👈
ਬੀਤੇ ਦਿਨ ਖ਼ਾਲਸਾ ਨਿਊਜ਼ 'ਤੇ ਇਕ ਪੋਸਟ ਪਾਈ ਕਿ
ਕਿਸ ਤਰ੍ਹਾਂ ਪਾਕਿਸਤਾਨ ਦਾ ਬੱਗਾ ਕੁਲਫੀ ਵਾਲਾ ਗਾਉਂਦਾ ਹੈ। ਜਿਸ ਵਿੱਚ ਲਿਖਿਆ ਗਿਆ
ਸੀ ਕਿ...
❗"ਹੈ ਆਪਣੇ ਅਖੌਤੀ ਰਾਗੀਆਂ ਦੀ ਐਸੀ ਆਵਾਜ਼,ਗਲਾ ਤੇ ਕਲਾ ???
ਪਹਿਲਾਂ ਪਰਚੀਆਂ ਤੋਂ ਤੇ ਹੁਣ ਫੋਨ ਤੋਂ... ਉਹ ਵੀ ਦੋ-ਚਾਰ ਸ਼ਬਦ ਗਾਉਣ ਵਾਲੇ, ਕਹਿਰਵਾ,
ਦਾਦਰਾ, ਤੀਨ ਤਾਲ ਤੋਂ ਅਗਾਂਹ ਨਾ ਜਾਣ ਵਾਲੇ... ਐਸਾ ਗਾ ਸਕਦੇ ਹਨ? ਸਿਵਾਏ ਚੰਦ ਕੁ
ਰਾਗੀਆਂ ਦੇ, ਪਰ ਉਹ ਬਸ ਕਲਾਕਾਰ ਹੀ ਹਨ, ਕੀਰਤਨੀਏ ਨਹੀਂ।"❗
❎ ਪਰ ਕਈ ਲੋਕਾਂ ਨੂੰ ਸਮਝ ਨਹੀਂ
ਲੱਗੀ ਤੇ ਉਹ ਇਸ ਪੋਸਟ ਨੂੰ ਰਾਗੀਆਂ ਦੀ ਤੌਹੀਨ ਵਜੋਂ ਦੇਖਣ ਲੱਗੇ। ਉਨ੍ਹਾਂ ਲੋਕਾਂ ਨੂੰ
ਰਾਗੀਆਂ ਤੇ ਕੀਰਤਨੀਆਂ ਵਿੱਚਲੇ ਫਰਕ ਦਾ ਪਤਾ ਹੀ ਨਹੀਂ।
⚠️ਇਹ ਕੁਲਫੀ ਵਾਲਾ ਘੱਟੋ ਘੱਟ
ਆਪਣੀ ਕਿਰਤ ਨਾਲ ਵਫਾ ਤਾਂ ਕਰ ਰਿਹਾ ਸੀ, ਰਾਗ ਵੀ ਆਪਣਾ, ਤੇ ਕੁਲਫੀ ਵੀ ਆਪਣੀ... ਤੇ
ਰਾਗੀ ਜਦੋਂ ਗਾਉਂਦੇ ਸ਼ਬਦ ਹੁੰਦਾ ਸਿਰੀਰਾਗੁ ਰਾਗ 'ਚ, ਤੇ ਗਾਉਂਦੇ ਮਿਰਜ਼ੇ ਦੀ ਜਾਂ ਫਿਲਮੀ
ਧੁਨ 'ਤੇ, ਅਤੇ ਗੁਰੂ ਦੇ ਸਾਹਮਣੇ ਬੈਠ ਕੇ ਗੁਰੂ ਨੂੰ ਮੂੰਹ ਚਿੜਾਉਂਦੇ!
⛔
ਇਨ੍ਹਾਂ ਰਾਗੀਆਂ ਨੂੰ ਨਾ ਤਾਂ ਗੁਰੂ ਨਾਲ ਪਿਆਰ ਹੈ, ਨਾ ਹੀ ਰਾਗ ਆਉਂਦੇ ਹਨ, ਬਸ
ਨਾਮ ਦੇ "ਰਾਗੀ" ਹਨ, ਸਿਵਾਏ ਚੰਦ ਕੁ ਗਿਣੇ ਚੁਣੇ ਹਨ, ਪਰ ਉਹ ਸਿਰਫ ਕਲਾਕਾਰ ਹੀ ਹਨ,
ਕੀਰਤਨੀਏ ਨਹੀਂ। “ਰਹਾਉ” ਨੂੰ ਛੱਡ ਕੇ ਮਨਮਰਜ਼ੀ ਦੀ ਟੇਕ ਰੱਖਣਾ, ਰਾਗ ਨੂੰ ਛੱਡ ਫਿਲਮੀ
ਧੁਨਾਂ ‘ਤੇ ਗਾਉਣਾ ਇਨ੍ਹਾਂ ਦਾ ਸ਼ੌਂਕ ਪੈ ਚੁਕਾ ਹੈ, ਜੋ ਕਿ ਗੁਰਮਤਿ ਵਿਰੋਧੀ ਹੈ।
☝️ ਇਸ ਆਡੀਓ ਵਿੱਚ ਵੀ ਸੁਣ
ਸਕਦੇ ਹੋ ਕਿ ਕਿਵੇਂ ਕੋਈ ਰਾਗੀ ਆਸਾ ਕੀ ਵਾਰ ਵਿੱਚੋਂ ਕਿਵੇਂ "ਅਭਾਖਿਆ ਕਾ ਕੁਠਾ ਬਕਰਾ
ਖਾਣਾ ॥" ਨੂੰ ਟੇਕ ਰੱਖ ਕੇ "ਬਕਰਾ ਖਾਣਾ" 'ਤੇ ਜ਼ੋਰ ਦੇ ਰਿਹਾ ਹੈ। ਇਹ ਹਾਲਤ ਹੈ ਬਹੁਤਾਤ
ਰਾਗੀਆਂ ਦੀ।
✍️
ਪ੍ਰਮਾਣ ਦੇ ਤੌਰ 'ਤੇ ਹਰ ਕਿਸੇ ਰਾਗੀ ਨੇ "ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ
ਨਦਰਿ ਕਰੇਇ ॥" ਦੀ ਸਥਾਈ ਟੇਕ ਬਣਾ ਕੇ ਜ਼ਰੂਰ ਗਾਈ ਹੈ, ਤੇ ਹਰ ਕਿਸੇ ਖੁਸ਼ੀ ਦੇ ਸਮਾਗਮ
ਵਿੱਚ ਤਾਂ ਜ਼ਰੂਰ ਗਾਈ ਹੈ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਇਹ ਸ਼ਬਦ ਵਿੱਚ ਰਹਾਉ ਹੈ...
🙏 ਮੇਰੇ ਮਨ ਏਕਸ ਸਿਉ ਚਿਤੁ
ਲਾਇ ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥1॥ ਰਹਾਉ ॥
☝️ ਉਹ ਇਸ ਰਹਾਉ ਨੂੰ ਵਿਸਾਰ
ਕੇ ਸਿਰਫ ਲੋਕਾਂ ਨੂੰ ਖੁਸ਼ ਕਰਣ ਦੇ ਚੱਕਰ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੀ ਬਦਲ ਦਿੰਦੇ ਹਨ।
📍
ਹੋਰ ਲਵੋ... ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ
ਛੇਵੀਂ ਪਉੜੀ ਵਿੱਚੋਂ "ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।" ਨੂੰ ਟੇਕ ਬਣਾਕੇ
ਰਾਗੀ ਦਿਵਾਲੀ ਵਾਲੇ ਦਿਨ ਜ਼ਰੂਰ ਗਾਉਂਦੇ ਹਨ। ਜਦਕਿ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ
ਅਖੀਰਲੀ ਪੰਕਤੀ ਪੂਰੀ ਰਚਨਾ ਦਾ ਤੱਤ ਹੁੰਦੀ ਹੈ, ਪਰ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ
ਜਾਂਦਾ ਹੈ, ਤੇ ਇਓਂ ਦਰਸਾਇਆ ਜਾਂਦਾ ਹੈ ਕਿ ਗੁਰਮਤਿ ਵਿੱਚ ਦਿਵਾਲੀ ਮਨਾਉਣ ਲਈ ਗੁਰ
ਉਪਦੇਸ਼ ਹੈ। ਜਦਕਿ ਪੂਰੀ ਪਉੜੀ ਇਵੇਂ ਹੈ,
ਦੀਵਾਲੀ ਦੀ ਰਾਤਿ ਦੀਵੇ
ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨ ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ ।
✅ ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ।6।
☝️
ਇਸ ਪਉੜੀ ਵਿੱਚ ਪਹਿਲੀਆਂ 5 ਪੰਕਤੀਆਂ ਉਦਾਹਰਣ ਹਨ, ਤੇ ਅਖੀਰਲੀ ਪੰਕਤੀ ਤੱਤ ਹੈ,
ਜਿਸ ਨੂੰ ਟੇਕ ਬਣਾ ਕੇ ਗਾਇਆ ਜਾਂਦਾ ਤਾਂ ਦਿਵਾਲੀ ਬਾਰੇ ਇਹ ਭਰਮ ਭੁਲੇਖਾ ਨਾ ਪੈਂਦਾ।
👁️ ਰਹੀ ਗੱਲ ਰਾਗੀਆਂ /
ਸਿਰਫ ਰਾਗ ਨੂੰ ਤਰਜੀਹ ਦੇਣ ਵਾਲਿਆਂ ਲਈ ਗੁਰਬਾਣੀ ਦਾ ਫੈਸਲਾ ਹੈ...
🔹
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥
ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥
⭕
ਪਰ ਇੱਥੇ ਇਹ ਨਾ ਸਮਝ ਲਿਆ ਜਾਵੇ ਕਿ ਇੱਥੇ ਰਾਗ ਬੱਧ ਕੀਰਤਨ ਦੀ ਗੱਲ ਹੋ ਰਹੀ ਹੈ,
ਇੱਥੇ ਉਨ੍ਹਾਂ ਰਾਗ ਗਾਉਣ ਵਾਲੀਆਂ ਦੀ ਹੋ ਰਹੀ ਹੈ, ਜਿਹੜੇ ਸਿਰਫ ਰਾਗ ਨੂੰ
ਤਰਜੀਹ ਦਿੰਦੇ ਹਨ, ਪਰ "ਗੁਰੂ ਦਾ ਕੀਰਤਨੀਆ" ਜਦੋਂ ਕੀਰਤਨ ਕਰਦਾ ਹੈ ਉਹ ਗੁਰੂ ਦਾ ਉਪਦੇਸ਼
ਸ਼੍ਰੋਮਣੀ ਰੱਖ ਕੇ ਗੁਰੂ ਵੱਲੋਂ ਨਿਰਧਾਰਤ ਰਾਗ ਅੰਦਰ ਗੁਰਬਾਣੀ ਗਉਂਦਾ ਹੈ, ਉਸ ਕੀਰਤਨੀਏ
ਲਈ ਗੁਰਬਾਣੀ ਸ਼੍ਰਮਣੀ ਹੈ, ਤੇ ਰਾਗ ਹੈ ਸਾਧਨ। ਐਸਾ ਕੀਰਤਨੀਆ ਜਿਹੜਾ ਗੁਰੂ ਉਪਦੇਸ਼ ਨੂੰ
ਸਮਝੇ, ਵਿਚਾਰੇ, ਆਪਣੇ ਜੀਵਨ ਨੂੰ ਕੀਰਤਨ ਬਣਾ ਲਵੇ ਉਸ ਕੀਰਤਨਏ ਲਈ ਗੁਰੂ ਸਾਹਿਬ ਆਖਦੇ
ਹਨ...
✔️ਭਲੋ
ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥
ਛੋਡਿ ਮਾਇਆ ਕੇ ਧੰਧ ਸੁਆਉ ॥1॥ ਰਹਾਉ ॥
ਕੀਰਤਨੀਆ ਉਹ ਹੈ ਜੋ ਮਾਇਆ ਦੇ
ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ, ਸਰਬ-ਵਿਆਪਕ ਪਰਮੇਸ਼ਰ ਦੇ ਗੁਣ ਗਾਂਦਾ ਹੈ।
️🎯
ਐਸੀਆਂ ਅਨੇਕਾਂ ਹੀ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ,
ਪਰ ਜਿਨ੍ਹਾਂ ਨੇ ਸਮਝਣਾ ਹੈ ਉਹ ਐਨੇ ਵਿੱਚ ਹੀ ਸਮਝ ਜਾਣਗੇ, ਨਹੀਂ ਤਾਂ ਜਿਨ੍ਹਾਂ
ਨੇ ਢੁੱਚਰਾਂ ਢਾਉਣੀਆਂ ਹਨ, ਉਨ੍ਹਾਂ ਨੂੰ ਕੋਈ ਨਹੀਂ ਸਮਝਾ ਸਕਦਾ।
️⛳ ਗੁਰੂ ਭਲੀ ਕਰੇ ਤੇ ਅਸੀਂ
ਵੀ ਸਾਰੇ ਕੀਰਤਨੀਏ ਬਣ ਸਕੀਏ।