀ ਵਾਲੇ, ਟਕਸਾਲ ਵਾਲੇ,
ਸਰਸੇ ਵਾਲੇ,ਬਿਆਸ ਵਾਲੇ ਤੇ ਹੋਰ ਹਜ਼ਾਰਾਂ ਉਸੇ ਘੁਸਪੈਠ ਦਾ ਨਤੀਜਾ ਹਨ।