Khalsa News homepage

 

 Share on Facebook

Main News Page

ਕਿਉਂ ਨਹੀਂ ਮੁੱਕ ਰਿਹਾ ਹਿਜਰਤ ਦਾ ਸਫਰ ?
-: ਸੰਪਾਦਕ ਖ਼ਾਲਸਾ ਨਿਊਜ਼
11.04.2021
#KhalsaNews #Punjabi #Brampton #Bolton #Caledon #Georgetown #Guelph

ਹਿਜਰਤ ਦਾ ਸਫਰ ਤਾਂ ਹੀ ਮੁੱਕ ਸਕਦਾ ਜੇਕਰ ਲੋਕਲ ਮਸਲਿਆਂ ਨੂੰ ਸੰਜੀਦਗੀ ਨਾਲ ਲੈਕੇ ਹੱਲ ਲੱਭਣ ਵੱਲ ਹੋਵਾਂਗੇ, ਨਹੀਂ ਤਾਂ ਮੁਲਕ ਜਾਂ ਸ਼ਹਿਰ ਬਦਲਣ ਨਾਲ ਮੁਸ਼ਕਲਾਂ ਪਿੱਛਾ ਨਹੀਂ ਛੱਡਣਗੀਆਂ।  ਬਰੈਮਟਨ 'ਚ ਮਹਿੰਗਾਈ ਹੱਦੋ ਵੱਧ ਗਈ; ਘਰ ਲੈਣਾ ਵਸੋਂ ਬਾਹਰ; ਟੈਕਸ ਬੇਅੰਤ; ਕਾਰ ਇੰਸ਼ੋਰਸ ਇੱਕ ਮਹੀਨੇ ਦੀ ਹੀ 500 ਡਾਲਰ ਤੱਕ; ਲੋਕ ਦੂਜੇ ਸ਼ਹਿਰਾਂ ਨੂੰ ਜਾਂ ਸਟੇਟਾਂ ਨੂੰ ਪਰਵਾਸ ਕਰ ਰਹੇ ਨੇ ਕੇ ਸ਼ਾਇਦ ਅਸੀਂ ਸੌਖੇ ਹੋ ਜਾਈਏ!!  - ਕੰਵਰ ਦੀਪ ਸਿੰਘ ਘੱਗਾ

ਟਿੱਪਣੀ: ਅੱਜ ਸ. ਕੰਵਰਦੀਪ ਸਿੰਘ ਘੱਗਾ ਜੀ ਦੀ ਪੋਸਟ ਦੇਖੀ। ਬਹੁਤ ਹੀ ਸਟੀਕ ਸੀ। ਪੰਜਾਬੀ ਬਹੁਤ ਹੀ ਮਿਹਨਤੀ ਲੋਕ ਹਨ, ਇਸ ਵਿੱਚ ਕੋਈ ਦੋ ਰਾਇ ਨਹੀਂ, ਜਿੱਥੇ ਜਾਂਦੇ ਹਨ ਆਪਣੇ ਬਲਬੂਤੇ 'ਤੇ ਨੁਹਾਰ ਬਦਲ ਦਿੰਦੇ ਨੇ। ਪਰ ਇਸ ਨਾਲ ਉਹ ਆਪਣੀ ਪਿਛਲੀਆਂ ਆਦਤਾਂ ਛੱਡ ਨਹੀਂ ਪਾਉਂਦੇ, ਤੇ ਪੰਜਾਬ/ਭਾਰਤ ਦੀਆਂ ਪੁਰਾਣੀਆਂ ਤੇ ਹੱਡੀਂ ਰੱਚ ਚੁਕੀਆਂ ਆਦਤਾਂ ਤੋਂ ਖਹਿੜਾ ਨਹੀਂ ਛੁਡਾ ਸਕੇ, ਤੇ ਫਿਰ ਜਿਤ ਤਰ੍ਹਾਂ ਉਹ ਪੰਜਾਬ ਤੋਂ ਇੱਥੇ ਬਰੈਂਪਟਨ ਆਏ, ਹੁਣ ਬਰੈਂਪਟਨ ਤੋਂ ਹੋਰ ਨਾਲ ਲਗਦੇ ਸ਼ਹਿਰਾਂ ਵੱਲ ਨੂੰ ਹੋ ਤੁਰੇ। ਪਰ ਇਹ ਹਿਜਰਤ ਮੁਕਣੀ ਨਹੀਂ, ਜਦੋਂ ਤੱਕ ਆਪਣੀ ਮਾੜੀਆਂ ਆਦਤਾਂ ਨਹੀਂ ਛੱਡਦੇ। ਮਸਲਨ...

ਪੰਜਾਬੀਆਂ/ਭਾਰਤੀਆਂ ਦੀ ਪੈਸੇ ਦੀ, ਇੱਕ ਤੋਂ ਵੱਧ ਵੱਡੇ ਘਰਾਂ ਦੀ, ਵੱਡੀਆਂ ਗੱਡੀਆਂ ਦੀ, ਇੱਕ ਦੂਜੇ ਤੋਂ ਵੱਧ ਫਾਹਾ ਲੈਣ ਦੀ, ਚੌਧਰਪੁਣੇ ਦੀ, ਗੁਰਦੁਆਰੇ ਮੰਦਰਾਂ 'ਤੇ ਕਬਜ਼ੇ ਦੀ... ਹੋਰ ਅਨੇਕਾਂ ਤਰ੍ਹਾਂ ਦੀ ਭੁੱਖ ਨੇ ਇਨ੍ਹਾਂ ਦੀ ਹੋੜ ਨੂੰ ਲੋੜ ਤੋਂ ਵੱਧ ਗਰਕਾਇਆ ਹੈ।

ਨੌਜਵਾਨ ਪੀੜ੍ਹੀ ਦਾ ਆਪਣੇ ਵਿਰਸੇ (ਭੋਜਨ, ਪਹਿਰਾਵਾ ਤੇ ਬੋਲੀ) ਨੂੰ ਪਿੱਠ ਦਿਖਾਉਣਾ ਜਿਸਦਾ ਮੂਲ ਕਾਰਣ ਵੀ ਪਿਛਲੀ ਪੀੜ੍ਹੀ ਦਾ ਉੱਤੇ ਦਿੱਤੀਆਂ ਭੁੱਖਾਂ ਕਰਕੇ ਹੀ ਹੈ। ਜਦੋਂ ਸਾਰਾ ਕੁੱਝ ਵਸੋਂ ਬਾਹਰ ਹੋ ਜਾਂਦਾ, ਨਿਆਣੇ ਕਹਿਣੋ ਬਾਹਰ ਹੋ ਜਾਂਦੇ, ਨਸ਼ੇ ਪੱਤੇ 'ਤੇ ਲੱਗ ਜਾਂਦੇ, ਹੋਰ ਐਬ ਗ੍ਰਸਤ ਹੋ ਜਾਂਦੇ, ਗੈਂਗਸਟਰ ਬਣ ਜਾਂਦੇ... ਤੇ ਫਿਰ ਅਸੀਂ ਲੋਕ ਸਿਸਟਮ ਵਿੱਚ ਗਲਤੀਆਂ ਲਭਣੀਆਂ ਸ਼ੁਰੂ ਕਰ ਦਿੰਦੇ। ਜਦਕਿ ਇਹ ਮੁਲਕ ਐਨਾ ਕੁ ਵਧੀਆ ਸੀ ਕਿ ਗੱਲ ਈ ਛੱਡ ਦਿਓ।

ਪੰਜਾਬੀਆਂ ਦੀ ਫੁਕਰਪੁਣੇ ਦੀ ਆਦਤ ਛੁੱਟ ਨਹੀਂ ਸਕਦੀ, ਕੋਈ ਰੇਡੀਓ ਲਾ ਕੇ ਦੇਖ ਲਵੋ, (ਸਿਵਾਏ ਇੱਕ ਦੋ ਨੂੰ) ਫੁੱਕਰੇ ਲੋਕ ਰੇਡੀਓ ਚਲਾ ਰਹੇ ਹਨ... ਤੇ ਪਰੋਸਿਆ ਕੀ ਜਾ ਰਿਹਾ ਹੈ?? ਇੰਸ਼ੋਰੈਂਸ਼ ਕਰਵਾ ਲਵੋ, Investment ਕਰ ਲਵੋ, ਟੀ.ਵੀ. ਲੈ ਲਵੋ, ਫਰਿਜ ਲੈ ਲਵੋ, ਕਚਰਾ ਫਰਨੀਚਰ ਲੈ ਲਵੋ... ਕੋਈ ਅਕਲ ਦੀ ਗੱਲ ਨਹੀਂ... ਫਿਰ ਜੋ ਪਰੋਸਿਆ ਜਾ ਰਿਹਾ ਹੈ, ਚੰਗੇ ਨਤੀਜੇ ਦੀ ਆਸ ਕਿਵੇਂ?

ਬਰੈਂਪਟਨ ਦਾ ਬੁਰਾ ਹਾਲ ਪਿਛਲੇ 10-12 ਸਾਲਾਂ ਤੋਂ ਵੱਧ ਹੋਇਆ ਹੈ, ਜਦੋਂ ਤੋਂ ਕੈਨੇਡਾ ਸਰਕਾਰ ਨੇ ਹੱਦੋਂ ਵੱਧ ਵਿਦਿਆਰਥੀਆਂ ਨੂੰ ਐਥੇ ਪੜਾਈ ਦੇ ਤੌਰ 'ਤੇ ਆਉਣ ਦੀ ਖੁੱਲ ਦਿੱਤੀ। ਚੰਗੇ ਵਿਦਿਆਰਥੀ ਆਉਣੇ ਚਾਹੀਦੇ ਹਨ, ਜਿਸ ਨਾਲ ਦੇਸ਼ ਤਰੱਕੀ ਕਰੇ, ਪਰ ਸਰਕਾਰ ਦੇ ਮੂੰਹ ਨੂੰ ਮਣਾਂ ਮੂੰਹੀਂ ਡਾਲਰ ਲੱਗ ਗਏ, ਜਿਸ ਨਾਲ ਵਾਹੀਯਾਤ ਕਿਸਮ ਦੇ ਲੋਕ ਵੀ ਇੱਥੇ ਆ ਗਏ, ਜਿਨ੍ਹਾਂ ਨੇ ਇਸ ਸੋਹਣੇ ਮੁਲਕ ਦਾ ਕਬਾੜਾ ਕੀਤਾ। ਹੁਣ ਪਿੱਛੇ ਪੱਕੇ ਹੋਣ ਲਈ ਵਿਦਿਆਰਥੀਆਂ ਨੂੰ ਜਿੱਥੇ ਕਦੀ 450 ਤੋਂ ਵੱਧ ਨੰਬਰ ਚਾਹੀਦੇ ਹੁੰਦੇ ਸੀ, ਜੋ ਕਿ ਬਹੁਤ ਔਖਾ ਕੰਮ ਹੁੰਦਾ ਸੀ, ਸਰਕਾਰ ਨੇ ਘਟਾ ਕੇ 75 ਕਰਤੇ ਜਿਸ ਨਾਲ ਹਰ ਕੋਈ ਚੰਗਾ, ਮਾੜਾ, ਕੂੜ ਕਬਾੜ ਵੀ ਪੱਕਾ ਹੋ ਗਿਆ।

 

ਕਿਸੇ ਦੇ ਪੱਕੇ ਹੋਣ 'ਤੇ ਕੋਈ ਨਾਰਾਜ਼ਗੀ ਨਹੀਂ, ਪਰ ਘੱਟੋ ਘੱਟ ਸਰਕਾਰ ਨੂੰ ਕੋਈ ਨਿਯਮ ਅਧੀਨ ਦੇਸ਼ ਦੇ ਚੰਗੇ ਭਵਿੱਖ ਲਈ ਮਿਆਰੀ ਲੋਕ ਹੀ ਪੱਕੇ ਕਰਣੇ ਚਾਹੀਦੇ ਸੀ। ਇਹ ਨਹੀਂ ਕਿ ਪਿਛਲੇ ਸਮੇਂ 'ਚ ਜਿੰਨੇ ਲੋਕ ਆਏ ਉਹ ਸਾਰੇ ਚੰਗੇ ਸੀ, ਨਹੀਂ... ਉਨ੍ਹਾਂ ਵਿੱਚ ਵੀ ਐਸੇ ਸੀ ਜਿਨ੍ਹਾਂ ਨੇ ਇਸ ਸ਼ਹਿਰ 'ਚ ਗੰਦ ਪਾਉਣ ਵਿੱਚ ਪੂਰੀ ਵਾਹ ਲਾਈ। ਇਹ ਪੁਰਾਣੇ ਲੋਕਾਂ ਨੇ ਹੀ ਬੇਸਮੈਂਟ, ਆਪਣੇ ਘਰ ਕਿਰਾਏ 'ਤੇ ਦੇ ਕੇ ਕੁਕੜੀਆਂ ਦੀ ਤਰ੍ਹਾਂ ਨਿਆਣੇ ਤੁੰਨ ਕੇ ਚੰਗੀ ਕਮਾਈ ਦੇ ਲਾਲਚ ਵਿੱਚ ਗੰਦ ਪਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਨਿੱਤ ਦੀਆਂ ਲੜਾਈਆਂ, ਸੜਕਾਂ 'ਤੇ ਖੌਰੂ ਪਾਉਣਾ, ਪਲਾਜ਼ਿਆਂ 'ਚ ਖੱੜ ਕੇ ਗੰਦ ਪਾਉਣ ਵਿੱਚ ਪੁਰਾਣੇ ਆਏ ਲੋਕ ਵੀ ਜ਼ਿੰਮੇਦਾਰ ਨੇ। ਡਾਲਰਾਂ ਦੀ ਭੁੱਖ ਨੇ ਇੱਕ ਫੁੱਲਾਂ ਦੇ ਸ਼ਹਿਰ Flower City ਨੂੰ ਕੂੜੇ ਦਾ ਢੇਰ ਬਣਾ ਧਰਿਆ, ਤੇ ਹੁਣ ਹੋਰਨਾਂ ਸ਼ਹਿਰਾਂ ਵੱਲ ਕੂਚ ਕਰਣਾ... ਕੀ ਇਸ ਨਾਲ ਸਾਡੀਆਂ ਆਦਤਾਂ ਬਦਲ ਜਾਣਗੀਆਂ?

- ਕੀ ਬੋਲਟਨ, ਕੈਲੇਡੌਨ, ਜੌਰਜਟਾਊਨ, ਵੁੱਡਬਰਿਜ, ਸਕਾਰਬੋਰੋ.. ਦੂਜੇ ਪਾਸੇ ਗਲਫ਼, ਕੈਮਬਰਿਜ, ਕਿਚਨਰ, ਵਾਟਰਲੂ, ਓਕਵਿੱਲ, ਬਰਲਿੰਗਟਨ, ਹੈਮਿਲਟਨ, ਬਰੈਂਟਫੋਰਡ, ਵੁਡਸਟੌਕ, ਲੰਡਨ ਸ਼ਹਿਰਾਂ 'ਚ ਇਨ੍ਹਾਂ ਨੇ ਗੰਦ ਨਹੀਂ ਪਾਉਣਾ?

ਕੋਈ ਵਿਦਿਆਰਥੀ ਹੋਵੇਗਾ ਜੋ ਚੰਗੀ ਪੜ੍ਹਾਈ ਕਰਕੇ ਆਪਣਾ ਕੰਮ ਖੋਲਣ, ਚੰਗੀ ਇੰਡਸਟਰੀ ਵਿੱਚ ਉੱਚੇ ਅਹੁਦੇ ਲਈ ਪੜਾਈ ਕਰ ਰਿਹਾ ਹੋਵੇਗਾ, ਨਹੀਂ ਤਾਂ ਬਹੁਤਾਤ ਦਾ ਟੀਚਾ ਛੇਤੀ ਤੋਂ ਜਲਦੀ ਪੱਕਾ ਹੋਣਾ ਹੈ, ਉਸ ਲਈ ਕੁੱਝ ਵੀ ਕਰਨਾ ਪਵੇ... ਚੜ੍ਹਨਾ ਉਨ੍ਹਾਂ ਟਰੱਕ 'ਤੇ ਹੀ ਹੈ। ਤੇ ਵਿਦਿਆਰਥੀਆਂ ਦਾ ਸ਼ੋਸਣ ਘਰਾਂ, ਬੇਸਮੈਂਟਾਂ ਵਾਲਿਆਂ ਨੇ ਕੀਤਾ। ਇੱਥੇ ਤੱਕ ਕਿ ਕੋਰੋਨਾ ਦੇ ਸਮੇਂ ਵਿੱਚ ਵੀ ਦੱਬ ਕੇ ਸ਼ੋਸ਼ਣ ਹੋ ਰਿਹਾ। ਭਾਰਤ  ਤੋਂ ਆਏ ਵਿਦਿਆਰਥੀਆਂ ਨੂੰ 14 ਦਿਨ Quarantine ਕਰਨਾ ਪੈ ਰਿਹਾ ਹੈ, ਤੇ ਸਾਡੇ ਲੋਕਾਂ ਨੇ 15 ਦਿਨਾਂ ਦੇ $1500 ਰੇਟ ਕੀਤਾ ਹੋਇਆ। ਇਹ ਹੈ ਅਸਲੀਯਤ। ਭੱਜੋ ਕਿੱਥੇ ਭੱਜਦੇ ਹੋ!

ਕਿੱਥੇ ਕਿੱਥੇ ਭੱਜੋਗੇ ਪੰਜਾਬੀਓ! ਆਪਣੀਆਂ ਆਦਤਾਂ ਬਦਲੋ ਤਾਂ ਤੁਸੀਂ ਸੌਖੇ ਤੇ ਸੁਖੀ ਰਹੋਗੇ, ਨਹੀਂ ਤਾਂ ਭੱਜੀ ਚਲੋ ਇੱਕ ਥਾਂ ਤੋਂ ਦੂਜੀ ਥਾਂ! ਆਪਣੇ ਅੰਦਰ ਝਾਤੀ ਮਾਰੋ, ਘਰਾਂ ਦੇ, ਇੰਸ਼ੋਰੈਂਸ ਦੇ ਮੁੱਲ ਵਧਣ ਦਾ ਕਾਰਣ ਹੈ ਕੌਣ? ਕੀ ਤੁਸੀਂ ਆਪ ਤਾਂ ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top