Share on Facebook

Main News Page

🎴ਸ਼੍ਰੀ ਕ੍ਰਿਸ਼ਨ ਨਾਲ ਜੋੜਕੇ ਦੇਖੇ ਜਾਣ ਵਾਲੇ ਸ਼ਬਦ ਸਬੰਧੀ ਪਏ ਭੁਲੇਖੇ ਦਾ ਖੁਲਾਸਾ💠
-: ਬਲਦੇਵ ਸਿੰਘ
23.05.2010
#KhalsaNews #GuruArjanSahib #Shabad #Krishna

️🎯ਆਮ ਕਰਕੇ ਜਦੋਂ ਵੀ ਕ੍ਰਿਸ਼ਣ ਜਨਮਾਸ਼ਟਮੀ ਆਉਂਦੀ ਹੈ ਤਾਂ ਕਈ ਸਿੱਖ ਭੇਖ ਵਾਲੇ ਲੋਕ ਇਸ ਹੇਠਲੇ ਸ਼ਬਦ ਨੂੰ ਬਹੁਤ ਪ੍ਰਚਾਰਦੇ ਹਨ, ਕਿ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਕ੍ਰਿਸ਼ਣ ਬਾਰੇ ਕਿੰਨੇ ਹੀ ਨਾਮ ਲਿਖੇ ਹਨ, ਤੇ ਗੁਰੂ ਅਰਜਨ ਸਾਹਿਬ ਨੇ ਕਿੰਨੀ ਵਡਿਆਈ ਬਖਸ਼ੀ ਹੈ। ਗੁਰੂ ਸਾਹਿਬ ਨੇ ਕਿਸੇ ਦਾ ਨਿਰਾਦਰ ਨਹੀਂ ਕੀਤਾ, ਪਰ ਜਿਹੜਾ ਗੁਰਮਤਿ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਤੋਂ ਦ੍ਰਿੜ ਸੀ ਉਸ ਤੋਂ ਵਿਪਰੀਤ ਗੁਰੂ ਅਰਜਨ ਸਾਹਿਬ ਕਿਵੇਂ ਲਿਖ ਸਕਦੇ ਸਨ!!! ਇਸ ਸ਼ਬਦ ਵਿੱਚ ਸ਼੍ਰੀ ਕਿਸ਼ਨ ਜਾਂ ਰਾਜਾ ਰਾਮ ਦੀ ਵਡਿਆਈ ਨਹੀਂ। ਆਓ ਇਸ ਸ਼ਬਦ ਬਾਰੇ ਵਿਸ਼ਥਾਰ ਸਹਿਤ ਜਾਣੀਏ ...
-: ✍️ਸੰਪਾਦਕ ਖ਼ਾਲਸਾ ਨਿਊਜ਼

🔹ਮਾਰੂ ਮਹਲਾ 5॥
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ॥ ਮਧੁਸੂਦਨ ਦਾਮੋਦਰ ਸੁਆਮੀ॥
ਗੁਰੂ ਗ੍ਰੰਥ ਸਾਹਿਬ, ਪੰਨਾ 1082

☝️ਇਹ ਸ਼ਬਦ ਜੋ ਮਹਲਾ 5 ਵਲੋਂ ਉਚਾਰਨ ਹੈ ਨੂੰ ਸਮਝਣ ਵਾਸਤੇ ਸਾਨੂੰ ਗੁਰਮਤਿ ਸਿਧਾਂਤ ਤੋਂ ਬਾਹਰ ਨਹੀਂ ਜਾਣਾ ਹੋਵੇਗਾ। ਜਦੋਂ ਵੀ ਅਸੀਂ ਗੁਰਮਤਿ ਸਿਧਾਂਤ ਨੂੰ ਭੁਲਾ ਕੇ ਕਿਸੇ ਵੀ ਸ਼ਬਦ ਦੀ ਵਿਆਖਿਆ ਕਰਾਂਗੇ ਤਾਂ ਕਰਮਕਾਂਡੀ ਸਿਧਾਂਤ ਦਾ ਰੂਪ ਵਿਆਖਿਆ ਵਿੱਚੋਂ ਝਲਕੇਗਾ, ਅਤੇ ਅਸੀਂ ਅਸਲੀਅਤ ਤੋਂ ਦੂਰ ਜਾ ਕੇ ਵਾਂਝੇ ਹੋ ਜਾਵਾਂਗੇ। ਫਿਰ ਕਰਮਕਾਂਡੀ ਭਰਮ ਦਾ ਜਾਲ ਟੁੱਟੇਗਾ ਹੀ ਨਹੀਂ ਅਤੇ ਜਿਉਂ ਦਾ ਤਿਉਂ ਸਾਡਾ ਪਿਛਾ ਕਰਦਾ ਰਹੇਗਾ। ਇਸ ਕਰਕੇ ਇਸ ਸ਼ਬਦ ਨੂੰ ਸਮਝਣ ਲਈ ਗੁਰਮਤਿ ਸਿਧਾਂਤ ਸਾਹਮਣੇ ਰੱਖਣਾ ਜ਼ਰੂਰੀ ਹੈ।

🙏ਗੁਰਮਤਿ ਸਿਧਾਂਤ ਅਨੁਸਾਰ ਅਕਾਲ ਪੁਰਖੁ ਜੂਨਾਂ ਵਿੱਚ ਆਉਂਦਾ ਹੀ ਨਹੀਂ ਅਤੇ ਦੇਹ ਕਦੇ ਵੀ ਨਹੀਂ ਧਾਰਦਾ। ਜੇਕਰ ਦੇਹ ਨਹੀਂ ਧਾਰਨ ਕਰਦਾ ਤਾਂ ਫਿਰ ਚੱਕ੍ਰ, ਸੰਖ, ਗਦਾ, ਬਨ ਵਾਲੀ ਗਿੱਟਿਆਂ ਤੱਕ ਲੰਬੀ ਫੁੱਲਾਂ ਦੀ ਮਾਲਾ ਕਿਵੇਂ ਧਾਰਨ ਕਰ ਸਕਦਾ ਹੈ? ਜੇਕਰ ਸੰਖ, ਚੱਕ੍ਰ, ਗਦਾ ਆਦਿ ਚਿੰਨ ਦੇਹ ਧਾਰਨ ਕਰਕੇ ਧਾਰਦਾ ਹੈ ਤਾਂ ਫਿਰ ਅਜੂਨੀ ਕਿਵੇਂ ਹੋ ਸਕਦਾ ਹੈ?

👉ਇਸ ਕਰਕੇ ਗੁਰਮਤਿ ਸਿਧਾਂਤ ਨੂੰ ਬਹੁਤ ਡੂੰਘਿਆਈ ਨਾਲ ਸਮਝਣ ਦੀ ਲੋੜ ਹੈ। ਗੁਰਮਤਿ ਸਿਧਾਂਤ ਅਨੁਸਾਰ ਸੰਖ, ਚੱਕ੍ਰ, ਗਦਾ, ਗਿੱਟਿਆਂ ਤੱਕ ਲੰਬੀ ਫੁੱਲਾਂ ਦੀ ਮਾਲਾ, ਆਦਿ ਵਰਗੇ ਚਿੰਨ ਕਰਮਕਾਂਡੀ ਲੋਕ ਧਾਰਨ ਕਰਦੇ ਹਨ। ਜਿਵੇਂ ਆਪਾਂ ਪਿੱਛੇ ਜ਼ਿਕਰ ਕਰ ਆਏ ਹਾਂ:-

ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ॥
ਗੁਰੂ ਗ੍ਰੰਥ ਸਾਹਿਬ, ਪੰਨਾ 1105

👌ਨਾਮਦੇਵ ਜੀ ਨੇ ਸਪਸ਼ਟ ਕੀਤਾ ਹੈ ਕਿ ਕਰਮਕਾਂਡੀ ਲੋਕ ਇਸ ਭਰਮ ਅੰਦਰ ਹਨ ਕਿ ਇਹ ਚਿੰਨ ਧਾਰਨ ਕਰਦੇ ਹਨ ਕਿ ਅਜਿਹੇ ਚਿੰਨਾ ਦਾ ਪ੍ਰਭਾਵ ਦੇਖ ਕੇ ਜਮ ਡਰਦਾ ਹੈ। ਇਸ ਸ਼ਬਦ ਦੀ ਅਸਲੀਅਤ ਨੂੰ ਸਮਝਣ ਵਾਸਤੇ ਇਸ ਸ਼ਬਦ ਤੋਂ ਪਹਿਲਾਂ ਜੋ ਸ਼ਬਦ ਹੈ, ਉਸ ਨਾਲ ਲੜੀ ਜੋੜਨੀ ਹੈ।

🔹ੴਸਤਿਗੁਰਪ੍ਰਸਾਦਿ॥
ਤੂ ਸਾਹਿਬੁ ਹਉ ਸੇਵਕੁ ਕੀਤਾ॥ ਜੀਉ ਪਿੰਡੁ ਸਭੁ ਤੇਰਾ ਦੀਤਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1081

ਤੋਂ ਸੁਰੂ ਹੁੰਦਾ ਹੈ ਅਤੇ ਇਸ ਸਾਰੇ ਸ਼ਬਦ ਦੇ ਅੰਤ ਵਿੱਚ ਗੁਰੂ ਜੀ ਫੁਰਮਾਨ ਕਰਦੇ ਹਨ: -

ਤਿਸਹਿ ਸਰੀਕੁ ਨਾਹੀ ਰੇ ਕੋਈ॥ ਕਿਸ ਹੀ ਬੁਤੈ ਜਬਾਬੁ ਨ ਹੋਈ॥
ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ॥ 16॥ 1॥ 10॥
ਗੁਰੂ ਗ੍ਰੰਥ ਸਾਹਿਬ, ਪੰਨਾ 1082

🔻ਸਾਰੇ ਸ਼ਬਦ ਅੰਦਰ ਉਸ ਸਰਬ-ਵਿਆਪਕ ਪ੍ਰਭੂ ਦਾ ਸਾਰੀ ਸ੍ਰਿਸਟੀ ਅੰਦਰ ਵਰਤਾਰਾ ਦਰਸਾਇਆ ਹੈ। ਇਸ ਤੋਂ ਅਗਲੇ ਸ਼ਬਦ ਅੰਦਰ ਜੋ ਗੁਰੂ ਸਾਹਿਬ ਸਮਝਾਉਣ ਵਾਸਤੇ ਜਾ ਰਹੇ ਹਨ, ਉਸ ਬਾਰੇ ਅਖ਼ੀਰ ਵਿੱਚ ਇਸ਼ਾਰਾ ਕਰ ਗਏ ਹਨ।

ਤਿਸਹਿ ਸਰੀਕੁ ਨਾਹੀ ਰੇ ਕੋਈ॥ ਕਿਸ ਹੀ ਬੁਤੈ ਜਬਾਬੁ ਨ ਹੋਈ॥
ਗੁਰੂ ਗ੍ਰੰਥ ਸਾਹਿਬ, ਪੰਨਾ 1082

🔅ਕਿ ਉਸ ਦਾ ਕੋਈ ਸ਼ਰੀਕ ਨਹੀਂ ਹੈ। ਕਿਸੇ ਬੁੱਤ ਭਾਵ ਪੰਜ ਭੂਤਕ ਸਰੀਰ ਕੋਲ ਕੋਈ ਜਵਾਬ ਨਹੀਂ ਹੈ, ਕਿ ਕੋਈ ਬੁੱਤ ਉਸ ਦਾ ਸਰੀਰ ਕਿਵੇਂ ਹੋ ਸਕਦਾ ਹੈ। ਅਸਲੀਅਤ ਇਹ ਹੈ ਕਿ ਬੁਤ ਨੇਂ ਇੱਕ ਦਿਨ ਖ਼ਤਮ ਹੋਣਾ ਹੀ ਹੈ, ਟੁੱਟਣਾ ਹੀ ਹੈ। ਉਸ ਸਰਬ-ਵਿਆਪਕ ਵਾਹਿਗੁਰੂ ਤੋਂ ਬਗ਼ੈਰ ਕੋਈ ਵੀ ਸਦੀਵੀ ਨਹੀਂ ਰਹਿ ਸਕਦਾ।

✔️ਇਸ ਸ਼ਬਦ ਤੋਂ ਅਗਲਾ ਸ਼ਬਦ ਜੋ ਮਹਲਾ 5 ਵਲੋਂ ਹੀ ਉਚਾਰਨ ਹੈ, ਅੰਦਰ ਦਰਸਾਇਆ ਹੈ ਕਿ ਕੋਈਂ ਫੁੱਲਾਂ ਦੀ ਮਾਲਾ ਗਿੱਟਿਆਂ ਤੱਕ ਲੰਬੀ ਪਾ ਕੇ, ਸੰਖ, ਚੱਕ੍ਰ, ਗਦਾ, ਮੁਕਟ, ਅਤੇ ਸੁਂਦਰ ਕੁੰਡਲ ਵਾਲ ਮਤਲਬ ਜ਼ੁਲਫ਼ਾਂ ਰੱਖ ਕੇ ਆਪਣੇ ਆਪ ਨੂੰ ਜਗਨ ਨਾਥ, ਗੋਪਾਲ, ਆਪਣੇ ਮੁੱਖ ਤੋਂ ਆਪ ਹੀ ਆਖ ਕੇ ਲੋਕਾਂ ਨੂੰ ਗੁਮਰਾਹ ਕਰ ਸਕਦਾ ਹੈ ਅਤੇ ਕੀਤਾ ਹੈ। ਪਰ ਜਿਹੜੇ ਹਰੀ ਦੇ ਦਾਸ ਹਨ, ਉਹ ਸਰਬ-ਵਿਆਪਕ ਹਰੀ ਦੀ ਸ਼ਰਨ ਆ ਜਾਂਦੇ ਹਨ। ਉਹ ਅਜਿਹੇ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਹੁੰਦੇ। ਉਹ ਸੱਚੇ ਦੇ ਸੱਚ ਨੂੰ ਦ੍ਰਿੜ੍ਹ ਕਰਦੇ ਹਨ ਅਤੇ ਜੰਮ ਕੇ ਮਰ ਜਾਣ ਵਾਲੇ ਨੂੰ ਜਾਂ ਟੁੱਟ ਕੇ ਚੂਰ ਹੋ ਜਾਣ ਵਾਲੇ ਨੂੰ ਜਾਂ ਬੁਤ-ਪ੍ਰਸਤ ਨੂੰ ਸਵੀਕਾਰਦੇ ਨਹੀਂ।
ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 463

💡ਸੋ ਪ੍ਰਮੇਸ਼ਰ ਸਰੀਰ ਧਾਰਕੇ ਅਜਿਹੇ ਚਿੰਨ ਨਹੀਂ ਧਾਰਦਾ। ਜੋ ਅਜਿਹੇ ਚਿੰਨ ਧਾਰਕੇ ਆਪਣੇ ਆਪ ਨੂੰ ਮੁੱਖ ਤੋਂ ਜਗੰਨਨਾਥ, ਗੋਪਾਲ, ਪੀਤ ਪੀਤਾਂਬਰ, ਤਿੰਨਾਂ ਭਵਨਾ ਦਾ ਮਾਲਕ, ਆਦਿ ਨਾਵਾਂ ਨਾਲ ਬਿਆਨ ਕਰਦੇ ਹਨ, ਉਹ ਆਤਮਿਕ ਤੌਰ 'ਤੇ ਮਰੇ ਹੋਏ ਮਨੁੱਖ ਹਨ ਜਾਂ ਸਨ। ਉਨ੍ਹਾਂ ਦੀ ਕਰਤੂਤ ਬਿਆਨ ਕੀਤੀ ਹੈ, ਸੋ ਗੁਰਮੁਖਾਂ ਨੇ ਭੁਲੇਖਾ ਨਹੀਂ ਖਾਣਾ। ਗੁਰਸਿੱਖਾਂ ਦਾ ਅਕਾਲ ਪੁਰਖੁ ਸਰਬ-ਵਿਆਪਕ ਹੈ ਅਤੇ ਅਜੂਨੀ ਹੈ। ਗੁਰਮਤਿ ਸਿਧਾਂਤ ਅਨੁਸਾਰ ਹੁਣ ਇਸ ਸ਼ਬਦ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰੀਏ।

ਮਾਰੂ ਮਹਲਾ 5॥
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ॥ ਮਧੁਸੂਦਨ ਦਾਮੋਦਰ ਸੁਆਮੀ॥ ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ॥ 1॥
ਮੋਹਨ ਮਾਧਵ ਕ੍ਰਿਸ˜ ਮੁਰਾਰੇ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ॥ ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ॥ 2॥
ਧਰਣੀਧਰ ਈਸ ਨਰਸਿੰਘ ਨਾਰਾਇਣ॥ ਦਾੜਾ ਅਗ੍ਰੇ ਪ੍ਰਿਥਮਿ ਧਰਾਇਣ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ॥ 3॥
ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ॥ ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ॥
.......
ਤੇਰੀ ਗਤਿ ਮਿਤਿ ਤੂਹੈ ਜਾਣਹਿ॥ ਤੂ ਆਪੇ ਕਥਹਿ ਤੈ ਆਪਿ ਵਖਾਣਹਿ॥ ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ॥ 21॥ 2॥ 11॥

ਗੁਰੂ ਗ੍ਰੰਥ ਸਾਹਿਬ, ਪੰਨਾ 1082-1083

📗ਅਰਥ:
ਹੇ ਭਾਈ! ਸਦਾ ਸਥਿਰ ਰਹਿਣਾ ਵਾਲਾ ਪਾਰਬ੍ਰਹਮ, ਪ੍ਰਮੇਸ਼ਰ, ਹਿਰਦੇ ਦੀਆਂ ਜਾਨਣ ਵਾਲਾ, ਕਰਮਕਾਂਡ ਰੂਪੀ ਜਾਲ ਤੋੜਨ ਵਾਲਾ, ਦਾਮੋਦਰ ਜੋ ਸੁਆਮੀ ਹੈ, ਉਹ ਇੱਕ ਸਰਬ-ਵਿਆਪਕ ਪ੍ਰਮੇਸ਼ਰ ਆਪ ਹੀ ਹੈ।

ਇਕ ਆਵਾਗਮਨ ਦੇ ਚੱਕਰ ਭਾਵ ਜੰਮ ਕੇ ਮਰ ਜਾਣ ਵਾਲਾ ਮੁਰਲੀ ਮਨੋਹਰ ਜਿਸ ਦਾ ਮਨ ਮੁਰਲੀ ਨੇ ਹੀ ਚੁਰਾਇਆ ਹੈ, ਆਪਣੇ ਆਪ ਨੂੰ ਹਰੀ ਦਾ ਰੰਗ ਸ੍ਰਿਸਟੀ ਨੂੰ ਆਸਰਾ ਦੇਣ ਵਾਲਾ ਦਰਸਾ ਕੇ ਜੀਵਾ ਨੂੰ ਗੁੰਮਰਾਹ ਕਰਨ ਵਾਲਾ, ਆਪਣੇ ਆਪ ਨੂੰ ਜਗਦੀਸ਼, ਹਰੀ, ਮਾਧਵ, ਕ੍ਰਿਸ਼ਨ, ਮੁਰਾਰੀ, ਦੈਤਾਂ ਨੂੰ ਖ਼ਤਮ ਕਰਨ ਵਾਲਾ ਜਗਜੀਵਨ, ਅਬਿਨਾਸੀ, ਠਾਕੁਰ, ਘੱਟ-ਘੱਟ ਵਿੱਚ ਵਸਣ ਵਾਲਾ, ਸਾਰਿਆਂ ਦੇ ਸੰਗ ਰਹਿਣ, ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ, ਨਰਸਿੰਘ ਨਾਰਾਇਣ ਅਖਵਾ ਕੇ ਗੁੰਮਰਾਹ ਕਰਨ ਵਾਲਾ, ਉਸ ਕਰਤੇ ਦੇ ਬਰਾਬਰ ਖ਼ੁਦ ਨੂੰ ਕਰਤਾ ਦੱਸ ਕੇ, ਉਸ ਕਰਤੇ ਦਾ ਰੂਪ ਇੰਨਾ ਛੋਟਾ ਦਿਖਾਉਣ ਵਾਲਾ।

ਉਸ ਕਰਤੇ ਰਾਮ ਨੂੰ ਜੋ ਸ੍ਰੇਸ਼ਟ ਹੈ, ਜਿਸ ਦਾ ਕੋਈ ਰੰਗ ਨਹੀਂ, ਜਿਸ ਦਾ ਕੋਈ ਰੂਪ (ਬਦਲਾਅ ਨਹੀਂ, ਜਿਸ ਕਰਤੇ ਦਾ ਕੋਈ ਸਰੂਪ ਨਹੀਂ, ਬਨਵਾਲੀ ਫੁੱਲਾਂ ਦੀ ਮਾਲਾ, ਸੁਦਰਸ਼ਨ ਚੱਕਰ ਧਾਰਨ ਤੋਂ ਜੋ ਪਰ੍ਹੇ ਬੇਮਿਸਾਲ ਹੈ, ਭਾਵ ਉਹ ਚੱਕ੍ਰ ਧਾਰਨ ਕਰਨ ਵਾਲਾ ਨਹੀਂ, ਉਹ ਬੇਮਿਸਾਲ ਅਸਚਰਜ ਸਰੂਪ ਹੈ, ਕੋਈ ਮਨੁੱਖ ਅਜਿਹੇ ਚਿੰਨ ਧਾਰਨ ਕਰਕੇ ਉਸ ਕਰਤੇ ਦੇ ਤੁੱਲ ਨਹੀਂ ਹੋ ਸਕਦਾ।

ਇਸ ਤਰ੍ਹਾਂ ਦੀਆਂ ਹਜ਼ਾਰਾਂ ਮੂਰਤੀਆਂ (ਨਿਰਜਿੰਦ) ਜੋ ਆਤਮਿਕ ਸੂਝ ਤੋਂ ਬਿਨਾਂ ਹਨ, ਅੱਖਾਂ ਸਾਹਮਣੇ, ਇਸ ਕਰਮਕਾਂਡੀ ਜਾਲ ਦੇ ਭੁਲੇਖੇ ਵਿੱਚ ਪੂਜਣ ਵਾਲੇ ਇਨ੍ਹਾਂ ਨੂੰ ਬਿਨਾਂ ਵਿਚਾਰਨ ਦੇ ਅਚੁਤ, ਪਾਰਬ੍ਰਹਮ, ਅੰਤਰਜਾਮੀ ਦੱਸਦੇ ਹਨ ਜਦੋਂ ਕਿ ਜਿਨ੍ਹਾਂ ਦੀਆਂ ਉਹ ਮੂਰਤੀਆਂ ਹਨ ਉਹ ਆਪ ਉਸ ਦਾਤੇ ਦੇ ਮੰਗਤੇ/ਮੰਗਤੀਆਂ ਸਨ।

ਅਜਿਹੇ ਕਈ ਅਖੌਤੀ ਅਵਤਾਰ ਹਨ, ਉਨ੍ਹਾਂ ਵਿੱਚੋਂ ਕੋਈ ਆਪਣੇ ਆਪ ਨੂੰ ਭਗਤ ਵਛਲ, ਅਨਾਥਾਂ ਦਾ ਨਾਥ, ਗੋਪੀਆਂ ਦਾ ਸਹੇਲਾ ਅਤੇ ਸਾਰੀਆਂ ਗੋਪੀਆਂ ਦੇ ਸਾਥ ਵਸਦਾ ਦੱਸਦਾ ਹੈ। ਉਸ ਗੋਪੀਆਂ ਦੇ ਸਾਥ ਵਸਣਾ ਦੱਸਣ ਵਾਲੇ ਨੇ ਉਸ ਸਰਬ-ਵਿਆਪਕ ਨਿਰੰਜਨ ਦਾਤੇ - ਜਿਸ ਦਾ ਵਰਨਣ ਹੀ ਨਹੀਂ ਹੋ ਸਕਦਾ – ਉਸ ਦਾ ਕੋਈ ਵੀ ਗਿਆਨ ਰੂਪੀ ਗੁਣ ਗ੍ਰਹਿਣ ਨਹੀਂ ਕੀਤਾ।

ਜਿਸ ਮਨੁੱਖ ਨੇ ਉਸ ਸਰਬ-ਵਿਆਪਕ ਦੇ ਗਿਆਨ ਦਾ ਇੱਕ ਗੁਣ ਵੀ ਗ੍ਰਹਿਣ ਨਾਂ ਕੀਤਾ ਹੋਵੇ, ਉਹ ਮਨੁੱਖ ਆਪਣੇ ਆਪ ਨੂੰ ਮੁਕੰਦ, ਮੁਕਤੀ ਦਾਤਾ, ਮਨੋਹਰ, ਜਿਸ ਦਾ ਵਰਨਣ ਨਹੀਂ ਹੋ ਸਕਦਾ, ਮਾਇਆ ਦਾ ਪਤੀ, ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਧਾਰ ਕਰਨ ਵਾਲਾ, ਕਮਲਾਕੰਤ ਵੀ ਆਪਣੇ ਆਪ ਨੂੰ ਦੱਸੇ ਅਤੇ ਮਾਇਆ ਨੂੰ ਮਾਣੇ ਵੀ ਅਤੇ ਮਾਣ ਕੇ ਆਪਣੇ ਆਪ ਨੂੰ ਅਨਦ ਬਿਨੋਦੀ, ਬੇਦਾਗ਼, ਨਿਰਲੇਪ ਨਹੀਂ ਕਹਾ ਸਕਦਾ।

ਪਰ ਸੱਚ ਇਹ ਹੈ ਕਿ ਬਖ਼ਸ਼ਿਸ਼ਾਂ ਕਰਨ ਵਾਲਾ ਨਿਰਲੇਪ ਤੇ ਅਜੂੰਨੀ ਹੈ ਜੋ ਜੂਨ ਵਿੱਚ ਨਹੀਂ ਆੳਂਦਾ। ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ। ਜਿਸ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ, ਜੋ ਅਬਿਨਾਸ਼ੀ ਹੈ, ਨਾਸ਼ਵਾਨ ਨਹੀਂ ਹੈ, ਉਹ ਅਗਮ ਅਗੋਚਰ ਹੈ। ਹੇ ਵਾਹਿਗੁਰੂ! ਤੂੰ ਆਪ ਹੀ ਹੈਂ। ਤੇਰਾ ਹੀ ਸਭ ਕਾਸੇ ਨੂੰ ਆਸਰਾ ਹੈ। ਜੇਕਰ ਕੋਈ ਮਨੁੱਖ ਆਪਣੇ ਆਪ ਨੂੰ ਸ੍ਰੇਸ਼ਟ ਅਤੇ ਬੈਕੁੰਠ ਦਾ ਵਾਸੀ, ਭਾਵ ਆਪਣੇ ਵੱਖਰੇ ਵੱਖਰੇ ਰੰਗ ਦੱਸੇ, ਕਦੀ ਮੱਛ ਅਵਤਾਰ ਬਣਕੇ ਆ ਗਿਆ, ਕਦੀ ਕੱਛ ਬਣ ਕੇ ਆ ਗਿਆ, ਕਦੀ ਕੂਰਮ ਬਣ ਕੇ ਆ ਗਿਆ। ਅਤੇ ਜੋ ਨਿਰਾਲੇ ਕੌਤਕ ਕਰਤਾਰ ਦੇ ਹਨ, ਕੋਈ ਮਨੁੱਖ ਆਪਣੇ ਦੱਸੇ ਅਤੇ ਇਹ ਆਖੇ ਕਿ ਜੋ ਕੀਤਾ ਹੈ, ਮੈਂ ਕੀਤਾ ਹੈ, ਕਰਦਾ ਹਾਂ ਅਤੇ ਜੋ ਮੈਂ ਲੋੜਦਾ ਹਾਂ, ਉਹੀ ਹੋਵੇਗਾ ਅਤੇ ਉਹੋ ਹੀ ਹੁੰਦਾ ਹੈ, ਤਾਂ ਇਹ ਕਿੰਨੀ ਗ਼ਲਤ ਗੱਲ ਹੈ।

✍️ਨੋਟ – ਇਥੇ ਸਪਸ਼ਟ ਹੈ ਕਿ ਕੋਈ ਮਨੁੱਖ ਇਹ ਆਖੇ ਕੇ ਮੈਂ ਸਰਬਵਿਆਪਕ ਹਾਂ, ਬੈਕੁੰਠ ਦਾ ਵਾਸੀ ਹਾਂ, ਅਤੇ ਕਛੂ ਬਣ ਕੇ ਸਮੁੰਦਰ ਵਿੱਚ ਆ ਗਿਆ ਹੋਵੇ ਤਾਂ ਫਿਰ ਬੈਕੁੰਠ ਵਿੱਚ ਕਿਵੇਂ ਰਹਿ ਸਕਦਾ ਹੈ? ਜੇਕਰ ਕੂਰਮ ਅਵਤਾਰ ਧਾਰ ਕੇ ਥਲ ਵਿੱਚ ਆ ਗਿਆ ਤਾਂ ਫਿਰ ਬੈਕੁੰਠ ਅਤੇ ਜਲ ਵਿੱਚ ਕਿਵੇਂ ਰਹਿ ਸਕਦਾ ਹੈ। ਗੁਰਬਾਣੀ ਨੇ ਝੂਠ ਦਾ ਭਾਂਡਾ ਭੰਨਿਆ ਹੈ ਅਤੇ ਸਿਰਫ ਇੱਕ ਸੱਚੇ ਅਜੂਨੀ ਨੂੰ ਹੀ ਸਰਬ-ਵਿਆਪਕ ਮੰਨਿਆ ਹੈ।

ਇਕ ਪਾਸੇ ਨਿਰਹਾਰੀ, ਨਿਰਵੈਰ, ਸਰਬਵਿਆਪਕ, ਅਤੇ ਦੂਸਰੇ ਪਾਸੇ ਖੇਲ ਧਾਰ ਕੇ ਜਗਤ ਤਮਾਸ਼ਾ ਰਚਾ ਕੇ ਚਹੁਂ ਬਾਂਹਾਂ ਵਾਲਾ ਅਵਤਾਰ ਆਪਣੇ ਆਪ ਨੂੰ ਅਖਵਾਇਆ, ਅਤੇ ਕਿਸੇ ਵਲੋਂ ਸਾਂਵਲ ਸੁੰਦਰ ਰੂਪ ਬਣਾ ਕੇ ਇਹ ਅਖਵਾਉਣਾ ਕਿ ਮੇਰੀ ਬੰਸਰੀ ਸੁਣ ਕੇ ਸਭ ਮਸਤੇ ਜਾਂਦੇ ਹਨ, ਅਤੇ ਸ਼ਿੰਗਾਰ ਲਈ ਗਿੱਟਿਆਂ ਤੱਕ ਲੰਬੀ, ਜੰਗਲੀ ਫੁੱਲਾਂ ਦੀ ਮਾਲਾ (ਬਿਭੂਖਨ) ਅਤੇ ਸੁੰਦਰ ਨੈਣ, ਸੁੰਦਰ ਜ਼ੁਲਫਾਂ, ਸੁੰਦਰ ਮੁਕਟ ਅਤੇ ਸੰਖ, ਸੁਦਰਸ਼ਨ ਚੱਕ੍ਰ, ਗੁਰਜ, ਅਜਿਹੇ ਚਿੰਨ ਧਾਰਨ ਕਰ ਕੇ ਆਪਣੇ ਆਪ ਨੂੰ ਵੱਡਾ ਧੰਨਵਾਨ, ਮਹਾਸਾਰਥੀ, ਆਪਣੇ ਸੰਗੀਆ ਨੂੰ ਫਲ ਦੇਣ ਵਾਲਾ, ਆਪਣੇ ਆਪ ਨੂੰ ਆਪਣੇ ਮੁੱਖ ਤੋਂ ਤਿੰਨਾਂ ਭਵਨਾ ਦਾ ਮਾਲਕ ਧਨੁਖਧਾਰੀ, ਜਗਨਨਾਥ, ਸ੍ਰਿਸ਼ਟੀ ਨੂੰ ਪਾਲਣ ਵਾਲਾ, ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ, ਭਗਵਾਨ, ਬੀਠੁਲਾ, ਦੁਸ਼ਮਨ ਰਹਿਤ, ਪਰਮ ਸ਼ੁੱਧ, ਜਲ ਅਤੇ ਥਲ ਵਿੱਚ ਮੈਂ ਹੀ ਹਾਂ ਆਪਣੇ ਆਪ ਨੂੰ ਕਹਿਣ ਵਾਲੇ ਦੰਭੀ ਹਨ।

ਅਜਿਹੇ ਦੰਭੀ ਲੋਕ ਜਾਣਦੇ ਵੀ ਹਨ ਕਿ ਕੇਵਲ ਪ੍ਰਭੂ ਹੀ ਸਦੀਵੀ ਸਥਿਰ ਰਹਿਣ ਵਾਲਾ ਅਟੁੱਟ, ਨਾਂਹ ਨਾਸ਼ ਹੋਣ ਵਾਲਾ ਹੈ, ਅਤੇ ਜਾਣਦੇ ਹੋਏ ਵੀ ਸੱਚ ਨੂੰ ਪਿਛਾਂਹ ਧੱਕ ਕੇ ਆਪਣੇ ਆਪ ਨੂੰ ਪ੍ਰਭੂ ਕਹਾਉਂਦੇ ਹਨ। ਆਪਣੇ ਆਪ ਨੂੰ ਕਿਸੇ ਵਿਕਾਰਾਂ ਦੀ ਖੱਡ ਵਿੱਚ ਡਿੱਗੇ ਹੋਏ ਮਨੁੱਖ ਵਲੋਂ ਇਹ ਵੀ ਕਹਾਉਣਾ ਕਿ ਮੈਂ ਹੀ ਵਿਕਾਰਾਂ ਵਿੱਚ ਡਿੱਗੇ ਪਤਿਤ ਮਨੁੱਖਾਂ ਨੂੰ ਪਾਵਨ ਕਰਨ ਵਾਲਾ ਅਤੇ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ, ਹੰਕਾਰ ਦੂਰ ਕਰਕੇ ਜਨਮ ਮਰਨ ਦਾ ਗੇੜ ਖ਼ਤਮ ਕਰਨ ਵਾਲਾ, ਅਤੇ ਜੋ ਸੰਪੂਰਨ ਰੂਪ ਵਿੱਚ ਮੇਰੀ ਬੰਦਗੀ ਕਰਦੇ ਹਨ, ਉਨ੍ਹਾਂ ਉੱਪਰ ਹੀ ਮੈਂ ਪ੍ਰਸੰਨ ਹੁੰਦਾ ਹਾਂ, ਕਿਸੇ ਇੱਕ ਗੁਣ ਤੇ ਨਹੀਂ ਪਤੀਜਦਾ ਹਾਂ, ਅਤਿ ਦੀ ਗ਼ਲਤ ਬਿਆਨੀ ਹੈ।

ਜੇ ਇੱਕ ਦੇਹਧਾਰੀ ਆਪਣੇ ਬਾਰੇ ਕਹਿੰਦਾ ਹੈ ਕਿ ਮੈਂ ਹੀ ਸਰਬ-ਵਿਆਪਕ ਹਾਂ, ਨਿਰੰਕਾਰ ਅਛੱਲ ਹਾਂ, ਅਡੋਲ ਹਾਂ, ਮੈ ਹੀ ਜੋਤ ਸਰੂਪ ਹਾਂ, ਮੈਨੂੰ ਉਹ ਮਿਲ ਸਕਦਾ ਹੈ ਜਿਸ ਨੂੰ ਮੈਂ ਆਪ ਮਿਲਾਉਦਾ ਹਾਂ, ਆਪਣੇ ਆਪ ਮੈਨੂੰ ਕੋਈ ਜਾਣ ਨਹੀਂ ਸਕਦਾ, ਪਾ ਨਹੀਂ ਸਕਦਾ, ਆਪ ਹੀ ਆਪਣੇ ਆਪ ਨੂੰ ਗੋਪੀ, ਆਪ ਹੀ ਆਪਣੇ ਆਪ ਨੂੰ ਕਾਨ੍ਹ, ਆਪ ਹੀ ਆਪਣੇ ਆਪ ਨੂੰ ਗਊਆਂ ਚਾਰਨ ਵਾਲਾ, ਆਪ ਹੀ ਜੀਵਾਂ ਨੂੰ ਉਪਾਉਣ ਵਾਲਾ, ਆਪ ਹੀ ਜੀਵਾਂ ਨੂੰ ਖਪਾਉਣ ਵਾਲਾ ਹਾਂ, ਸਹਸ ਫਨੀ ਸ਼ੇਸ਼ਨਾਗ ਵੀ ਮੇਰਾ ਅੰਤ ਨਹੀਂ ਪਾ ਸਕਿਆ, ਬੇਸ਼ਕ ਉਹ ਨਵਤਨ (ਨਵਾ ਨਾਮ) ਉਚਰਦਾ ਸੀ, ਪਰ ਮੇਰਾ, ਪ੍ਰਭੂ ਦਾ, ਇੱਕ ਗੁਣ ਵੀ ਨਹੀਂ ਕਹਿ ਸਕਿਆ।

ਪਰ ਹੇ ਸੱਚੇ ਪ੍ਰਭੂ! ਇਹ ਸਾਰੀਆਂ ਗੱਲਾਂ ਸਚਾਈ ਤੋਂ ਕਿੰਨੀ ਦੂਰ ਹਨ। ਤੇਰੇ ਨਾਮ ਦੀ ਇੱਕ ਤਿਲ ਜਿੰਨੀ ਵੀ ਜਿਸ ਜੀਵ ਨੂੰ ਰੰਗਤ ਨਹੀਂ ਹੈ, ਵੇਖੋ ਉਹ ਜੀਵ ਆਪਣੇ ਕਿੰਨੇ ਗੁਣ ਬਿਆਨ ਕਰਦਾ ਹੈ।

✍️ਨੋਟ – ਅਵਤਾਰਵਾਦੀ ਖੁਦ ਆਪਣੇ ਆਪ ਨੂੰ ਪ੍ਰਭੂ ਅਖਵਾਉਂਦਾ ਹੈ, ਸਮਝਦਾ ਹੈ, ਅਤੇ ਕਹਿੰਦਾ ਹੈ ਕਿ ਮੈਂ ਹੀ ਰੱਬ ਹਾਂ।

️🎯ਗੁਰੂ ਦਾ ਫੈਸਲਾ
ਹੇ ਭਾਈ! ਜਦੋਂ ਮੈਂ ਜਗਤ ਦੇ ਪਿਤਾ, ਸਰਬ-ਵਿਆਪਕ ਪ੍ਰਭੂ ਦੀ ਸ਼ਰਨ ਆਇਆ, ਆਸਰਾ ਤੱਕਿਆ ਤਾਂ ਜਾਣਿਆ ਕਿ ਜੋ ਕੋਈ ਵੀ ਆਪਣੇ ਆਪ ਨੂੰ ਅਚੁੱਤ, ਪਾਰਬ੍ਰਹਮ, ਪ੍ਰਮੇਸ਼ਰ, ਅੰਤਰਜਾਮੀ, ਮਧੁਸੂਦਨ, ਮਾਧਵ ਅਖਵਾਉਣ ਵਾਲਾ ਹੈ, ਉਹ ਸੱਚ ਤੋਂ ਬਹੁਤ ਦੂਰ ਹੈ। ਭੈ ਭਇਆਨਕ ਜਮਦੂਤ ਦਤਰੁ ਹੈ ਮਾਇਆ॥ ਅਗਿਆਨਤਾ ਦਾ ਭਇਅਨਕ ਦੂਤ ਹੈ।

ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜਿਹੜੇ ਗੁਰਮੁਖ ਤੇਰੀ ਸਿਫ਼ਤੋ-ਸਲਾਹ ਦੀ ਸ਼ਰਣ ਪੈਂਦੇ ਹਨ, ਉਨ੍ਹਾਂ ਨੂੰ ਹੀ ਹਿਰਦੇ ਅੰਦਰਲੇ ਸੱਚ ਦੀ ਸੂਝ ਪੈਂਦੀ ਹੈ ਅਤੇ ਉਨ੍ਹਾਂ ਦੇ ਮਨ ਅੰਦਰ ਤੇਰੀ ਸਿਫ਼ਤੋ-ਸਲਾਹ ਦਾ ਰੰਗ ਚੜ੍ਹਿਆ ਰਹਿੰਦਾ ਹੈ। ਉਨ੍ਹਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਹੇ ਪ੍ਰਭੂ ਤੇਰੀ ਗਤਿ ਮਿਤ ਤੂੰ ਆਪ ਹੀ ਜਾਣਦਾ ਹੈਂ, ਅਤੇ ਤੂੰ ਆਪ ਹੀ ਆਪਣੀ ਸ਼ਰਨ ਆਉਣ ਵਾਲਿਆਂ ਨੂੰ ਵਿਖਾਲਦਾ ਹੈਂ। ਜੋ ਤੇਰੀ ਸ਼ਰਨ ਆਉਂਦੇ ਹਨ, ਉਨ੍ਹਾਂ ਨੂੰ ਹੀ ਬਖ਼ਸ਼ਿਸ਼ ਕਰਕੇ ਇਹ ਸੂਝ ਬਖ਼ਸ਼ਦਾ ਹੈਂ। ਉਹੀ ਤੇਰੇ ਦਾਸ ਬਣਦੇ ਹਨ, ਅਤੇ ਤੂੰ ਹੀ ਆਪਣੇ ਦਾਸਾਂ ਨੂੰ ਆਪਣੀ ਸਿਫ਼ਤੋ-ਸਲਾਹ ਦਾ ਕੱਪੜਾ ਦੇ ਕੇ ਨਿਵਾਜਦਾ ਹੈਂ।

ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ॥ ਅਸਚਰਜ ਰੂਪੰ ਰਹੰਤ ਜਨਮੰ॥
ਗੁਰੂ ਗ੍ਰੰਥ ਸਾਹਿਬ, ਪੰਨਾ 1359

🙏ਗੁਰਬਾਣੀ ਦਾ ਮੂਲ ਸਿਧਾਂਤ ਹੀ ਸਿੱਖ ਨੂੰ ਇਹ ਦ੍ਰਿੜ੍ਹ ਕਰਵਾਉਂਦਾ ਹੈ ਕਿ ਸਰਬ-ਵਿਆਪਕ ਇੱਕ ਹੈ, ਅਜੂਨੀ ਹੈ। ਉਸ ਦੀ ਹੋਂਦ ਸਦੀਵੀ ਹੈ, ਅਸਚਰਜ ਰੂਪ ਹੈ, ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਜਨਮ ਤੋਂ ਰਹਿਤ ਹੈ। ਸੰਖ, ਚੱਕ੍ਰ, ਗਦਾ, ਆਦਿ ਅਜਿਹੇ ਚਿੰਨ ਧਾਰਨ ਕਰਨ ਵਾਲਾ ਰੱਬ ਨਹੀਂ ਹੋ ਸਕਦਾ। ਕਰਮਕਾਂਡੀ ਜ਼ਰੂਰ ਹੋ ਸਕਦਾ ਹੈ।

ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥
ਗੁਰੂ ਗ੍ਰੰਥ ਸਾਹਿਬ, ਪੰਨਾ 1159


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top