ਪਾਠਕ
ਜਿਹੜੇ ਹਾਲੇ ਨਵੇਂ ਨਵੇਂ ਖ਼ਾਲਸਾ ਨਿਊਜ਼ 'ਤੇ ਆਏ ਹਨ ਉਨ੍ਹਾਂ ਨੂੰ ਦੱਸ ਦੇਈਏ ਕਿ ਅਸੀਂ ਇਹ
ਕਿਉਂ ਲਿਖਿਆ ਕਿ "ਗਪੌੜੀ ਗੁਰਬਚਨ ਸਿੰਘ ਟਕਸਾਲੀ ਨੂੰ "ਪੰਥ
ਰਤਨ" ਨਹੀਂ, "ਪੰਥ
ਪਤਨ" ਸਨਮਾਨ ਦਿਉ"। ਇਹ ਨਿਰਣਾ
ਤਾਂ ਸਾਧ ਗੁਰਬਚਨ ਸਿੰਘ ਦੀ ਲਿਖੀ ਪੁਸਤਕ ਵਿੱਚੋਂ ਕੁੱਝ ਕੁ ਹੇਠਾਂ ਲਿਖੀਆਂ ਤੁਕਾਂ ਪੜ੍ਹ
ਕੇ ਪਾਠਕ ਸਹਿਜੇ ਹੀ ਅੰਦਾਜ਼ਾ ਲਗਾ ਲੈਣਗੇ। ਸਾਧ ਗੁਰਬਚਨ ਸਿੰਘ ਆਪਣੀ ਪੁਸਤਕ "ਗੁਰਬਾਣੀ
ਪਾਠ ਦਰਪਣ" ਵਿੱਚ ਵਿੱਚ ਲਿਖਦੇ ਹਨ :
- ਸਿੱਖ ਗੁਰੂ ਸਾਹਿਬਾਨ ਲਵ-ਕੁਸ਼
ਦੇ ਵੰਸ਼ ਵਿੱਚੋਂ ਸਨ।
- ਪੰਜ ਪਿਆਰੇ ਵੀ ਵੱਖ-ਵੱਖ ਭਗਤਾਂ ਦੇ ਅਵਤਾਰ ਸਨ।
- ਗੁਰੂ ਹਰਿ ਗੋਬਿੰਦ ਜੀ ਦੇ 8 ਵਿਆਹ ਹੋਏ ਸਨ।
- ਖਾਲਸਾ ਪੰਥ ਗੁਰੂ ਨਾਨਕ ਸਾਹਿਬ ਨੇ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਜੀ ਨੇ
ਚਲਾਇਆ ਸੀ।
- ਸੱਤਾ ਬਲਵੰਡ ਅਤੇ ਭੱਟਾਂ ਨੂੰ ਕਾਸ਼ੀ ਦੇ ਬ੍ਰਾਹਮਣਾਂ ਤੋਂ ਸ਼ਰਾਪ ਮਿਲਿਆ ਹੋਇਆ ਸੀ।
- ਬਾਬਾ ਫਰੀਦ ਜੀ 12 ਸਾਲ ਤੱਕ ਜੰਗਲ ਵਿੱਚ ਤਪ ਕਰਦੇ ਰਹੇ। ਜੂਆਂ ਪੈ ਗਈਆਂ ਮਾਤਾ
ਨੇ ਕੱਢੀਆਂ ਅਤੇ ਪੱਤੇ ਖਾਣ ਤੋਂ ਰੋਕਿਆ। ਉਨ੍ਹਾਂ ਨੇ 12 ਸਾਲ ਖੂਹ ’ਚ ਪੁੱਠੇ ਲਟਕ
ਕੇ ਤਪੱਸਿਆ ਕੀਤੀ।
- ਖਾਲਸਾ ਦੀ ਸਾਜਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ 13 ਮਹੀਨੇ ਤੱਕ ਇਕਾਂਤ
ਵਾਸ ਕੀਤਾ ਸੀ। ਕਿਸੇ ਵੀ ਸਰੀਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।
- ਪੰਜ ਪਿਆਰਿਆਂ ਨੂੰ ਸ਼ਰਾਪ ਮਿਲਿਆ ਹੋਇਆ ਸੀ। ਰੱਬ ਨੇ
ਕਿਹਾ ਕਿ ਤੁਹਾਨੂੰ ਦਸਵੇਂ ਜਾਮੇ ਵਿੱਚ ਆ ਕੇ ਸਿਰ ਲੈ ਕੇ ਮੁਆਫ਼ ਕਰਾਂਗੇ।
- ਗੁਰੂ ਜੀ ਨੇ ਚਿੜੀ-ਚਿੜੇ ਨੂੰ ਅੰਮ੍ਰਿਤ ਪਾ ਕੇ ਦਿੱਤਾ। ਉਹ ਆਪਸ ਵਿੱਚ ਹੀ ਲੜ ਕੇ
ਮਰ ਗਏ। ਜਿਸ ਕਰ ਕੇ ਮਾਤਾ ਜੀ ਨੇ ਬਾਅਦ ਵਿੱਚ ਆ ਕੇ ਅੰਮ੍ਰਿਤ ਵਿੱਚ ਪਤਾਸੇ ਪਾ ਕੇ
ਅੰਮ੍ਰਿਤ ਨੂੰ ਸ਼ਾਂਤੀਦਾਇਕ ਬਣਾਇਆ।
- ਅੰਮ੍ਰਿਤ ਤਿਆਰ ਕਰਨ ਵੇਲੇ 5 ਪਿਆਰੇ ਬਾਣੀ ਦਾ ਪਾਠ ਕਰਨ। ਇਸ ਦੌਰਾਨ ਅਭਿਲਾਖੀ
ਸੱਜਣ ਵਾਹਿਗੁਰੂ ਦਾ ਜਾਪ ਕਰਦੇ ਰਹਿਣ। (ਕਿਉਂ, ਅਭਿਲਾਖੀ ਸੱਜਣ ਗੁਰਬਾਣੀ ਦਾ ਪਾਠ
ਕਿਉਂ ਨਹੀਂ ਸੁਣ ਸਕਦੇ?)
- ਸ੍ਰੀ ਰਾਮ ਚੰਦਰ ਜੀ ਨੇ ਖ਼ੁਸ਼ ਹੋ ਕੇ ਹਨੂੰਮਾਨ ਨੂੰ
ਕਛਹਿਰਾ ਭੇਟ ਕੀਤਾ, ਜੋ ਬਾਅਦ ਵਿੱਚ ਸਿੱਖਾਂ ਨੂੰ ਮਿਲਿਆ।
- ਗੁਰੂ ਅੰਗਦ ਦੇਵ ਜੀ ਯਮ ਪੁਰੀ ਗਏ, ਉਥੇ ਉਨ੍ਹਾਂ ਨੂੰ ਕਾਲੇ ਮੂੰਹ ਵਾਲੇ ਲੋਕ ਮਿਲੇ।
ਗਰਦਨਾਂ ਵਿੱਚ ਕਿੱਲ ਠੁਕੇ ਹੋਏ ਲੋਕ। ਸੂਰਾਂ ਦੇ ਮੂੰਹ ਵਾਲੇ ਲੋਕ ਮਿਲੇ। ਪਿਛਾਂਹ
ਨੂੰ ਮੂੰਹ ਵਾਲੇ ਲੋਕ ਦੇਖੇ। ਲੜਕੀਆਂ ਆਦਮੀਆਂ ਦਾ ਮਾਸ ਵੱਢ ਵੱਢ ਖਾਂਦੀਆਂ ਤੱਕੀਆਂ।
- ਨੀਲਾ, ਪੀਲਾ, ਕਾਲਾ ਅਤੇ ਚਿੱਟਾ ਰੰਗ ਹੀ ਖਾਲਸੇ ਦੇ ਰੰਗ ਹਨ। ਹੋਰ ਰੰਗ ਨਹੀਂ
ਪਹਿਨਣੇ।
- ਦਸਮ ਪਾਤਸ਼ਾਹ ਨੇ ਦਸਿਆ ਕਿ ਕੇਸ ਇਸ ਵਾਸਤੇ ਰੱਖੀਦੇ ਹਨ ਕਿ ਕੇਸਾਂ ਤੋਂ ਫੜ ਕੇ
ਨਰਕਾਂ ਵਿੱਚ ਪਏ ਸਿੱਖਾਂ ਨੂੰ ਬਾਹਰ ਕੱਢ ਸਕੀਏ।
- ਜਿਸ ਨੇ ਇੱਕ ਵਾਰੀ ਅੰਮ੍ਰਿਤ ਛਕ ਲਿਆ, ਭਾਵੇਂ ਜਿੰਨੀਆਂ
ਮਰਜ਼ੀ ਗ਼ਲਤੀਆਂ ਕਰੀ ਜਾਵੇ, ਉਹ 10 ਹਜ਼ਾਰ ਸਾਲ ਤੱਕ ਨਰਕਾਂ ਵਿੱਚ ਨਹੀਂ ਜਾਵੇਗਾ।
- ਬੀਬੀਆਂ ਨੂੰ ਅੰਮ੍ਰਿਤ ਤਿਆਰ ਕਰਨ ਵਾਲਿਆਂ ਵਿੱਚ ਸ਼ਾਮਲ ਨਹੀਂ ਕਰਨਾ।
- ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਭੂਤਾਂ ਦੇ ਝੁੰਡ ਦਿਖਾਏ। ਭੂਤਾਂ ਨੇ ਦਸਿਆ ਕਿ
ਹੁਣ ਸਾਡੀ ਗਿਣਤੀ ਘੱਟ ਗਈ ਹੈ। ਜਦੋਂ ਦੇ ਚੌਥੇ ਪਾਤਸ਼ਾਹ ਨੇ ਲਾਵਾਂ ਉਚਾਰਣ ਕੀਤੀਆਂ
ਹਨ ਜੋ ਪੜ੍ਹਦਾ ਹੈ, ਮੁਕਤ ਹੋ ਜਾਂਦਾ ਹੈ।
- ਵਿਸ਼ੇਸ਼ ਬਾਣੀਆਂ ਦੇ ਤਿੰਨ-ਤਿੰਨ ਵਾਰੀ ਪਾਠ ਕਰਨ ਨਾਲ ਵਿਗੜੇ ਕਾਰਜ ਸਫ਼ਲ ਹੋਣਗੇ।
- ਹੁਕਮਨਾਮਾ ਸਵੇਰ ਵੇਲੇ ਖੱਬੇ ਬੰਨੇ ਤੋਂ, ਦੁਪਹਿਰ ਵੇਲੇ ਮੱਧ ਤੋਂ ਅਤੇ ਸ਼ਾਮ ਵੇਲੇ
ਨੂੰ ਹੇਠਾਂ ਤੋਂ ਲਵੋ।
- ਗੁਰੂ ਤੇਗ਼ ਬਹਾਦਰ ਸਾਹਿਬ ਨੇ ਤ੍ਰਿਬੇਣੀ ਵਿਖੇ ਅਖੰਡ ਪਾਠ ਕਰਵਾਇਆ ਤਾਂ ਪੁੱਤਰ ਦੀ
ਦਾਤ ਪ੍ਰਾਪਤ ਹੋਈ।
- ਰਾਗਮਾਲਾ ਤੋਂ ਬਿਨਾਂ ਪਾਠ ਕਰਨ ਵਾਲੇ ਦੀ ਜੀਭ ਵਿੱਚ
ਕੀੜੇ ਪੈ ਜਾਂਦੇ ਹਨ।
- ਸੋਹਿਲੇ ਦੇ ਪਾਠ ਤੋਂ ਪਹਿਲਾਂ ਚਾਰ ਸ਼ਬਦ ਪੜ੍ਹੋ। ਅਰਦਾਸ ਕਰੋ। ਚਾਰੇ ਪਾਸੇ ਲੋਹੇ
ਦਾ ਕਿਲ੍ਹਾ ਬਣ ਜਾਂਦਾ ਹੈ। ਸਵੇਰੇ ਇਸ਼ਨਾਨ ਕਰ ਕੇ ਜਪੁ ਜੀ ਸਾਹਿਬ ਦਾ ਪਾਠ ਕਰਨ ਨਾਲ
ਕਿਲ੍ਹਾ ਹੱਟ ਜਾਂਦਾ ਹੈ।
ਇਸ ਤੋਂ ਇਲਾਵਾ ਕਈ ਜਗ੍ਹਾ 'ਤੇ ਮਨਘੜਤ ਸਾਖੀਆਂ ਵਿੱਚ ਸੂਰਜ ਨੂੰ
ਛਿਪਾਉਣ ਅਤੇ ਗਰਭਵਤੀ ਔਰਤ ਵੱਲੋਂ ਸ਼ੇਰ ਦਾ ਅਕਸ ਵੇਖਣ ’ਤੇ ਬਹਾਦਰ ਪੁੱਤਰ ਜੰਮਣ ਆਦਿਕ ਕਈ
ਮਨੋਕਲਪਿਤ ਘਟਨਾਵਾਂ ਵੀ ਇਸ "ਗੁਰਬਾਣੀ ਪਾਠ ਦਰਪਣ" ਪੁਸਤਕ ਵਿੱਚ ਦਰਜ ਹਨ।
‘ਬ੍ਰਹਮ ਗਿਆਨੀ ਭਿੰਡਰਾਂ ਵਾਲੇ ਉਸ ਵੇਲੇ ਤਾਂ ਇੰਤਹਾ ਹੀ ਕਰ
ਜਾਂਦੇ ਹਨ, ਜਦੋਂ ਉਹ ਪੰਨਾ 260 ’ਤੇ ਲਿਖਦੇ ਹਨ ਕਿ ਕਰਤਾਰਪੁਰੀ ਬੀੜ ਵਿੱਚ 1500 ਤੋਂ
ਵੱਧ ਗ਼ਲਤੀਆਂ ਹਨ। ਬਾਕੀ ਗਪੌੜਾਂ ਪਾਠਕ ਇਸ ਕਿਤਾਬ
ਵਿੱਚੋਂ ਪੜ੍ਹ ਸਕਦੇ ਹਨ।