Khalsa News homepage

 

 Share on Facebook

Main News Page

ਬਾਬਾ ਦਿਆਲ ਸਿੰਘ ਅਤੇ ਲਾਵਾਂ ਦੀ ਸ਼ੁਰੁਆਤ
03.04.2020

ਬਾਬਾ ਦਿਆਲ ਸਿੰਘ (1783-1855) ਸਿੱਖ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦੇ ਨਤੀਜੇ ਵਜੋਂ, ਸਿੱਖ ਦਬਦਬਾ ਦੇ ਅਰਸੇ ਦੌਰਾਨ ਹੋਇਆ। ਬਾਬਾ ਦਿਆਲ ਨੇ ਮਹਿਸੂਸ ਕੀਤਾ ਕਿ ਫੌਜੀ ਸਫਲਤਾਵਾ ਨਾਮ ਜਪੋ ਦੇ ਅਭਿਆਸ ਦੁਆਰਾ ਅਕਾਲ ਪੁਰਖ ਦਾ ਸਿਮਰਨ ਕਰਨ ਦੇ ਸਿੱਖ ਫਰਜ਼ ਤੋਂ ਭਟਕ ਰਹੇ ਸਨ। ਫਿਰ ਬਾਬਾ ਦਿਆਲ ਨੇ ਸਿੱਖ ਧਰਮ ਵਿੱਚ ਹੋਰ ਧਾਰਮਿਕ ਪਰੰਪਰਾਵਾਂ ਦੇ ਘੁਲਮਿਲ ਜਾਣ ਵਿਰੁੱਧ ਪ੍ਰਚਾਰ ਕੀਤਾ, ਅਰਥਾਤ, ਉਹਦੀ ਚਿੰਤਾ ਸੀ ਕਿ ਮੂਰਤੀ-ਪੂਜਾ ਦਾ ਹਿੰਦੂ ਅਭਿਆਸ ਸਿੱਖ ਧਰਮ ਵਿੱਚ ਵਧੇਰੇ ਹੀ ਵਧੇਰੇ ਪ੍ਰਚਲਿਤ ਹੁੰਦਾ ਜਾ ਰਿਹਾ ਸੀ, ਅਤੇ ਇਸ ਲਈ ਬਾਬਾ ਦਿਆਲ ਨੇ ਅਕਾਲ ਪੁਰਖ ਦੇ ਗੁਣ ਰੂਪ ਰਹਿਤ ਜਾਂ ਨਿ ਰੰ ਕਾਰ 'ਤੇ ਜ਼ੋਰ ਦਿੱਤਾ, ਜਿਸ ਤੋਂ ਲਹਿਰ ਦਾ ਇਹ ਨਾਮ ਪਿਆ।

ਕਹਿੰਦੇ ਹਨ ਬਾਬਾ ਦਿਆਲ 18 ਸਾਲ ਦੀ ਉਮਰ ਦਾ ਸੀ ਜਦੋਂ ਉਸਨੂੰ ਗਿਆਨ ਦਾ ਅਨੁਭਵ ਹੋਇਆ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਿੱਖ ਸਮਾਜ ਵਿਚ ਬ੍ਰਾਹਮਣੀ ਰਸਮਾਂ (ਕਰਮ ਕਾਂਡ) ਦਾ ਬੇਹਿਸਾਬ ਦਾਖ਼ਲਾ ਹੋਇਆ। ਅੰਗਰੇਜ਼ਾਂ ਦਾ ਰਾਜ ਆਉਣ ਮਗਰੋਂ ਇਸ ਵਿਚ ਹੋਰ ਵਾਧਾ ਹੋਇਆ। ਬ੍ਰਾਹਮਣੀ ਅਸਰ ਵਿਰੁਧ ਪਹਿਲੀ ਜੱਦੋ-ਜਹਿਦ ਪੋਠੋਹਾਰ ਦੇ ਬਾਬਾ ਦਿਆਲ ਸਿੰਘ (1783-1855) ਨੇ ਸ਼ੁਰੂ ਕੀਤੀ ਸੀ। ਉਸ ਨੇ 1851 ਵਿਚ ਰਾਵਲਪਿੰਡੀ ਵਿਚ ਨਿਰੰਕਾਰੀ ਦਰਬਾਰ ਦੀ ਨੀਂਹ ਰੱਖੀ। ਉਸ ਨੇ ਸਿੱਖਾਂ ਦੀ ਜ਼ਿੰਦਗੀ ਵਿਚੋਂ ਬ੍ਰਾਹਮਣੀ ਸਸਕਾਰ ਹੀ ਨਹੀਂ ਬਲਕਿ ਸਾਰੇ ਕਰਮ ਕਾਂਡ ਕੱਢਣ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ। ਉਸ ਨੇ ਅੱਗ ਦੁਆਲੇ ਫੇਰੇ, ਸਰਾਧ, ਸੂਤਕ-ਪਾਤਕ, ਮਹੂਰਤ ਵਗੈਰਾ ਨੂੰ ਸਿੱਖੀ ਵਿਚੋਂ ਜਲਾਵਤਨ ਕੀਤਾ। ਉਸ ਦੀ ਮੌਤ 30 ਜਨਵਰੀ, 1855 ਦੇ ਦਿਨ ਹੋਈ। ਉਸ ਮਗਰੋਂ ਉਸ ਦਾ ਪੁੱਤਰ ਦਰਬਾਰਾ ਸਿੰਘ ਨਿਰੰਕਾਰੀ ਦਰਬਾਰ ਦਾ ਮੁਖੀ ਬਣਿਆ। ਦਰਬਾਰਾ ਸਿੰਘ ਬਹੁਤ ਤੇਜ਼ ਸ਼ਖ਼ਸ ਸੀ। ਉਸ ਨੇ ਨਿਰੰਕਾਰੀ ਲਹਿਰ ਦਾ ਖ਼ੂਬ ਪ੍ਰਚਾਰ ਕੀਤਾ। ਜਿਥੇ ਦਿਆਲ ਦਾ ਦਾਇਰਾ ਸਿਰਫ਼ ਰਾਵਲਪਿੰਡੀ ਅਤੇ ਇਸ ਦੇ ਨੇੜੇ-ਤੇੜੇ ਦਾ ਇਲਾਕਾ ਰਿਹਾ ਸੀ ਉਥੇ ਦਰਬਾਰਾ ਸਿੰਘ ਨੇ ਇਸ ਲਹਿਰ ਨੂੰ ਦੂਰ-ਦੂਰ ਤਕ ਫੈਲਾਉਣ ਵਾਸਤੇ ਅਣਥਕ ਕੋਸ਼ਿਸ਼ਾਂ ਕੀਤੀਆਂ।

ਲਾਵਾਂ ਦੀ ਸ਼ੁਰੁਆਤ

ਉਸ ਵੇਲੇ ਤਕ ਸਿੱਖਾਂ ਵਿਚ ਦੋ ਤਰ੍ਹਾਂ ਨਾਲ ਵਿਆਹ ਹੋਇਆ ਕਰਦੇ ਸਨ, ਜਿਹੜੇ ਗੁਰਮਤਿ ਦੇ ਧਾਰਨੀ ਸਨ ਉਹ ਲਾੜਾ ਅਤੇ ਲਾੜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖੜਾ ਕਰ ਕੇ ਸੰਗਤ ਦੀ ਮਨਜ਼ੂਰੀ ਨਾਲ ਸਿਰਫ਼ ਅਰਦਾਸ ਕਰ ਕੇ ਹੀ ਅਨੰਦ ਕਾਰਜ ਕਰਿਆ ਕਰਦੇ ਸਨ ਤੇ ਕੋਈ ਸੂਝਵਾਨ ਸਿੱਖ ਉਹਨਾਂ ਨੂੰ ਪਤੀ ਪਤਨੀ ਦੇ ਰਿਸ਼ਤੇ ਬਾਰੇ ਸਿਖਿਆ ਦਿਆ ਕਰਦਾ ਸੀ। ਸਿੱਖ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਸੂਹੀ ਵਿਚ ਆਏ ਲਾਵਾਂ ਦੇ ਸ਼ਬਦ ਦਾ ਕੀਰਤਨ ਵੀ ਕਰਿਆ ਕਰਦੇ ਸਨ।

ਦੂਜੇ ਪਾਸੇ ਕੁੱਝ ਸਿੱਖ ਜੋ ਉਦਾਸੀਆਂ ਅਤੇ ਨਿਰਮਲਿਆਂ ਦੇ ਅਸਰ ਹੇਠ ਸਨ, ਉਹ ਉਹਨਾਂ ਦੀ ਸਿਖਿਆ ਮੁਤਾਬਕ ਹਿੰਦੂ ਰੀਤੀ ਨਾਲ ਵੇਦੀ ਦੇ ਦੁਆਲੇ ਸਪਤਪਦੀ (ਸੱਤ ਫੇਰੇ) ਲੈ ਕੇ ਵਿਆਹ ਕਰਿਆ ਕਰਦੇ ਸਨ। ਦਰਬਾਰਾ ਸਿੰਘ ਨਿਰੰਕਾਰੀ ਨੇ ਹਿੰਦੂ ਸਪਤਪਦੀ ਦਾ ਸਿੱਖੀ ਵਿਚ ਨਾਜਾਇਜ਼ ਦਖ਼ਲ ਖ਼ਤਮ ਕਰਨ ਵਾਸਤੇ ਇੱਕ ਨਵਾਂ ਤਰੀਕਾ ਲਭਿਆ। ਉਸ ਨੇ ਅੱਗ ਦੁਆਲੇ ਫੇਰੇ ਲੈਣ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੁਆਲੇ ਲਾਵਾਂ ਲੈਣ ਦੀ ਰੀਤ ਚਲਾ ਦਿਤੀ। ਇਸ ਨਾਲ ਹੀ ਸਪਤਪਦੀ ਦੀ ਥਾਂ ਚਾਰਪਦੀ (ਚਾਰ ਲਾਵਾਂ) ਕਰ ਦਿਤੀਆਂ। ਉਸ ਨੇ ਇਹ ਲਾਂਵਾਂ ਲੈਂਦਿਆਂ ਤੇ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਸੂਹੀ ਵਿਚ ਆਏ ਲਾਵਾਂ ਦੇ ਸ਼ਬਦ ਦਾ ਕੀਰਤਨ ਵੀ ਸ਼ੁਰੂ ਕਰਵਾ ਦਿਤਾ।

ਇਸ ਸਮੇਂ ਉਸ ਨੇ ਅੰਮਿ੍ਤਸਰ ਵਿਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਨਾਲ ਵੀ ਰਾਬਤਾ ਬਣਾਇਆ ਅਤੇ ਇਸ ਰੀਤੀ ਦੇ ਪ੍ਰਚਾਰ ਵਾਸਤੇ ਰਾਜ਼ੀ ਕਰ ਲਿਆ। ਉਹਨਾਂ ਨੇ ਇਸ ਰੀਤੀ ਨਾਲ ਵਿਆਹ ਕਰਨ ਵਾਸਤੇ 15 ਅਪ੍ਰੈਲ, 1861 ਦਾ ਦਿਨ ਚੁਣਿਆ। ਇਸ ਦਿਨ ਬੂਟਾ ਸਿੰਘ ਅਤੇ ਮੀਰਾ ਦੇਈ (ਪੁਤਰੀ ਕਰਮ ਸਿੰਘ) ਦਾ ਵਿਆਹ ਅਕਾਲ ਤਖ਼ਤ ਸਾਹਿਬ 'ਤੇ ਗੁਰੂ ਗ੍ਰੰਥ ਸਾਹਿਬ ਦੁਆਲੇ ਚਾਰ ਲਾਵਾਂ ਪੜ੍ਹਦਿਆਂ ਫੇਰਿਆਂ ਨਾਲ ਕੀਤਾ ਜਾਣਾ ਸੀ। ਇਸ ਦੌਰਾਨ ਉਦਾਸੀ ਤੇ ਨਿਰਮਲੇ ਪੁਜਾਰੀਆਂ ਨੇ ਅਸਰ ਪਾ ਕੇ ਅਕਾਲ ਤਖ਼ਤ ਦੇ ਸਰਬਰਾਹ ਨੂੰ ਅਜਿਹਾ ਨਾ ਕਰਨ ਵਾਸਤੇ ਮਨਾ ਲਿਆ। ਖ਼ੈਰ ਦਰਬਾਰਾ ਸਿੰਘ ਨੂੰ ਮਜਬੂਰੀ ਵਿਚ ਇਹ ਵਿਆਹ ਅਕਾਲ ਤਖ਼ਤ ਸਾਹਿਬ ਦੀ ਜਗ੍ਹਾ ਦਰਬਾਰ ਸਾਹਿਬ ਦੇ ਨੇੜੇ ਠਾਕੁਰ ਦਿਆਲ ਸਿੰਘ ਦੇ ਬੁੰਗੇ ਵਿਚ ਕਰਨਾ ਪਿਆ। ਇਸ ਮਗਰੋਂ ਹੋਰ ਵੀ ਸਿੱਖ ਇਸ ਤਰੀਕੇ ਨਾਲ ਵਿਆਹ ਕਰਨ ਲੱਗ ਪਏ। ਦਰਬਾਰਾ ਸਿੰਘ ਦੀ ਗੁਰੂ ਗ੍ਰੰਥ ਸਾਹਿਬ ਦੁਆਲੇ ਫੇਰਿਆਂ ਦੀ ਰਸਮ ਹੌਲੀ-ਹੌਲੀ ਬਹੁਤ ਸਾਰੇ ਸਿੱਖਾਂ ਨੇ ਮਨਜ਼ੂਰ ਕਰ ਲਈ; ਭਾਵੇਂ ਕਾਫ਼ੀ ਅਨੰਦ ਕਾਰਜ ਅਜੇ ਵੀ ਸਿਰਫ਼ ਅਰਦਾਸ ਨਾਲ ਹੀ ਹੋਇਆ ਕਰਦੇ ਸਨ। ਦਰਬਾਰਾ ਸਿੰਘ ਅਪਣੇ ਜ਼ਮਾਨੇ ਵਿਚ ਬਹੁਤ ਹਰਮਨ ਪਿਆਰਾ ਹੋ ਗਿਆ ਸੀ। 13 ਫ਼ਰਵਰੀ, 1870 ਦੇ ਦਿਨ ਉਹ ਚੜ੍ਹਾਈ ਕਰ ਗਿਆ। ਮਗਰੋਂ ਦਰਬਾਰਾ ਸਿੰਘ ਤੋਂ ਚੌਥੀ ਪੁਸਤ ਵਿਚ ਡਾ. ਮਾਨ ਸਿੰਘ ਨਿਰੰਕਾਰੀ ਵੀ ਸਿੱਖਾਂ ਵਿਚ ਬਹੁਤ ਸਤਿਕਾਰਤ ਸ਼ਖ਼ਸੀਅਤ ਰਹੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top