😔 ਸੰਗਰਾਂਦ ਯਾਦ ਹੈ, ਸ਼ਹੀਦੀ ਭੁੱਲ ਗਈ !!!😔
🙏 ਭਾਈ ਤਾਰੂ ਸਿੰਘ ਜੀ ਦਾ ਵਿਰਸਾ
ਤਾਂ ਧੌਣ ਅਕੜਾ ਕੇ ਖੋਪੜ ਲਹਾਉਣ ਵਾਲਾ ਹੈ
-: ✍🏻ਅਮਰਪ੍ਰੀਤ ਸਿੰਘ ਗੁੱਜਰਵਾਲ
16.07.2025
#KhalsaNews #BhaiTaruSingh
ਬਚਪਨ
ਵਿੱਚ ਹੀ ਭਾਈ ਤਾਰੂ ਸਿੰਘ ਜੀ ਦੀ ਮਾਤਾ ਨੇ ਭਾਈ ਸਾਹਿਬ ਜੀ ਨੂੰ ਗੁਰਬਾਣੀ ਦੀ
ਇਹ ਸਿਖਿਆ ਦੇਕੇ "ਪੂਤਾ ਮਾਤਾ ਕੀ ਆਸੀਸ ।। ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ
ਸਦਾ ਭਜਹੁ ਜਗਦੀਸ॥ " ਵੱਡਿਆਂ ਕੀਤਾ । ਅਜੇ ਆਪ ਜੀ ਛੋਟੀ ਉਮਰ ਦੇ ਹੀ ਸਨ ਕਿ
ਪਿਤਾ ਜੀ ਚੜਾਈ ਕਰ ਗਏ ਅਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਆਪ ਜੀ ਦੇ ਸਿਰ 'ਤੇ
ਪੈ ਗਈ । ਆਪ ਜੀ ਦੀ ਮਾਤਾ ਜੀ ਨੇ ਆਪਣਾ ਫਰਜ ਨਿਭਾਉਂਦਿਆਂ ਭਾਈ ਤਾਰੂ ਸਿੰਘ ਜੀ
ਨੂੰ ਆਪਣੇ ਕੋਲ ਬੈਠਾ ਲਿਆ ਅਤੇ ਕਣਕ ਪੀਹਣ ਵਾਲੀ ਚੱਕੀ ਵਿੱਚ ਕੁਝ ਕਣਕ ਦੇ ਦਾਣੇ
ਪਾਕੇ ਚੱਕੀ ਨੂੰ ਆਪਣੇ ਹੱਥਾਂ ਨਾਲ ਚਲਾਉਣ ਲਈ ਆਖਿਆ ।
ਮਾਤਾ ਜੀ ਦੀ ਆਗਿਆ ਮੰਨਕੇ ਭਾਈ ਸਾਹਿਬ ਜੀ ਜਿਉਂ ਜਿਉਂ ਚੱਕੀ ਨੂੰ ਘੁਮਾ ਰਹੇ
ਸਨ, ਨਾਲ ਹੀ ਕਣਕ ਦਾ ਆਟਾ ਬਣਦਾ ਜਾ ਰਿਹਾ ਸੀ । ਕੁਝ ਸਮੇਂ ਬਾਅਦ ਮਾਤਾ ਜੀ ਨੇ
ਜਦੋਂ ਚੱਕੀ ਦੇ ਪੁੜਾਂ ਨੂੰ ਖੋਲ ਕੇ ਸਾਫ ਕੀਤਾ ਤਾਂ ਵਿਚਕਾਰ ਬਣੇ ਹੋਏ ਧੁਰੇ
ਨਾਲ ਕੁਝ ਦਾਣੇ ਸਾਬਤ ਨਜਰ ਆਏ । ਭਾਈ ਸਾਹਿਬ ਜੀ ਨੇ ਮਾਤਾ ਜੀ ਨੂੰ ਪੁਛਿਆ ਕਿ
ਇਹ ਦਾਣੇ ਸਾਬਤ ਕਿਵੇਂ ਰਹਿ ਗਏ...? ਮਾਤਾ ਜੀ ਨੇ ਪਿਆਰ ਨਾਲ ਗੁਰਬਾਣੀ ਦਾ ਇਹ
ਪਰਮਾਣ ਦੇਕੇ ਸਮਝਾਇਆ " ਦੋਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ।। ਜੋ ਦਰਿ
ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ।। (142) ਕਿ ਪੁੱਤਰ ਜੀ ਜੋ ਧੁਰੇ ਨਾਲ ਜੁੜੇ
ਰਹਿੰਦੇ ਹਨ ਉਹ ਹੀ ਇਸ ਸੰਸਾਰ ਤੇ ਸੋਹਣੇ ਜੀਵਨ ਵਾਲੇ ਅਤੇ ਸਾਬਤ ਰਹਿ ਸਕਦੇ ਹਨ
। ਬਾਕੀ ਤਾਂ ਇਸ ਦਾਣਿਆਂ ਦੀ ਤਰਾਂ ਦੁਨੀਆਂ ਚ ਪੀਠੇ ਹੀ ਜਾਂਦੇ ਹਨ । ਸਾਡਾ
ਧੁਰਾ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਹੈ । ਅਸੀਂ ਕੇਵਲ ਇਸ ਨੂੰ
ਮੰਨ ਕੇ ਚੱਲਣਾ ਹੈ।
ਇਹੀ ਮਾਤਾ ਜੀ ਦੀ ਸਿਖਿਆ ਸੀ ਕਿ ਭਾਈ ਸਾਹਿਬ ਜੀ ਖੇਤੀਬਾੜੀ ਦਾ ਕਾਰੋਬਾਰ
ਕਰਦਿਆਂ ਜੁਝਾਰੂ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਹਰ ਪ੍ਰਕਾਰ ਦੀ ਸੇਵਾ ਕਰਦੇ
ਅਤੇ ਸਿੱਖ ਸਰਗਰਮੀਆਂ ਵਿੱਚ ਸਮੇਂ-ਸਮੇਂ ਹਿੱਸਾ ਲੈਂਦੇ ਰਹਿੰਦੇ ।
ਮਾਤਾ ਜੀ ਅਤੇ ਭੈਣ ਤਾਰ ਕੌਰ ਘਰ ਵਿੱਚ ਲੰਗਰ ਤਿਆਰ ਕਰਦੇ ਅਤੇ ਭਾਈ ਤਾਰੂ ਸਿੰਘ
ਜੀ ਬਾਬਾ ਬੁੱਢਾ ਜੀ ਦੀ ਬੀੜ ਦੇ ਨੇੜੇ ਦੇ ਜੰਗਲ ਵਿੱਚ ਜਾਕੇ ਸਿੰਘਾਂ ਨੂੰ
ਪ੍ਰਸ਼ਾਦਾ ਛਕਾ ਕੇ ਆਉਂਦੇ । ਯਾਦ ਰੱਖਣ ਜੋਗ ਬਾਤ ਹੈ ਕਿ 1745 ਈ: ਵਿੱਚ ਗਵਰਨਰ
ਜਕਰੀਆ ਖਾਨ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦਾ ਸੀ ਅਤੇ ਸਿੰਘਾਂ ਉਪਰ ਜੁਲਮ
ਕਰ ਰਿਹਾ ਸੀ । ਇਸ ਦੇ ਜੁਲਮ ਤੋਂ ਤੰਗ ਆਕੇ ਸਿੰਘ ਆਪਣੇ ਘਰ ਛੱਡ ਕੇ ਜੰਗਲਾਂ
ਵਿੱਚ ਜਾ ਵਸੇ ਸਨ ਅਤੇ ਜਦੋਂ ਸਮਾਂ ਮਿਲਦਾ ਇਸ ਹਕੂਮਤ ਨਾਲ ਆ ਦੋ ਹੱਥ ਕਰਦੇ ।
ਭਾਈ ਸਾਹਿਬ ਜੀ ਦੀ ਸਿੰਘਾਂ ਨਾਲ ਨੇੜਤਾ, ਉਹਨਾਂ ਨੂੰ ਜਾਕੇ ਪ੍ਰਸ਼ਾਦਾ ਛਕਾਉਣਾ
ਅਤੇ ਜਰੂਰੀ ਵਸਤੂਆਂ ਦੇਕੇ ਆਉਣਾ ਪਿੰਡ ਦੇ ਹੀ ਇਕ ਮੁਖਬਰ ਹਰਭਗਤ ਨਿਰੰਜਨੀਏ
ਤੋਂ ਦੇਖ ਨਾ ਹੋਇਆ । ਉਸ ਨੇ ਜਾਕੇ ਗਵਰਨਰ ਜਕਰੀਆ ਖਾਨ ਨੂੰ ਆਖਿਆ ਕਿ ਪੂਹਲੇ
ਪਿੰਡ ਵਿੱਚ ਰਹਿਣ ਵਾਲਾ ਤਾਰੂ ਸਿੰਘ, ਸਰਕਾਰ ਦਾ ਬਾਗੀ ਹੈ । ਇਹ ਡਾਕੂਆਂ ਨੂੰ
ਆਪਣੇ ਘਰ ਵਿੱਚ ਪਨਾਹ ਦਿੰਦਾ ਹੈ ਅਤੇ ਰੋਟੀ ਖਵਾਉਂਦਾ ਹੈ । ਇਸ ਦੀ ਭੈਣ ਅਤੇ
ਮਾਤਾ ਵੀ ਇਸ ਦੇ ਨਾਲ ਹੀ ਰਲੀਆਂ ਹੋਈਆਂ ਹਨ ।
ਜਕਰੀਆ ਖਾਨ ਨੇ ਭਾਈ ਸਾਹਿਬ ਜੀ ਨੂੰ ਫੜਕੇ ਲਿਆਉਣ ਲਈ ਆਪਣੇ ਸਿਪਾਹੀ ਹਰਭਗਤ
ਨਿਰੰਜਨੀਏ ਦੇ ਨਾਲ ਹੀ ਭੇਜ ਦਿੱਤੇ । ਭਾਈ ਸਾਹਿਬ ਜੀ ਦੀ ਭੈਣ ਅਤੇ ਮਾਤਾ ਜੀ
ਨੂੰ ਵੀ ਗਿਰਫਤਾਰ ਕੀਤਾ ਗਿਆ, ਪਰ ਪਿੰਡ ਵਾਸੀਆਂ ਦੇ ਕਹਿਣ ਤੇ ਮਾਤਾ ਜੀ ਅਤੇ
ਭੈਣ ਨੂੰ ਛੱਡ ਦਿੱਤਾ ਗਿਆ । ਸਾਰੇ ਪਿੰਡ ਵਾਸੀਆਂ ਨੇ ਭਾਈ ਸਾਹਿਬ ਜੀ ਨੂੰ
ਨਿਰਦੋਸ਼ ਦੱਸਿਆ, ਪਰ ਸਿਪਾਹੀ ਨਾ ਮੰਨੇ । ਲਹੌਰ ਲਜਾਕੇ ਭਾਈ ਸਾਹਿਬ ਜੀ ਨੂੰ
ਜੇਲ ਵਿੱਚ ਬੰਦ ਕਰ ਦਿੱਤਾ ਅਤੇ ਜਾਲਮ ਤਸੀਹੇ ਦਿੰਦੇ, ਪਰ ਆਪ ਜੀ ਗੁਰਬਾਣੀ ਦਾ
ਆਸਰਾ ਲੈਕੇ ਸਿੱਖੀ ਲਈ ਪਿਆਰ ਬਣਾਈ ਰੱਖਦੇ ।
ਭਾਈ ਸਾਹਿਬ ਜੀ ਨੂੰ ਜਕਰੀਆ ਖਾਨ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ, ਆਪ ਜੀ ਨੇ
ਕੁਝ ਸਵਾਲ ਕੀਤੇ " ਮੈਨੂੰ ਤਸੀਹੇ ਕਿਉਂ ਦਿੱਤੇ ਜਾ ਰਹੇ ਹਨ, ਮੇਰਾ ਕੀ ਕਸੂਰ
ਹੈ...? ਮੈ ਆਪਣੀ ਮਿਹਨਤ ਦੀ ਕਮਾਈ ਨਾਲ ਆਪਣਾ ਪੇਟ ਭਰਦਾ ਹਾਂ ਅਤੇ ਲੋੜਵੰਦ ਦੀ
ਮੱਦਦ ਕਰਦਾ ਹਾਂ, ਇਸ ਵਿੱਚ ਕੀ ਗਲਤ ਹੈ...? ਜਦ ਮੈ ਟੈਕਸ ਦਿੰਦਾਂ ਹਾਂ, ਫਿਰ
ਮੇਰੇ ਨਾਲ ਇਹ ਧੱਕਾ ਕਿਉਂ ਕੀਤਾ ਜਾ ਰਿਹਾ ਹੈ...? ਜਕਰੀਆ ਖਾਨ ਨੂੰ ਜਦ ਕੋਈ
ਜਵਾਬ ਨਾ ਆਇਆ ਤਾਂ ਉਸ ਨੇ ਕਿਹਾ ਕਿ ਜਾਂ ਤੇ ਮੁਸਲਮਾਨ ਬਣਕੇ ਸਿੱਖੀ ਨੂੰ ਛੱਡ
ਦੇ, ਜਾਂ ਫਿਰ ਮੌਤ ਕਬੂਲ ਕਰ ਲੈ । ਭਾਈ ਸਾਹਿਬ ਜੀ ਨੇ ਕਿਹਾ ਕੀ ਮੁਸਲਮਾਨ ਬਣਕੇ
ਮੌਤ ਨਹੀਂ ਆਉਂਦੀ...? ਜੇ ਆਉਂਦੀ ਹੈ ਫਿਰ ਮੈ ਸਿੱਖੀ ਕਿਉਂ ਛੱਡਾਂ । ਕੋਲ ਖੜਾ
ਹਰਭਗਤ ਨਿਰੰਜਨੀਆ ਬੋਲ ਉਠਿਆ ਖਾਨ ਜੀ ਇਹ੍ਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀ
ਇਹ ਆਪਣੀ ਜਾਨ ਤੋ ਵੱਧ ਕੇਸਾਂ ਨਾਲ ਪਿਆਰ ਕਰਦੇ ਹਨ, ਜੇ ਇਹਨਾਂ ਦੇ ਕੇਸ ਕੱਟੇ
ਜਾਣ ਤਾਂ ਇਹ ਜਿਊਦੇ ਹੀ ਮਰਿਆਂ ਬਰਾਬਰ ਹੋ ਜਾਂਦੇ ਹਨ । ਗੁੱਸੇ ਵਿੱਚ ਆਕੇ
ਜਕਰੀਆ ਖਾਨ ਨੇ ਹੁਕਮ ਦੇ ਦਿੱਤਾ ਕਿ ਇਸ ਦੇ ਕੇਸ ਕੱਟ ਦਿੱਤੇ ਜਾਣ । ਭਾਈ
ਸਾਹਿਬ ਜੀ ਨੇ ਕਿਹਾ ਕਿ ਜਾਲਮਾਂ ਮੈਂ ਕੇਸ ਕਤਲ ਨਹੀਂ ਕਰਾ ਸਕਦਾ, ਚਾਹੇ ਮੇਰੀ
ਜਾਨ ਹੀ ਚਲੀ ਜਾਵੇ ।
ਹੁਕਮ ਹੋਇਆ ਕਿ ਜੇ ਕੇਸ ਕਤਲ ਨਹੀਂ ਕਰਾਉਂਦਾ ਤਾਂ ਇਸ ਦੀ ਖੋਪਰੀ ਉਤਾਰ ਦਿੱਤੀ
ਜਾਵੇ । ਭਾਈ ਸਾਹਿਬ ਜੀ ਨੇ ਇਹ ਹੁਕਮ ਕਬੂਲ ਕਰ ਲਿਆ ਅਤੇ ਲਹੌਰ ਦੇ ਨਿਖਾਲਸ
ਚੌੰਕ ਵਿੱਚ ਭਾਈ ਤਾਰੂ ਸਿੰਘ ਜੀ ਦੀ ਰੰਬੀ ਨਾਲ ਕੇਸਾਂ ਸਮੇਤ ਖੋਪਰੀ ਉਤਾਰ
ਦਿੱਤੀ ਗਈ । ਅਕਾਲ ਪੁਰਖ ਦਾ ਭਾਣਾ ਮੰਨਦਿਆਂ, ਗੁਰੂ ਕਾ ਪਿਆਰਾ ਸਿੱਖ ਸੱਚ ਲਈ
ਜੁਲਾਈ 1745 ਨੂੰ ਆਪਣਾ ਫਰਜ ਨਿਭਾ ਗਿਆ ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿੰਨ੍ਹਾ ਗੁਰਸਿੱਖਾਂ ਨੇ ਆਪ ਭੁੱਖੇ ਰਹਿਕੇ,
ਮੁਸੀਬਤਾਂ ਝੱਲਕੇ, ਖੋਪਰੀਆਂ ਲਹਾਕੇ ਸਿੱਖੀ ਧਰਮ ਨਿਭਾਇਆ ਪਰ ਅਸੂਲ ਨਹੀਂ ਛੱਡੇ
ਅਸੀ ਉਹਨਾਂ ਦੀ ਕੁਰਬਾਨੀ ਨੂੰ ਕਿਵੇਂ ਭੁਲਦੇ ਜਾ ਰਹੇ ਹਾਂ ? ਮੇਰੇ ਸਮੇਤ ਅੰਦਰ
ਝਾਤ ਮਾਰਕੇ ਦੇਖਣੀ ਸ਼ਰਮ ਆਉਂਦੀ ਹੈ ਜਦੋਂ ਸੁਣੀਦਾ ਹੈ ਕਿ ਫਲਾਣੇ ਦੀ ਲੜਕੀ ਨਾਈ
(ਬਿਊਟੀ ਪਾਰਲਰ) ਦਾ ਕੋਰਸ ਕਰ ਰਹੀ ਹੈ ।
ਅੱਜ ਦੇ ਕਈ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਅਨੰਦ ਕਾਰਜ ਕਰਵਾਉਣ ਸਮੇਂ ਆਪ
ਆਪਣਿਆਂ ਮਾਪਿਆਂ ਨੂੰ ਕਹਿੰਦੀਆਂ ਹਨ, ਕਿ ਅਸੀ ਵਿਆਹ ਉਸ ਲੜਕੇ ਨਾਲ ਕਰਵਾਉਣਾ
ਹੈ, ਜੋ ਕਲੀਨ ਸ਼ੇਵ ਹੋਵੇ ਅਤੇ ਦਸਤਾਰ ਨਾਂ ਸਜਾਉਦਾ ਹੋਵੇ ਮੈਂ ਸਮਝਦਾਂ ਹਾਂ
ਉਹਨਾਂ ਲੜਕੀਆਂ ਦਾ ਕਸੂਰ ਘੱਟ ਹੈ, ਉਹਨਾਂ ਦੇ ਮਾਤਾ ਪਿਤਾ ਦਾ ਕਸੂਰ ਜਿਆਦਾ
ਹੈ, ਜਿੰਨ੍ਹਾਂ ਨੇ ਆਪਣਿਆਂ ਬੱਚਿਆਂ ਨੂੰ ਕੇਸਾਂ ਅਤੇ ਦਸਤਾਰ ਦੀ ਮਹਾਨਤਾ ਤੋਂ
ਜਾਣੂ ਨਹੀ ਕਰਵਾਇਆ। ਅੰਦਾਜਾ ਲਾਉ ਜੇ ਅੱਜ ਲੜਕੀਆਂ ਦਾ ਇਹ ਹਾਲ ਹੈ ਤਾਂ ਆਉਣ
ਵਾਲੇ ਸਮੇਂ ਵਿੱਚ ਇਕ ਮਾਂ ਦੀ ਕੁੱਖ ਵਿੱਚੋਂ ਭਾਈ ਤਾਰੂ ਸਿੰਘ ਜੀ ਦੇ ਵਾਰਿਸ
ਕਿਵੇਂ ਪੈਦਾ ਹੋ ਸਕਦੇ ਹਨ ? ਲੋੜ ਤਾਂ ਇਸ ਗੱਲ ਦੀ ਹੈ ਕਿ ਆਪਣਿਆਂ ਬੱਚਿਆਂ
ਨੂੰ ਬਚਪਨ ਤੋਂ ਹੀ ਸਿੱਖੀ ਵਿਰਸੇ ਨਾਲ ਜੋੜਿਆ ਜਾਵੇ।
ਯਾਦ ਰੱਖਣਾ ਇੰਝ ਸੁਤੇ ਰਹੇ ਤਾਂ ਬਹੁਤ ਦੇਰ ਹੋ ਚੁਕੀ ਹੋਵੇਗੀ। ਭਾਈ ਤਾਰੂ
ਸਿੰਘ ਜੀ ਦਾ ਵਿਰਸਾ ਸੀਸ ਝੁਕਾ ਕੇ ਕੇਸ ਕਤਲ ਕਰਾਉਣ ਵਾਲਾ ਨਹੀਂ, ਭਾਈ ਤਾਰੂ
ਸਿੰਘ ਜੀ ਦਾ ਵਿਰਸਾ ਤਾਂ ਧੌਣ ਅਕੜਾ ਕੇ ਖੋਪੜ ਲਹਾਉਣ ਵਾਲਾ ਹੈ।
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|