ਕਿਤਾਬ "ਬੋਲਹਿ
ਸਾਚੁ ਮਿਥਿਆ ਨਹੀ ਰਾਈ" ਦੇ ਪੰਨਾਂ ਨੰ 180-183
ਸ੍ਰੀ ਅਕਾਲ ਤਖਤ ਦੇ ਸੇਵਾ ਕਾਲ ਤੋਂ ਕੁੱਝ ਸਾਲਾਂ ਬਾਅਦ ਮੈਂ ਕੈਨੇਡਾ ਵਿੱਚ ਹੀ ਰਹਿਣ
ਲੱਗ ਗਿਆ ਅਤੇ ਸਾਲ ਵਿੱਚ ਤਕਰੀਬਨ 4-6 ਮਹੀਨੇ ਭਾਰਤ ਵਿੱਚ ਗੁਜ਼ਾਰਦਾ। ਵਿਦੇਸ਼ ਵਿੱਚ
ਰਹਿੰਦਿਆਂ ਇਹ ਸਭ ਮੇਰੇ ਸਾਹਮਣੇ ਆਇਆ ਕਿ ਕਿਵੇਂ ਸ੍ਰੀ ਅਕਾਲ ਤਖ਼ਤ ਦੀ ਦੁਰਵਰਤੋਂ, ਸ਼ਕਤੀ,
ਪੈਸੇ ਜਾਂ ਕਿਸੇ ਪਹੁੰਚ ਨਾਲ ਕੀਤੀ ਜਾਂਦੀ ਹੈ। ਵਾਸ਼ਿੰਗਟਨ ਦੇ
ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਸੀ। ਇਨ੍ਹਾਂ
ਵਿਚੋਂ ਇੱਕ ਧਿਰ ਉਨ੍ਹਾਂ ਨੌਜੁਆਨਾਂ ਦੀ ਸੀ ਜੋ ਕਿ ਇਸ ਖਿਆਲ ਨਾਲ ਬਾਹਰ ਕੰਮ ਕਰ ਰਹੇ ਹਨ
ਕਿ ਖਾੜਕੂ ਅਖਵਾ ਕੇ ਗੁਰਦੁਆਰਿਆਂ ਉੱਤੇ ਕਬਜ਼ਾ ਕਰੋ ਅਤੇ ਇਹੀ ਪ੍ਰਭਾਵ ਦਿੰਦੇ ਹਨ ਕਿ ਉਹ
ਮਾਰ-ਕੁਟਾਈ ਵੀ ਕਰ ਸਕਦੇ ਹਨ। ਉਹ ਕੱਟੜ ਅਖਵਾ ਕੇ ਗੁਰਦੁਆਰੇ ਉੱਤੇ ਅਧਿਕਾਰ ਜਤਾਉਣਾ
ਚਾਹੁੰਦੇ ਹਨ।
ਸੋ ਇਹੋ ਜਿਹੇ ਕੁਝ ਲੋਕਾਂ ਨੇ ਵਾਸ਼ਿੰਗਟਨ ਦੇ ਗੁਰਦੁਆਰੇ ਦੇ
ਦੀਵਾਨ ਹਾਲ ਵਿੱਚ ਆ ਕੇ ਝਗੜਾ ਕੀਤਾ ਅਤੇ ਲੜਾਈ ਇਥੋਂ ਤਕ ਵੱਧ ਗਈ ਕਿ ਸੰਗਤਾਂ ਵਿੱਚ ਬੈਠੇ
ਕੁਝ ਵੀਰ ਤੇ ਭੈਣਾਂ ਬੁਰੀ ਤਰ੍ਹਾਂ ਫੱਟੜ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ
ਕਰਾਉਣਾ ਪਿਆ। ਇਹ ਸਾਰੀ ਮਾਰ-ਕੁਟਾਈ ਦੀ ਘਟਨਾ ਗੁਰਦੁਆਰੇ ਵਿੱਚ ਲੱਗੇ ਕੈਮਰੇ ਵਿੱਚ
ਰਿਕਾਰਡ ਹੋ ਗਈ। ਇਹ ਜਾਣ ਕੇ ਉਨ੍ਹਾਂ ਨੌਜੁਆਨਾਂ ਨੇ ਉਹ ਰਿਕਾਰਡਿੰਗ ਵਾਲਾ ਕੈਮਰਾ ਵੀ
ਕੰਧ ਨਾਲ ਜ਼ੋਰ ਦੀ ਮਾਰਿਆ ਕਿ ਸਭ ਕੁਝ ਨਸ਼ਟ ਹੋ ਜਾਏ। ਪੁਲਿਸ ਨੇ ਆ ਕੇ ਜਦੋਂ ਸਾਰੇ
ਹਾਲਾਤ ਵੇਖੋ ਤਾਂ ਉਨ੍ਹਾਂ ਨੇ ਉਸ ਕੈਮਰੇ ਨੂੰ ਜ਼ਬਤ ਕਰ ਲਿਆ। ਭਾਵੇਂ ਕੈਮਰਾ ਤਾਂ ਟੁੱਟ
ਗਿਆ ਸੀ ਪਰ ਉਸ ਵਿਚਲੀ ਰਿਕਾਰਡਿੰਗ ਨਸ਼ਟ ਨਹੀਂ ਸੀ ਹੋ ਸਕੀ। ਸੋ ਉਹ ਸਾਰੇ ਬੰਦੇ ਪਛਾਣੇ
ਗਏ ਅਤੇ ਉਨ੍ਹਾਂ ਨੂੰ ਫੜ੍ਹ ਲਿਆ ਗਿਆ, ਜਿਨ੍ਹਾਂ ਕਰਕੇ ਝਗੜਾ ਹੋਇਆ ਸੀ ਤੇ ਜੋ ਆਪਣੇ ਆਪ
ਨੂੰ ਵੱਡੇ ਸਿੱਖ ਅਖਵਾਉਂਦੇ ਸਨ।
ਜਦੋਂ ਇਹ ਮਸਲਾ ਅਦਾਲਤ ਵਿੱਚ ਚਲਾ ਗਿਆ ਤਾਂ ਉਥੋਂ ਦੇ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖ਼ਤ
ਦੇ ਜਥੇਦਾਰ ਨੂੰ ਚਿੱਠੀ ਲਿਖੀ ਕਿ ਇਸ ਤਰ੍ਹਾਂ ਦੇ ਹਾਲਾਤ ਪੇਸ਼ ਆਏ ਹਨ ਤੇ ਹੁਣ ਕੀ ਕੀਤਾ
ਜਾਵੇ ? ਉਸ ਸਮੇਂ ਪ੍ਰੋ. ਮਨਜੀਤ ਸਿੰਘ, ਐਕਟਿੰਗ ਜਥੇਦਾਰ ਸਨ। ਉਨ੍ਹਾਂ ਨੇ ਬੜੇ ਸੋਹਣੇ
ਢੰਗ ਨਾਲ ਜੁਆਬ ਭੇਜ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਗੁਰਦੁਆਰਿਆਂ ਦੇ ਪ੍ਰਬੰਧਕੀ
ਮਸਲੇ ਨੂੰ ਲੈ ਕੇ ਹੋਈ ਝੜਪਾਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਤੁਸੀਂ ਉਥੋਂ ਦੀ ਸੰਗਤ ਦੇ
ਮਿਲਵਰਤਣ ਤੇ ਉਥੋਂ ਦੇ ਕਾਨੂੰਨ ਮੁਤਾਬਕ ਆਪਣਾ ਪ੍ਰਬੰਧਕੀ ਬੋਰਡ ਬਣਾ ਲਵੋ। ਪ੍ਰਬੰਧਕਾਂ
ਨੇ ਮੈਨੂੰ ਕੈਨੇਡਾ ਫ਼ੋਨ ਕੀਤਾ ਤੇ ਇਸ ਸਬੰਧੀ ਮੇਰੀ ਰਾਇ ਵੀ ਮੰਗੀ। ਮੈਂ ਉਨ੍ਹਾਂ ਕੋਲੋਂ
ਸਾਰੇ ਕਾਗਜ਼-ਪੱਤਰ ਫ਼ੈਕਸ ਰਾਹੀਂ ਮੰਗਵਾਏ ਤਾਂਕਿ ਮੈਂ ਪਹਿਲਾਂ ਸਭ ਕੁਝ ਚੰਗੀ ਤਰ੍ਹਾਂ
ਪੜ੍ਹ ਸਕਾਂ।
ਦੂਜੀ ਧਿਰ ਦੇ ਸਿੰਘਾਂ ਕੋਲ ਵੀ ਇਹ ਗੱਲਬਾਤ ਪਹੁੰਚ ਗਈ। ਉਨ੍ਹਾਂ ਨੇ ਵੀ ਸ੍ਰੀ ਅਕਾਲ
ਤਖ਼ਤ 'ਤੇ ਪਹੁੰਚ ਕੀਤੀ ਅਤੇ ਜ਼ੋਰ ਪਾਇਆ। ਇਸ ਨਾਲ ਕੀ ਹੋਇਆ ਕਿ ਸ੍ਰੀ ਅਕਾਲ ਤਖ਼ਤ ਦੇ
ਲੈਟਰ-ਹੈੱਡ ਉੱਤੇ ਇੱਕ ਦੂਜੀ ਚਿੱਠੀ ਵਾਸ਼ਿੰਗਟਨ ਗੁਰਦੁਆਰੇ ਦੇ ਪ੍ਰਬੰਧਕਾਂ ਪਾਸ ਪਹੁੰਚ
ਗਈ ਕਿ ਤੁਸੀਂ ਕੋਈ ਵੀ ਕਮੇਟੀ ਜਾਂ ਬੋਰਡ ਸ੍ਰੀ ਅਕਾਲ ਤਖ਼ਤ ਤੋਂ ਪੁੱਛੇ ਬਿਨਾ ਨਹੀਂ ਬਣਾ
ਸਕਦੇ ਅਤੇ ਨਾਲ ਹੀ ਨਿਰਦੇਸ਼ ਕੀਤਾ ਕਿ ਉਹ ਅਦਾਲਤ ਵਿੱਚ ਕੀਤਾ ਕੇਸ ਵਾਪਸ ਲੈਣ।
ਪ੍ਰਬੰਧਕਾਂ ਨੂੰ ਇਹ ਦੂਜੀ ਚਿੱਠੀ ਮਿਲਣ ਵੇਲੇ ਤਕ ਮੈਂ ਭਾਰਤ ਆ
ਚੁੱਕਾ ਸੀ। ਸੋ ਉਨ੍ਹਾਂ ਨੇ ਮੈਨੂੰ ਲੁਧਿਆਣੇ ਫੋਨ ਕੀਤਾ ਕਿ ਇਸ ਤਰ੍ਹਾਂ ਹੋ ਗਿਆ ਹੈ।
ਹੁਣ ਕੀ ਕੀਤਾ ਜਾਏ ਅਤੇ ਨਾਲ ਹੀ ਉਨ੍ਹਾਂ ਨੇ ਬੇਨਤੀ ਕੀਤੀ ਕਿ ਮੈਂ ਇੱਕ ਵਾਰ ਉਨ੍ਹਾਂ ਦੀ
ਪ੍ਰੋ. ਮਨਜੀਤ ਸਿੰਘ ਨਾਲ ਗੱਲ ਕਰਾ ਦੇਵਾਂ । ਕੁਦਰਤੀ ਉਨ੍ਹਾਂ ਦਿਨਾਂ ਵਿੱਚ ਮਾਡਲ ਟਾਊਨ
ਐਕਸਟੈਨਸ਼ਨ ਦੇ ਗੁਰਦੁਆਰੇ ਵਿੱਚ ਪਾਠ ਬੋਧ ਸਮਾਗਮ ਚਲ ਰਹੇ ਸਨ। ਉਸ ਦੀ ਸਮਾਪਤੀ ਉੱਤੇ
ਮੈਂ ਕੀਰਤਨ ਦੀ ਹਾਜ਼ਰੀ ਭਰਨੀ ਸੀ ਅਤੇ ਪ੍ਰੋ. ਮਨਜੀਤ ਸਿੰਘ ਨੇ ਵੀ ਉਥੇ ਆਉਣਾ ਸੀ। ਗਿਆਨੀ
ਕੇਵਲ ਸਿੰਘ ਪਹਿਲਾਂ ਤੋਂ ਹੀ ਉਥੇ ਹਾਜ਼ਰੀਆਂ ਭਰ ਰਹੇ ਸਨ । ਮੈਂ ਉਥੇ ਪ੍ਰੋ. ਮਨਜੀਤ
ਸਿੰਘ ਨੂੰ ਸੰਦੇਸ਼ ਭੇਜਿਆ ਕਿ ਤੁਸੀਂ ਸਵੇਰੇ ਸਮਾਪਤੀ ਤੋਂ ਬਾਅਦ ਮੇਰੇ ਘਰ ਆ ਜਾਓ ਕਿਉਂਕਿ
ਵਾਸ਼ਿੰਗਟਨ ਵਾਲੇ ਵੀਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਨਾਲ ਹੀ ਮੈਂ
ਵਾਸ਼ਿੰਗਟਨ ਦੇ ਵੀਰਾਂ ਨੂੰ ਵੀ ਫੋਨ ਕਰ ਦਿੱਤਾ ਕਿ ਉਹ ਇਸ ਸਮੇਂ ਦੇ ਕਰੀਬ ਮੇਰੇ ਘਰ ਦੇ
ਫੋਨ ਉੱਤੇ ਪ੍ਰੋ. ਮਨਜੀਤ ਸਿੰਘ ਨਾਲ ਗੱਲ ਕਰ ਸਕਦੇ ਹਨ।
ਸਮਾਗਮ ਦੀ ਸਮਾਪਤੀ ਤੋਂ ਬਾਅਦ ਪ੍ਰੋ. ਮਨਜੀਤ ਸਿੰਘ ਤੇ ਗਿਆਨੀ
ਕੇਵਲ ਸਿੰਘ ਮੇਰੇ ਕੋਲ ਆ ਗਏ। ਉਥੇ ਹੀ ਵਾਸ਼ਿੰਗਟਨ ਦੇ ਪ੍ਰਬੰਧਕ ਵੀਰਾਂ ਨਾਲ
ਉਨ੍ਹਾਂ ਦੀ ਗੱਲਬਾਤ ਹੋਈ। ਪ੍ਰਬੰਧਕਾਂ ਨੇ ਪੁੱਛਿਆ ਕਿ ਇਹ ਦੋ ਚਿੱਠੀਆਂ ਭੇਜਣ ਦਾ ਕੀ
ਮਤਲਬ ਹੈ ? ਪ੍ਰੋ. ਮਨਜੀਤ ਸਿੰਘ ਨੇ ਉਨ੍ਹਾਂ ਨੂੰ ਮੇਰੇ ਸਾਹਮਣੇ ਕਿਹਾ ਕਿ ਤੁਸੀਂ ਆਪੇ
ਹੀ ਸਭ ਕੁਝ ਨਿਬੇੜ ਲਓ, ਅਸੀਂ ਅੱਗੇ ਤੋਂ ਦਖ਼ਲ ਨਹੀਂ ਦੇਵਾਂਗੇ, ਆਪੇ ਹੀ ਗੱਲਬਾਤ ਕਰਕੇ
ਝਗੜਾ ਮੁਕਾ ਲਵੋ ।
ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਤੋਂ ਆਈ ਦੂਜੀ ਚਿੱਠੀ ਨੂੰ ਲੈ
ਕੇ ਵਿਰੋਧੀ ਧਿਰ ਅਦਾਲਤ ਵਿੱਚ ਪਹੁੰਚ ਗਈ ਕਿ ਸਾਡਾ ਕੋਈ ਫੈਸਲਾ ਅਦਾਲਤ ਨਹੀਂ ਕਰ
ਸਕਦੀ ਕਿਉਂਕਿ ਸਾਡੇ ਪ੍ਰਮੁੱਖ ਕੇਂਦਰ ਤੋਂ ਇਹ ਨਿਰਦੇਸ਼ ਪਹੁੰਚ ਗਿਆ ਹੈ। ਉਥੋਂ ਦੀ
ਅਦਾਲਤ ਬੜੀ ਹੈਰਾਨ ਹੋਈ ਤੇ ਚਿੱਠੀ ਲਿਆਉਣ ਵਾਲਿਆਂ ਨੂੰ ਤਲਖ਼ੀ ਨਾਲ ਕਿਹਾ ਕਿ ਕਿੰਨੀ
ਅਜੀਬ ਗੱਲ ਹੈ, ਇਹ ਸਾਡਾ ਦੇਸ਼ ਹੈ ਤੇ ਇਥੇ ਅਗਰ ਕੋਈ ਕਤਲ ਹੋ ਜਾਂਦਾ ਹੈ ਜਾਂ ਗੁਰਦੁਆਰੇ
ਦੀ ਝੜਪ ਵਿੱਚ ਹਸਪਤਾਲ ਦਾਖ਼ਲ ਚਾਰ ਵਿਅਕਤੀਆਂ ਵਿੱਚੋਂ ਕੋਈ ਮਰ ਜਾਂਦਾ ਹੈ ਤਾਂ ਕੀ ਫੈਸਲਾ
ਤੁਹਾਡੇ ਦੇਸ਼ ਵਿੱਚੋਂ ਆਏਗਾ ? ਫਿਰ ਤਾਂ ਸਾਡੀ ਕੋਈ ਹੈਸੀਅਤ ਹੀ ਨਹੀਂ ਰਹੀ ? ਇਥੇ ਤਾਂ
ਸਿੱਧਾ ਫ਼ੌਜਦਾਰੀ ਦਾ ਕੇਸ ਹੈ। ਇਥੇ ਵਾਪਰਨ ਵਾਲੀ ਕਿਸੇ ਵੀ ਘਟਨਾ ਲਈ ਅਸੀ
ਜ਼ਿੰਮੇਵਾਰ ਹਾਂ, ਅਸੀਂ ਇੱਥੋਂ ਦੇ ਕਾਨੂੰਨ ਮੁਤਾਬਕ ਤੁਰਨਾ ਹੈ।
ਫਿਰ ਅਦਾਲਤ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਦੂਜੀ ਧਿਰ ਕਹਿੰਦੀ ਹੈ
ਕਿ ਤੁਹਾਡੀ ਸੁਪਰੀਮ ਬਾੱਡੀ ਦਾ ਹੁਕਮ ਹੈ ਕਿ ਕੇਸ ਵਾਪਸ ਲਓ, ਸੋ ਤੁਹਾਡਾ ਕੀ ਵਿਚਾਰ ਹੈ
? ਪ੍ਰਬੰਧਕਾਂ ਨੇ ਐਸਾ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਅਜੇ ਤਕ ਫੱਟੜ ਵੀਰ ਹਸਪਤਾਲ
ਵਿੱਚ ਜ਼ਰੇ-ਇਲਾਜ ਸਨ।
ਨਾਲ ਹੀ ਅਦਾਲਤ ਨੇ ਕਿਹਾ ਕਿ ਸਾਨੂੰ ਤੁਹਾਡੀ ਮਰਯਾਦਾ ਬਾਰੇ ਨਹੀਂ ਪਤਾ ਤੁਹਾਡੇ ਪ੍ਰਮੁੱਖ
ਕੇਂਦਰ ਦੇ ਬਾਰੇ ਨਹੀਂ ਪਤਾ, ਤੁਸੀਂ ਦੱਸੋ ਕਿ ਕੀ ਇਥੇ ਕੋਈ ਵਿਅਕਤੀ ਹੈ ਜੋ ਅਕਾਲ ਤਖ਼ਤ
ਦੀ ਮਰਯਾਦਾ ਬਾਰੇ ਜਾਣਦਾ ਹੋਵੇ ਤੇ ਦੱਸ ਸਕੇ ? ਕੀ ਤੁਸੀਂ ਉਸਨੂੰ ਇਥੇ ਪੇਸ਼ ਕਰ ਸਕਦੇ
ਹੋ ?
ਇਸ ਸਮੇਂ ਤਕ ਮੈਂ ਵਾਪਸ ਕੈਨੇਡਾ ਪਹੁੰਚ ਚੁੱਕਾ ਸੀ ਅਤੇ ਮੈਨੂੰ ਪ੍ਰਬੰਧਕਾਂ ਨੇ ਫੋਨ ਕਰਕੇ
ਅਦਾਲਤ ਵਿੱਚ ਆਉਣ ਲਈ ਕਿਹਾ ਤਾਂਕਿ ਅਦਾਲਤ ਨੂੰ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਬਾਰੇ
ਜਾਣੂ ਕਰਾਇਆ ਜਾ ਸਕੇ। ਮੈਂ ਉਨ੍ਹਾਂ ਨੂੰ ਸਪਸ਼ਟ ਕਰ ਦਿੱਤਾ ਕਿ ਮੈਂ ਕਿਸੇ ਦੀ ਨੁਮਾਇੰਦਗੀ
ਕਰਨ ਲਈ ਅਦਾਲਤ ਵਿੱਚ ਪੇਸ਼ ਨਹੀਂ ਹੋਣਾ, ਇਸ ਨਾਲ ਮੈਂ ਇੱਕ ਧਿਰ ਬਣ ਜਾਵਾਂਗਾ। ਹਾਂ, ਇਹ
ਹੋ ਸਕਦਾ ਹੈ ਕਿ ਕਿਸੇ ਹੋਰ ਥਾਂ ਉੱਤੇ ਅਦਾਲਤ ਦਾ ਭੇਜਿਆ ਕੋਈ ਨੁਮਾਇੰਦਾ ਮੇਰੇ ਤੋਂ
ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਬਾਰੇ ਪੁੱਛੇ ਤੇ ਮੈਂ ਉਸਨੂੰ ਸਭ ਕੁਝ ਸਮਝਾ ਸਕਦਾ ਹਾਂ।
ਪ੍ਰਬੰਧਕਾਂ ਨੇ ਇਹ ਸਾਰੀ ਗੱਲ ਜਾ ਕੇ ਅਦਾਲਤ ਵਿੱਚ ਕਹੀ ਕਿ ਪ੍ਰੋ.
ਦਰਸ਼ਨ ਸਿੰਘ ਇਥੇ ਕੈਨੇਡਾ ਵਿੱਚ ਹੀ ਹਨ ਤੇ ਉਹ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਹਨ ਅਤੇ
ਉਹ ਅਕਾਲ ਤਖ਼ਤ ਦੀ ਮਰਯਾਦਾ ਬਾਰੇ ਭਲੀ-ਭਾਂਤ ਜਾਣਦੇ ਹਨ। ਉਹ ਇਸ ਸਬੰਧ ਵਿਚ ਚੰਗੀ ਤਰ੍ਹਾਂ
ਸਮਝਾ ਸਕਦੇ ਹਨ। ਸੋ ਪ੍ਰਬੰਧਕਾਂ ਨੇ ਕਿਸੇ ਵੀਰ ਦੇ ਦਫਤਰ ਵਿੱਚ ਮੀਟਿੰਗ ਦਾ ਪ੍ਰਬੰਧ ਕੀਤਾ
ਅਤੇ ਉਥੇ ਅਦਾਲਤ ਵੱਲੋਂ ਇੱਕ ਸਰਕਾਰੀ ਨੁਮਾਇੰਦਾ ਭੇਜਿਆ ਗਿਆ। ਉਸਨੇ ਮੈਨੂੰ ਸੁਆਲ ਕੀਤੇ
ਜਿਸਦੇ ਮੈਂ ਬੜੇ ਸਪਸ਼ਟ ਜੁਆਬ ਦਿੱਤੇ।
ਸਰਕਾਰੀ ਨੁਮਾਇੰਦੇ ਨੇ ਪੁੱਛਿਆ, "ਅਕਾਲ
ਤਖ਼ਤ ਕੀ ਹੈ। ਕੀ ਹਰੇਕ ਗੁਰਦੁਆਰੇ ਦੀ ਕਮੇਟੀ ਉਨ੍ਹਾਂ ਦੀ ਮਰਜ਼ੀ ਨਾਲ ਬਣਦੀ ਹੈ ?"
ਮੈਂ ਆਖਿਆ,
"ਬਿਲਕੁਲ ਨਹੀਂ। ਦੇਸ਼-ਵਿਦੇਸ਼ ਵਿੱਚ ਹਜ਼ਾਰਾਂ ਹੀ ਗੁਰਦੁਆਰੇ
ਹਨ। ਕਿਸੇ ਨੇ ਵੀ ਸ੍ਰੀ ਅਕਾਲ ਤਖ਼ਤ ਤੋਂ ਲਿਖਤੀ ਰੂਪ ਵਿੱਚ ਪ੍ਰਬੰਧ ਬਾਰੇ ਇਜਾਜ਼ਤ ਨਹੀਂ
ਲਈ। ਇਹ ਉਥੋਂ ਦੀ ਸੰਗਤ ਦਾ ਮਸਲਾ ਹੈ, ਉਨ੍ਹਾਂ ਦੀਆਂ ਲੋੜਾਂ ਦਾ ਮਸਲਾ ਹੈ ਅਤੇ ਉਨ੍ਹਾਂ
ਨੇ ਉਸ ਦੇਸ਼ ਦੇ ਕਾਨੂੰਨ ਵਿੱਚ ਰਹਿੰਦਿਆਂ ਹੀ ਕੰਮ ਕਰਨਾ ਹੈ। ਸ੍ਰੀ ਅਕਾਲ ਤਖ਼ਤ ਦੀ ਇਸ
ਵਿੱਚ ਕੋਈ ਦਖ਼ਲ-ਅੰਦਾਜ਼ੀ ਨਹੀਂ ਹੈ। ਇਹ ਸਾਡਾ ਧਾਰਮਿਕ ਤਖ਼ਤ ਹੈ ਤੇ ਇਸਦਾ ਸਬੰਧ ਸ਼ਰਧਾ
ਨਾਲ ਹੈ। ਇਹ ਸਾਡੇ ਦਿਲਾਂ ਉੱਤੇ ਰਾਜ ਕਰਦਾ ਹੈ। ਜੇ ਅੱਜ ਕੋਈ ਕਹਿ ਦੇਵੇ ਕਿ ਮੈਂ ਅਕਾਲ
ਤਖ਼ਤ ਸਾਹਿਬ ਨੂੰ ਨਹੀਂ ਮੰਨਦਾ ਤਾਂ ਕੀ ਉਸਨੂੰ ਜਬਰਨ ਮਨਾਇਆ ਜਾ ਸਕਦਾ ਹੈ ? ਇਸਦਾ ਸਬੰਧ
ਸਾਡੇ ਦਿਲਾਂ ਨਾਲ ਹੈ। ਇਹ ਸਾਡੇ ਉੱਤੇ ਜਬਰਨ ਕੋਈ ਦਬਾਅ ਨਹੀਂ ਪਾਉਂਦਾ ਜਾਂ ਕੋਈ ਮਰਯਾਦਾ
ਨਹੀਂ ਠੋਸਦਾ। ਪਰ ਇਹ ਜੋ ਦੂਸਰੀ ਚਿੱਠੀ ਅਕਾਲ ਤਖ਼ਤ ਦੇ ਨਾਂ ਹੇਠ ਆਈ ਹੈ, ਇਹ ਦਬਾਅ
ਪਾਉਣ ਲਈ ਹੈ ਅਤੇ ਇਸ ਰਾਹੀਂ ਇਥੋਂ ਦੇ ਕਾਨੂੰਨ ਉੱਤੇ ਦਬਾਅ ਪਾਇਆ ਜਾ ਰਿਹਾ ਹੈ। ਸੋ ਇਹ
ਚਿੱਠੀ ਵਾਜਿਬ ਨਹੀਂ ਹੈ ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਇਨ੍ਹਾਂ ਮਸਲਿਆਂ ਨਾਲ ਕੋਈ ਸਬੰਧ
ਨਹੀਂ ਕਿ ਅਦਾਲਤ ਵਿੱਚੋਂ ਫਲਾਣਾ ਕੇਸ ਵਾਪਸ ਲਿਆ ਜਾਵੇ।"
ਇਹ ਸਾਰੀਆਂ ਗੱਲਾਂ ਉਥੇ ਹੋਈਆਂ ਅਤੇ ਉਸ ਤੋਂ ਬਾਅਦ ਅਦਾਲਤ ਨੇ
ਬਕਾਇਦਾ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ। ਇਹ ਮੇਰੇ ਨਾਲ ਸਬੰਧਤ ਇੱਕ ਕੇਸ ਹੈ ਅਤੇ
ਅਦਾਲਤ ਦਾ ਲਿਖਤੀ ਆਰਡਰ ਵੀ ਮੇਰੇ ਕੋਲ ਮੌਜੂਦ ਹੈ।
ਜਦੋਂ ਦੂਜੇ ਦੇਸ਼ ਅੰਦਰ ਉਥੋਂ ਦਾ ਸੰਵਿਧਾਨ, ਕਾਨੂੰਨ, ਅਦਾਲਤਾਂ
ਮੌਜੂਦ ਹਨ ਤਾਂ ਉਥੇ ਅਸੀਂ ਸ੍ਰੀ ਅਕਾਲ
ਤਖ਼ਤ ਦਾ ਨਾਮ ਵਰਤ ਕੇ ਆਪਣੀਆਂ ਗਲਤੀਆਂ ਨੂੰ ਲੁਕਾਉਣਾ ਚਾਹੁੰਦੇ ਹਾਂ, ਇਸਦਾ ਮਤਲਬ ਹੈ
ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਨਾਮ ਦੀ ਦੁਰਵਰਤੋਂ ਕਰ ਰਹੇ ਹਾਂ।
ਕਹਿਣ ਤੋਂ ਭਾਵ ਕਿ ਇਸ ਢੰਗ ਨਾਲ ਆਪਣੀਆਂ ਲੋੜਾਂ ਲਈ ਅਤੇ ਆਪਣੇ ਪਾਪਾਂ ਨੂੰ ਛਿਪਾਉਣ ਲਈ
ਵੀ ਕੁਝ ਲੋਕ ਇਸ ਪਵਿੱਤਰ ਨਾਮ ਦੀ ਦੁਰਵਰਤੋਂ ਕਰਦੇ ਹਨ। ਕਿਉਂਕਿ ਜਦੋਂ ਦੁਰਵਰਤੋਂ ਹੋਵੇਗੀ
ਤਾਂ ਬੇਅਦਬੀ ਵੀ ਹੋਵੇਗੀ ਹੀ।
ਸੋ ਐਸਾ ਹੁੰਦਾ ਆਇਆ ਹੈ ਕਿ ਵਕਤ ਦੇ ਨਾਲ ਕਿਵੇਂ ਸ੍ਰੀ ਅਕਾਲ ਤਖ਼ਤ
ਦੇ ਨਾਂ ਦੀ ਦੁਰਵਰਤੋਂ ਕੀਤੀ ਗਈ ਅਤੇ ਕੀਤੀ ਜਾ ਰਹੀ ਹੈ ? ਕਿਵੇਂ ਦਬਾਅ ਪਾ ਕੇ ਚਿੱਠੀ
ਕਢਾਈ ਜਾਂਦੀ ਹੈ ਤੇ ਆਪਣਿਆਂ ਨੂੰ ਦੁਨਿਆਵੀ ਅਦਾਲਤਾਂ ਤੋਂ ਬਚਾ ਲਿਆ ਜਾਂਦਾ ਹੈ ? ਇਨ੍ਹਾਂ
ਦੁਰਵਰਤੋਂ ਕਰਨ ਵਾਲਿਆਂ ਨੇ ਕੇਸ ਨੂੰ ਆਪਣੇ ਪੱਖ ਵਿੱਚ ਕਰਨ ਲਈ, ਫ਼ੌਜਦਾਰੀ ਤੋਂ ਬਚਣ ਲਈ,
ਸ੍ਰੀ ਅਕਾਲ ਤਖ਼ਤ ਦਾ ਨਾਮ ਵਰਤਿਆ ਤਾਂ ਕਿ ਸਜ਼ਾ ਤੋਂ ਬਚ ਜਾਈਏ। ਇਸ ਤੋਂ ਜ਼ਿਆਦਾ
ਦੁਰਵਰਤੋਂ ਹੋਰ ਕੀ ਹੋ ਸਕਦੀ ਹੈ ? ਪਰ ਇਸ ਤੋਂ ਬਾਅਦ ਉਲਟਾ ਮੇਰੇ ਉੱਤੇ ਹੀ ਇਨ੍ਹਾਂ ਲੋਕਾਂ
ਨੇ ਦੋਸ਼ ਲਾਇਆ ਕਿ ਇਨ੍ਹਾਂ ਨੇ ਲੋੜ ਪੈਣ ਉੱਤੇ ਅਮਰੀਕਾ ਵਿੱਚ ਸ੍ਰੀ ਅਕਾਲ ਤਖ਼ਤ ਦੀ ਵਰਤੋਂ
ਕੀਤੀ। ਬਲਕਿ ਮੈਂ ਤਾਂ ਇਸ ਸਾਰੇ ਕੇਸ
ਵਿੱਚ ਸ੍ਰੀ ਅਕਾਲ ਤਖ਼ਤ ਦੀ ਦੁਰਵਰਤੋਂ ਦੇ ਖ਼ਿਲਾਫ਼ ਬੋਲਿਆ ਅਤੇ ਸੱਚ ਦਾ ਹੀ ਪਹਿਰਾ
ਦਿੱਤਾ।