🙏
ਨੋਟ: ਆਪਣੇ ਵੀਚਾਰ ਦੇਣ
Comment ਤੋਂ ਪਹਿਲਾਂ ਲੇਖ ਨੂੰ ਪੜ੍ਹਨ ਤੇ ਸਮਝ ਲੈਣ ਵਿੱਚ ਹੀ ਸਮਝਦਾਰੀ ਹੁੰਦੀ ਹੈ।
ਅਲਪ ਮਤਿ ਵਾਲੇ ਲੋਕ ਸਿਰਫ ਪੋਸਟਰ ਦੇਖ ਕੇ ਹੀ ਆਪਣੀ ਅਕਲ ਦਾ ਮੁਜ਼ਾਹਰਾ ਨਾ ਕਰਿਆ ਕਰਣ।
ਅਤਿ ਧੰਨਵਾਦੀ ਹੋਵਾਂਗੇ। -: ਸੰਪਾਦਕ ਖ਼ਾਲਸਾ ਨਿਊਜ਼
💥ਬੀਤੇ ਦਿਨ ਖ਼ਾਲਸਾ ਨਿਊਜ਼ ਨੇ "ਚੌਪਹਿਰਾ" ਪਖੰਡ ਬਾਰੇ ਲੇਖ ਪਾਇਆ ਸੀ, ਤਾਂ ਸੰਪਰਦਾਈ
ਬਿਰਤੀ ਵਾਲੇ ਲੋਕ ਕਹਿੰਦੇ ਸਨ ਕਿ "ਚੌਪਹਿਰਾ" ਕਰਣ ਵਿੱਚ ਕੀ ਖਰਾਬੀ ਹੈ, ਤੁਹਾਨੂੰ ਕੀ
ਤਕਲੀਫ ਹੈ? ਬਾਣੀ ਹੀ ਤਾਂ ਪੜ੍ਹਦੇ ਹਾਂ.............. 👉ਉਹ ਲੋਕ ਗੁਰੂ ਅਰਜਨ ਸਾਹਿਬ
ਦਾ ਫੁਰਮਾਨ ਪੜ੍ਹ ਲੈਣ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ 641 'ਤੇ ਅੰਕਤ ਹੈ, ਜਿਸਦੀ
ਰਹਾਉ ਵਾਲੀ ਤੁੱਕ ਸਾਫ ਕਰਦੀ ਹੈ ਕਿ ਬਿਬੇਕ ਬੁਧਿ ਦੀ ਮੰਗ ਕੀਤੀ ਜਾ ਰਹੀ ਹੈ।
📗ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥
✅ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ
ਦੀਜੈ ਬੁਧਿ ਬਿਬੇਕਾ ॥ ਰਹਾਉ ॥
🙏ਗੁਰੂ ਨਾਨਕ ਸਾਹਿਬ ਨੇ ਵੀ ਪੰਨਾਂ 148 'ਤੇ ਦਰਜ ਪਉੜੀ 'ਚ ਆਖਿਆ ਹੈ ... "ਪੜਿਐ ਨਾਹੀ
ਭੇਦੁ ਬੁਝਿਐ ਪਾਵਣਾ ॥" ਪਾਠ ਕਰਿਆਂ ਜਾਂ ਇੱਕਲੇ ਪੜ੍ਹਨ ਨਾਲ ਭੇਤ ਨਹੀਂ ਪੈਂਦਾ। ਮਤਿ
ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ। ਤੇ ਮਤਿ ਉੱਚੀ ਗੁਰੂ ਦੀ ਗੱਲ ਸੁਣਿਆਂ ਮਤਲਬ
ਕੇ ਧਿਆਨ ਨਾਲ ਸੁਣ ਸਮਝ ਕੇ ਹੀ ਪੱਲੇ ਪੈਂਦੀ ਹੈ... ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ
ਇਕ ਗੁਰ ਕੀ ਸਿਖ ਸੁਣੀ ॥ ਇੱਥੇ ਸੁਣੀ ਦਾ ਮਲਤਬ ਨਾਲ ਹੈ, ਨਾਲ ਨਹੀਂ।
✔️ਗੁਰੂ ਨਾਨਕ ਸਾਹਿਬ ਦਾ ਹੇਠਲਾ ਸ਼ਬਦ ਨਿਰੇ ਪਾਠ ਕਰਣ ਤੇ ਆਪਸੀ ਬੀਚਾਰ 'ਤੇ ਚੋਟ ਕਰਦੇ
ਆਖਦੇ ਹਨ, ਕਿ ਜਦ ਤਕ ਮਤਿ ਨਹੀਂ ਬਦਲਦੀ ਸਭ ਬੇਕਾਰ ਹੈ।
ਸਲੋਕ ਮਃ ੧ ॥
🔥 ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥
ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥
🔹ਬੇਦ ਪਾਠ ਸੰਸਾਰ ਕੀ ਕਾਰ ॥
ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥
ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥
{ਪੰਨਾ 791}
{ਨੋਟ: "ਪੜ੍ਹਿ ਪੜ੍ਹਿ" ਅਤੇ "ਬੂਝੇ" ਵਿਚ ਉਹੀ ਫ਼ਰਕ ਹੈ ਜੋ "ਬੇਦ ਪਾਠ" ਅਤੇ "ਬੇਦ ਪਾਠ
ਮਤਿ" ਵਿਚ ਹੈ}।
🔰 ਪ੍ਰੋ. ਸਾਹਿਬ ਸਿੰਘ ਇਓਂ ਅਰਥ ਕਰਦੇ ਹਨ: (ਜਿਵੇਂ
ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ (ਏਸੇ ਤਰ੍ਹਾਂ) ਵੇਦ (ਆਦਿਕ
ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ ਹੈ; ਜਦੋਂ
ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ, (ਤਿਵੇਂ) ਜਿਥੇ ਮਤਿ
ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।
🔺ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨੀਆਵੀ ਵਿਹਾਰ (ਸਮਝੋ) , ਵਿਦਵਾਨ
ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ; ਜਦ ਤਕ ਮਤਿ
ਨਹੀਂ ਬਦਲਦੀ (ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ) ਲੁਕਾਈ ਖ਼ੁਆਰ ਹੀ ਹੁੰਦੀ ਹੈ; ਹੇ
ਨਾਨਕ! ਉਹ ਮਨੁੱਖ ਹੀ (ਪਾਪਾਂ ਦੇ ਹਨੇਰੇ ਤੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ
ਦੇ ਹਵਾਲੇ ਕਰ ਦਿੱਤੀ ਹੈ।੧।
️🎯ਭਾਈ ਗੁਰਦਾਸ
ਜੀ ਵੀ ਲ਼ਿਖਦੇ ਹਨ:
▪️ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ ਪ੍ਰੀਤਮ ਕੈ ਦੇਸ ਕੈਸੇ
ਬਾਤਨੁ ਕੇ ਜਾਈਐ ॥
- ਜੇ ਪਥਿਕ (ਰਾਹਗੀਰ) ਰਾਹ ਪੁਛੇ, ਪਰ ਉਸ ਰਾਹ ਉੱਤੇ ਤੁਰੇ ਨਾ, ਫਿਰ ਪ੍ਰੀਤਮ ਕੇ ਦੇਸ
ਕਿਸ ਤਰ੍ਹਾਂ ਪਹੁੰਚੇਗਾ?
▪️ਪੂਛਤ ਹੈ ਬੈਦ ਖਾਤ ਅਉਖਦ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ
ਸਹਜ ਸਮਾਈਐ ॥
- ਜੇ ਬੈਦ (ਡਾਕਟਰ) ਕੋਲੋਂ ਦਵਾਈ ਲੈ ਵੀ ਲਈ, ਪਰ ਨੇਮ ਸੰਜਮ ਨਾਲ ਖਾਦੀ ਹੀ ਨਹੀਂ, ਤਾਂ
ਰੋਗ ਕਿਵੇਂ ਮਿਟੇਗਾ?
▪️ਪੂਛਤ ਸੁਹਾਗਨ ਕਰਮ ਹੈ ਦੁਹਾਗਨਿ ਕੈ ਰਿਦੈ ਬਿਬਿਚਾਰ ਕਤ
ਸਿਹਜਾ ਬੁਲਾਈਐ ॥
- ਜੇ ਸੁਹਾਗਣ ਕੋਲ਼ੋਂ ਪੁਛ ਕੇ ਵੀ ਵਿਭਚਾਰ ਕਰੀ ਜਾਏ ਤਾਂ ਦੁਹਾਗਣ ਕਿਵੇਂ ਸੁਹਾਗਣ ਬਣ
ਸਕਦੀ ਹੈ?
▪️ਗਾਏ ਸੁਨੇ ਆਂਖੇ ਮੀਚੈ ਪਾਈਐ ਨ ਪਰਮਪਦੁ ਗੁਰ ਉਪਦੇਸੁ ਗਹਿ
ਜਉ ਲਉ ਨ ਕਮਾਈਐ ॥439॥
- ਇਸ ਤਰ੍ਹਾਂ ਜੇ ਅੱਖਾਂ ਮੀਚ ਕੇ ਗਾਈ ਵੀ ਜਾਵੋ, ਇਸ ਤਰ੍ਹਾਂ ਪਰਮਪਦ ਨਹੀਂ ਪਾਇਆ ਜਾ
ਸਕਦਾ, ਜਦੋਂ ਤੱਕ ਗੁਰੂ ਦਾ ਉਪਦੇਸ਼ "ਗਹਿ" ਨਾ ਲਿਆ ਜਾਵੇ। ਗਹਿ ਦਾ ਮਤਲਬ ਸਮੋਅ, ਉਪਦੇਸ਼
ਨੂੰ ਸਮਝ ਕੇ ਆਪਣੇ ਅੰਦਰ ਸਮੋਅ ਲੈਣਾ, ਤੇ ਉਸ ਅਨੁਸਾਰ ਜੀਵਨ ਬਤੀਤ ਕਰਨਾ।
⭕ਸਾਰੀ ਰਮਜ਼ ਹੀ ਗੁਰੂ ਦੀ ਮਤਿ ਧਾਰਣ 'ਤੇ, ਬਿਬੇਕ ਬੁਧਿ 'ਤੇ ਅਤੇ ਫੋਕਟ ਕਰਮਾਂ ਤੋਂ ਪਰੇ
ਰਹਿਣ ਦੀ ਹੈ, ਪਰ ਬਹੁਤਾਤ ਸਿੱਖ ਅਖਵਾਉਣ ਵਾਲੇ ਗੁਰੂ ਦੀ ਮਤਿ ਤੋਂ ਕੋਹਾਂ ਦੂਰ ਸਿਰਫ
ਆਪਣੇ (ਪਖੰਡੀ) ਸਾਧ ਬਾਬਿਆਂ ਦੀਆਂ ਧਾਰਣਾਵਾਂ 'ਤੇ ਪਹਿਰਾ ਦੇ ਰਹੇ ਹਨ। ❌ਕਦੇ ਚੌਪਹਿਰਾ,
ਕਦੇ ਦੁਪਹਿਰਾ, ਕਦੇ ਅਖੰਡ ਪਾਠ, ਸੰਪਟ ਪਾਠ, ਮਹਾ ਸੰਪਟ ਪਾਠ, ਲੜੀਵਾਰ ਪਾਠ, 51 ਪਾਠ,
108 ਪਾਠ, 1008 ਪਾਠ, ਤੁੱਕ ਤੁੱਕ ਪਾਠ, ਚੁੱਪ ਪਾਠ, ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ
"ਲੁੱਟ ਪਾਠ" ਕਰੀ ਕਰਵਾਈ ਜਾ ਰਹੇ ਹਨ, ਜੋ ਕਿ ਸਿਰਫ ਸ਼ਰਧਾਉੱਲੂਆਂ ਦੀ ਕਾਰ ਹੈ,
ਗੁਰਮੁਖਤਾਈ ਨਹੀਂ। ਚੋਣ ਤੁਹਾਡੀ ਹੈ ਕਿ ਤੁਸੀਂ ਆਪਣੀ ਲੁੱਟ ਕਰਵਾ ਕਰਕੇ ਸ਼ਰਧਾਉੱਲੂ ਬਣਨਾ
ਹੈ, ਜਾਂ ਗੁਰੂ ਦੀ ਮਤਿ ਧਾਰਣ ਕਰਕੇ ਗੁਰਮੁਖ ਬਣਨਾ ਹੈ।
‼️ ਕਈ ਲੋਕ ਸਹਿਜ ਪਾਠ ਵੀ ਕਰਦੇ ਹਨ, ਪਰ ਹਾਲੇ ਵੀ ਉਹ ਸਾਰੇ
ਕਰਮਕਾਂਡ ਤੇ ਪਖੰਡ ਕਰਦੇ ਹਨ, ਜਿਹੜੇ ਪਾਠ ਕਰਣ ਵੇਲੇ ਆਪ ਹੀ ਪੜ੍ਹੇ ਸਨ ਕਿ ਉਹ ਸਭ ਫੋਕਟ
ਕਰਮ ਹਨ। 📚ਧਾਰਮਿਕ ਪੁਸਤਕਾਂ ਦਾ ਅਰਥਾਂ ਸਾਹਿਤ ਆਪਿ ਅਧਿਐਨ ਕਰਨ ਦੀ ਜ਼ਰੂਰਤ
ਹੈ। ਜਿੰਨਾਂ ਚਿਰ ਇਹ ਅਭਿਆਸ ਨਹੀਂ ਕੀਤਾ ਜਾਂਦਾ ਅਤੇ ਪਾਠ ਦੇ ਵਿਸ਼ਾ ਵਸਤੂ ਦੀ ਸੋਝੀ ਨਹੀਂ
ਹੁੰਦੀ, ਓਨਾਂ ਚਿਰ ਪਾਠ ਕਰਨ ਸਮੇਂ ਮਾਰੀਆਂ ਜਾਂਦੀਆਂ ਟਾਹਰਾਂ ਨਹੀਂ ਮੁੱਕ ਸਕਦੀਆਂ
ਕਿਉਂਕਿ ਇਨ੍ਹਾਂ ਦਾ ਕੋਈ ਅਰਥ ਨਹੀਂ। ਆਸ ਹੈ ਗੱਲ ਦੀ ਰਮਜ਼ ਸਮਝ ਪਕੜ ਵਿੱਚ ਆਈ ਹੋਵੇਗੀ।
ਗੁਰੂ ਸੁਮਤਿ ਬਖਸ਼ੇ।