1716 ਵਿੱਚ ਸ੍ਰ: ਬੰਦਾ ਸਿੰਘ ਬਹਾਦਰ ਦੀ
ਸ਼ਹੀਦੀ ਤੋਂ ਬਾਅਦ ਕਰੀਬ 150 ਸਾਲ ਸਿੱਖ ਅਪਣੀ ਹੋਂਦ ਨੂੰ ਬਚਾਉਣ ਲਈ ਕੁਰਬਾਨੀਆਂ
ਭਰੀ ਜੱਦੋ ਜਹਿਦ ਵਿੱਚ ਲਗੇ ਰਹੇ । ਇਸ ਅਤਿ ਭਿਆਨਕ ਸਮੇਂ ਸਭ ਪ੍ਰਮੁਖ ਗੁਰ ਅਸਥਾਨਾਂ 'ਤੇ
ਨਿਰਮਲੇ, ਉਦਾਸੀ ਅਤੇ ਮਹੰਤ ਕਾਬਜ ਰਹੇ। ਗੁਰਬਾਣੀ ਗਿਆਨ ਨੂੰ ਪ੍ਰਚਾਰਨ ਦਾ ਤਰੀਕਾ ਸਨਾਤਨੀ
ਰੰਗਤ ਵਾਲਾ ਹੋਣ ਕਾਰਨ ਗੁਰਮਤਿ ਗਿਆਨ ਸਨਾਤਨੀ ਗਰਦ ਗੁਬਾਰ ਵਿੱਚ ਬੇ ਪਛਾਣ ਹੋਕੇ ਰਹ ਗਿਆ।
ਇਸ ਸਮੇਂ ਦੌਰਾਨ ਭਾਂਵੇਂ ਸਿੱਖ ਮਿਸਲਾਂ ਵੀ ਬਣੀਆਂ, 1799 ਵਿੱਚ ਮਹਾਰਾਜ ਰਣਜੀਤ ਸਿੰਘ
ਨੇ ਰਾਜ ਭਾਗ ਵੀ ਸੰਭਾਲ ਲਿਆ ਜੋ 1839 ਵਿੱਚ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ
1849 ਵਿੱਚ ਖਤਮ ਹੋਇਆ। ਖਾਲਸਾ ਰਾਜ ਵੇਲੇ ਵੀ ਗੁਰਦੁਵਾਰੇ ਉਦਾਸੀਆਂ, ਨਿਰਮਲਿਆਂ ਅਤੇ
ਮਹੰਤਾ ਕੋਲ ਹੀ ਰਹੇ। ਸਿੱਖ ਸਰਦਾਰਾਂ ਅਤੇ ਸਿੱਖ ਰਾਜਿਆਂ ਦੀ ਰੁਚੀ ਗੁਰਦੁਵਾਰਿਆਂ ਦੀ
ਇਮਾਰਤੀ ਉਸਾਰੀ ਵਲ ਤਾਂ ਰਹੀ, ਪਰ ਗੁਰਮਤਿ ਗਿਆਨ ਦੇ ਡਿਗਦੇ ਮਹਿਲ ਮੁਨਾਰਿਆਂ ਵਲ ਧਿਆਨ
ਨਾ ਗਿਆ। 1849 ਤੋਂ ਬਾਦ ਅੰਗਰੇਜ ਹਕੂਮਤ ਨੇ ਇਨ੍ਹਾਂ ਪੁਜਾਰੀਆਂ ਦੀ ਸਿੱਧੇ ਤੌਰ 'ਤੇ
ਪੁਸ਼ਤਪਨਾਹੀ ਕਰਕੇ ਬਹੁਤ ਮਦਦ ਕੀਤੀ।
ਇੱਕ ਅੱਧ ਨੂੰ ਛੱਡ ਕੇ ਬਾਕੀ ਸਭ ਪੁਜਾਰੀ ਜਮਾਤ ਜਿਥੇ
ਗੁਰਬਾਣੀ ਗਿਆਨ ਨੂੰ ਅਲੋਪ ਕਰ ਰਹੇ ਸਨ ਉਥੇ ਨਾਲ ਹੀ ਆਚਰਣ ਹੀਣਤਾ ਦੀਆਂ ਸਭ ਹਦਾਂ ਬਨੇ
ਪਾਰ ਕਰ ਗਏ ਸਨ। ਇਨ੍ਹਾਂ ਨਾਜ਼ੁਕ ਹਲਾਤਾਂ ਵਿੱਚ ਪ੍ਰੋ: ਗੁਰਮੁਖ ਸਿੰਘ ਜੀ (1849-1898)
ਅਤੇ ਗਿਆਨੀ ਦਿੱਤ ਸਿੰਘ ਜੀ (1853-1901) ਵਰਗੇ ਕੁੱਝ ਚੋਣਵੇਂ ਗੁਰਸਿੱਖ ਗੁਰਮਤਿ ਦੇ
ਵੇਹੜੇ ਵਿੱਚ ਗੁਰੂ ਗਿਆਨ ਦਾ ਖੜਗ ਲੈ ਕੇ ਨਿਤਰੇ। 1870 ਤੋਂ ਬਾਅਦ ਕੁਰਬਾਨੀਆਂ ਨਾਲ
ਲਬਰੇਜ਼ ਗੁਰਦੁਵਾਰਾ ਸੁਧਾਰ ਲਹਿਰ ਵਿੱਚੋਂ ਹੀ, ਚਾਬੀਆਂ ਦਾ ਮੋਰਚਾ, ਗੁਰੁ ਕੇ ਬਾਗ ਦਾ
ਮੋਰਚਾ, ਜੈਤੋ ਦਾ ਮੋਰਚਾ, ਗੰਗ ਸਰ ਦਾ ਮੋਰਚਾ, ਨਨਕਾਣਾ ਸਹਿਬ ਦਾ ਸਾਕਾ, ਪੰਜਾ ਸਾਹਿਬ
ਦਾ ਸਾਕਾ ਅਤੇ ਹੋਰ ਕਈ ਅਹਮ ਇਤਿਹਾਸਕ ਘਟਨਾਵਾਂ ਘਟੀਆਂ। ਇਸੇ ਲਹਿਰ ਵਿੱਚੋਂ ਸ਼੍ਰੋਮਣੀ
ਗੁਰਦੁਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ।
ਅੱਜ ਬੜੇ ਦੁਖੀ ਹਿਰਦੇ ਨਾਲ ਲਿਖਣਾ ਪੈ
ਰਿਹਾ ਹੈ ਸਾਡੀਆਂ ਕਰੀਬ ਕਰੀਬ ਸਾਰੀਆਂ ਸਿਰਮੌਰ ਸੰਸਥਾਂਵਾਂ ਸਭ ਕੁਰਬਾਨੀਆਂ ਨੂੰ
ਵਿਸਾਰ ਕੇ ਮੁੜ ਰਸਾਤਲ ਵਿੱਚ ਪਹੁੰਚ ਗਈਆਂ ਹਨ। ਜਿਸ ਦੀ ਪ੍ਰਤਖ ਮੂਰਤ ਦਿੱਲੀ ਗੁਰਦੁਵਾਰਾ
ਬੰਗਲਾ ਸਾਹਿਬ ਤੋਂ ਅਨਮਤੀ ਕਥਾ ਕਹਾਣੀਆਂ ਦੇ ਪ੍ਰਚਾਰ ਵਿੱਚ ਵੇਖੀ ਜਾ ਸਕਦੀ ਹੈ। ਗੁਰਮਤਿ
ਪ੍ਰਨਾਏ ਗੁਰਸਿੱਖਾਂ ਨੂੰ ਛੇਕਣ ਵਾਲੇ ਤਖਤਾਂ ਦੇ ਅਖੌਤੀ ਜਥੇਦਾਰ ਮੂਕ ਦਰਸ਼ਕ ਅਤਿ ਅੰਨਾ
ਬੋਲਾ ਵਾਲੀ ਭੂਮਿਕਾ ਨਿਭਾ ਰਹੇ ਹਨ।
‘ਹੋਰੁ ਭੀ ਉਠਸੀ ਮਰਦ ਕਾ ਚੇਲਾ’
ਦੀ ਵੰਗਾਰ ਨੂੰ ਪਿਠ ਦੇਣ ਵਾਲਿਉ ਯਾਦ ਰਖਿਉ! ਰੌਸ਼ਨੀ ਦੀ ਇਕੱਲੀ ਕਿਰਨ ਹੀ ਹਨੇਰੇ ਦੀ
ਹੋਂਦ ਮਿਟਾ ਦੇਣ ਦੀ ਸ਼ਕਤੀ ਰਖਦੀ ਹੈ।