♦️ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਤਾਬਦੀ
ਸਮਾਗਮ ਸੂਫੀਆਨਾ ਪੇਸ਼ਕਾਰੀਆਂ ਵਿਚ ਲਿਬੇੜ ਦਿੱਤੇ ਗਏ
-: ਡਾ. ਪਰਮਿੰਦਰ ਸਿੰਘ ਸ਼ੌਂਕੀ
26.07.2025
#KhalsaNews #GuruTeghBahadur #BirSingh #Zafar #bhashavibhag
ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਗੁਰੂ ਤੇਗ ਬਹਾਦਰ
ਪਾਤਸ਼ਾਹ ਨਾਲ ਸੰਬੰਧਿਤ ਸ਼ਤਾਬਦੀ ਸਮਾਗਮਾਂ ਵਿਚਲੀ ਸਰਕਾਰੀ ਦਖ਼ਲ-ਅੰਦਾਜ਼ੀ ਦਾ
ਜ਼ਨਾਜਾ ਹੁਣ ਅਸੀਂ ਸਭ ਨੇ ਦੇਖ ਲਿਆ ਹੈ। ਹਾਲਾਂਕਿ ਪੰਜਾਬ ਸਰਕਾਰ ਪਿਛਲੇ ਕਈ
ਦਿਨਾਂ ਤੋਂ ਅਖਬਾਰਾਂ ਆਦਿ ਰਾਹੀਂ ਇਸ ਸੰਬੰਧੀ ਸਲਾਹਾਂ ਮੰਗ ਰਹੀ ਸੀ, ਪਰ ਮੈਨੂੰ
ਯਕੀਨ ਹੈ ਕਿ ਕਿਸੇ ਵੀ ਸਿੱਖ ਨੇ ਸਰਕਾਰ ਨੂੰ ਇਹ ਸਲਾਹ ਨਹੀਂ ਦਿੱਤੀ ਹੋਏਗੀ ਕਿ
ਇਨ੍ਹਾਂ ਸਮਾਗਮਾਂ ਦੌਰਾਨ ਗੁਰਮਤਿ ਸਮਾਗਮਾਂ ਨੂੰ ਇਕ ਪਾਸੇ ਰੱਖਦੇ ਹੋਏ,
ਕੰਜਰਖਾਨਾ ਕੀਤਾ ਜਾਏ ਤੇ ਨਚਾਰਾਂ ਵਾਂਗ ਲੋਕਾਂ ਨੂੰ ਕਥਿਤ ਸੂਫੀਅਤ ਦੇ ਬਹਾਨੇ
ਸਾਹਮਣੇ ਨਚਾਇਆ ਜਾਏ।
ਪਰ ਅਜਿਹਾ ਹੋਇਆ ਤੇ ਇਸ ਵਿਚ ਬੜੀ ਬੇਸ਼ਰਮੀ ਨਾਲ ‘ਨਾਨਕ’ ਨਾਲ ਆਪਣੇ ਰਿਸ਼ਤੇ
ਸਥਾਪਤ ਹੋਣ ਦਾ ਦਾਅਵਾ ਕਰਨ ਵਾਲੇ ਤੇ ਸਿੱਖ ਮਾਨਸਿਕਤਾ ਦਾ ਮਜਾਕ ਉਡਾਉਣ ਵਾਲੇ
ਜਸਵੰਤ ਸਿੰਘ ਜਫਰ ਦੀ ਅਗਵਾਈ ਹੇਠਲੇ ਭਾਸ਼ਾ ਵਿਭਾਗ ਦੀ ਸ਼ਮੂਲੀਅਤ ਸਪਸ਼ਟ ਤੌਰ ਤੇ
ਸਾਹਮਣੇ ਆਈ ਹੈ। ਪਰ ਕੀ ਇਹ ਮਸਲਾ ਸਿਰਫ ਏਨਾ ਹੀ ਹੈ?
ਬਹੁਤ ਸਾਰੇ ਸੱਜਣਾਂ ਨੂੰ ਸ਼ਾਇਦ ਇਸ ਗੱਲ ਦਾ ਨਾ ਪਤਾ ਹੋਏ ਕਿ ਪੰਜਾਬ ਸਰਕਾਰ ਦੀ
ਬੌਧਿਕ ਅਗਵਾਈ ਅਸਿੱਧੇ ਤੌਰ 'ਤੇ ਅੱਜਕਲ੍ਹ ਸੁਰਜੀਤ ਪਾਤਰ ਦੇ ਵਾਰਿਸ ਬਣੇ ਹੋਏ
ਅਮਰਜੀਤ ਗਰੇਵਾਲ ਜਿਹੇ ਮੌਕਾਪ੍ਰਸਤ ਬੌਧਿਕ ਦੇ ਹਵਾਲੇ ਹੈ। ਜਿਸ ਨੂੰ ਕਲਾ
ਪ੍ਰੀਸ਼ਦ ਦੇ ਸਵਰਨਜੀਤ ਸਵੀ, ਭਾਸ਼ਾ ਵਿਭਾਗ ਦੇ ਜਸਵੰਤ ਸਿੰਘ ਜਫਰ ਤੇ ਚੰਡੀਗੜ੍ਹ
ਤੇ ਪਟਿਆਲੇ ਦੇ ਹੋਰਨਾਂ ਕਈ ਬੌਧਿਕਾਂ ਦਾ ਸਾਥ ਮਿਲਿਆ ਹੋਇਆ ਹੈ।
ਇਨ੍ਹਾਂ ਬਾਰੇ ਮੈਨੂੰ ਇੱਥੇ ਗੱਲ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਹੋ ਰਹੀ,
ਸਿਰਫ ਇਸ਼ਾਰੇ ਮਾਤਰ ਇਹ ਦੱਸਣਾ ਕਾਫੀ ਹੈ ਕਿ ਭਗਵੰਤ ਮਾਨ ਸਰਕਾਰ ਦੀ ਬੌਧਿਕ
ਅਗਵਾਈ ਉਹੀ ਲੋਕ ਕਰ ਰਹੇ ਹਨ, ਜੋ ਕਿਸੇ ਸਮੇਂ ਬੇਅੰਤ ਸਿੰਘ ਸਰਕਾਰ ਅੰਦਰ
ਪੰਜਾਬ ਵਿਚਲੇ ਖਾੜਕੂਵਾਦ ਨੂੰ ਦਬਾਉਣ ਲਈ ਸਰਕਾਰ ਨੂੰ ਜੁੱਤੀ ਦਾ ਸਹਾਰਾ ਲੈਣ
ਦੇ ਤਰਕ ਪੇਸ਼ ਕਰ ਰਹੇ ਸਨ।
ਅਮਰਜੀਤ ਗਰੇਵਾਲ ਤੇ ਜਸਵੰਤ ਜਫਰ ਦੀ ਸਿੱਖੀ ਪ੍ਰਤੀ ਸਮਝ ਕਿਸੇ ਤੋਂ ਗੁੱਝੀ ਨਹੀਂ
ਹੈ। ਇਹ ਜਿਸ ਸਿੱਖੀ ਨੂੰ ਨਾਨਕ ਦੀ ਖਾਲਸ ਸਿੱਖੀ ਦੇ ਨਾਮ 'ਤੇ ਲੋਕ ਮਾਨਸਿਕਤਾ
ਅੰਦਰ ਮੜਨ ਦੀ ਕੋਝੀ ਚਾਲ ਚੱਲਦੇ ਹੋਏ, ਇਕ ਨਿਮਨ ਬਿਰਤਾਂਤ ਪੰਜਾਬ ਅੰਦਰ ਸਥਾਪਤ
ਕਰ ਰਹੇ ਹਨ, ਇਹ ਉਸੇ ਦਾ ਨਤੀਜਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਤਾਬਦੀ
ਸਮਾਗਮ ਸੂਫੀਆਨਾ ਪੇਸ਼ਕਾਰੀਆਂ ਵਿਚ ਲਿਬੇੜ ਦਿੱਤੇ ਗਏ ਹਨ। ਕੀ ਇਨ੍ਹਾਂ ਸਾਰੇ
ਬੌਧਿਕਾਂ ਵਿਚੋਂ ਕੋਈ ਇਕ ਵੀ ਵਿਦਵਾਨ ਸਾਡੇ ਨਾਲ ਇਸ ਸੰਬੰਧੀ ਚਰਚਾ ਕਰ ਸਕਦਾ
ਹੈ ਕਿ ਗੁਰਮਤਿ ਤੇ ਸੂਫੀਅਤ ਦਾ ਆਪਸ ਵਿਚ ਕੀ ਸੰਬੰਧ ਹੈ? ਜਿਸ ਦੇ ਸਹਾਰੇ
ਸ਼ਤਾਬਦੀ ਸਮਾਗਮਾਂ ਨੂੰ ਹੋਛੇਪਣ ਦੇ ਹਵਾਲੇ ਕੀਤਾ ਗਿਆ ਹੈ? ਜਾਂ ਗੁਰਮਤਿ ਅੰਦਰ
ਇਹ ਬੇਹੂਦਾ ਸਮਾਗਮਾਂ ਦੀ ਕੀ ਤੁਕ ਬਣਦੀ ਹੈ?
ਮੈਂ ਸਾਫ ਤੌਰ 'ਤੇ ਇਸ ਗੱਲ ਨੂੰ ਦੁਹਰਾਉਣਾ ਚਾਹਾਂਗਾ ਕਿ ਪੰਜਾਬ ਸਰਕਾਰ ਦੇ
ਬੌਧਿਕ ਸਲਾਹਕਾਰ ਧੁਰ ਸਿੱਖੀ ਵਿਰੋਧੀ ਤੇ ਸਿੱਖੀ ਦੀ ਨਿਮਨ ਸਮਝ ਦੇ ਮਾਲਕ ਹਨ.
ਪਰ ਕਿਉਂਕਿ ਇਹ ਇਕ ਕਲਾਕਾਰ ਮੁੱਖ ਮੰਤਰੀ ਦੇ ਪੁਰਾਣੇ ਬੇਲੀ ਹਨ, ਇਸ ਲਈ ਇਨ੍ਹਾਂ
ਚਾਪਲੂਸਾਂ ਤੋਂ ਕੋਈ ਸਮਝ ਦੀ ਉਮੀਦ ਕਰਨਾ ਵੀ ਸਾਡੇ ਸਾਰਿਆਂ ਲਈ ਨਾਸਮਝੀ ਦੀ
ਗੱਲ ਹੋਏਗੀ। ਬਿਹਤਰ ਇਹੀ ਹੈ ਕਿ ਹੁਣ ਜਿੱਥੇ ਵੀ ਇਹ ਸਮਾਗਮ ਹੋਣ ਇਨ੍ਹਾਂ ਨੂੰ
ਹੋਣ ਤੋਂ ਰੋਕਿਆ ਜਾਏ ਤੇ ਪੰਜਾਬ ਦੇ ਕਥਿਤ ਬੌਧਿਕ ਤਬਕੇ ਤੋਂ ਪਾਸਾ ਵੱਟਿਆ ਜਾਏ,
ਕਿਉਂਕਿ ਇਨ੍ਹਾਂ ਦਾ ਨਿਸ਼ਾਨਾ ਗੁਰੂ ਪਾਤਸ਼ਾਹ ਦੇ ਸਮਾਗਮ ਮਨਾਉਣਾ ਨਹੀਂ, ਬਲਕਿ
ਇਨ੍ਹਾਂ ਸਮਾਗਮਾਂ ਦਾ ਸਿਆਸੀਕਰਨ ਤੇ ਰਾਸ਼ਟਰਵਾਦੀ ਸਰੂਪ ਘੜਨਾ ਹੈ।
ਇਹ ਕੁਝ ਕੁ ਬੰਦਿਆਂ ਦਾ ਸਮੂਹ ਹੈ, ਜੋ ਤੁਹਾਨੂੰ ਹਰ ਸਰਕਾਰੀ ਸਮਾਗਮ ਵਿਚ
ਦਿਖਾਈ ਦੇਣਗੇ। ਹੁਣ ਇਨ੍ਹਾਂ ਦੇ ਹੱਥ ਗੁਰੂ ਸਾਹਿਬ ਦੇ ਸ਼ਤਾਬਦੀ ਸਮਾਗਮ ਲੱਗ
ਗਏ ਹਨ, ਇਹ ਜਿੰਨਾ ਹੋ ਸਕਿਆ ਇਨ੍ਹਾਂ ਦੀ ਦੁਰਵਰਤੋਂ ਹੀ ਕਰਨਗੇ। ਇਹ ਮੈਂ ਯਕੀਨ
ਨਾਲ ਕਹਿ ਸਕਦਾ ਹਾਂ।

|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|