Share on Facebook

Main News Page

⛔ #ਬਾਲਾ #ਸੰਧੂ ਬਨਾਮ "ਬਾਲਾ #ਘਣਘਸ"📛
-: ਸਰਬਜੀਤ ਸਿੰਘ ਸੈਕਰਾਮੈਂਟੋ
12.12.2025
#KhalsaNews #Bala #Fraud #janamsakhi

-------------------
✍️ #ਨੋਟ: ਗੁਰੂ ਨਾਨਕ ਸਾਹਿਬ ਨਾਲ ਜੋੜਿਆ ਜਾਂਦਾ ਬਾਲਾ ਯਾਨਿ ਕਿ ਬਾਲਾ ਸੰਧੂ ਇੱਕ ਕਾਲਪਨਿਕ ਪਾਤਰ ਹੈ, ਅਤੇ ਉਸ ਦੇ ਨਾਮ ਨਾਲ ਜਾਣੀ ਜਾਂਦੀ ਮੌਜੂਦਾ #ਜਨਮਸਾਖੀ #ਝੂਠੀ ਅਤੇ #ਜਾਅਲੀ ਹੈ। ਮੌਜੂਦਾ ਜਨਮ ਸਾਖੀ ਝੂਠੀ ਅਤੇ ਜਾਅਲੀ ਹੈ। ਸਾਡਾ ਇਹ ਦਾਵਾ ਉਨ੍ਹਾਂ ਚਿਰ ਕਾਇਮ ਰਹੇਗਾ, ਜਿੰਨਾ ਚਿਰ ਸਬੰਧਿਤ ਧਿਰਾਂ ਸੰਮਤ 1597 ਬਿਕ੍ਰਮੀ (1540 ਈ:) ਦੀ ਲਿਖੀ ਹੋਈ ਭਾਈ ਬਾਲੇ ਸੰਧੂ ਦੀ ਅਸਲ ਲਿਖਤ ਪੇਸ਼ ਨਹੀਂ ਕੀਤੀ ਜਾਂਦੀ।
-------------------
✍️ #ਸਿੱਖ #ਸਾਹਿਤ ਵਿੱਚ ਜਨਮਸਾਖੀਆਂ ਬਹੁਤ ਹੀ ਅਹਿਮ ਅਸਥਾਨ ਰੱਖਦੀਆਂ ਹਨ। ਮੁਖ ਤੌਰ 'ਤੇ ਚਾਰ ਜਨਮਸਾਖੀਆਂ (ਮਿਹਰਵਾਨ ਵਾਲੀ ਜਨਮਸਾਖੀ, ਪੁਰਾਤਨ ਜਨਮਸਾਖੀ, ਭਾਈ ਬਾਲੇ ਵਾਲੀ ਜਨਮਸਾਖੀ, ਅਤੇ ਭਾਈ ਮਨੀ ਸਿੰਘ ਵਾਲੀ ਜਨਮਸਾਖੀ) ਚਰਚਾ ਦਾ ਵਿਸ਼ਾ ਬਣੀਆਂ ਹਨ। ਇਨ੍ਹਾਂ ਵਿੱਚ ਵੀ ਸੱਭ ਤੋਂ ਵੱਧ ਪ੍ਰਚਾਰ,ਪਸਾਰ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਦਾ ਹੋਇਆ ਹੈ। ਦੂਜੇ ਪਾਸ ਇਹ ਵੀ ਸੱਚ ਹੈ ਸਭ ਤੋਂ ਵੱਧ ਅਲੋਚਨਾ ਵੀ ਇਸੇ ਜਨਮਸਾਖੀ ਦੀ ਹੀ ਹੋਈ ਹੈ।

⚠️ #ਬਾਲਾ #ਸੰਧੂ
ਪ੍ਰਚਲੱਤ ਰਵਾਇਤ ਮੁਤਾਬਕ ਇਹ ਗੁਰੂ ਨਾਨਕ ਜੀ ਦੇ ਸਫਰਾਂ ਦੇ ਸਾਥੀ ਸੀ। ਭਾਈ ਬਾਲੇ ਨੇ, ਗੁਰੂ ਅੰਗਦ ਸਾਹਿਬ ਜੀ ਦੀ ਹਜੂਰੀ ਵਿੱਚ ਗੁਰੂ ਨਾਨਕ ਜੀ ਦੇ ਸਬੰਧੀ ਸਾਖੀਆਂ ਸੁਣਾਈਆਂ ਸਨ। ਜਿਨ੍ਹਾਂ ਨੂੰ ਮੋਖੇ ਪੈੜੇ ਨੇ ਲਿਖਆ ਸੀ। ਜਿਸ ਨੂੰ ਭਾਈ ਬਾਲੇ ਵਾਲੀ ਜਨਮਸਾਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੰਧੂ ਗੋਤ ਦਾ ਜੱਟ, ਭਾਈ ਬਾਲੇ ਦਾ ਜਨਮ 1523 ਬਿਕ੍ਰਮੀ (1466 ਈ:) ਨੂੰ ਚੰਦਰ ਭਾਨ ਸੰਧੂ ਦੇ ਘਰ, ਰਾਇ ਭੋਇ ਕੀ ਤਲਵੰਡੀ ਹੋਇਆ ਸੀ।

👉 ਪਰ ਜਦੋਂ ਅਸੀ ਜਨਮਸਾਖੀ ਵੇਖਦੇ ਹਾਂ ਤਾਂ ਉਸ ਮੁਤਾਬਕ ਬਾਲੇ ਦੇ ਜਨਮ ਸਾਲ ਠੀਕ ਨਹੀਂ ਬੈਠਦਾ, “ਜੀ ਮੇਥੋ ਤ੍ਰੈ ਵਰ੍ਹੇ ਗੁਰੂ ਨਾਨਕ ਵੱਡਾ ਸੀ। ਮੈਂ ਗੁਰੂ ਨਾਨਕ ਜੀ ਦੇ ਨਾਲਿ ਪਿਛੇ ਲਗਾ ਫਿਰਦਾ ਸੀ”। (ਡਾ. ਸੁਖਦਿਆਲ ਸਿੰਘ, ਜੀਵਨ-ਇਤਿਹਾਸ ਗੁਰੂ ਨਾਨਕ ਸਾਹਿਬ, ਪੰਨਾ 48) ਇਸ ਮੁਤਾਬਕ ਤਾਂ ਬਾਲੇ ਦਾ ਜਨਮ 1529 ਬਿਕ੍ਰਮੀ (1472 ਈ:) ਬਣਦਾ ਹੈ।

😮 ਬਾਲੇ ਸੰਧੂ ਦਾ ਦੇਹਾਂਤ 1601 ਬਿਕ੍ਰਮੀ, (1544 ਈ:) ਵਿੱਚ ਹੋਇਆ ਮੰਨਿਆ ਜਾਂਦਾ ਹੈ। ਭਾਵ ਗੁਰੂ ਨਾਨਕ ਜੀ ਦੇ ਦੇਹਾਂਤ ਤੋਂ ਪੰਜ ਵਰ੍ਹੇ ਪਿੱਛੋਂ। ਇਸ ਦਾ ਅੰਤਿਮ ਸੰਸਕਾਰ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ ਸੀ। ਇਸ ਦੀ ਯਾਦ ਵਿੱਚ ਖਡੂਰ ਸਾਹਿਬ ਵਿਖੇ ਗੁਰਦੁਆਰਾ ਤਪਿਆਣਾ ਸਾਹਿਬ ਬਣਿਆ ਹੋਇਆ ਹੈ। ਇਸ ਦੀ ਕੁਲ ਉਮਰ 78 ਸਾਲ ਜਾਂ 72 ਸਾਲ ਵਿੱਚੋਂ ਇਕ ਮੰਨਣੀ ਪਵੇਗੀ।

⚠️ #ਬਾਲਾ #ਘਣਘਸ
ਬਾਲ ਚੰਦ ਉਰਫ ਬਾਲਾ, ਬਾਬਾ ਹੰਦਾਲ (1630-1705 ਬਿ:) ਦਾ ਜੇਠਾ ਪੁੱਤਰ ਸੀ। ਇਸ ਦਾ ਜਨਮ 1657 ਬਿਕ੍ਰਮੀ ਅਤੇ ਇਸ ਦੇ ਛੋਟੇ ਭਰਾ ਵਿਧੀ ਚੰਦ ਦਾ ਜਨਮ 1660 ਬਿਕ੍ਰਮੀ ਵਿੱਚ ਹੋਇਆ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਭਾਈ ਬਾਲੇ ਵਾਲੀ ਜਨਮਸਾਖੀ ਦਾ ਮੁੱਖ ਪਾਤਰ ਭਾਈ ਬਾਲਾ, ਇਹ ਬਾਲ ਚੰਦ ਹੀ ਹੈ। ਮੌਜੂਦਾ ਜਨਮ ਸਾਖੀ ਬਾਲੇ ਦੇ ਛੋਟੇ ਭਰਾ ਵਿਧੀ ਚੰਦ ਨੇ, ਲਹੌਰ ਨਿਵਾਸੀ ਗੋਰਖਦਾਸ ਤੋਂ ਲਿਖਵਾਈ ਸੀ। ਅਤੇ ਉਸ ਦਾ ਮੁਖ ਮਾਤਰ ਆਪਣੇ ਵੱਡੇ ਭਰਾ ਬਾਲ ਚੰਦ ਨੂੰ ਰੱਖਿਆ ਸੀ।

🧿 “ਬਾਲਾ, ਇਸ ਜਨਮ ਸਾਖੀ ਦਾ ਵਿਸ਼ੇਸ਼ ਪਾਤਰ ਹੈ ਜੋ ਗੁਰੂ ਨਾਨਕ ਜੀ ਦਾ ਸਾਥੀ ਹੋਣ ਦਾ ਦਾਅਵਾ ਕਰਦਾ ਹੈ ਤੇ ਆਪਣੇ ਆਪ ਨੂੰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਨਾਨਕ ਦੀ ਜੀਵਨੀ ਲਿਖਾਉਣ ਵਾਲਾ ਸਿੱਧ ਕਰਦਾ ਹੈ। ਪਰ ਜਨਮ ਸਾਖੀ ਦੀਆਂ ਅੰਦਰਲੀਆਂ ਗਵਾਹੀਈਆਂ ਦੇ ਅਧਾਰ ਉੱਤੇ ਸਿੱਧ ਕੀਤਾ ਗਿਆ ਹੈ ਕਿ ਇਹੋ ਜਿਹਾ ਕੋਈ ਇਤਿਹਾਸਿਕ ਵਿਅਕਤੀ ਨਹੀਂ ਹੋਇਆ, ਸਗੋਂ ਇਸ ਸਾਰੇ ਛੜ ਜੰਤਰ ਨੂੰ ਰਚਣ ਦਾ ਕੰਮ, ਬੜੀ ਚਤਰਾਈ ਨਾਲ, ਹੰਦਾਲ ਦੇ ਜੇਠੇ ਲੜਕੇ ‘ਬਾਲ ਚੰਦ ਨੇ ਕੀਤਾ ਹੈ। ਇਹ ਇਕ ਨਵੀਂ ਲੱਭਤ ਹੈ”। (ਡਾ. ਗੁਰਬਚਨ ਕੌਰ, ਜਨਮ ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਣ ਤੇ ਆਲੋਚਨਾਤਮਿਕ ਸੰਪਾਦਨ,ਪੰਨਾ 146)

📍 ਕਵੀ ਸੰਤੋਖ ਸਿੰਘ ਨੇ ਆਪਣੇ ਗ੍ਰੰਥ ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਦ’ ਦੇ 37ਵੇਂ ਅਧਿਆਇ “ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਂ ਤੋਂ ਬਣਿਆ” ਵਿੱਚ ਆਪਣੇ ਸਰੋਤਾਂ ਦਾ ਜਿਕਰ ਕਰਦੇ ਲਿਖਦੇ ਹਨ:

ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ। ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼॥੧੩॥

👆 ਉਪ੍ਰੋਕਤ ਪੰਗਤੀ ਤੋਂ ਸਪੱਸ਼ਟ ਹੈ ਕਿ ਕਵੀ ਭਾਈ ਸੰਤੋਖ ਸਿੰਘ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਜ਼ਿਕਰ ਕਰ ਰਹੇ ਹਨ ਜੋ ਇਨ੍ਹਾਂ ਦਾ ਇਤਿਹਾਸਕ ਸਰੋਤ ਹੈ। ਇਸ ਤੋਂ ਅੱਗੇ ਕਵੀ ਜੀ, ਹੰਦਾਲ ਦਾ ਜਿਕਰ ਕਰਦੇ ਹੋਏ ਲਿਖਦੇ ਹਨ ਕਿ ਹੰਦਾਲ ਦੇ ਘਰ ਇਕ ਨੀਚ ਪੈਦਾ ਹੋ ਗਿਆ, ਜਿਸ ਦੇ ਹੱਥ ਗੁਰੂ ਅੰਗਦ ਜੀ ਵੱਲੋਂ ਲਿਖਵਾਈ ਪੋਥੀ ਆ ਗਈ। ਉਸ ਨੇ ਇਕ ਕਬੀਰ ਪੰਥੀ ਨਾਲ ਮਿਲ ਕੇ ਮਿਲਾਵਟੀ ਪੋਥੀ ਤਿਆਰ ਕਰ ਦਿੱਤੀ ਜਿਸ ਵਿੱਚ ਉਸ ਨੇ ਹੰਦਾਲ ਦੀ ਵਡਿਆਈ ਕੀਤੀ ਅਤੇ ਗੁਰੂ ਨਾਨਕ ਜੀ ਸਬੰਧੀ ਅਯੋਗ ਸਾਖੀਆਂ ਇਸ ਆਸ ਨਾਲ ਲਿਖ ਦਿੱਤੀਆਂ ਕਿ ਗੁਰੂ ਦੇ ਸਿੱਖ ਸਾਨੂੰ ਮੰਨਣ ਲੱਗ ਪੈਣਗੇ। ਅਸਲ ਪੋਥੀ ਨੂੰ ਪਾੜ ਕੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤਾ।

ਹਮਕੋ ਮਨਹਿਂਗੇ ਬਹੁ ਮਾਨਵ। ਲਿਖੀ ਅਧਿਕਤਾ ਉਰ ਆਨਵ।
ਪੂਰਬ ਪੋਥੀ ਹੁਤੀ ਜੋ ਸੋਈ ਦਈ ਬਿਆਸ ਬੀਚ ਡਬੋਇ॥੨੭॥
ਪੰਨੇ ਛੇਦੇ ਦਈ ਬਹਾਈ। ਜੋ ਸ੍ਰੀ ਗੁਰੂ ਅੰਗਦ ਲਿਖਵਾਈ।
ਤਿਹ ਕੋ ਤਾਤਪਰਜ ਸਭਿ ਚੀਨੇ। ਅਧਿਕ ਬਚਨ ਅਪਨੇ ਲਿਖਿ ਦੀਨੇ॥੨੮॥


✍️ #ਕਵੀ #ਸੰਤੋਖ #ਸਿੰਘ ਦੀ ਉਪ੍ਰੋਕਤ ਲਿਖਤ ਤੋਂ ਇਹ ਸਪੱਸ਼ਟ ਹੈ, ਕਵੀ ਦੀ ਜਾਣਕਾਰੀ ਦਾ ਵਸੀਲਾ ਭਾਈ ਬਾਲੇ ਵਾਲੀ ਮਿਲਾਵਟੀ ਜਨਮ ਸਾਖੀ ਹੈ। “ਕਰਿ ਕੁਕਰਮ ਅਨਸ਼ੋਧ ਬਨਾਈ ਅਪਨ ਵਡਿਨ ਕੀ ਕੀਰਤਿ ਪਾਈ”। ਕਵੀ ਜੀ ਲਿਖਦੇ ਹਨ ਕਿ ਹੰਦਾਲੀਆਂ ਨੇ ਅਸਲ ਜਨਮ ਸਾਖੀ ਨੂੰ ਪਾੜ ਕੇ ਬਿਆਸ ਦਰਿਆ 'ਚ ਰੋੜ ਦਿੱਤਾ ਸੀ। ਜੇ ਇਹ ਸੱਚ ਹੈ ਤਾਂ ਇਹ ਘਟਨਾ ਸੰਮਤ 1715 ਬਿਕ੍ਰਮੀ (1658 ਈ:) ਤੋਂ ਪਹਿਲਾ ਦੀ ਹੀ ਹੋ ਸਕਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕਵੀ ਜੀ ਖ਼ੁਦ ਮੰਨਦੇ ਹਨ ਕਿ ਉਨ੍ਹਾਂ ਦਾ ਸਰੋਤ ਹੰਦਾਲੀਆਂ ਵਾਲੀ ਮਿਲਾਵਟੀ ਜਨਮ ਸਾਖੀ ਹੈ ਤਾ ਉਨ੍ਹਾਂ ਦੀ ਲਿਖਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵਿਸ਼ਵਾਸ ਯੋਗ ਕਿਵੇਂ ਮੰਨੀ ਜਾ ਸਕਦੀ ਹੈ?

🔸ਭਾਈ ਬਾਲਾ ਅਤੇ ਉਸ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਦੇ ਕੱਟੜ ਹਮਾਇਤੀ , ਮੌਜੂਦਾ ਸਾਰੇ ਵਿਦਵਾਨ / ਇਤਿਹਾਸਕਾਰ ਇਹ ਮੰਨਦੇ ਹਨ ਕਿ, ਮੌਜੂਦਾ ਜਨਮਸਾਖੀ ਹਿੰਦਾਲੀਆਂ ਵੱਲੋਂ ਤਿਆਰ ਕਰਵਾਈ ਹੋਈ ਹੈ।

💠 ਡਾ. ਹਰਪਾਲ ਸਿੰਘ ਪੰਨੂ, ਜੋ ਇਕ ਵੀਡੀਓ ਵਿੱਚ ਦੱਸਦੇ ਹਨ ਉਨ੍ਹਾਂ ਨੇ ਚੌਹਾਂ ਜਨਮਸਾਖੀਆਂ ਦਾ ਅਧਿਐਨ ਕੀਤਾ ਹੈ, ਵਿਦਿਆਰਥੀਆਂ ਨੂੰ ਪੜ੍ਹਾਈਆਂ ਹਨ ਅਤੇ ਫਹ.ਧ ਵੀ ਕਰਵਾਈ ਹੈ। ਅੱਜ ਵੀ ਉਹ ਜਨਮਸਾਖੀਆਂ ਦਾ ਪ੍ਰਚਾਰ ਕਰਦੇ ਹਨ। ਉਹ ਆਪਣੇ ਲੇਖ, “ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖਾਨ ਸਾਹਿਬ” (ਗੋਤਮ ਤੋਂ ਤਾਸਕੀ ਤੱਕ, ਪੰਨਾ 99) ਵਿੱਚ, ਭਾਈ ‘ਬਾਲੇ ਸੰਧੂ’ ਨੂੰ ਗੁਰੂ ਨਾਨਕ ਜੀ ਦੇ ਸਿੱਖਾਂ ਵਿੱਚ ਵੀ ਸ਼ਾਮਿਲ ਨਹੀਂ ਕਰਦੇ। ‘ਬਾਲੇ ਘਣਘਸ’ ਵਾਲੀ ਮੌਜੂਦਾ ਜਨਮਸਾਖੀ ਦੀ ਵਰਤੋਂ ਹਵਾਲੇ ਦੇਣ ਲਈ ਜ਼ਰੂਰ ਕਰਦੇ ਹਨ।

☢️ “ਬਾਕੀ ਸੰਸਾਰ ਜਿਸ ਤੋਂ ਵੰਚਿਤ ਸੀ, ਬੇਬੇ ਨਾਨਕੀ ਜੀ, ਭਾਈ ਮਰਦਾਨਾ ਜੀ ਅਤੇ ਰਾਇ ਬੁਲਾਰ ਖ਼ਾਨ ਸਾਹਿਬ ਨੂੰ ਰੱਬ ਨੇ ਉਹ ਨਜ਼ਰ ਦਿੱਤੀ। ਅਸੀਂ ਭਾਈ ਲਹਿਣਾ ਜੀ ਦਾ ਨਾਮ ਜਾਣ ਕੇ ਨਹੀਂ ਲਿਆ ਕਿਉਂਕਿ ਇਸ ਸੰਖੇਪ ਨਿਬੰਧ ਵਿਚ ਗੁਰੂ ਜੀ ਦੀ ਨਹੀਂ, ਸਿੱਖ ਦੀ ਤਸਵੀਰ ਦੇਖਣ ਦਾ ਯਤਨ ਕਰਾਂਗੇ। ਗੁਰੂ ਬਾਬਾ ਜੀ ਦੇ ਬਚਪਨ ਦੀ ਸਾਦਗੀ ਅਤੇ ਮਾਸੂਮੀਅਤ ਵਿਚੋਂ ਅਨੰਤ ਰੂਹਾਨੀਅਤ ਦਾ ਸੂਰਜ ਉਦੈ ਹੁੰਦਿਆਂ ਇਨ੍ਹਾਂ ਤਿੰਨ ਸਿੱਖਾਂ ਨੇ ਪ੍ਰਤੱਖ ਦੇਖਿਆ। ਬੇਬੇ ਨਾਨਕੀ ਬਾਬਾ ਜੀ ਤੋਂ ਚਾਰ ਸਾਲ ਵੱਡੇ ਸਨ, ਭਾਈ ਮਰਦਾਨਾ ਜੀ ਦਸ ਸਾਲ ਅਤੇ ਰਾਇ ਬੁਲਾਰ ਸਾਹਿਬ ਪੱਚੀ ਸਾਲ ਦੇ ਕਰੀਬ ਵੱਡੇ ਸਨ। ਤਿੰਨੇ ਗੁਰੂ ਬਾਬੇ ਦੀ ਸ਼ਖ਼ਸੀਅਤ ਉਪਰ ਫ਼ਿਦਾ ਸਨ।

🔰 ਸਾਖੀ ਦੱਸਦੀ ਹੈ ਕਿ ਬਾਬਾ ਜੀ ਧੁਰ ਦਿਲ ਦੀਆਂ ਡੂੰਘਾਣਾਂ ਵਿਚੋਂ ਇਨ੍ਹਾਂ ਨੂੰ ਪਿਆਰ ਕਰਦੇ ਸਨ। ਬਿਖੜੇ ਪੰਧ ਵਿਚ ਭਾਈ ਮਰਦਾਨਾ ਜਦੋਂ ਕਿਸੇ ਲੋੜੀਂਦੀ ਵਸਤੂ ਦੀ ਮੰਗ ਕਰਦੇ ਤਾਂ ਮਹਾਰਾਜ ਨਾਰਾਜ਼ ਨਹੀਂ ਹੁੰਦੇ ਸਨ”। (ਉਹੀ ਪੰਨਾ 99)
“ਬੇਬੇ ਨਾਨਕੀ ਦੀ ਮੰਗਣੀ ਦਾ ਫੈਸਲਾ ਰਾਇ ਬੁਲਾਰ ਸਾਹਿਬ ਦੀ ਹਵੇਲੀ ਵਿਚ ਹੋਇਆ। ਭਾਈ ਬਾਲੇ ਵਾਲੀ ਸਾਖੀ ਵਿਚ ਇਹ ਸ਼ਬਦ ਦਰਜ ਹਨ-ਚੇਤ ਵਸਾਖ ਦੇ ਦਿਨ ਆਹੇ। ਵਾਰ ਛਨਿਛਰ ਦਿਨ। ਜੈਰਾਮ ਅਤੇ ਨਾਨਕੀ ਦੀ ਕੁੜਮਾਈ ਹੋਈ। ਮੱਘਰ ਵਿਚ ਵਿਆਹ ਹੋਇਆ”। (ਉਹੀ, ਪੰਨਾ 103)

👁️‍🗨️ “ਫਿਰ ਰਾਏ ਨੇ ਹਮੀਦੇ ਨੌਕਰ ਨੂੰ ਬੁਲਾਇਆ ਤੇ ਕਿਹਾ, “ਸੁਧੇ ਨੂੰ ਬੁਲਾ ਲਿਆ। ਕਮਾਲ ਖਾਣਾ ਉਹੋ ਬਣਾ ਸਕਦਾ ਹੈ ।" ਹਮੀਦਾ ਗਿਆ ਤਾਂ ਪੁੱਛਿਆ, "ਦਸੋ ਬਾਬਾ ਜੀ ਕੀ ਛਕਣਾ ਹੈ।" ਬਾਬਾ ਜੀ ਨੇ ਕਿਹਾ, “ਕਰਤਾਰ ਜੋ ਭੇਜਦਾ ਹੈ ਖਾ ਲੈਂਦੇ ਹਾਂ।” ਰਾਇ ਨੇ ਪੁੱਛਿਆ, “ਆਗਿਆ ਹੋਵੇ ਤਾਂ ਬੱਕਰਾ ਬਣਾ ਲਈਏ?” ਬਾਬਾ ਜੀ ਨੇ ਕਿਹਾ, “ਪੁੱਛਣ ਦੱਸਣ ਫਰਮਾਇਸ਼ਾਂ ਦੀ ਕੀ ਲੋੜ ਇਥੇ। ਖੁਸ਼ ਹੋ ਕੇ ਜੋ ਖੁਆਓਗੇ ਖਾਵਾਂਗੇ । ਜੋ ਤੁਸਾਂ ਨੂੰ ਭਾਵੇ ਸੋਈ ਅਸਾਂ ਲਈ ਅੱਛਾ ਹੈ।" ਰਾਇ ਨੇ ਰਸੋਈਏ ਨੂੰ ਕਿਹਾ, "ਪਹਿਲੋਂ ਮਿੱਠਾ ਬਣਾਉ। ਸਲੂਣਾ ਬਾਅਦ ਵਿਚ ਛਕਾਂਗੇ।” ਇਹ ਪ੍ਰਸੰਗ ਭਾਈ ਬਾਲੇ ਜੀ ਦੀ ਸਾਖੀ ਵਿਚੋਂ ਹੈ”। (ਉਹੀ ਪੰਨਾ 107)

📕 ਇਸੇ ਕਿਤਾਬ ਵਿੱਚ ਭਾਈ ਮਰਦਾਨਾ ਜੀ ਬਾਰੇ ਤਾਂ 11 ਪੰਨਿਆ ਦਾ ਲੇਖ ਹੈ ਪਰ ਬਾਲਾ ਸੰਧੂ ਇਥੇ ਵੀ ਗੈਰਹਾਜ਼ਰ ਹੈ। ਹਾਂ, ਇਕ ਵਾਰ ਬਾਲੇ ਦਾ ਜਿਕਰ ਮਿਲਦਾ ਹੈ ਜਿਸ ਦਾ ਚਲ ਰਹੇ ਪ੍ਰਸੰਗ ਨਾਲ ਕੋਈ ਸਬੰਧ ਨਹੀਂ ਹੈ।

“ਸਿੱਖ ਦੇ ਮਨ ਵਿਚ ਗੁਰੂ ਬਾਬੇ ਦੀ ਇਕੱਲਿਆਂ ਦੀ ਤਸਵੀਰ ਕਦੀ ਨਹੀਂ ਆਉਂਦੀ। ਆ ਹੀ ਨਹੀਂ ਸਕਦੀ। ਰਬਾਬ ਮੋਢੇ 'ਤੇ ਲਟਕਾਈ ਉਹ ਅਨੰਤ ਦੇ ਸਫ਼ਰ ਵਿਚ ਨਾਲ-ਨਾਲ ਹਨ ਹਮੇਸਾ ਇਕ ਪਾਸੇ ਭਾਈ ਬਾਲਾ ਦੂਜੇ ਪਾਸੇ ਮਰਦਾਨਾ”। (ਉਹੀ ਪੰਨਾ 124)

🪑 ਹੋ ਸਕਦਾ ਹੈ ਕਿ ਜਿੱਥੇ ਬੈਠ ਕੇ ਡਾ. ਪਨੂੰ ਇਹ ਲੇਖ ਲਿਖ ਰਿਹਾ ਹੋਵੇ, ਉਥੇ ਕੰਧ 'ਤੇ ਕੈਲੰਡਰ ਟੰਗਿਆ ਹੋਵੇ ਤਾਂ ਉਸ ਫੋਟੋ ਦਾ ਜਿਕਰ ਕਰ ਦਿੱਤਾ ਹੋਵੇ। ਉਝ ਦੋਵਾਂ ਲੇਖਾਂ ਵਿੱਚ "ਬਾਲੇ ਸੰਧੂ" ਦਾ ਜ਼ਿਕਰ ਨਾ ਕਰਨਾ ਜਾਂ ਬਾਲੇ ਸੰਧੂ ਨੂੰ ਗੁਰੂ ਜੀ ਦਾ ਸਿੱਖ ਨਾ ਮੰਨਣਾ, ਇਸ ਗੱਲ ਦਾ ਸਬੂਤ ਹੈ ਕਿ ਡਾ. ਪਨੂੰ ਵੀ ਬਾਲਾ ਸੰਧੂ ਨੂੰ ਫਰਜੀ ਪਾਤਰ ਹੀ ਮੰਨਦਾ ਹੈ।

🎛️ਹੁਣ ਸਾਡੇ ਸਾਹਮਣੇ ਦੋ ਪਾਤਰ - "ਬਾਲਾ ਸੰਧੂ" ਅਤੇ "ਬਾਲਾ ਘਣਘਸ" ਹਨ। ਪ੍ਰਚੱਲਿਤ ਜਨਮਸਾਖੀ ਭਾਈ ਬਾਲਾ, ਹਿੰਦਾਲੀਆਂ ਵੱਲੋਂ 1715 ਬਿ: (1658 ਈ:) ਵਿੱਚ ਲਿਖਵਾਈ ਗਈ ਸੀ। ਇਸ ਦਾ ਮੁਖ ਪਾਤਰ ਬਾਲਾ ਘਣਘਸ ਹੈ। ਬਾਲਾ ਸੰਧੂ ਫਰਜੀ ਪਾਤਰ ਹੈ। ਉਸ ਨੇ ਕੋਈ ਜਨਮਸਾਖੀ ਨਹੀਂ ਲਿਖਵਾਈ। ਇਹ ਸਾਰੀ ਕਹਾਣੀ ਬਾਲੇ ਘਣਘਸ ਵਾਲੀ ਜਨਮਸਾਖੀ ਪੜ੍ਹ ਕੇ ਘੜੀ ਗਈ ਹੋ ਸਕਦੀ ਹੈ। ਪਰ ਜਦੋਂ ਇਸ ਦੀ ਪਰਖ-ਪੜਤਾਲ ਹੋਈ ਤਾਂ ਇਹ ਕਹਾਣੀ ਰੇਤ ਦੇ ਮਹਿਲ ਵਾਗੂੰ ਢਹਿ ਢੇਰੀ ਹੋ ਗਈ। ਇਸ ਜਨਮ ਸਾਖੀ ਦੇ ਅੰਦਰਲੀਆਂ ਗਵਾਹੀਈਆਂ ਹੀ ਇਸ ਨੂੰ ਰੱਦ ਕਰਨ ਲਈ ਕਾਫੀ ਹਨ।

🎯 #ਬਾਲਾ #ਸੰਧੂ, ਇਕ #ਕਾਲਪਨਿਕ #ਪਾਤਰ ਹੈ ਅਤੇ ਉਸ ਦੇ ਨਾਮ ਨਾਲ ਜਾਣੀ ਜਾਂਦੀ ਮੌਜੂਦਾ ਜਨਮ ਸਾਖੀ ਝੂਠੀ ਅਤੇ ਜਾਅਲੀ ਹੈ। ਸਾਡਾ ਇਹ ਦਾਵਾ ਉਨ੍ਹਾਂ ਚਿਰ ਕਾਇਮ ਰਹੇਗਾ, ਜਿੰਨਾ ਚਿਰ ਸਬੰਧਿਤ ਧਿਰਾਂ ਸੰਮਤ 1597 ਬਿਕ੍ਰਮੀ (1540 ਈ:) ਦੀ ਲਿਖੀ ਹੋਈ ਭਾਈ ਬਾਲੇ ਸੰਧੂ ਦੀ ਅਸਲ ਲਿਖਤ ਪੇਸ਼ ਨਹੀਂ ਕੀਤੀ ਜਾਂਦੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top