- ਮੇਰੀ ਸਰਨਾ ਭਰਾਵਾਂ ਨਾਲ ਵਿਸ਼ੇਸ਼ ਫੋਨ 'ਤੇ ਗਲਬਾਤ ਹੋਈ ਤਾਂ
ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਕੋਈ ਇਤਰਾਜ਼ਯੋਗ ਗੱਲ ਨਹੀਂ ਕੀਤੀ।
- ਹੁਣ ਸਰਨਾ ਭਰਾ ਤੇ ਤਰਸੇਮ ਸਿੰਘ ਹੋਰੀਂ ਕੀ ਕਹਿਣਗੇ?
6 ਸਤੰਬਰ 2020: ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਅੱਜ ਮੀਡੀਆ ਨੂੰ
ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ
ਕਰਵਾਈ ਜਾ ਰਹੀ ਕਥਾ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਦਿੱਲੀ ਕਮੇਟੀ ਇਸ ਕਾਰਜ਼ ਲਈ
ਵਧਾਈ ਦੀ ਪਾਤਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੇ ਨਾਲ ਨਾਲ ਸਾਡੇ ਇਨਾਂ
ਪਾਵਨ ਗ੍ਰੰਥਾਂ ਦੀ ਕਥਾ ਵਿਆਖਿਆ ਵੀ ਬਹੁਤ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਰੋਸਾਈ ਦਮਦਮੀ
ਟਕਸਾਲ ਅਤੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਨਾਲ ਸਬੰਧਤ ਵਿਦਵਾਨ ਬਾਬਾ ਬੰਤਾ ਸਿੰਘ
ਜੀ ਮੁੰਡਾ ਪਿੰਡ ਵੱਲੋਂ ਬੜੇ ਪਿਆਰ ਸਤਿਕਾਰ ਅਤੇ ਵਿਦਵਤਾ ਦੇ ਨਾਲ ਸੰਗਤਾਂ ਨੂੰ ਸ੍ਰੀ
ਦਸਮਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਕੇ ਭਰਮ ਭੁਲੇਖੇ ਦੂਰ ਕਰਦਿਆਂ ਗੁਰੂ ਗੋਬਿੰਦ
ਸਿੰਘ ਮਹਾਰਾਜ ਦੀ ਸਾਜ਼ੇ ਖ਼ਾਲਸੇ ਦੇ ਨਿਆਰੇਪਣ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕੀਤਾ
ਜਾ ਰਿਹਾ ਹੈ ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਜੱਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਸਿੱਖ ਦਾ ਗੁਰੂ ਧੰਨ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਸਾਨੂੰ
"ਸਭ ਸਿੱਖਨਿ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ" ਦਾ ਹੁਕਮ ਕੀਤਾ ਹੈ ਜਿਸ ਨੂੰ ਮੰਨਣਾ
ਹਰ ਸਿੱਖ ਦਾ ਇਖ਼ਲਾਕੀ ਫ਼ਰਜ਼ ਹੈ ਅਤੇ ਜਿੰਨੇ ਵੀ ਸਾਡੇ ਧਰਮ ਦੇ ਧਰਮ ਗ੍ਰੰਥ ਸ੍ਰੀ ਦਸਮ
ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਭਾਈ ਨੰਦਲਾਲ ਜੀ ਦੀਆਂ ਗ਼ਜ਼ਲਾਂ ਸ੍ਰੀ ਗੁਰ
ਪ੍ਰਤਾਪ ਸੂਰਜ ਗ੍ਰੰਥ ਅਤੇ ਹੋਰ ਬੜੇ ਪਾਵਨ ਗ੍ਰੰਥ ਹਨ ਸਾਰੇ ਹੀ ਬੜੇ ਦੁਰਲੱਭ ਹਨ ਅਤੇ
ਬਹੁਤ ਵੱਡੀਆਂ ਕੁਰਬਾਨੀਆਂ ਮਿਹਨਤਾਂ ਦੇ ਨਾਲ ਸਾਡੇ ਗੁਰੂ ਸਾਹਿਬਾਨਾਂ ਸਿੱਖ ਯੋਧਿਆਂ
ਵਿਦਵਾਨਾਂ ਨੇ ਸਾਡੀ ਝੋਲੀ ਵਿੱਚ ਪਾਏ ਹਨ ਜਿਨ੍ਹਾਂ ਦਾ ਤ੍ਰਿਸਕਾਰ ਨਿਰਾਦਰ ਕਤਈ ਵੀ
ਬਰਦਾਸ਼ਤ ਨਹੀਂ ਹੈ। ਇਨ੍ਹਾਂ ਧਰਮ ਗਰੰਥਾਂ ਵਿੱਚ ਜਿੱਥੇ ਵੀ ਕਿਤੇ ਕੋਈ ਇਤਰਾਜ਼ਯੋਗ ਜਾਂ
ਭਰਮ ਭੁਲੇਖਾ ਲੱਗਦਾ ਹੈ ਤਾਂ ਕੌਮ ਦੇ ਟਕਸਾਲੀ ਸੁਘੜ ਵਿਦਵਾਨ ਬੜੀ ਵਿੱਦਵਤਾ ਨਾਲ ਸੰਗਤਾਂ
ਦੇ ਵਿੱਚ ਉਸ ਚੀਜ਼ ਦਾ ਖੁਲਾਸਾ ਕਰਕੇ ਭਰਮ ਭੁਲੇਖੇ ਨੂੰ ਦੂਰ ਕਰਦੇ ਹਨ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ "ਜਬ ਲਗ ਖਾਲਸਾ
ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ ॥ ਜਬ ਇਹ ਗਹੈ ਬਿਪਰਨ ਕੀ ਰੀਤ ਮੈ ਨ ਕਰੋਂ ਇਨ
ਕੀ ਪਰਤੀਤ" ਦੇ ਬਚਨ ਕਰਕੇ ਸਾਨੂੰ ਸੁਚੇਤ ਕੀਤਾ ਹੈ ਇਨ੍ਹਾਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ
ਹੀ ਸਾਨੂੰ ਖਾਲਸੇ ਦਾ ਨਿਆਰਾਪਨ ਅਤੇ ਬਿਪਰਨ ਕੀ ਰੀਤ ਦੀ ਸਮਝ ਪੈਂਦੀ ਹੈ ਜਿਸ ਕਰਕੇ ਅਸੀਂ
ਖ਼ਾਲਸੇ ਦੇ ਨਿਆਰੇਪਣ ਦੀ ਰੀਤ ਚ ਪ੍ਰਪੱਕ ਹੋਣਾ ਅਤੇ ਬਿਪਰਨ ਕੀ ਰੀਤ ਤੋਂ ਦੂਰ ਹੋਣਾ ਹੈ।
ਦਸਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਉਚਾਰਣ ਕਰਦਿਆਂ ਆਪਣਾ ਨਿਰੋਲ ਪੱਖ
ਨਾਲੋਂ ਨਾਲ ਸਪੱਸ਼ਟ ਕਰ ਦਿੱਤਾ ਹੈ ਕੇ ਕਿਉਂ ਕਿਸੇ ਅਨਮੱਤ ਦੇ ਪੁਜਾਰੀ ਨਹੀਂ ਸਗੋਂ "ਆਦਿ
ਅੰਤਿ ਏਕੈ ਅਵਤਾਰਾ ॥ਸੋਈ ਗੁਰੂ ਸਮਝਿਯਹੁ ਹਮਾਰਾ ॥੯॥" ਉਚਾਰਣ ਕਰਕੇ ਸੱਚਾਈ ਨੂੰ ਸਮਝਾਇਆ
ਅਤੇ ਪਖੰਡਵਾਦ ਦਾ ਖੰਡਨ ਕੀਤਾ ਹੈ। ਦੇਵੀ ਦੇਵਤਿਆਂ ਦੈਂਤਾਂ ਦੇ ਜੰਗਾਂ ਯੁੱਧਾਂ ਦਾ ਜ਼ਿਕਰ
ਕਰਕੇ ਖਾਲਸੇ ਨੂੰ ਸੂਰਮਤਾਈ ਵਾਲੇ ਪਾਸੇ ਪ੍ਰੇਰਿਆ ਹੈ।
ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਜੋ ਕੁੱਝ ਮਾਈ ਭਾਈ ਇਸ ਕਥਾ ਦਾ ਵਿਰੋਧ ਕਰ ਰਹੇ ਹਨ
ਉਹ ਵੀ ਸਾਡੇ ਆਪਣੇ ਹੀ ਭੈਣ ਭਰਾ ਹਨ ਉਨ੍ਹਾਂ ਨੂੰ ਬੜੇ ਪਿਆਰ ਨਾਲ ਬੈਠ ਕੇ ਵਿਦਵਾਨਾਂ
ਕੋਲ ਇਸ ਗੱਲ ਦੀ ਸਮਝ ਲੈਣੀ ਚਾਹੀਦੀ ਹੈ। ਪਹਿਲਾਂ ਵੀ ਇਸ ਮਸਲੇ 'ਤੇ ਕਈ ਵਾਰ ਵਿਦਵਾਨਾਂ
ਦੀਆਂ ਵਿਚਾਰ ਚਰਚਾਵਾਂ ਹੋ ਚੁੱਕੀਆਂ ਹਨ, ਪਰ ਫਿਰ ਵੀ ਜੇ ਕਿਤੇ ਕਿਸੇ ਨੂੰ ਭਰਮ ਭੁਲੇਖਾ
ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੇਵਾਦਾਰਾਂ ਵੱਲੋਂ ਵਿਦਵਾਨਾਂ ਦੀ ਵਿਚਾਰ ਚਰਚਾ
ਦਾ ਪ੍ਰੋਗਰਾਮ ਰੱਖ ਕੇ ਭਰਮ ਭੁਲੇਖੇ ਦੂਰ ਕੀਤੇ ਜਾ ਸਕਦੇ ਹਨ ਤੇ ਕੌਮ ਵਿੱਚ ਇਸ ਮਸਲੇ
'ਤੇ ਇਕਸੁਰਤਾ ਬਰਕਰਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਥ ਦੇ ਸਮੂੰਹ ਵਿਦਵਾਨਾਂ
ਨੂੰ ਇਸ ਵਿਚਾਰ ਚਰਚਾ ਲਈ ਇੱਕ ਪਲੇਟਫਾਰਮ ਮੁਹੱਈਆ ਕਰਨ ਲਈ ਹਰਿਆਣਾ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋਂ ਵੀ ਅਸੀਂ ਉਪਰਾਲਾ ਕਰ ਸਕਦੇ ਹਾਂ।
ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਪਹਿਲਾਂ ਵੀ ਸ੍ਰੀ ਦਸਮ
ਗ੍ਰੰਥ ਸਾਹਿਬ ਦੀ ਕਥਾ ਹੁੰਦੀ ਆ ਰਹੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ। ਸਰਦਾਰ ਮਨਜੀਤ
ਸਿੰਘ ਜੀਕੇ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਤਾਂ ਉਦੋਂ ਵੀ ਸ੍ਰੀ ਦਸਮਗ੍ਰੰਥ ਸਾਹਿਬ
ਦੀ ਕਥਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਿਲੇਅ ਹੁੰਦੀ ਸੀ ਅਤੇ ਜਦੋਂ ਸਰਦਾਰ ਪਰਮਜੀਤ
ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਤਾਂ ਉਦੋਂ ਦਾਸ ਵੀ
ਅਨੇਕਾਂ ਵਾਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਗੁਰਦੁਆਰਾ ਸੀਸ ਗੰਜ਼ ਸਾਹਿਬ ਵਿਖੇ ਕਥਾ ਦੀ
ਸੇਵਾ ਕਰਦਿਆਂ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੇਕਾਂ ਪ੍ਰਮਾਣ ਸੰਗਤਾਂ ਵਿਚ
ਸਾਂਝੇ ਕਰਦਾ ਸੀ, ਪਰ ਕਦੇ ਵੀ ਉਸ ਵੇਲੇ ਦੇ ਦਿੱਲੀ ਕਮੇਟੀ ਪ੍ਰਧਾਨ ਸਰਨਾ ਭਰਾਵਾਂ ਨੇ
ਦਾਸ ਨੂੰ ਇਸ ਗੱਲ ਤੋਂ ਮਨਾ ਨਹੀਂ ਸੀ ਕੀਤਾ, ਭਾਵੇਂ ਕਿ ਸਰਨਾ ਭਰਾਵਾਂ ਨੂੰ ਮਿਸ਼ਨਰੀ
ਵਿਚਾਰਧਾਰਾ ਦਾ ਸਮਰਥਕ ਸਮਝਿਆ ਜਾਂਦਾ ਹੈ।
ਕਿਸੇ ਹੋਰ ਦਾ ਪਤਾ ਨਹੀਂ ਪਰ ਮੈਂ ਇਸ ਗੱਲ ਦਾ ਗਵਾਹ ਹਾਂ ਕੇ ਮੈਨੂੰ ਅੱਜ ਤੱਕ ਕਦੇ ਸਰਨਾ
ਭਰਾਵਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਜਾਂ ਸੀਸ ਗੰਜ਼ ਸਾਹਿਬ ਦਿੱਲੀ ਕਥਾ ਪ੍ਰਚਾਰ ਕਰਦਿਆਂ
ਕਿਸੇ ਵੀ ਗੱਲ ਤੋਂ ਕੋਈ ਟੋਕਾ ਟਾਕੀ ਨਹੀਂ ਕੀਤੀ ਸੀ ਜਿਸ ਵੇਲੇ ਸਰਨਾ ਭਰਾਵਾਂ ਨੇ ਵਿਸ਼ਵ
ਸਿੱਖ ਕਾਨਫਰੰਸ ਤਾਲਕਟੋਰਾ ਇਨਡੋਰ ਸਟੇਡੀਅਮ ਦਿੱਲੀ ਵਿੱਚ ਕੀਤੀ ਤਾਂ ਮੈਨੂੰ ਪ੍ਰਧਾਨਗੀ
ਵਾਸਤੇ ਬੁਲਾਇਆ ਸੀ ਅਤੇ ਮੈਂ ਸਰਨਾ ਭਰਾਵਾਂ ਨੂੰ ਕਿਹਾ ਸੀ ਕਿ ਉਸ ਕਾਨਫ਼ਰੰਸ ਦੇ ਵਿੱਚ
ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਪੁਰਾਤਨ ਜਾਂ ਨਾਨਕਸ਼ਾਹੀ ਕੈਲੰਡਰ ਬਾਰੇ ਕਿਸੇ
ਤਰ੍ਹਾਂ ਦੀ ਕੋਈ ਵਿਵਾਦਤ ਗੱਲ ਨਹੀਂ ਹੋਣੀ ਚਾਹੀਦੀ, ਫਿਰ ਮੈਂ ਸ਼ਮੂਲੀਅਤ ਕਰਾਂਗਾ ਤਾਂ
ਉਨ੍ਹਾਂ ਨੇ ਯਕੀਨੀ ਬਣਾਇਆ ਸੀ ਅਤੇ ਮੈਂ ਉਸ ਵਿਸ਼ਵ ਸਿੱਖ ਕਾਨਫਰੰਸ ਦੀ ਪ੍ਰਧਾਨਗੀ ਕੀਤੀ
ਸੀ। ਸੋ ਹੁਣ ਵੀ ਜਦੋਂ ਤੋਂ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਸ੍ਰੀ ਦਸਮ ਗ੍ਰੰਥ ਸਾਹਿਬ
ਜੀ ਦੀ ਕਥਾ ਦੁਬਾਰਾ ਆਰੰਭ ਹੋਈ ਹੈ ਤਾਂ ਮੇਰੀ ਸਰਦਾਰ ਮਨਜੀਤ ਸਿੰਘ ਜੀਕੇ ਅਤੇ ਸਰਨਾ
ਭਰਾਵਾਂ ਨਾਲ ਵਿਸ਼ੇਸ਼ ਫੋਨ 'ਤੇ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਕੋਈ
ਇਤਰਾਜ਼ਯੋਗ ਗੱਲ ਨਹੀਂ ਕੀਤੀ ਜੋ ਸ਼ਲਾਘਾਯੋਗ ਗੱਲ ਹੈ ਕਿਉਂਕਿ ਸ੍ਰੀ ਦਸਮ ਗ੍ਰੰਥ ਸਾਹਿਬ
ਦੀਆਂ ਬਾਣੀਆਂ ਤੋਂ ਬਿਨਾਂ ਸਾਡਾ ਨਿੱਤਨੇਮ ਵੀ ਅਧੂਰਾ ਅਤੇ ਅੰਮ੍ਰਿਤ ਸੰਚਾਰ ਵੀ ਅਧੂਰਾ
ਰਹਿ ਜਾਂਦਾ ਹੈ ਇਸ ਕਰਕੇ ਜਿਹੜੇ ਮਾਈ ਭਾਈ ਇਸ ਕਥਾ ਦਾ ਵਿਰੋਧ ਕਰਦੇ ਹਨ।
ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਨ੍ਹਾਂ ਨੂੰ ਦਸਵੇਂ ਪਾਤਸ਼ਾਹ ਦੀ ਬਾਣੀ ਤੇ ਹੋਰ ਧਰਮ
ਗ੍ਰੰਥਾਂ ਬਾਰੇ ਬੈਠ ਕੇ ਸਿੱਖ ਵਿਦਵਾਨਾਂ ਨਾਲ ਵਿਚਾਰ ਚਰਚਾ ਕਰਕੇ ਸੱਚਾਈ ਨੂੰ ਸਮਝਣਾ
ਚਾਹੀਦਾ ਹੈ ਕਿਸੇ ਤਰ੍ਹਾਂ ਦੇ ਰੋਸ ਮੁਜ਼ਾਹਰਿਆਂ ਬਿਆਨਬਾਜ਼ੀ ਵਿੱਚ ਪੈ ਕੇ ਸਮਾਂ ਬਰਬਾਦ
ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਗੁਰੂ ਦੀ ਕਰੋਪੀ ਦਾ ਸ਼ਿਕਾਰ ਬਣਨਾ ਚਾਹੀਦਾ ਹੈ ਗੁਰਬਾਣੀ
ਅਤੇ ਦਸਵੇਂ ਪਾਤਸ਼ਾਹ ਭਰਾਈ ਬਾਣੀ ਦੀ ਕਥਾ ਸਰਵਣ ਕਰਕੇ ਤਿਆਰ ਬਰਤਿਆਰ ਚੜ੍ਹਦੀ ਕਲਾ ਵਾਲੇ
ਗੁਰਸਿੱਖ ਬਣਨਾ ਚਾਹੀਦਾ ਹੈ।