ਸਮੇਂ
ਦੇ ਨਾਲ ਸਦੀਆਂ ਤੋਂ ਪੰਜਾਬੀਆਂ ਦਾ ਪਹਿਰਾਵਾ ਬਦਲਦਾ ਆਇਆ ਹੈ।
ਅੱਜ ਜਿਵੇਂ ਔਰਤਾਂ ਦੇ ਪਹਿਰਾਵੇ ਸਲਵਾਰ ਕਮੀਜ਼ ਨੂੰ ਪੰਜਾਬੀ
ਸੂਟ ਦਾ ਦਰਜਾ ਹਾਸਲ ਹੋ ਗਿਆ ਹੈ, ਪਰ ਹਕੀਕਤ ਕੁਝ ਹੋਰ ਹੈ।
ਪੰਜਾਬੀ ਔਰਤਾਂ ਦਾ ਮੂਲ ਪਹਿਰਾਵਾ ਘੱਗਰਾ, ਲਾਚੇ ਅਤੇ ਲੰਮੀ
ਕਮੀਜ਼ ਹੁੰਦਾ ਸੀ। ਜੇਕਰ ਇਸ ਤੋਂ ਵੀ ਪਿੱਛੇ ਜਾਈਏ ਤਾਂ ਇੱਥੇ ਔਰਤਾਂ ਲੱਕ ਦੁਆਲੇ
ਇੱਕ ਕੱਪੜਾ ਵਲ੍ਹੇਟ ਦੀਆਂ ਸਨ ਅਤੇ ਛਾਤੀਆਂ ਦੁਆਲੇ ਵੀ ਇੱਕ ਛੋਟਾ ਕੱਪੜਾ ਬੰਨ੍ਹਦੀਆਂ ਸਨ।
ਇਹੋ ਲੱਕ ਦੁਆਲੇ ਵਲ੍ਹੇਟਿਆ ਜਾਣ ਵਾਲਾ ਕੱਪੜਾ ਹੀ ਘੱਗਰਾ ਬਣਿਆ ਅਤੇ ਛਾਤੀ ਤੇ ਬੰਨ੍ਹੇ
ਕੱਪੜੇ ਨੇ ਹੌਲੀ ਹੌਲੀ ਕੁੜਤੀ ਤੇ ਪਿੱਛੋਂ ਕਮੀਜ਼ ਦਾ ਰੂਪ ਲਿਆ। ਸਿਰ ’ਤੇ ਲਏ ਜਾਣ ਵਾਲੇ
ਕੱਪੜੇ ਨੂੰ ਦੁਪੱਟਾ ਆਖਿਆ ਜਾਂਦਾ ਸੀ। ਇਸਦੀ ਬੁੱਕਲ ਮਾਰੀ ਜਾਂਦੀ ਸੀ। ਦੁਪੱਟਾ ਕੱਪੜੇ
ਦੇ ਦੋ ਪੱਟਾਂ ਨੂੰ ਜੋੜ ਕੇ (ਦੋ-ਪੱਟਾਂ ਤੋਂ ਦੁਪੱਟਾ ਸ਼ਬਦ ਹੋਂਦ ਵਿੱਚ ਆਇਆ) ਬਣਾਇਆ
ਜਾਂਦਾ ਸੀ।
ਇਸੇ
ਤਰ੍ਹਾਂ ਮਰਦ ਵੀ ਤੇੜ ਇੱਕ ਵੱਡਾ ਕੱਪੜਾ ਵਲ੍ਹੇਟ ਦੇ ਸਨ ਜਿਸ ਨੇ ਬਾਅਦ ਵਿੱਚ
ਚਾਦਰੇ ਦਾ ਰੂਪ ਲਿਆ। ਚਾਦਰਾ ਮਰਦਾਂ ਦੇ ਬੰਨ੍ਹਣ ਵਾਲਾ ਇੱਕੋ ਵੱਡਾ ਕੱਪੜਾ ਹੁੰਦਾ ਸੀ
ਜਿਸ ਨੂੰ ਮਾਲਵੇ ਦੇ ਲੋਕ ਭੋਥਾ ਕਹਿੰਦੇ ਸਨ। ਭੋਥੇ ਦੀ ਗੰਢ ਗਲ ’ਤੇ ਬੰਨ੍ਹੀ ਜਾਂਦੀ ਸੀ
ਇਸ ਲਈ ਇਸ ਨੂੰ ਗਿਲਤੀ ਵੀ ਆਖਿਆ ਜਾਂਦਾ ਸੀ। ਲਾਹੌਰ ਦੇ ਇਲਾਕਿਆਂ ਵਿੱਚ ਇਸਨੂੰ ਗਿਲਤੜੀ
ਕਿਹਾ ਜਾਂਦਾ ਸੀ। ਇਹ ਮਰਦਾਂ ਦੇ ਪਹਿਨਣ ਦੇ ਲਈ ਇੱਕੋ ਇੱਕ ਕੱਪੜਾ ਹੁੰਦਾ ਸੀ ਜਿਸ ਨੂੰ
ਤੇੜ ਵਲ੍ਹੇਟਾ ਮਾਰ ਕੇ ਪਿੱਛੇ ਧੌਣ ’ਤੇ ਜਾ ਕੇ ਗੰਢ ਮਾਰੀ ਜਾਂਦੀ ਸੀ। ਤੇੜ ਕੇਵਲ ਚਾਦਰੇ
ਬੰਨ੍ਹੇ ਜਾਂਦੇ ਸਨ। ਕੱਪੜੇ ਦੀ ਕੁਝ ਬਹੁਤਾਤ ਹੋਈ ਤਾਂ ਹੌਲੀ ਹੌਲੀ ਤਨ ’ਤੇ ਵੱਖਰਾ ਕੱਪੜਾ
ਝੱਗਾ ਪਾਉਣ ਦਾ ਰਿਵਾਜ ਪ੍ਰਚੱਲਤ ਹੋਇਆ। ਝੱਗੇ ਦੇ ਕਫ ਨਹੀਂ ਹੁੰਦੇ ਸਨ ਨਾ ਹੀ ਕਾਲਰ
ਹੁੰਦੇ ਸਨ। ਕੱਪੜੇ ਨੂੰ ਸੀਤੇ ਜਾਣ ਦਾ ਜ਼ਿਕਰ ਬਹੁਤ ਘੱਟ ਮਿਲਦਾ ਹੈ। ਇਸੇ ਤਰ੍ਹਾਂ ਗਰਮੀ
ਸਰਦੀ ਤੋਂ ਬਚਾਅ ਕਰਨ ਲਈ ਸਿਰ ’ਤੇ ਇੱਕ ਕੱਪੜਾ ਰੱਖਿਆ ਜਾਂ ਵਲ੍ਹੇਟਿਆ ਜਾਂਦਾ ਸੀ। ਕੱਪੜਾ
ਕਿਉਂਕਿ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਹੁੰਦਾ ਸੀ, ਇਸ ਲਈ ਕੁਝ ਵੱਡੇ ਲੋਕ ਹੀ ਤਿੰਨ
ਕੱਪੜੇ ਪਹਿਨਦੇ ਸਨ। ਬਹੁਗਿਣਤੀ ਲੋਕ ਤੇੜ ਭੋਥਾ ਜਾਂ ਗਿਲਤੀ ਨਾਲ ਹੀ ਗੁਜ਼ਾਰਾ ਕਰਦੇ ਸਨ।
ਪੱਗ ਜਾਂ ਪਗੜੀ ਬੰਨ੍ਹਣ ਦਾ ਰਿਵਾਜ ਵੀ ਹੋਰ ਖਿੱਤਿਆਂ ਵਿੱਚੋਂ ਆਇਆ ਮੰਨਿਆ ਜਾਂਦਾ ਹੈ।
ਪੱਗ ਦਾ ਅਰਥ ਪਦਵੀ ਤੋਂ ਹੈ। ਪਹਿਲਾਂ ਰਾਜੇ ਮਹਾਰਾਜੇ ਹੀ ਪੱਗਾਂ ਬੰਨ੍ਹਦੇ ਸਨ। ਪੱਗ
ਇੱਜ਼ਤ, ਸਵੈਮਾਣ ਅਤੇ ਸ਼ਾਨ ਦੀ ਪ੍ਰਤੀਕ ਮੰਨੀ ਜਾਂਦੀ ਰਹੀ ਹੈ।
ਅੱਜ ਵੀ ਕਿਸੇ ਦੀ ਪੱਗ ਲਾਹੁਣ ਨੂੰ ਉਸ ਦੀ ਬੇਇਜ਼ਤੀ ਕਰਨਾ ਸਮਝਿਆ
ਜਾਂਦਾ ਹੈ। ਕਿਸੇ ਨੂੰ ਸਤਿਕਾਰ ਨਾਲ ਪੱਗ ਦੇਣ ਦੀ ਰਸਮ ਨੂੰ ਆਪਣੇ ਆਪ ਤੋਂ ਵੱਡਾ ਜਾਂ
ਆਪਣਾ ਗੁਰੂ ਸਮਝਿਆ ਜਾਂਦਾ ਹੈ। ਪੱਗ ਵੱਡੀ ਜ਼ਿੰਮੇਵਾਰੀ ਦੀ ਪ੍ਰਤੀਕ ਵੀ ਹੈ। ਸੰਪਰਦਾਵਾਂ
ਦੇ ਆਗੂ/ਗੁਰੂ ਆਖਰੀ ਸਮੇਂ ਜਿਸ ਨੂੰ ਪੱਗ ਦਿੰਦੇ ਹਨ ਉਹ ਵਿਅਕਤੀ ਉਨ੍ਹਾਂ ਮਗਰੋਂ ਸੰਸਥਾ
ਦਾ ਆਗੂ ਮੰਨਿਆ ਜਾਂਦਾ ਹੈ। ਕਿਸੇ ਵਿਅਕਤੀ ਦੇ ਮਰਨ ਮਗਰੋਂ ਉਸ ਦੇ ਵੱਡੇ ਲੜਕੇ ਨੂੰ ਪੱਗ
ਦੇਣ ਦਾ ਅਰਥ ਵੀ ਇਹ ਹੈ ਕਿ ਹੁਣ ਘਰ ਦੀਆਂ ਜ਼ਿੰਮੇਵਾਰੀਆਂ ਉਹ ਨਿਭਾਏਗਾ। ਕਿਸੇ ਨਾਲ ਪੱਗ
ਵਟਾਉਣ ਨਾਲ ਉਸ ਨੂੰ ਪੱਗਵਟ ਭਰਾ ਬਣਾਇਆ ਜਾਂਦਾ ਸੀ। ਸਾਡੇ ਸੱਭਿਆਚਾਰ ਵਿੱਚੋਂ ਇਹ ਸਭ
ਕੁਝ ਹੁਣ ਤੇਜ਼ੀ ਨਾਲ ਲੋਪ ਹੋ ਰਿਹਾ ਹੈ। ਪਿੰਡ ਜਾਂ ਕਿਸੇ ਨਗਰ ਦਾ ਚੌਧਰੀ ਉੱਚੇ ਤੁਰੇ
ਜਾਂ ਤੁਰਲੇ ਵਾਲੀ ਪੱਗ ਬੰਨ੍ਹ ਸਕਦਾ ਸੀ ਤਾਂ ਕਿ ਲੋਕਾਂ ਵਿੱਚ ਉਸ ਦੀ ਵੱਖਰੀ ਪਛਾਣ ਨਜ਼ਰ
ਆਵੇ। ਕਿਤੇ ਕਿਤੇ ਦੋ ਤੁਰਲਿਆਂ ਵਾਲੀ ਪੱਗ ਬੰਨ੍ਹਣ ਦਾ ਰਿਵਾਜ ਵੀ ਸੀ। ਮਾਲਵੇ ਦੇ ਲੋਕ
ਕੰਨ ਦੇ ਕੋਲ ਹੇਠਾਂ ਨੂੰ ਪੱਲਾ ਛੱਡ ਕੇ ਪੱਗ ਬੰਨ੍ਹਦੇ ਹਨ। ਇਸੇ ਤਰ੍ਹਾਂ ਨਿਹੰਗ ਸਿੰਘਾਂ
ਵਿੱਚ ਵੱਖ ਵੱਖ ਤਰ੍ਹਾਂ ਦੀਆਂ ਪੱਗਾਂ ਸਜਾਉਣ ਦੇ ਕੁਝ ਨੇਮ ਹਨ।
ਸਲਵਾਰ ਕਮੀਜ਼, ਅੱਜ ਜਿਸ ਨੂੰ ਅਸੀਂ ਪੰਜਾਬੀ ਸੂਟ ਮੰਨਦੇ ਹਾਂ, ਦੀ ਸ਼ੁਰੂਆਤ ਇਸਲਾਮੀ
ਤਹਿਜ਼ੀਬ ਦੇ ਇੱਧਰ ਆਉਣ ਨਾਲ ਹੋਈ। ਅਰਬ ਦੇਸ਼ਾਂ ਦੇ ਲੋਕ ਜੋ ਮਾਰ-ਧਾੜ ਕਰਨ ਦੂਜੇ
ਇਲਾਕਿਆਂ ਵਿੱਚ ਜਾਂਦੇ ਸਨ, ਜੰਗੀ ਲੋੜਾਂ ਮੁਤਾਬਿਕ ਤੇੜ ਸਲਵਾਰ ਅਤੇ ਗਲ ਕਮੀਜ਼ ਪਹਿਨਦੇ
ਸਨ। ਇਨ੍ਹਾਂ ਦੀ ਆਮਦ ਨਾਲ ਪੰਜਾਬ ਵਿੱਚ ਸਲਵਾਰ ਕਮੀਜ਼ ਅਤੇ ਪਜਾਮੇ ਦੇ ਪਹਿਰਾਵੇ ਦਾ
ਪ੍ਰਚਲਨ ਹੋਇਆ। ਪਜਾਮੇ ਤੋਂ ਭਾਵ ਹੈ ਪੈਰ ਰਾਹੀਂ ਪਹਿਨਿਆ ਜਾਣ ਵਾਲਾ ਪਹਿਰਾਵਾ, ਪਾ-ਜਾਮਾ।
ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਜਦੋਂ ਖ਼ਾਲਸਾ ਪੰਥ ਸੀ
ਸਾਜਨਾ ਕੀਤੀ ਤਾਂ ਉਨ੍ਹਾਂ ਨੇ ਆਪਣੇ ਸਿੰਘਾਂ ਨੂੰ ਸ਼ਸਤਰਧਾਰੀ ਕਰਕੇ ਜਬਰ ਜ਼ੁਲਮ ਦੇ
ਖ਼ਿਲਾਫ਼ ਡਟਣ ਦਾ ਸੰਕਲਪ ਦਿੱਤਾ। ਇਸ ਲਈ ਲੋੜ ਸੀ ਕਿ ਸਿੰਘਾਂ ਨੂੰ ਵੱਖਰੀ ਫ਼ੌਜੀ ਵਰਦੀ
ਵਿੱਚ ਸਜਾਇਆ ਜਾਏ ਕਿਉਂਕਿ ਚਾਦਰਾ ਬੰਨ੍ਹਣ ਵਾਲਾ ਵਿਅਕਤੀ ਕਾਹਲੀ ਨਾਲ ਭੱਜ ਦੌੜ ਨਹੀਂ
ਸਕਦਾ ਤੇ ਨਾ ਹੀ ਕਾਹਲੀ ਨਾਲ ਪਲਾਕੀ ਮਾਰ ਕੇ ਘੋੜੇ ’ਤੇ ਸਵਾਰ ਹੋ ਸਕਦਾ ਹੈ।
ਇਸ ਲਈ ਉਨ੍ਹਾਂ ਨੇ ਸਿੰਘਾਂ ਨੂੰ ਚੋਲੇ ਦੇ ਨਾਲ ਚਾਦਰ ਜਾਂ
ਲੂੰਗੀ ਦੀ ਥਾਂ ਕਛਹਿਰਾ ਪਹਿਨਣਾ ਜ਼ਰੂਰੀ ਕਰ ਦਿੱਤਾ। ਗਲ ਦੇ ਚੋਲੇ ਨੂੰ ਚੁਸਤ
ਰੱਖਣ ਲਈ ਲੱਕ ਦੁਆਲੇ ਕਮਰਕੱਸਾ ਕਰਨ ਲਈ ਕਿਹਾ ਗਿਆ। ਪੰਜ ਕਕਾਰ ਕੰਘਾ, ਕੜਾ, ਕਿਰਪਾਨ,
ਕੇਸ, ਕਛਿਹਰਾ ਪਹਿਨਣਾ ਜ਼ਰੂਰੀ ਕਰ ਦਿੱਤੇ। ਸਿੰਘਾਂ ਨੂੰ ਸ਼ਸਤਰਧਾਰੀ ਬਣਾਇਆ ਗਿਆ। ਤਲਵਾਰ
ਨੂੰ ਇਸ ਤਰ੍ਹਾਂ ਪਹਿਨਣ ਲਈ ਆਖਿਆ ਗਿਆ ਕਿ ਲੋੜ ਪੈਣ ’ਤੇ ਇਸ ਨੂੰ ਕਿਤੋਂ ਖੋਲ੍ਹਣਾ ਨਾ
ਪਵੇ ਬਲਕਿ ਸੱਜੇ ਹੱਥ ਨਾਲ ਆਸਾਨੀ ਨਾਲ ਮਿਆਨ ’ਚੋਂ ਬਾਹਰ ਕੱਢੀ ਜਾ ਸਕੇ।
ਪੰਜਾਬੀਆਂ ਦੇ ਪਹਿਰਾਵੇ ’ਤੇ ਸਭ ਤੋਂ ਵੱਧ ਪ੍ਰਭਾਵ ਮੁਗਲ ਅਤੇ ਅੰਗਰੇਜ਼ ਕੌਮਾਂ ਨੇ ਪਾਇਆ।
ਇਸਲਾਮੀ ਤਹਿਜ਼ੀਬ ਨਾਲ ਔਰਤਾਂ ਦੇ ਪਹਿਰਾਵੇ ਵਿੱਚ ਕਮੀਜ਼ ਸਲਵਾਰ ਸਭ ਤੋਂ ਵੱਧ ਪ੍ਰਚੱਲਤ
ਹੋਇਆ ਜਦਕਿ ਜ਼ਿਆਦਾਤਰ ਪੰਜਾਬੀ ਮਰਦ ਹੁਣ ਪੈਂਟ ਕਮੀਜ਼ ਜੋ ਅੰਗਰੇਜ਼ੀ ਕੌਮਾਂ ਦਾ ਪਹਿਰਾਵਾ
ਸੀ ਪਹਿਨਣ ਲੱਗੇ ਹਨ। ਕਮੀਜ਼ਾਂ ਨੂੰ ਬਟਨ, ਕਾਲਰ, ਕਫਾਂ ਅਤੇ ਜੇਬਾਂ ਲਾਉਣ ਦਾ ਰਿਵਾਜ
ਅੰਗਰੇਜ਼ਾਂ ਦੇ ਇੱਧਰ ਆਉਣ ਤੋਂ ਬਾਅਦ ਪ੍ਰਚੱਲਤ ਹੋਇਆ। ਇੱਥੇ ਪਹਿਲਾਂ ਅਜਿਹਾ ਨਹੀਂ ਸੀ।
ਕੁਝ ਸ਼ਾਹੂਕਾਰ ਝੱਗੇ ਦੇ ਹੇਠਾਂ ਫਤੂਹੀ ਪਹਿਨਦੇ ਸਨ ਜਿਸ ਨੂੰ ਉੱਪਰ ਅਤੇ ਅੰਦਰਵਾਰ ਜੇਬਾਂ
ਲੱਗੀਆਂ ਹੁੰਦੀਆਂ ਸਨ।
ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਪਹਿਰਾਵਾ ਤੇਜ਼ੀ ਨਾਲ ਬਦਲਿਆ
ਹੈ। ਚਾਦਰੇ ਬੰਨ੍ਹਣ ਵਾਲੇ ਪੰਜਾਬੀ ਪਜਾਮਾ ਕਮੀਜ਼ ਪਾਉਣ ਲੱਗੇ ਹਨ। ਪੱਗਾਂ ਦੇ ਉੱਪਰ ਤੁਰੇ
ਛੱਡ ਕੇ ਪੱਗਾਂ ਬੰਨ੍ਹਣ ਦਾ ਰਿਵਾਜ ਘਟ ਗਿਆ ਹੈ। ਮਾਲਵੇ ਦੇ ਇਲਾਕਿਆਂ ਵਿੱਚ ਵੀ ਹੇਠਾਂ
ਵੱਲ ਲੜ ਛੱਡ ਕੇ ਪੱਗ ਬੰਨ੍ਹਣ ਦਾ ਰਿਵਾਜ ਘੱਟਦਾ ਜਾ ਰਿਹਾ ਹੈ। ਜ਼ਿਆਦਾਤਰ ਔਰਤਾਂ ਭਾਵੇਂ
ਸਲਵਾਰ ਕਮੀਜ਼ ਪਹਿਨਦੀਆਂ ਹਨ, ਪਰ ਪੜ੍ਹੀਆਂ ਲਿਖੀਆਂ ਕੁੜੀਆਂ ਪੈਂਟ ਕਮੀਜ਼ ਅਤੇ ਜੀਨਜ਼
ਪਹਿਨਣ ਲੱਗੀਆਂ ਹਨ। ਨੌਜਆਨ ਲੜਕੇ ਹੁਣ ਘਰਾਂ ਵਿੱਚ ਵੀ ਚਾਦਰ ਜਾਂ ਲੁੰਗੀ ਨਹੀਂ ਪਹਿਨਦੇ।
ਪੈਂਟ ਕਮੀਜ਼ ਪਹਿਨਣ ਦਾ ਰਿਵਾਜ ਆਮ ਹੋ ਗਿਆ ਹੈ। ਫ਼ਿਲਮਾਂ ਅਤੇ ਗੀਤਾਂ ਦੇ ਫ਼ਿਲਮਾਂਕਣਾਂ
ਵਿੱਚ ਪਹਿਨੇ ਜਾਣ ਵਾਲੇ ਪਹਿਰਾਵੇ ਦਾ ਨੌਜੁਆਨਾਂ ’ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ।
ਪਾਰਟੀਆਂ ਵਿੱਚ ਚਾਹ ਪੀਣ ਵੇਲੇ ਹੋਰ ਅਤੇ ਖਾਣਾ ਖਾਣ ਵੇਲੇ ਹੋਰ ਕੱਪੜੇ ਪਹਿਨਣ ਦਾ ਰਿਵਾਜ
ਪ੍ਰਚੱਲਤ ਹੋ ਗਿਆ ਹੈ। ਗਰਮੀਆਂ ਵਿੱਚ ਸੂਤੀ ਅਤੇ ਪਤਲੇ ਕੱਪੜੇ ਚੰਗੇ ਲੱਗਦੇ ਹਨ ਜਦਕਿ
ਸਰਦੀਆਂ ਵਿੱਚ ਮੌਸਮ ਅਨੁਸਾਰ ਮੋਟੇ ਅਤੇ ਵੱਧ ਕੱਪੜੇ ਪਾਏ ਹੋਣ ਤਾਂ ਵੇਖਣ ਵਾਲੇ ਨੂੰ ਚੰਗੇ
ਲੱਗਦੇ ਹਨ। ਪਰ ਅਕਸਰ ਪਾਰਟੀਆਂ ਤੇ ਸਮਾਗਮਾਂ ਵਿੱਚ ਔਰਤਾਂ ਸਰਦੀ ਵਿੱਚ ਵੀ ਬਾਹਵਾਂ ਤੋਂ
ਬਗੈਰ ਲੰਮੇ ਗਲੇ ਵਾਲੀਆਂ ਕਮੀਜ਼ਾਂ ਪਹਿਨ ਲੈਂਦੀਆਂ ਹਨ।
ਮਨੁੱਖ ਦੀ ਇਹ ਫਿਤਰਤ ਰਹੀ ਹੈ ਕਿ ਉਹ
ਵੇਖਣ ਵਾਲੇ ਨੂੰ ਚੰਗਾ ਅਤੇ ਸੋਹਣਾ ਨਜ਼ਰ ਆਵੇ, ਪਰ ਅਜਿਹਾ ਕਰਦਿਆਂ ਸਾਨੂੰ ਆਪਣੀ
ਅਕਲ ਦਾ ਜਲੂਸ ਨਹੀਂ ਕੱਢ ਲੈਣਾ ਚਾਹੀਦਾ। ਪੰਜਾਬੀ ਅਖਾਣ ਹੈ ‘ਖਾਈਏ ਮਨ ਭਾਉਂਦਾ ਅਤੇ
ਪਹਿਨੀਏ ਜੱਗ ਭਾਉਂਦਾ।’ ਭਾਵੇਂ ਇਸ ਤੋਂ ਹਟ ਕੇ ਅਸੀਂ ਮਨ ਭਾਉਂਦੇ ਕੱਪੜੇ ਵੀ ਪਹਿਨ ਸਕਦੇ
ਹਾਂ, ਪਰ ਇਹ ਸਾਡੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਦੇ ਹੋਣੇ ਚਾਹੀਦੇ ਹਨ। ਜੇਕਰ ਅਸੀਂ
ਚਾਹੁੰਦੇ ਹਾਂ ਕਿ ਅਸੀਂ ਵੇਖਣ ਵਿੱਚ ਦੂਜਿਆਂ ਨੂੰ ਚੰਗੇ ਲੱਗੀਏ ਤਾਂ ਇਸ ਲਈ ਜ਼ਰੂਰੀ ਹੈ
ਕਿ ਕੱਪੜੇ ਵੀ ਅਸੀਂ ਮੌਸਮ ਅਨੁਸਾਰ ਢੁੱਕਵੇਂ ਪਾਈਏ। ਕੱਪੜੇ ਸਾਫ਼ ਸੁਥਰੇ ਅਤੇ ਸਰੀਰ ਦੀ
ਲੋੜ ਅਨੁਸਾਰ ਪਹਿਨਣੇ ਚਾਹੀਦੇ ਹਨ।