Share on Facebook

Main News Page

👳 ਪੰਜਾਬ ਦਾ ‘ਕੇਜਰੀਕਰਨ’ ਕਿਉਂ ?⁉️
⚠️‘ਜਿੱਤ’ ਨੂੰ ਉਧਾਲ ਕੇ ਦਿੱਲੀ ਲਿਜਾਣ ਦਾ ਯਤਨ
-: ਐੱਨ ਜ਼ੈੱਡ ਪੰਜਾਬੀ ਨਿਊਜ਼
0064 21 055 3075
#NZ_Punjabi_News #KhalsaNews #RaghavChadha #AAP #BhagwantMann #Punjab

💢 ਸਿੱਖਾਂ ਅਤੇ ਪੰਜਾਬੀਆਂ ਦੇ ਵੱਡੇ ਯੋਗਦਾਨ ਨਾਲ ਅਜ਼ਾਦ ਹੋਏ ਭਾਰਤ ਦੇ ਸੰਘੀ ਢਾਂਚੇ ਦੀ ‘ਸੰਘੀ’ ਨੱਪ ਕੇ ਕੀਤੇ ਜਾ ਰਹੇ ਕੇਂਦਰੀਕਰਨ ਦੀ ਪੀੜ ਝੱਲ ਰਿਹਾ ਪੰਜਾਬ ਹੁਣ ‘ਕੇਜਰੀਕਰਨ’ ਦੀ ਇੱਕ ਹੋਰ ਮਾਰ ਝੱਲਣ ਦੇ ਰਾਹ ਪੈਂਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਲੋਕਾਂ ਵੱਲੋਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਜਿਤਾਉਣ ਤੋਂ ਬਾਅਦ ਪੰਜਾਬ ਦਾ ਹੋ ਰਿਹਾ ‘ਕੇਜਰੀਕਰਨ’ ਅਜ਼ਾਦ ਬਿਰਤੀ ਵਾਲੇ ਪੰਜਾਬੀਆਂ ਦੇ ਸੁਭਾਅ ਨਾਲ ਮੇਲ ਨਹੀਂ ਖਾ ਰਿਹਾ, ਕਿਉਂਕਿ ਅਜਿਹਾ ਕਦਮ ਪੰਜਾਬ ਦੀ ਖੁਦਮੁਤਿਆਰੀ 'ਤੇ ਸਿੱਧਾ ਵਾਰ ਮੰਨਿਆ ਜਾ ਰਿਹਾ ਹੈ।

⚠️ ਪੰਜਾਬ ਦੇ ਪ੍ਰਸ਼ਾਸ਼ਕੀ ਢਾਂਚੇ ਨੂੰ ਕਠਪੁਤਲੀ ਬਣਾਉਣ ਲਈ ਇਕ ਸਲਾਹਕਾਰੀ ਕਮੇਟੀ ਦੇ ਫਾਰਮੂਲੇ ਨਾਲ ਜਿਸ ਤਰ੍ਹਾਂ ਚੇਅਰਮੈਨ ਦੇ ਰੂਪ 'ਚ ਨਵਾਂ ‘ਕਾਰਜਪਾਲ’ ਲਾ ਕੇ ਨਵਾਂ ਦਾਅ ਖੇਡਿਆ ਗਿਆ ਹੈ, ਉਸ ਨਾਲ ਦੇਸ਼-ਵਿਦੇਸ਼ 'ਚ ਬੈਠੇ ਹਰ ਪੰਜਾਬੀ ਦਾ ਪਾਰਾ ਚੜ੍ਹਨਾ ਸੁਭਾਵਿਕ ਹੈ। ਇਸ ਤੋਂ ਪਹਿਲਾਂ ਵੀ ਪੰਜ ਰਾਜ ਸਭਾ ਮੈਂਬਰ ਚੁਣੇ ਜਾਣ ਮੌਕੇ ਵੀ ਪੰਜਾਬ ਦੇ ਲੋਕਾਂ ਨੇ ‘ਕੇਜਰੀਕਰਨ’ ਦਾ ਪਹਿਲਾ ਵਾਰ ਝੱਲਿਆ ਸੀ ਅਤੇ ਲੋਕ ਠੱਗੇ ਗਏ ਮਹਿਸੂਸ ਕਰ ਰਹੇ ਹਨ, ਕਿਉਂਕਿ ਅਜਿਹੇ ਵਿਅਕਤੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਨੇ ਕਦੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਯੋਗਦਾਨ ਨਹੀਂ ਪਾਇਆ ਸੀ।

🚸 ਅਜੋਕੇ ਵੋਟਤੰਤਰ 'ਚ ਦਿੱਲੀ ਦੇ ਬਾਬੂਆਂ ਨੂੰ ਇਹ ਭੁੱਲ ਨਹੀਂ ਕਰਨੀ ਚਾਹੀਦੀ ਕਿ ਉਹ 16ਵੀਂ ਵਿਧਾਨ ਸਭਾ ਦੇ ਵਿਹੜੇ 'ਚ ਲਿਆਂਦੀ ‘ਸੱਜ-ਵਿਆਹੀ ਵਹੁੱਟੀ ਵਰਗੀ ਜਿੱਤ’ ਨੂੰ ਉਧਾਲ ਕੇ ਦਿੱਲੀ ਲੈ ਜਾਣਗੇ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕਾਂ ਨੇ ਵੋਟਾਂ ਪੰਜਾਬ ਦੇ ਵਾਸੀ ਭਗਵੰਤ ਮਾਨ ਨੂੰ ਪਾਈਆਂ ਸਨ ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਪੀੜ੍ਹ ਨੂੰ ਦੂਰ ਕਰਨ ਲਈ ‘ਸੱਥਾਂ 'ਚ ਨੁਸਖੇ’ ਦਸਦੇ ਆ ਰਹੇ ਸਨ। ਪੰਜਾਬੀਆਂ ਨੇ ਇਸੇ ਕਰਕੇ ਭਗਵੰਤ ਮਾਨ 'ਤੇ ਯਕੀਨ ਕੀਤਾ ਸੀ, ਪਰ ਹੁਣ ਚੰਡੀਗੜ੍ਹ ਮਸਲੇ 'ਤੇ ਉਸਦੀਆਂ ਮਜਬੂਰੀਆਂ ‘ਟਵੀਟਾਂ’ ਚੋਂ ਸਾਫ਼ ਝਲਦੀਆਂ ਨਜ਼ਰ ਆ ਰਹੀਆਂ ਹਨ।

👳 ਪੰਜਾਬੀ ਲੋਕ ਜਾਣਦੇ ਹਨ ਕਿ ਪੰਜਾਬ ਦੀ ‘ਸਿਆਸੀ ਜ਼ਮੀਨ’ ਵਿੱਚ ਪੈਦਾ ਹੋਈ ਫ਼ਸਲ ‘ਦਿੱਲੀ ਦੇ ਆੜ੍ਹਤੀਆਂ’ ਦੀ ਮੰਡੀ ਵਿੱਚ ਵੇਚਣ ਵਾਸਤੇ ਨਹੀਂ। ਇਹ “ਫ਼ਸਲ” ਭਾਵੇ ਵਿਕਣ ਲਈ ਤਿਆਰ ਹੋਵੇ, ਪਰ ਉਹ ਕਿਸਾਨ-ਮਜ਼ਦੂਰ ਅਜਿਹਾ ਨਹੀਂ ਹੋਣ ਦੇਣਗੇ, ਜਿਨ੍ਹਾਂ ਨੇ ਫ਼ਸਲ ਪਾਲਣ ਲਈ ਆਪਣੇ ਹੱਥਾਂ 'ਤੇ ‘ਅੱਟਣ’ ਪੁਆ ਲਏ ਸਨ, ਜੋ ਅਜੇ ਵੀ ਬਰਕਰਾਰ ਹਨ।

👉 ਖ਼ੈਰ ! ਪੰਜਾਬ ਸਰਕਾਰ ਅਤੇ ਆਪ ਦੀ ਕੇਂਦਰੀ ਹਾਈਕਮਾਨ ਨੂੰ ਨਵੇਂ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਇਤਿਹਾਸ ਅਤੇ ਸੁਭਾਅ ਅਜਿਹਾ ਹੈ ਕਿ ਇਸਨੂੰ ਅਧੀਨਗੀ ਬਿਲਕੁਲ ਪਸੰਦ ਨਹੀਂ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬੀਆਂ ਤੇ ਸਿੱਖਾਂ ਨੇ ਭਾਰਤ ਦੀ ਅਜ਼ਾਦੀ ਲਈ ਬਾਗ਼ੀ ਹੋ ਕੇ ਸਭ ਤੋਂ ਵੱਧ ਫਾਂਸੀਆਂ ਦੇ ਰੱਸੇ ਆਪਣੇ ਗਲ 'ਚ ਪੁਆਏ ਸਨ।

🙏 ਭਾਵੇਂ ਬਾਬਾ ਬਘੇਲ ਸਿੰਘ ਵਰਗੇ ਯੋਗੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਝੁਲਾ ਕੇ ਦਿੱਲੀ ਦਾ ਗੁਮਾਨ ਤੋੜ ਚੁੱਕੇ ਹਨ, ਪਰ ਇਤਿਹਾਸ ਗਵਾਹ ਹੈ ਕਿ ਦਿੱਲੀ ਕਦੇ ਵੀ ਪੰਜਾਬ ਦੀ ਨਹੀਂ ਹੋਈ। ਸੰਨ 47 ਤੋਂ ਬਾਅਦ ਵੀ ਦਿੱਲੀ ਦੇ ਪੰਜਾਬ ਪ੍ਰਤੀ ਲਏ ਹਰ ਫ਼ੈਸਲੇ ਚੋਂ ਬੇਈਮਾਨੀ ਦੀ ਝਲਕ ਪੈਂਦੀ ਹੈ, ਜਿਸ ਕਰਕੇ ਸਤਲੁੱਜ-ਯਮੁਨਾ ਲਿੰਕ ਨਹਿਰ ਅਤੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਵਰਗੇ ਅਨੇਕਾਂ ਮਸਲੇ ਜਿਉਂ ਦੇ ਤਿਉਂ ਖੜ੍ਹੇ ਹਨ।

🔹 ਡਾ. ਰਵਿੰਦਰ ਦੀ ਕਿਤਾਬ ‘ਅੰਦਰ ਖੁੱਲ੍ਹਦੀ ਖਿੜਕੀ’ ਦੀਆਂ ਸਤਰਾਂ ਅਜੋਕੇ ਪ੍ਰਸੰਗ 'ਚ ਪੂਰੀਆਂ ਢੁਕਦੀਆਂ ਹਨ...

ਸਾਡੇ ਲਈ ਉਂਜ ਵੀ ਦਿੱਲੀ ਉਬਲਦੀ ਦੇਗ਼, ਆਰਾ, ਚਰਖੜੀ
ਸੜਦੇ ਟਾਇਰ ਤੇ ਤਲਵਾਰ ਦਾ ਨਾਂ ਹੈ
ਤੁਸੀਂ ਬੇਸ਼ੱਕ ਇਹਦਾ ਕੋਈ ਹੋਰ ਵੀ ਨਾਂ ਰੱਖ ਲੈਂਦੇ


☝️ ਇਸ ਕਰਕੇ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਪੰਜਾਬ ਦੇ ਲੋਕ ‘ਖੰਡੇ ਦੀ ਧਾਰ 'ਤੇ ਤੁਰਨ’ ਵਾਲਿਆਂ ਨੂੰ ਹੀ ਆਪਣਾ ਆਗੂ ਮੰਨਦੇ ਹਨ ਅਤੇ ਸਟੇਜਾਂ 'ਤੇ ਲੱਕ ਹਿਲਾਉਣ ਤੇ ਬੁੱਲ੍ਹਾਂ 'ਤੇ ਸੁਰਖੀ ਲਾਉਣ ਵਾਲਿਆਂ ਨੂੰ ਕਿਸੇ ਹੋਰ ‘ਸ਼੍ਰੇਣੀ’ 'ਚ ਰੱਖਦੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top