Share on Facebook

Main News Page

🍇 ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
-: ਸੰਪਾਦਕ ਖ਼ਾਲਸਾ ਨਿਊਜ਼
13.06.2022
#KhalsaNews #BabaFarid #Moosewala #Rapper #Tupac_Shakur, #Nipsey_Hussle #PopSmoke #Dooski_Tha_Man #FBG_Duck #dai600 #Slim400 #Goonew #FBG_Cash #Drakeo_The_Ruler

🌻 ਮੇਰੀ ਪੰਜਾਬ ਫੇਰੀ ਦੌਰਾਨ 29 ਮਈ ਨੂੰ ਜਦੋਂ ਮੈਂ ਚੰਡੀਗੜ੍ਹ ਦੇ ਇੱਕ Mall ਵਿੱਚ ਸੀ ਤਾਂ ਮੂਸੇਵਾਲੇ ਦੇ ਕਤਲ ਦੀ ਖਬਰ ਨਸ਼ਰ ਹੋਈ ਤਾਂ ਬਹੁਤ ਦੁੱਖ ਲੱਗਾ ਕਿ ਇੱਕ ਜਵਾਨ ਜਹਾਨ ਕਿਸੇ ਦਾ ਪੁੱਤ ਦਾ ਇਸ ਤਰ੍ਹਾਂ ਮਾਰਿਆ ਜਾਣਾ ਗ਼ਲਤ ਹੈ। ਨਿਜੀ ਤੌਰ 'ਤੇ ਭਾਂਵੇਂ ਮੈਂ ਮੂਸੇਵਾਲੇ ਦਾ ਸਮਰਥਕ ਜਾਂ ਉਸਦੇ ਗੀਤਾਂ ਦਾ ਸਰੋਤਾ ਨਹੀਂ, ਪਰ ਮੀਡੀਆ ਵਿੱਚ ਰਹਿਣ ਕਰਕੇ ਗਾਹੇ ਬਗਾਹੇ ਉਸਦੇ ਗੀਤ ਦੇਖਣੇ ਪੈਂਦੇ ਸਨ। ਕਿਸੇ ਨਾਲ ਵੀ ਤੁਹਾਡੇ ਵੀਚਾਰ ਨਾ ਰਲ਼ਦੇ ਹੋਣ, ਕਿਸੇ ਦਾ ਲਿਖਿਆ, ਗਾਇਆ ਕੁੱਝ ਨਾਪਸੰਦ ਹੋਵੇ ਤਾਂ ਸਭ ਤੋਂ ਵਧੀਆ ਤਰੀਕਾ ਹੁੰਦਾ ਉਸਨੂੰ ਪੜ੍ਹਨਾ, ਸੁਣਨਾ, ਦੇਖਣਾ ਬੰਦ ਕਰ ਦਿਓ। Out of sight, Out of mind ... ਬਹੁਤ ਸੌਖਾ ਜਿਹਾ ਤਰੀਕਾ ਹੈ।

🎬 ਬੌਲੀਵੁੱਡ ਵਿੱਚ ਫਿਲਮਾਂ 'ਚ ਅੰਡਰਵਰਲਡ ਦਾ ਪੈਸਾ ਲਗਦਾ ਹੈ, ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ। ਪੰਜਾਬ ਵਿੱਚ ਸਨਅਤ ਦਾ ਵਿਕਾਸ ਨਾ ਹੋਣ ਕਾਰਣ ਇੱਥੇ ਬੇਰੋਜ਼ਗਾਰੀ ਵੱਧ ਰਹੀ ਹੈ, ਜਿਸ ਕਾਰਣ ਨੌਜਵਾਨੀ ਪੈਸਾ ਕਮਾਉਣ ਦਾ ਸੌਖਾ ਰਾਹ ਲੱਭ ਰਹੀ ਹੈ। ਬਹੁਤਾਤ ਬਾਹਰਲੇ ਦੇਸ਼ਾਂ 'ਚ ਜਾ ਵਸੇ ਹਨ, ਤੇ ਜਾ ਰਹੇ ਹਨ, ਬਾਕੀ ਬਚੇ ਕੁੱਝ ਆਪਣੇ ਵਸੀਲਿਆਂ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ।

👳 ਮੂਸੇਵਾਲਾ ਵੀ ਇਨ੍ਹਾਂ ਚੋਂ ਇੱਕ ਸੀ, ਜਿਹੜਾ ਪੜ੍ਹਿਆ ਲਿਖਿਆ ਹੋਣ ਕਾਰਣ, ਬਹੁਤ ਚੰਗੇ ਨੰਬਰਾਂ ਨਾਲ ਭਾਂਵੇਂ ਨਾ ਪਾਸ ਹੋਇਆ ਹੋਵੇ, ਪਰ ਉਸਨੇ ਕਨੇਡਾ ਜਾਕੇ, ਵਾਪਸ ਆਕੇ ਆਪਣੇ ਪਿੰਡ 'ਚ ਰਹਿ ਕੇ, ਮਾਂ ਪਿਓ ਦੇ ਨਾ ਚਾਹੁਣ ਦੇ ਬਾਵਜ਼ੂਦ ਲਿਖਣ ਗਾਉਣ ਦਾ ਕੰਮ ਸ਼ੁਰੂ ਕੀਤਾ, ਜਿਸ ਵਿੱਚ ਉਹ ਮਕਬੂਲ ਹੋਇਆ। ਪਰ ਅੱਲ਼ੜ ਉਪਰ ਦੇ ਤਕਾਜ਼ੇ ਵਾਂਙ ਮੂਸੇਵਾਲੇ ਦੇ ਗੀਤਾਂ ਵਿੱਚ ਇੱਕ ਅੱਧ ਗੀਤ ਨੂੰ ਛੱਡ ਕੇ ਬਹੁਤਾਤ ਗੀਤਾਂ ਵਿੱਚ ਹਥਿਆਰਾਂ ਦੀ ਨੁਮਾਇਸ਼, ਫੁਕਰਾਪਣ, ਹੈਂਕੜਬਾਜ਼ੀ ਤੋਂ ਇਲਾਵਾ ਕੱਖ ਨਹੀਂ।

👉 ਗੁਬਖਖਸ਼ ਗਵਾਚਾ ਗਾਣੇ ਵਿੱਚ ਪੰਜਾਬ ਪੁਲਿਸ ਦਾ ਸਾਥ, ਏ.ਕੇ. ਸੰਤਾਲ਼ੀ ਵਾਲਾ ਕੇਸ, ਫਿਰ 295 ਵਾਲਾ ਗਾਣਾ ਜਿਸ ਵਿੱਚ ਸੰਜੇ ਦੱਤ ਵਰਗੇ ਨਾਲ ਆਪਣੀ ਤੁਲਣਾ ਕਰਨਾ, ਮਾਈ ਭਾਗੋ ਵਾਲੇ ਗਾਣੇ 'ਚ ਅੰਧ ਨੰਗੀ ਮਾਡਲ ਦਾ ਪੇਸ਼ ਕਰਨਾ, ਫਿਰ ਰੁਪੋਸ਼ ਹੋ ਜਾਣਾ, ਫਿਰ ਆਕੇ ਮੁਆਫੀ ਮੰਗਣਾ, ਆਈ ਡੀ ਜੀ ਐਫ ਵਰਗਾ ਵਾਹੀਆਤ ਗੀਤ ਗਾਉਣਾ, ਅਤੇ ਕਈ ਹੋਰ ਝਮੇਲਿਆਂ 'ਚ ਫੱਸ ਕੇ ਆਪਣੀ ਸਾਖ 'ਤੇ ਧੱਬੇ ਲਵਾਉਂਣ ਵਿੱਚ ਕੋਈ ਕਸਰ ਨਾ ਛੱਡੀ।

💣 ਹਥਿਆਰਾਂ, ਵੱਡੀਆਂ ਮੰਹਿੰਗੀਆਂ ਕਾਰਾ, ਨਾਰਾਂ, ਫੁਕਰਪੁਣਾ, ਸਿੱਧੇ ਸਾਦੇ ਪੰਜਾਬੀ ਲਫਜ਼ਾਂ ਦਾ ਇਸਤੇਮਾਲ, ਜੱਟਵਾਦ ਦਾ ਵਖਾਵਾ ਕਰਕੇ ਅੱਜ ਦੀ ਨੌਜਵਾਨ ਪੀੜੀ ਉਸਦੇ ਗਾਣਿਆਂ ਦੀ ਸ਼ਦਾਈ ਹੋਈ, ਜਿਸ ਕਾਰਣ ਆਪਣੇ ਸਮਰਥਕਾਂ ਦੀ ਭੀੜ ਦਾ ਭਰਮ ਪਾਲਕੇ ਕਾਂਗਰਸ ਵਰਗੀ ਪਾਰਟੀ 'ਚ ਸ਼ਾਮਲ ਹੋ ਕੇ ਚੋਣ ਲੜਨਾ (ਹੋ ਸਕਦਾ ਹੈ ਆਪਣੇ ਉੱਤੇ ਪਏ ਕੇਸ਼ਾਂ ਤੋਂ ਛੁਟਕਾਰਾ ਪਾਉਣ ਲਈ ਉਸ 'ਤੇ ਜ਼ੋਰ ਪਾਇਆ ਗਿਆ ਹੋਵੇ, ਤੇ ਕਾਂਗਰਸ 'ਚ ਸ਼ਾਮਲ ਹੋਣਾ ਮਜਬੂਰੀ ਹੋਵੇ) ਤੇ ਹਾਰ ਜਾਣਾ, ਇਹ ਸਾਰਾ ਘਟਨਾਕ੍ਰਮ ਉਸਦੇ ਲਏ ਗ਼ਲਤ ਫੈਸਲਿਆਂ ਦੀ ਲੰਮੀ ਕਤਾਰ ਹੈ।

⚠️ ਉਸਦਾ ਕਤਲ ਇੱਕ ਰਾਜਸੀ ਕਤਲ ਜਾਪਦਾ ਹੈ ਜਿਸ ਪਿੱਛੇ ਲੁਕੇ ਕਾਰਣ ਹਾਲੇ ਧੁੰਦਲੇ ਹਨ। ਗਾਣਿਆਂ 'ਚ ਵਖਾਇਆ ਗਿਆ ਗੈਂਗਸਟਰਵਾਦ ਉਸਦੀ ਆਪਣੀ ਨਿਜੀ ਜ਼ਿੰਦਗੀ 'ਚ ਸ਼ਾਮਲ ਭਾਵੇਂ ਨਾ ਹੋਇਆ ਹੋਵੇ, ਪਰ ਅੱਜ ਦੁਨੀਆਂ ਦੇ ਬਹੁਤਾਤ ਮਸ਼ਹੂਰ ਗਾਇਕਾਂ ਦੇ ਗਾਣਿਆਂ ਦੇ ਪਿੱਛੇ ਲੱਗਾ ਪੈਸਾ ਗੈਂਗਸਟਰਾਂ ਦਾ ਹੈ। ਅਮਰੀਕਾ ਦੇ ਕਈ ਉੱਘੇ ਰੈਪ ਗਾਇਕ ਵੀ ਇਸੇ ਤਰ੍ਹਾਂ ਹੀ ਗੈਂਗਸਟ੍ਰਾਂ ਦੇ ਹੱਥੋਂ ਮਾਰੇ ਗਏ ਸੀ।

ਹਾਲੇ ਥੋੜੇ ਦਿਨ ਪਹਿਲਾਂ ਹੀ ਰੈਪਰ Trouble ਨੂੰ ਮਾਰਿਆ ਗਿਆ, ਉਸ ਤੋਂ ਪਹਿਲਾਂ Tupac Shakur, Nipsey Hussle, Pop Smoke, Dooski Tha Man, FBG Duck, dai 600, Slim 400, Goonew, FBG Cash, Drakeo The Ruler ਆਦਿ 94 Rapper ਮਾਰੇ ਗਏ। Moosewala... Tupac Shakur ਨੂੰ ਪਸੰਦ ਕਰਦਾ ਸੀ ਤੇ follow ਕਰਦਾ ਸੀ। ਹੇਠਾਂ ਦਿੱਤਾ ਲਿੰਕ ਦੇਖੋ ਤੇ ਨਾਮ ਪੜ੍ਹੋ ਉਨ੍ਹਾਂ 94 ਰੈਪਰਾਂ ਦੇ... ਤੇ ਸ਼ਾਇਦ ਅੱਖਾਂ ਖੁੱਲ ਜਾਣ।

https://rap.fandom.com/wiki/List_of_dead_rappers

ਤ੍ਰਾਸਦੀ ਇਹ ਹੈ ਕਿ ਐਸੀ ਚਕਾਚੌਂਧ ਵਾਲੀ ਜ਼ਿੰਦਗੀ ਨੂੰ ਲੋਕ ਅਸਲ ਸਮਝ ਕੇ ਉਸ ਤਰ੍ਹਾਂ ਬਣਨ ਲੱਗ ਪੈਂਦੇ ਨੇ, ਤੇ ਐਸੇ ਲੋਕਾਂ ਨੂੰ ਮਸੀਹਾ ਬਣਾ ਛੱਡਦੇ ਨੇ। ਮੂਸੇਵਾਲੇ ਦੀ ਮੌਤ ਪਿੱਛੋਂ ਜੋ ਪੰਜਾਬੀਆਂ ਤੇ ਕਥਿਤ ਸਿੱਖਾਂ ਦੇ ਹਾਲਾਤ ਹਨ, ਉਹ ਤਰਸਯੋਗ ਹਨ।

ਲੋਕ ਉਸਨੂੰ ਕੌਮੀ ਯੋਧਾ, ਕੋਈ ਸ਼ਹੀਦ, ਕੋਈ ਸਿੱਖੀ ਸਿੱਧਾਂਤਾਂ ਦਾ ਪਹਿਰੇਦਾਰ, ਕੋਈ ਉਸਦੀ ਮੜ੍ਹੀ ਬਣਾਈ ਜਾਂਦਾ, ਤੇ ਮੱਥੇ ਟੇਕੇ ਜਾ ਰਹੇ, ਕੋਈ ਉਸਦੇ ਭੋਗ 'ਤੇ ਮੁਫਤ ਪੱਗਾਂ ਬੰਨਣ ਨੂੰ ਹੀ ਪ੍ਰਾਪਤੀ ਸਮਝੀ ਜਾਂਦਾ, ਕੋਈ ਛਬੀਲ ਲਾਈ ਜਾਂਦਾ... ਤ੍ਰਾਸਦੀ ਹੋਰ ਗਹਿਰੀ ਹੋ ਜਾਂਦੀ ਜਦੋਂ ਕਹਿੰਦੇ ਕਹਾਉਂਦੇ ਵਿਦਵਾਨ ਵੀ ਉਸਨੂੰ ਮਸੀਹਾ ਬਣਾ ਪੇਸ਼ ਕਰ ਰਹੇ... ਕੋਈ ਸਾਹਿਬਜ਼ਾਦਿਆਂ ਨਾਲ ਤੁਲਨਾ ਕਰੀ ਜਾਂਦਾ... ਇਹ ਸਹੀ ਹੈ ਕਿ ਕੌਮ ਆਗੂ ਵੀਹੀਨ ਹੈ, ਪਰ ਸਿੱਧੂ ਮੂਸੇਵਾਲਾ....!!!! ਕੋਈ ਪੱਧਰ ਤਾਂ ਰੱਖੋ! ਭੋਗਾਂ 'ਤੇ ਲੱਖਾਂ ਦੀ ਭੀੜ, ਤੇ ਜਦੋਂ ਚੋਣਾਂ 'ਚ ਖੜਿਆ, ਤਾਂ ਉਹ ਹਾਰ ਗਿਆ... ਵਾਹ!

☣️ ਠੀਕ ਹੈ ਇਸ ਨੌਜਵਾਨ ਦੀ ਆਪਣੀ ਚੜਾਈ ਸੀ, ਪਰ ਇਸ ਦੀ ਸਮਾਜ ਨੂੰ, ਕੌਮ ਨੂੰ, ਦੇਸ ਨੂੰ ਕੋਈ ਸਾਰਥਕ ਦੇਣ ਸੀ? ਕਿਹੜਾ ਮਾਅਰਕਾ ਮਾਰਿਆ? ਕੀ ਸਿਰਫ ਸਿਰ 'ਤੇ ਪੱਗ ਦੇਖ ਕੇ, ਦੁਨੀਆਂ ਦੇ ਰੈਪਰਾਂ 'ਚ ਨਾਮ ਆਉਣ ਕਰਕੇ, ਰੈਪਰ ਡਰੇਕ ਵੱਲੋਂ ਇਸ ਨੂੰ ਸਰਾਹਨਾ ਹੀ ਇਸਦਾ ਮਿਆਰ ਹੈ?

✍️ ਜਿਸ ਤਰ੍ਹਾਂ ਸ਼ੁਰੂ 'ਚ ਲਿਖਿਆ ਕਿ ਮੂਸੇਵਾਲੇ ਦਾ ਇਸ ਤਰ੍ਹਾਂ ਨਾਲ ਜਾਣਾ ਅਤਿਅੰਤ ਦੁਖਦਾਈ ਹੈ, ਪਰ ਇਸਦਾ ਜ਼ਿੰਮੇਵਾਰ ਕੌਣ ??? ਜਿਸ ਤਰ੍ਹਾਂ ਬਾਣੀ ਦਾ ਫੁਰਮਾਨ ਹੈ...
🔹 ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ ...
ਜੱਟ ਨੇ ਕਿੱਕਰ ਬੀਜਿਆ, ਪਰ ਆਸ ਬਿਜੌਰੀ ਅੰਗੂਰਾਂ ਦੇ ਕਰੇ... ਕੀ ਇਹ ਹੋ ਸਕਦਾ ਹੈ?

👁️ ਸਾਨੂੰ ਸਾਰਿਆਂ ਨੂੰ ਦੇਖਣਾ ਪਵੇਗਾ ਕਿ ਸਾਡੇ ਨੌਜਵਾਨ ਪੜਾਈ ਲਿਖਾਈ, ਕੰਮ ਕਾਜ ਛੱਡਕੇ, ਹਥਿਆਰਾਂ ਆਦਿ ਵੱਲ ਨੂੰ ਕਿਉਂ ਆਕਰਸ਼ਤ ਹੋ ਰਹੇ ਹਨ। ਆਪਣੇ ਅੰਦਰ ਝਾਤੀ ਮਾਰੀਏ ਤੇ ਗੁਰਮਤਿ ਵੱਲੋਂ ਦ੍ਰਿੜਾਏ ਅਸੂਲਾਂ 'ਤੇ ਆਪ ਪਹਿਰਾ ਦੇਈਏ ਤੇ ਆਪਣੇ ਬੱਚਿਆਂ ਨੂੰ ਪ੍ਰੇਰੀਏ, ਤਾਂ ਜੋ ਚੰਗਾ ਸਮਾਜ ਸਿਰਜ ਸਕੀਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top