Khalsa News homepage

 

 Share on Facebook

Main News Page

ਮਹਾਸ਼ਿਵਰਾਤਰੀ ਤੇ ਦੇਹ ਸਿਵਾ ਬਰ ਮੋਹਿ...
-: ਸੰਪਾਦਕ ਖ਼ਾਲਸਾ ਨਿਊਜ਼
12.03.2021
#KhalsaNews #GuruGobindSingh #BhagatNaamdev #MahaShivratri #DehShiva

ਬੀਤੇ ਦਿਨ ਮਹਾਂ ਸ਼ਿਵਰਾਤਰੀ ਸੀ, ਹਿੰਦੂ ਵੀਰਾਂ ਨੂੰ ਮੁਬਾਰਕਾਂ। ਹਰ ਕਿਸੇ ਨੂੰ ਹੱਕ ਹੈ ਕਿ ਉਹ ਜਿਨ੍ਹਾਂ ਦੀ ਅਰਾਧਨਾ ਕਰੇ, ਉਨ੍ਹਾਂ ਦੇ ਦਿਨ ਮਨਾਵੇ, ਪਰ ਨਾਲ ਇਹ ਵੀ ਖਿਆਲ ਰੱਖੇ ਕਿ ਸਿਰਫ ਦਿਨ ਹੀ ਨਾ ਮਨਾਵੇ, ਸਿੱਖਿਆ ਨੂੰ ਮੰਨੇ ਵੀ। ਟਰੋਂਟੋ ਦੇ ਇੱਕ ਰੇਡੀਓ Frontline 530AM 'ਤੇ ਬੋਲਦਿਆਂ ਮੈਂ ਇਹ ਗੱਲ ਆਖੀ ਸੀ ਕਿ ਜਿਸ ਸਾਖੀ, ਜਿਸ ਕਹਾਣੀ ਰਾਹੀਂ ਸ਼ਿਵਜੀ ਨੇ ਸਾਗਰ ਮੰਥਨ ਦੌਰਾਨ ਨਿਕਲੇ ਜ਼ਹਿਰ ਨੂੰ ਪੀਤਾ, ਉਸੇ ਕਾਰਣ ਉਨ੍ਹਾਂ ਨੂੰ ਨੀਲਕੰਠ ਕਿਹਾ ਜਾਂਦਾ ਹੈ, ਤੇ ਉਨ੍ਹਾਂ ਨੂੰ ਮੰਨਣ ਵਾਲੇ ਅਤੇ ਹੋਰਾਂ ਲਈ ਇਹ ਦਿਨ ਸਿੱਖਿਆ ਦਿੰਦਾ ਹੈ ਕਿ ਅੱਜ ਦੀ ਦੁਨੀਆਂ ਵਿੱਚ ਜ਼ਹਿਰ ਉਗਲਣ ਦੀ ਥਾਂ, ਜ਼ਹਿਰ ਪੀਣਾ ਸਿੱਖੀਏ, ਕਿ ਜਿਸ ਨਾਲ ਇਹ ਸੰਸਾਰ ਚੰਗਾ ਬਣ ਸਕੇ। ਉੁਸੇ ਰੇਡੀਓ 'ਤੇ ਦੋ ਕੁ ਸੱਜਣਾਂ ਵੱਲੋਂ ਮਹਾਂਸ਼ਿਵਰਾਤਰੀ ਦੇ ਮੌਕੇ ਇਹ ਆਖਿਆ ਗਿਆ ਕਿ ਗੁਰੂ ਗੋੁਬਿੰਦ ਸਿੰਘ ਜੀ ਨੇ ਵੀ ਸ਼ਿਵ ਦੀ ਅਰਾਧਨਾ ਕਰਦੇ ਹੋਏ ਸ਼ਿਵ ਤੋਂ ਵਰ ਮੰਗਿਆ ਤੇ ਕਿਹਾ... "ਦੇਹ ਸਿਵਾ ਬਰੁ ਮੋਹਿ ਇਹੇ ਸੁਭ ਕਰਮਨ ਤੇ ਕਬਹੂੰ ਨ ਟਰੋ।"

ਮੈਂ ਉਸ ਰੇਡੀਓ 'ਤੇ ਵੀ ਜਵਾਬ ਦਿੱਤਾ ਸੀ ਕਿ ਇਹ ਲਿਖਤ ਜਿਸ ਅਖੌਤੀ ਦਸਮ ਗ੍ਰੰਥ ਵਿੱਚੋਂ ਆਈ ਹੈ ਉਹ ਗੁਰੂ ਸਾਹਿਬ ਦਾ ਲਿਖਿਆ ਹੋਇਆ ਨਹੀਂ, ਇਹ ਪੰਕਤੀਆਂ ਗੁਰੂ ਸਾਹਿਬ ਦੇ ਮੂੰਹ ਵਿੱਚ ਪਾਈਆਂ ਜਾ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ੴ ਤੋਂ ਹੁੰਦੀ ਹੈ ਜੋ ਕਿ ਬਹੁ-ਅਵਤਾਰਵਾਦ ਦਾ ਖੰਡਨ ਕਰਦਾ ਹੈ, ਤੇ ਗੁਰੂ ਗੋਬਿੰਦ ਸਿੰਘ ਕਿਸ ਤਰ੍ਹਾਂ ਸ਼ਿਵ ਜੀ ਕੋਲੋਂ ਬਰ ਮੰਗ ਸਕਦੇ ਹਨ?

ਆਓ ਵੀਚਾਰ ਕਰੀਏ...

ਗੁਰਮਤਿ ਬਰ-ਸ਼ਰਾਪ ਵਿੱਚ ਵਿਸ਼ਵਾਸ ਨਹੀਂ ਕਰਦੀ। ਗੁਰਬਾਣੀ ਵਿੱਚ ਕੋਈ ਐਸਾ ਸ਼ਬਦ ਨਹੀਂ ਜਿੱਥੇ ਗੁਰੂ ਨੇ ਬਰ ਸਰਾਪ ਦੀ ਗੱਲ ਕੀਤੀ ਹੋਵੇ, ਕਿਉਂਕਿ ਗੁਰਮਤਿ ਸੁਕਰਮ ਕਰਣ, ਰਜ਼ਾ ਵਿੱਚ ਰਹਿਣ ਤੇ ਅਰਦਾਸ ਦੀ ਗੱਲ ਕਰਦੀ ਹੈ, ਬਰ-ਸ਼ਰਾਪ ਦੀ ਨਹੀਂ... ਤੇ ਫਿਰ ਕਿਸ ਤਰ੍ਹਾਂ ਗੁਰੂ ਸਾਹਿਬ ਆਪ ਜਿਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਦਿ ਬੀੜ ਵਿੱਚ ਨੱਥੀ ਕੀਤੀ, ਕੀ ਉਨ੍ਹਾਂ ਨੇ ਬਾਣੀ ਆਪ ਨਹੀਂ ਪੜ੍ਹੀ ਸੀ? ਇਹ ਅਤਿਕਥਨੀ ਹੀ ਕਹੀ ਜਾ ਸਕਦੀ ਹੈ, ਤੇ ਕਥਿਤ ਸਿੱਖਾਂ ਤੇ ਹੋਰ ਲੋਕਾਂ ਦਾ ਗੁਰਮਤਿ ਪ੍ਰਤੀ ਅਨਜਾਣਪੁਣਾ ਹੀ ਕਿਹਾ ਜਾ ਸਕਦਾ ਹੈ।

ਗੁਰਬਾਣੀ ਵਿੱਚ ਕਿਸੇ ਕਾਲਪਨਿਕ ਦੇਵੀ ਦੇਵਤੇ ਦੀ ਸਿਫਤ ਜਾਂ ਅਰਾਧਨਾ ਦੀ ਗੱਲ ਨਹੀਂ ਕੀਤੀ ਗਈ, ਜੇ ਕਿਤੇ ਪ੍ਰਮਾਣ ਦਿੱਤੇ ਵੀ ਹਨ, ਤੇ ਉਹ ਸਿਰਫ ਸਮਝਾਉਣ ਲਈ ਕੀਤੇ ਗਏ ਹਨ। ਜਿਸ ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਦਾ ਹੇਠਾਂ ਅੰਕਿਤ ਸ਼ਬਦ ਸ਼ਾਮਲ ਹੋਵੇ, ਕੀ ਉਹੀ ਗੁਰੂ ਸ਼ਿਵ ਦੀ ਅਰਾਧਨਾ ਕਰ ਸਕਦੇ ਹਨ?

ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥
੫॥੨॥੬॥ {ਪੰਨਾ 874}

ਬਿਲਾਵਲੁ ਗੋਂਡ ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥
੨॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥ {ਪੰਨਾ 874-875}

ਇਨ੍ਹਾਂ ਰਚਨਾਵਾਂ ਨੂੰ ਪੜ੍ਹ ਸਮਝ ਕੇ ਵੀ ਜੇ ਕਥਿਤ ਸਿੱਖ ਅਤੇ ਹੋਰ ਲੋਕ ਗੁਰੂ ਸਾਹਿਬ ਨੂੰ ਸ਼ਿਵ ਦੀ ਅਰਾਧਨਾ ਕਰਦੇ ਹੋਏ ਉਨ੍ਹਾਂ ਕੋਲ਼ੋਂ ਬਰ ਮੰਗਦੇ ਹਨ, ਤਾਂ ਉਨ੍ਹਾਂ ਦੀ ਸਮਝ 'ਤੇ ਤਰਸ ਹੀ ਆਉਂਦਾ ਹੈ। ਜਿਸ ਰਚਨਾ ਦੀ ਗੱਲ ਲੋਕ ਕਰ ਰਹੇ ਹਨ ਉਸ ਵਿੱਚ "ਦੇਹ ਸਿਵਾ... " ਵਿੱਚ ਵੀ ਉਹ ਟਪਲਾ ਖਾ ਰਹੇ ਹਨ, ਉਸ ਵਿੱਚ ਸਿਵਾ ਸ਼ਿਵ ਜੀ ਨਹੀਂ, ਸ਼ਿਵਜੀ ਦੀ ਪਤਨੀ ਪਾਰਬਤੀ ਦਾ ਜ਼ਿਕਰ ਹੈ।

ਆਉ ਹੁਣ ਦੇਖੀਏ ਕਿ ਇਹ ਗੁਰਮਤਿ ਤੋਂ ਉਲਟ ਰਚਨਾ ਕਿੱਥੇ ਲਿਖੀ ਹੈ ਤੇ ਉਸਦਾ ਮਤਲਬ ਕੀ ਹੈ। ਹੇਠ ਦਿੱਤਾ ਸ. ਪ੍ਰੇਮ ਸਿੰਘ ਦੀ ਲੇਖ ਹੈ ਜੋ ਕਿ ਖ਼ਾਲਸਾ ਨਿਊਜ਼ 'ਤੇ ਜੂਨ 2013 ਵਿੱਚ ਪਾਇਆ ਸੀ।

ਕੀ ਸਿੰਘਾਂ ਦੇ ਕੌਮੀ ਗੀਤ ਵਿਚ ਸ਼ਿਵਾ ਦੇ ਅਰਥ ਅਕਾਲ ਪੁਰਖ ਹੈ ਜਾਂ ਸ਼ਿਵ ਜੀ ਤੇ ਚੰਡਕਾ/ਦੁਰਗਾ ਦੇਵੀ ਹੈ। ਆਪ ਜੀ ਦੀ ਜਾਣਕਾਰੀ ਵਾਸਤੇ! ਕਿ ਦੇਵੀ ਇਕੋ ਹੈ ਜਿਸ ਦੇ 700 (ਸਪਤਸ਼ਤੀ/ਸੱਤ ਸੌ ਨਾਵਾਂ ਵਾਲੀ) ਨਾਂ ਹਨ। ਇਹ ਰਚਨਾ ਮਾਰਕੰਡੇ ਪੁਰਾਨੇ ਪੁਰਾਨ ਵਿਚੋਂ ਲਈ ਗਈ ਹੈ। ਅੰਤ ਵਿਚ ਲਿਖੀ ਉਕਤੀ ਵਿਚ ਸਾਫ ਦੇਖਿਆ ਜਾ ਸਕਦਾ ਹੈ। ਇਸ ਰਚਨਾ ਦੇ ਕੁਲ 232 ਬੰਦ ਹਨ। ੴ ਵਾਹਿਗੁਰੂ ਜੀ ਕੀ ਫਤਹਿ॥ ਸ੍ਰੀ ਭਗਉਤੀ ਜੀ ਸਹਾਇ॥ ਹੁਣ ਚੰਡੀ ਚਰਿਤ੍ਰ (ਉਕਤ-ਬਿਲਾਸ) ਲਿਖਦੇ ਹਾਂ॥ ਪਾਤਿਸ਼ਾਹੀ 10॥ ਨਾਲ ਅਰੰਭ ਹੁੰਦੀ ਹੈ।

ਜਦ ਆਪਾਂ "ਦੇਹਿ ਸ਼ਿਵਾ ਬਰ ਮੋਹੇ" ਵਾਲੇ ਸਵਯੈ ਤੋਂ ਪਹਿਲਾਂ ਵਾਲੇ ਤੇ ਉਸ ਤੋਂ ਬਾਅਦ ਵਾਲੇ ਬੰਦ ਪੜ੍ਹਾਂਗੇ ਤਾਂ ਸਾਰੀ ਗਲ ਸਾਫ ਹੋ ਜਾਂਏਗੀ, ਕਿ ਇਹ ਕੀ ਮਾਜਰਾ ਹੈ।

ਚੰਡੀ ਚਰਿਤ੍ਰ (ਉਕਤ ਬਿਲਾਸ) ਦੇ ਦੂਜੇ ਤੇ ਤੀਜੇ ਬੰਦ ਵਿਚ ਲਿਖਿਆ ਮਿਲਦਾ ਹੈ;

ਕ੍ਰਿਪਾ ਸਿੰਧ ਤੁਮਰੀ ਕ੍ਰਿਪਾ ਜੋ ਕਛ ਮੋ ਪਰਿ ਹੋਏ।
ਰਚੋ ਚੰਡਿਕਾ ਕੀ ਕਥਾ ਬਾਣੀ ਸੁਭ ਸਭ ਹੋਇ।2।

ਜੋਤਿ ਜਗਮਗੇ ਜਗਤ ਮੈ ਚੰਡ ਚਮੁੰਡ ਪ੍ਰਚੰਡ।
ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ।3।


ਭਾਵ:- ਹੇ ਕਿਰਪਾ ਦੇ ਸਾਗਰ! ਜੇ ਤੇਰੀ ਕ੍ਰਿਪਾ ਮੇਰੇ ਉਤੇ ਹੋਏ, (ਤਾਂ) ਦੁਰਗਾ ਦੀ ਕਥਾ ਦੀ ਰਚਨਾ ਕਰਾਂ ਅਤੇ ਸਾਰੀ ਕਵਿਤਾ ('ਬਾਣੀ') ਸ੍ਰੇਸ਼ਠ ਹੋ ਜਾਏ।2।

(ਜਿਸ ਦੀ) ਜੋਤਿ ਜਗਤ ਵਿਚ ਜਗਮਗਾ ਰਹੀ ਹੈ, (ਜੋ) ਚੰਡ ਅਤੇ ਮੁੰਡ (ਨੂੰ ਮਾਰਨ ਵਾਲੀ ਬਹੁਤ) ਪ੍ਰਚੰਡ ਹੈ, (ਜਿਸ ਦੀਆਂ) ਭੁਜਾਵਾਂ ਦੇ ਡੰਡੇ ਦੈਂਤਾਂ ਨੂੰ ਦੰਡ ਦੇਣ ਵਾਲੇ ਹਨ ਅਤੇ (ਜੋ) ਧਰਤੀ ਦੇ ਨੌਂ ਖੰਡਾਂ ਨੂੰ ਸੁਸੱਜਿਤ ਕਰਨ ਵਾਲੀ ਹੈ।3।

ਪ੍ਰਥਮ ਨਧੁ ਕੈਟ ਮਦ ਮਥਨ ਮਹਿਖਾਸਰ ਮਾਨ ਮਰਦਨ ਕਰਨ ਤਰੁਨਿ ਬਰ ਬੰਡਕਾ।
ਦੂਮ੍ਰ ਦ੍ਰਿਗ ਧਰਨ ਧਰਿ ਧਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡਕਾ।
ਰਕਤ ਬੀਰਜ ਹਰਨ ਰਕਤ ਭਛਨ ਕਰਨ ਦਰਨ ਅਨਸੁੰਭ ਰਨਿ ਰਾਰ ਰਿਸ ਮੰਡਕ।
ਸੰਭ ਬਲੁ ਧਾਰ ਸੰਘਾਰ ਕਰਵਾਰ ਕਰਿ ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਿਕਾ
 । ਪੰਨਾ; 129 (ਬੰਦ230)

ਭਾਵ:- ਪਹਿਲਾਂ ਮਧੁ ਅਤੇ ਕੈਟਭ (ਦੈਂਤਾਂ) ਦਾ ਘਮੰਡ ਤੋੜਨ ਵਾਲੀ, ਫਿਰ ਮਹਿਖਾਸੁਰ ਦਾ ਮਾਣ ਮਾਲਣ ਵਾਲੀ, ਵਰ ਦੇਣ ਵੇਲੇ ਸੰਕੋਚ ਨ ਕਰਨ ਵਾਲੀ, ਧੂਮ੍ਰਲੋਚਨ ਵਰਗੇ ਨੂੰ ਟੋਟੇ ਟੋਟੇ ਕਰਨ ਵਾਲੀ, ਰਕਤ-ਬੀਜ ਨੂੰ ਮਾਰਨ ਅਤੇ (ਉਸ ਦਾ) ਲਹੂ ਪੀਣ ਵਾਲੀ ਵੈਰੀਆਂ ਨੂੰ ਦਲਣ ਵਾਲੀ, ਨਿਸ਼ੁੰਭ ਨਾਲ ਕ੍ਰੋਧਿਤ ਹੋ ਕੇ ਜੰਗ ਕਰਨ ਵਾਲੀ, ਸੁੰਭ ਨੂੰ ਬਲ ਪੂਰਵਕ ਤਲਵਾਰ ਨਾਲ ਸੰਘਾਰਨ ਵਾਲੀ ਅਤੇ ਸਾਰੇ ਦੁਸ਼ਟ ਦੈਂਤਾਂ ਦੇ ਦਲ ਨੂੰ ਜਿਤਣ ਵਾਲੀ ਚੰਡੀ ਦੀ ਜੈ ਹੋਵੇ।

ਸ੍ਵੈਯਾ
ਦੇਹ ਸਿਵਾ ਬਰੁ ਮੋਹਿ ਇਹੇ ਸ਼ੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋ।
*ਅਰੁ ਸਿਖ ਹੋ ਅਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਰਨ ਮੈ ਤਬ ਜੂਝ ਮਰੋ।
231
( ਕਈ ਬੀੜਾਂ ਵਿਚ ਇਹ ਸਵੈਯਾ ਅੰਤ ਉਤੇ ਅੰਕ 233 ਨਾਲ ਆਇਆ ਹੈ)

ਭਾਵ:- ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋਂ) ਨ ਟਲਾਂ। ਜਦੋਂ ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾਂ ਤਾਂ (ਜ਼ਰਾ) ਨ ਡਰਾਂ ਅਤੇ ਨਿਸਚੇ ਹੀ ਆਪਣੀ ਜਿਤ ਪ੍ਰਾਪਤ ਕਰਾਂ।* ਅਤੇ ਆਪਣੇ ਮਨ ਨੂੰ ਸਿਖਿਆ ਦੇਵਾਂ ਕਿ ਮੈਂਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ ਮੈਂ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ। ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ।231।

ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ।
ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ।
ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕੱਥਾ ਇਹ ਪੂਰੀ ਭਈ ਹੈ।
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ
।232।

ਭਾਵ:- ਚੰਡੀ-ਚਰਿਤ੍ਰ ਕਵਿਤਾ ਵਿਚ ਕਥਨ ਕੀਤਾ ਹੈ। (ਇਹ) ਸਾਰੀ (ਕਵਿਤਾ) ਰੌਦਰ-ਰਸ ਵਿਚ ਲਿਖੀ ਹੈ। ਇਕ ਤੋਂ ਇਕ (ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ (ਪੈਰਾਂ ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ ਹੈ। ਕਵੀ ਨੇ ਮਾਨਸਿਕ ਵਿਲਾਸ ('ਉਕਤਕ') ਲਈ ਇਹ ਕਾਵਿ-ਰਚਨਾ ਕੀਤੀ ਹੈ। 'ਸਤਸਈ' ਦੀ ਇਹ ਪੂਰੀ ਕਥਾ ਵਰਣਿਤ ਹੈ। ਜਿਸ (ਮਨੋਰਥ ਲਈ (ਕੋਈ ਪੁਰਸ਼ ਇਸ ਰਚਨਾ ਨੂੰ ) ਪੜ੍ਹੇ ਅਤੇ ਸੁਣੇਗਾ, ਉਸ ਨੂੰ ਅੱਵਸ਼ ਹੀ (ਦੇਵੀ) ਉਹੀ (ਵਰ) ਪ੍ਰਦਾਨ ਕਰੇਗੀ।232।

ਜਿਹ ਨਮਿਮਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ।233।

ਭਾਵ:- ਮੈਂ 'ਸਤਸਈ' (ਦੁਰਗਾ ਸਪਤਸਤੀ) ਗ੍ਰੰਥ ਦੀ ਰਚਨਾ ਕੀਤੀ ਹੈ, ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ ਚੰਡਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਸਹੀ (ਮਨੋਰਥ) ਪੂਰਾ ਕਰੋ।233।

ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ। 8।

ਉਕਤੀ:- (ਬਹੁਤੀਆਂ ਬੀੜਾਂ ਵਿਚ ਇਹ ਅਧਿਆਇ ਅੰਤ ਸੂਚਕ ਪੁਸ਼ਪਿਕਾ ਨਹੀਂ ਲਿਖੀ ਹੈ)

ਕੀ ਅਜੇ ਵੀ ਕੋਈ ਗੁੰਜ਼ਾਇਸ਼ ਰਹਿ ਜਾਂਦੀ ਹੈ, ਕਿ ਸ਼ਿਵਾ ਦੇ ਅਰਥ ਸ਼ਿਵ ਜੀ ਅਤੇ ਚੰਡਿਕਾ/ਦੁਰਗਾ ਹੈ? ਦਰਅਸਲ ਦਸਮ ਗ੍ਰਥ ਦੇ ਲਿਖਾਰੀ ਦੇਵੀ ਪੂਜਕ ਹਨ ਅਤੇ ਉਸੇ ਦੀ ਉਪਾਸ਼ਨਾ ਕਰਦੇ ਹਨ। ਸਾਡੀ ਇਹ ਤਰਾਸਦੀ ਹੈ ਕਿ ਅਸੀਂ ਹਰ ਉਸ ਨੂੰ ਅਕਾਲਪੁਰਖ ਕਰ ਕੇ ਮੰਨ ਲੈਂਦੇ ਹਾਂ, ਜਿਸ ਕਿਸੇ ਨਾਲ ਅਕਾਲ ਪੁਰਖ ਵਾਲੇ ਵਿਸ਼ੇਸ਼ਨ ਲਗੇ ਹੁੰਦੇ ਹਨ। ਦਸਮ ਗ੍ਰੰਥ ਦੇ ਲਿਖਾਰੀਆਂ ਦਾ ਸਭੋ ਕੁਝ ਮਹਾਂਕਾਲ ਜਾਂ 700 ਨਾਵਾਂ ਵਾਲੀ ਦੇਵੀ ਹੀ ਹੈ ਤੇ ਉਸ ਦੇ ਹੀ ਗੁਣ ਗਾਏ ਗਏ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top