Share on Facebook

Main News Page

🙏 ਪੰਜਾਬੀਓ ਥੋੜਾ ਠਰੰਮਾ ਰੱਖੋ! ‼
-: ਸੰਪਾਦਕ ਖ਼ਾਲਸਾ ਨਿਊਜ਼
16.03.2022
#KhalsaNews #Punjab #AAP #BhagwantMann

👳 ਪੰਜਾਬ ਦੀਆਂ ਵਿਧਾਨਸਭਾ ਚੋਣਾਂ ਵਿੱਚ ਆਪ ਪਾਰਟੀ ਦੀ 92 ਸੀਟਾਂ ਨਾਲ ਹੂੰਝਾਫੇਰੂ ਜਿੱਤ ਦੇ ਪਿੱਛੇ ਕਈ ਕਾਰਣ ਹਨ, ਜਿਵੇਂ ਕਿ ਪਿਛਲੇ 70 ਸਾਲਾਂ ਤੋਂ ਅਖੌਤੀ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਕੀਤੀ ਪੰਜਾਬ ਦੀ ਬਰਬਾਦੀ, ਲੁੱਟਖੋਹ ਤੇ ਅੱਤ ਦਾ ਭ੍ਰਿਸ਼ਟਾਚਾਰ। ਸਾਲ ਡੇੜ ਸਾਲ ਚੱਲੇ ਕਿਸਾਨੀ ਸੰਘਰਸ਼ ਨੇ ਵੀ ਆਪ ਦੀ ਜਿੱਤ ਵਿੱਚ ਯੋਗਦਾਨ ਪਾਇਆ। ਇਹ ਗੱਲ ਵੱਖ ਹੈ ਕਿ ਕਿਸਾਨ ਆਗੂਆਂ ਨੇ ਆਪਣੀ ਪਾਰਟੀ ਬਣਾਈ, ਪਰ ਰਣਨੀਤੀ ਨਾ ਹੋਣ ਕਰਕੇ ਤੇ ਆਪਸੀ ਪਾਟੋਧਾੜ ਨੇ ਕਿਸਾਨੀ ਫੌਜਾਂ ਜਿੱਤ ਕੇ ਅੰਤ ਨੂੰ ਚੋਣਾਂ 'ਚ ਹਾਰੀਆਂ ਨੇ। ਪੰਜਾਬ ਬਦਲ ਚਾਹੁੰਦਾ ਸੀ ਤੇ ਲੋਕਾਂ ਦਾ ਫਤਵਾ ਕਿਸੇ ਤੀਜੀ ਧਿਰ ਨੂੰ ਮਿਲਣਾ ਸੀ, ਤੇ ਉਹ ਆਪ ਪਾਰਟੀ ਦੇ ਰੂਪ ਵਿੱਚ ਉਨ੍ਹਾਂ ਨੂੰ ਦਿਖਿਆ।

️⛳16 ਮਾਰਚ ਨੂੰ ਭਗਵੰਤ ਮਾਨ ਨੇ ਸਹੁੰ ਚੁੱਕੀ ਹੈ, ਘੱਟੋ ਘੱਟ ਉਨ੍ਹਾਂ ਦੀ ਮੰਤਰੀਮੰਡਲ ਨੂੰ ਆਪਣਾ ਕੰਮ ਤਾਂ ਸ਼ੁਰੂ ਕਰ ਲੈਣ ਦਿਓ, ਕਾਹਦੀ ਕਾਹਲ਼ੀ ਪਈ ਹੋਈ ਹੈ? ਬਦਲ ਇੱਕ ਦਿਹਾੜੀ 'ਚ ਆਉਣੋ ਰਿਹਾ, ਸਮਾਂ ਤਾਂ ਲੱਗੇਗਾ।

🔸ਹਾਏ ਮਾਨ ਨੇ ਪੱਗ ਬੰਨ੍ਹ ਕੇ ਕੇਜਰੀਵਾਲ ਦੇ ਪੈਰੀਂ ਹੱਥ ਲਾ ਲਿਆ
🔹ਹਾਏ ਮਾਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਾਹ ਦਿੱਤੀ...
🔸 ਹਾਏ ਮਾਨ ਨੇ ਦੋ ਕਰੋੜ ਖਰਚ ਦਿੱਤੇ... ਹਾਏ ਹਾਏ

📛 ਕੀ ਮਾਨ ਤੋਂ ਪਹਿਲਾਂ ਪੱਗਾਂ ਵਾਲਿਆਂ ਦੀ ਹਾਲਤ ਨਹੀਂ ਦੇਖੀ, ਕਿੱਥੇ ਕਿੱਥੇ ਮੱਥੇ ਨਹੀਂ ਟੇਕੇ! ਆਪਣੇ ਆਪ ਨੂੰ ਅੰਮ੍ਰਿਤਧਾਰੀ ਅਖਵਾਉਣ ਵਾਲਿਆਂ ਨੇ ਮੜ੍ਹੀਆਂ 'ਤੇ, ਮੰਦਿਰਾਂ 'ਚ, ਪਖੰਡੀ ਸਾਧਾਂ ਦੇ, ਸੌਦਾ ਸਾਧ ਦੇ, ਹਨੂੰਮਾਨ ਮੰਦਰਾਂ 'ਚ, ਸ਼ਨੀ ਦੇਵੇਤੇ ਦੇ... ਗੱਲ ਕਿ ਹਰ ਥਾਂ 'ਤੇ ਮੱਥੇ ਟੇਕੇ ਨਹੀਂ... ਮੱਥੇ ਰਗੜੇ ਹਨ। ਅਕਾਲ ਤਖ਼ਤ ਸਮੇਤ ਸਾਰੇ ਤਖ਼ਤਾਂ 'ਤੇ ਆਰ.ਆਰ.ਐਸ. ਦਾ ਕਬਜ਼ਾ ਬਾਦਲ ਪਰਿਵਾਰ ਨੇ ਆਪ ਕਰਵਾਇਆ, ਅਰਬਾਂ ਦੀ ਜਾਇਦਾਦ ਬਣਾਈ... ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ, ਇਜ਼ਹਾਰ ਆਲਮ ਵਰਗੇ ਸਿੱਖ ਨੌਜਵਾਨਾਂ ਦੇ ਕਾਤਲ ਨਾਲ ਗੱਲ ਵਕੜੀ ਪਾਈ... ਹੋਰ ਕੀ ਕੀ ਨਹੀਂ ਕੀਤਾ... ਕੀ ਉਹ ਚੰਗੇ ਸਨ?

💢 ਕੈਪਟਨ ਨੇ ਕਿਹੜੀ ਕਿਹੜੀ ਕਰਤੂਤ ਨਹੀਂ ਕੀਤੀ, ਸਾਡੇ ਚਾਰ ਸਾਲਾਂ 'ਚ ਉਸਨੇ ਪੰਜਾਬ ਲਈ ਕੀ ਕੀਤਾ? ਸੁਮੇਧ ਸੈਣੀ ਵਰਗਿਆਂ ਨੂੰ ਪੰਜਾਬ ਪੁਲਿਸ ਦਾ ਮੁੱਖੀ ਬਣਾਇਆ... ਸਾਡੇ ਚਾਰ ਸਾਲਾਂ ਬਾਅਦ ਟਪੂਸੀ ਮਾਰ ਕੇ ਮੋਦੀ ਦੀ ਗੋਦੀ 'ਚ ਬੈਠ ਗਿਆ, ਕੱਟਾ ਦਾਨ ਕੀਤਾ, ਬਣਿਆ ਫਿਰ ਵੀ ਕੁੱਝ ਨਾ... ਕੀ ਉਹ ਚੰਗਾ ਸੀ?

☣️ ਮਿਸਰਨਜੀਤ ਸਿੰਘ ਮਾਨ ਜਿਹੜਾ ਸਿਰੇ ਦਾ ਸਿਰਫਿਰਾ ਹੈ, ਕੋਈ ਚੱਜ ਦਾ ਕੰਮ ਕੀਤਾ ਹੋਵੇ ਤਾਂ ਦੱਸੋ, ਜਦੋਂ ਮੌਕਾ ਮਿਲਿਆ ਸੀ ਉਦੋਂ ਕਿਰਪਾਨ ਦਾ ਮਸਲਾ ਖੜਾ ਕਰਕੇ ਕੀਤਾ ਕੁੱਝ ਨਾ, ਹੁਣ ਦੀਪ ਸਿੱਧੂ ਨੂੰ ਪੌੜੀ ਬਣਾ ਕੇ ਉਤਾਂਹ ਚੜ੍ਹਨਾ ਚਾਹਿਆ, ਜੋ ਵੀ ਵੋਟ ਇਸ ਵਾਰੀ ਉਸਨੂੰ ਪਈ ਉਹ ਮਾਨ ਨੂੰ ਨਹੀਂ ਪਈ, ਦੀਪ ਸਿੱਧੂ ਨੂੰ ਪਈ ਹੈ, ਮਾਨ ਦੀ ਤਾਂ ਹਰ ਵਾਰੀ ਜ਼ਮਾਨਤ ਜ਼ਬਤ ਹੁੰਦੀ ਰਹੀ... ਕੀ ਉਹ ਚੰਗਾ ਹੈ?

🌀 ਰਹਿ ਗਈ ਆਪ ਪਾਰਟੀ, ਲੋਕਾਂ ਕੋਲ਼ ਹੋਰ ਕੋਈ ਚਾਰਾ ਨਾ ਹੋਣ ਕਰਕੇ ਇੱਕ ਤਜ਼ੁਰਬਾ ਕੀਤਾ ਹੈ, ਅਗਲਿਆਂ ਨੂੰ ਕੰਮ ਤਾਂ ਸੂਰੂ ਕਰ ਲੈਣ ਦਿਓ! ਜੇ 70 ਸਾਲਾਂ ਵਾਲੇ ਬਾਦਲਾਂ ਕੈਪਟਨ ਦਾ ਲੋਕਾਂ ਨੇ ਹਸ਼ਰ ਕੀਤਾ ਹੈ, ਜੇ ਆਪ ਵਾਲੇ ਵੀ ਉਹੀ ਕਰਤੂਤ ਕਰਣਗੇ, ਤਾਂ ਉਨ੍ਹਾਂ ਦਾ ਹਸ਼ਰ ਬਾਦਲਾਂ ਵਾਲਾ ਨਹੀਂ ਹੋ ਸਕੇਗਾ?

✴️ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਗਾਈ ਹੋਈ ਸੀ ਉਨ੍ਹਾਂ ਦੀਆਂ ਕਰਤੂਤਾਂ ਯਾਦ ਨਹੀਂ? ਕੀ ਉਨ੍ਹਾਂ ਨੇ ਉਸੀ ਤਸਵੀਰ ਹੇਠ ਬਹਿ ਕੇ ਪੰਜਾਬ ਦਾ ਬੇੜਾ ਗਰਕ ਨਹੀਂ ਕੀਤਾ? ਤੁਹਾਨੂੰ ਤਸਵੀਰ ਚਾਹੀਦੀ ਹੈ ਕਿ ਪੰਜਾਬ ਦੀ ਖੁਸ਼ਹਾਲੀ? ਵੈਸੇ ਵੀ ਜਿਸ ਥਾਂ ਦੀ ਮਹਾਰਾਜਾ ਰਣਜੀਤ ਸਿੰਘ ਵਾਲੀ ਤਸਵੀਰ ਹੈ ਉਹ ਵੱਖ ਹੈ, ਤੇ ਭਗਤ ਸਿੰਘ ਅੰਬੇਡਕਰ ਵਾਲੀ ਥਾਂ ਹੋਰ ਹੈ... ਆਪਣੀ ਸੋਚ ਦਾ ਦਾਇਰਾ ਵਧਾਓ।

☝️ ਇੱਕ ਗੱਲ ਰਹਿ ਗਈ ਆਰ.ਐਸ. ਐਸ. ਵਾਲੀ ਕਿ ਅਖੇ ਆਪ ਪਾਰਟੀ ਆਰ.ਐਸ. ਐਸ. ਦੀ ਬੀ ਟੀਮ ਹੈ... ਤੇ ਅਕਾਲੀ ਕੀ ਸੀ?⁉️ ਸਿੱਖੀ ਸਰੂਪ ਵਾਲੇ (ਅ)ਕਾਲੀਆਂ ਨੇ ਗੁਰਮਤਿ ਵਾਲਾ ਕਿਹੜਾ ਕੰਮ ਕੀਤਾ? ਬੀ.ਜੇ.ਪੀ. ਨਾਲ ਯਾਰੀਆਂ ਪਾਕੇ ਸ਼੍ਰੋਮਣੀ ਕਮੇਟੀ 'ਤੇ ਆਰ.ਐਸ. ਐਸ. ਕਬਜ਼ਾ ਕਰਵਾਇਆ, ਅਖੌਤੀ ਜਥੇਦਾਰ ਨਾਗਪੁਰ ਦਾ ਪਾਣੀ ਭਰਦੇ, ਪੰਜਾਬ ਤੋਂ ਬਾਹਰਲੇ ਤਖ਼ਤ ਆਰ.ਐਸ.ਐਸ. ਹੇਠ ਹਨ... ਫਿਰ ਰਹਿ ਕੀ ਗਿਆ?

💥 ਆਰ.ਐਸ.ਐਸ. ਕੋਲ਼ੋਂ ਸਿੱਖਣਾ ਚਾਹੀਦਾ ਕਿ ਠਰੰਮਾ ਰੱਖ ਕੇ ਕੰਮ ਕਿਵੇਂ ਕਰਨਾ, ਅਗਲਿਆਂ ਨੇ 100 ਸਾਲ ਲਾਤੇ ਭਾਰਤ 'ਤੇ ਕਬਜ਼ਾ ਕਰਣ ਨੂੰ, ਅਗਲਿਆਂ ਨੇ ਭਾਰਤ ਦਾ ਪ੍ਰਧਾਨਮੰਤ੍ਰੀ ਤੱਕ ਬਣਾ ਧਰਿਆ... ਤੇ ਅਸੀਂ ਚਾਹੁੰਦੇ ਹਾਂ ਕਿ ਅੱਜ ਕੋਈ ਕੰਮ ਸ਼ੁਰੂ ਹੋਵੇ ਤਾਂ ਕੱਲ ਨੂੰ ਉਸਦਾ ਨਤੀਜਾ ਸਾਹਮਣੇ ਆ ਜਾਵੇ। ਠਰੰਮਾ ਸਿੱਖਣਾ ਤਾਂ ਆਰ.ਐਸ.ਐਸ. ਤੋਂ ਸਿੱਖੋ।

️🎯 ਖ਼ਾਲਸਾ ਨਿਊਜ਼ ਨਾ ਤਾਂ ਭਗਵੰਤ ਮਾਨ ਦੀ, ਨਾ ਆਪ ਦੀ, ਨਾ ਕਿਸੇ ਹੋਰ ਪਾਰਟੀ ਸਮਰਥਕ ਹੈ। ਥੋੜਾ ਠਰੰਮਾ ਰਖੋ, ਸਿਆਣੇ ਬਣੋ, ਸਮਾਂ ਦੇਖੋ, ਸਮੇਂ ਦੀ ਧਾਰ ਦੇਖੋ। ਜੇ ਇਹ ਨਾ ਕੰਮ ਕਰਣਗੇ ਤਾਂ ਖ਼ਾਲਸਾ ਨਿਊਜ਼ ਇਨ੍ਹਾਂ ਦਾ ਵੀ ਸਮੇਂ ਮੁਤਾਬਕ ਅਤੇ ਦਲੀਲ ਨਾਲ ਵਿਰੋਧ ਕਰੇਗੀ।

🙏 ਬੇਨਤੀ ਹੈ ਕਿ ਪਹਿਲਾਂ ਪੋਸਟ ਨੂੰ ਪੜ੍ਹ ਸਮਝ ਲਿਆ ਜਾਵੇ, ਫਿਰ ਧਿਆਨ ਨਾਲ ਵੀਚਾਰ ਦੇਣਾ ਜੀ। ਗਾਹਲ਼ਾਂ ਕੱਢਣ ਵਾਲੇ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ।

ਗੁਰੂ ਸਭ ਨੂੰ ਸਮੁੱਤ ਬਖਸ਼ੇ
ਧੰਨਵਾਦ ਜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top