Share on Facebook

Main News Page

ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ
-: ਗੁਰਦੇਵ ਸਿੰਘ ਸੱਧੇਵਾਲੀਆ

ਜਿੰਨੀ ਇੱਕ ਪਛਾਣ ਲਿਆ, ਦੂਜਾ ਭਾਉ ਅਪਣੇ ਆਪ ਚੁੱਕਿਆ ਜਾਂਦਾ। ਗੱਲ ਤਾਂ ਪਛਾਣ 'ਤੇ ਖੜੀ ਏ ਨਾ। ਦੂਜਾ ਭਾਉ ਉਨਾਂ ਚਿਰ ਜਿੰਨਾ ਚਿਰ ਇੱਕ ਦੀ ਪਛਾਣ ਨਹੀਂ ਆਈ। ਤੇ ਇੱਕ ਨਾਲ ਪਛਾਣ ਤਾਂ ਗੁਰੂ ਆਪ ਖੁਦ ਅਪਣੇ ਹੱਥੀ, ਅਪਣੀ ਹਯਾਤੀ ਵਿਚ, ਅਪਣੇ ਜਿਉਂਦੇ ਜੀਅ ਕਰਾ ਗਏ ਸਨ।

ਮੇਰੀ ਪਛਾਣ, ਮੇਰੀ ‘ਇੰਟਰੋਡਿਊਸ’ ਤਾਂ ਇੱਕ ਨਾਲ ਕਰਾਈ ਸੀ, ਫਿਰ ਦੂਜਾ ਕਿਥੇ ਆ ਗਿਆ ਵਿਚੋਂ? ਕੌਣ ਹੈ ਦੂਜਾ? ਦੂਜਾ ਆ ਹੀ ਕਿਥੋਂ ਗਿਆ? ਦੂਜੇ ਦਾ ਮੇਰੇ ਜੀਵਨ ਵਿਚ ਕੰਮ ਕੀ ਸੀ? ਇਸ ਦੂਜੇ ਨੇ ਮੈਨੂੰ ‘ਕਨਫਿਊਜ਼’ ਕਰ ਦਿੱਤਾ ਹੈ। ਦੁਰਾਹੇ ਦਾ ਮੱਤਲਬ ਹੀ ਦੁਬਿਧਾ ਹੈ। ਦੁਰਾਹਾ ਭਟਕਾ ਦਿੰਦਾ ਹੈ। ਦੁਰਾਹੇ 'ਤੇ ਆ ਕੇ ਤੁਸੀਂ ਭਟਕ ਜਾਂਦੇ ਹੋ। ਰਾਹ ਦੋ ਹੋ ਹੀ ਨਹੀਂ ਸਕਦੇ। ਇੱਕੇ ਸਮੇਂ ਤੁਸੀਂ ਦੋ ਰਾਹਾਂ ਤੇ ਕਿਵੇਂ ਚਲ ਲਵੋਂਗੇ। ਮੇਰਾ ਰਾਹ ਇੱਕ ਸੀ! ਇੱਕੋ ਰਸਤਾ। ਇੱਕੇ ਰਸਤੇ ਨਾਲ ਮੇਰੀ ਪਛਾਣ ਪਵਾਈ ਗਈ ਸੀ, ਪਰ ਇਹ ਦੂਜਾ ਰਸਤਾ ਕਿੰਨ ਮੇਰੇ ਪੈਰਾਂ ਅੱਗੇ ਲਿਆ ਖੜਾ ਕੀਤਾ?

ਦਰਵਾਜਾ ਇੱਕ ਹੀ ਹੁੰਦਾ, ਦੂਜੀ ਤਾਂ ਚੋਰ ਮੋਰੀ ਹੁੰਦੀ। ਰਾਹ ਇੱਕ ਦੂਜਾ ਤਾਂ ਔਜੜੇ ਪੈਣਾ ਹੈ। ਦੋਰਾਹੇ ਉਪਰ ਆ ਕੇ ਤੁਸੀਂ ਹਮੇਸ਼ਾਂ ਗੁਆਚ ਜਾਉਂਗੇ। ਘੁੱਸ ਜਾਉਂਗੇ। ਕਿਵੇ ਪਤਾ ਕਰੋਂਗੇ ਕਿ ਸਹੀ ਰਸਤਾ ਕਿਹੜਾ ਹੈ। ਕੌਣ ਨਿਰਣਾ ਕਰੇਗਾ ਕਿ ਆਹ ਰਸਤਾ ਹੈ। ਨਿਰਣਾ ਕਰਨ ਵਾਲਾ ਗੁਰੂ ਕਰ ਤਾਂ ਗਿਆ ਸੀ। ਮੱਥਾ ਟੇਕ ਗਿਆ ਸੀ ਇੱਕ ਨੂੰ! ਪਰ ਆਹ ਦੂਜਾ ਕਿਥੇ ਆ ਗਿਆ?

ਦੂਜਾ ਕੌਣ ਹੈ?

ਬਰਾਬਰ ਦਾ ਸ਼ਰੀਕ? ਬਚਿੱਤਰ ਨਾਟਕ? ਦਸਮ ਗਰੰਥ? ਦਸਮ ਸ੍ਰੀ ਗੁਰੂ ਗਰੰਥ ਸਾਹਿਬ? ਇਹ ਕਿਥੋਂ, ਕਿਉਂ ਤੇ ਕਿਵੇਂ ਆ ਗਿਆ ਮੇਰੇ ਜੀਵਨ ਵਿੱਚ? ਇਸ ਦਾ ਕੀ ਕੰਮ ਸੀ? ਮੈਂ ਕਹਿਨਾ ਮੇਰਾ ਗੁਰੂ ਸਮਰਥ ਹੈ, ਤਾਂ ਫਿਰ ਮੈਨੂੰ ਉਸ ਦੀ ਸਮਰਥਾ ਉਪਰ ਸ਼ੱਕ ਕਿਉਂ? ਕਿ ਉਹ ਸੰਤ ਹੀ ਬਣਾ ਸਕਦਾ ਸਿਪਾਹੀ ਨਹੀਂ? ਜੇ ਮੈਨੂੰ ਸਿਪਾਹੀ ਬਣਨ ਲਈ ਇੱਕ ਹੋਰ ਚਾਹੀਦਾ, ਤਾਂ ਫਿਰ ਪਹਿਲਾ ਸਮਰਥ ਕਿਵੇਂ?

ਮੈਂ ਖੁਦ ਅਪਣੇ ਗੁਰੂ ਉਪਰ ਸ਼ੰਕਾ ਕੀਤਾ, ਸ਼ੱਕ ਕੀਤਾ ਤਾਂ ਹੀ ਤਾਂ ਮੈਨੂੰ ਦੂਜੇ ਦੀ ਲੋੜ ਪਈ! ਮੇਰਾ ਇੱਕ ਉਪਰ ਭਰੋਸਾ ਹੀ ਨਾ ਰਿਹਾ, ਤਾਂ ਤੇ ਮੈਨੂੰ ਜਾਪਿਆ ਕਿ ਮੈਂ ਕਿਤੇ ਸਿਪਾਹੀ ਬਣਨੋ ਨਾ ਰਹਿ ਜਾਵਾਂ? ਪਰ ਮੈਂ ਇਸ ਸ਼ਰਤ ਉਪਰ ਸਿਪਾਹੀ ਬਣਨਾ ਹੀ ਨਹੀਂ ਚਾਹੁੰਦਾ, ਕਿ ਲੋਕ ਮੇਰੇ ਕਿਰਦਾਰ ਉਪਰ ਹੀ ਉਂਗਲ ਚੁੱਕਣ ਕਿ ਮੈਂ ਦੋ ਬਾਪਾਂ ਦੀ ਉਲਾਦ ਹਾਂ?

ਮੈਂ ਦੂਜੇ ਨੂੰ ਜਾਣਦਾ ਨਹੀਂ। ਮੈਨੂੰ ਜਾਨਣ ਦੀ ਲੋੜ ਵੀ ਹੈ? ਮੈਂ ਕਿਉਂ ਜਾਣਾ ਦੂਜਾ ਜਦ ਮੇਰੇ ਕੋਲੇ ਇੱਕ ਹੀ ਸੰਪੂਰਨ ਰੂਪ ਵਿਚ ਮੌਜੂਦ ਹੈ। ਯਾਦ ਰਹੇ ਕਿ ਮੈਨੂੰ ਖੁਲ੍ਹ ਹੈ ਮੈਂ ਕੇਵਲ ਬੱਚਿਤਰ ਨਾਟਕ ਹੀ ਨਹੀਂ, ਬਲਕਿ ਦੁਨੀਆਂ ਦੇ ਸਾਰੇ ਗਰੰਥ, ਸਾਰਾ ਗਿਆਨ ਪੜ੍ਹਾਂ। ਜੇ ਮੈਨੂੰ ਉਸ ਵਿਚੋਂ ਕੁਝ ਗੱਲਾਂ ਚੰਗੀਆਂ ਲੱਗਦੀਆਂ, ਮੈਨੂੰ ਜਰੂਰ ਅਪਨਾਉਂਣੀਆਂ ਚਾਹੀਦੀਆਂ। ਪੁਰਾਣਾਂ ਵਿੱਚ ਵੀ ਚੰਗੀ ਗੱਲ ਹੋ ਸਕਦੀ। ਕੁਰਾਨ ਵਿਚ ਕਿੰਨਾ ਗਿਆਨ ਪਿਆ, ਬਾਈਬਲ ਵੀ ਪੜਾਂ ਮੈਂ। ਗੀਤਾ ਵੀ ਪੜਾਂ। ਕਾਰਲ ਮਾਰਕਸ, ਸੁਕਰਾਤ, ਅਰਸਤੂ, ਗੋਰਕੀ। ਜਿਥੇ ਤੱਕ ਪਹੁੰਚ ਪੜਾਂ। ਬੜਾ ਗਿਆਨ ਪਿਆ। ਕੋਈ ਅੰਤ ਨਹੀਂ। ਪਰ੍ਹੇ ਤੋਂ ਪਰ੍ਹੇ।

ਤੁਸੀਂ ਦੁਨੀਆਂ ਫਿਰੋ, ਧਰਤੀ ਗਾਹੋ, ਕਈ ਮਹੀਨੇ ਨਾ ਮੁੜੋ, ਵੱਡੀਆਂ ਸੈਰਾਂ ਕਰੋ, ਪਰ ਵਾਪਸ ਕਿਥੇ ਆਉਂਦੇ? ਮੈਂ ਨਹੀਂ ਕਹਿੰਦਾ ਕਿ ਦੁਨੀਆਂ ਉਪਰ ਹੋਰ ਹੈ ਹੀ ਕੁਝ ਨਹੀਂ, ਪਰ ਮੇਰਾ ਘਰ ਤਾਂ ਮੇਰਾ ਘਰ ਹੀ ਏ ਨਾ! ਬਾਕੀ ਲੋਕਾਂ ਦੇ ਪਿਉ ਅਮੀਰ ਜਾਂ ਧਨਾਢ ਹੋਣ, ਮੇਰਾ ਕੀ ਲੈਣਾ ਦੇਣਾ। ਮੇਰੀ ਕਮਜੋਰੀ ਹੈ, ਗੁਲਾਮ ਮਾਨਸਿਕਤਾ ਹੈ ਜੇ ਮੁਕਾਬਲੇ ਪਰਖਾਂ। ਮੈਨੂੰ ਜੋ ਸੁੱਖ ਮਿਲਿਆ, ਮੈਨੂੰ ਜੋ ਸਕੂਨ ਮਿਲਿਆ, ਮੇਰੀ ਜੋ ਸਮਝ ਬਣੀ, ਮੈਂ ਜੋ ਜਾਣਿਆ ਉਸ ਦਾ ਬੇਸ ਸ੍ਰੀ ਗੁਰੂ ਗਰੰਥ ਸਾਹਿਬ ਹੈ। ਮੈਂ ਬਾਕੀ ਦੁਨੀਆਂ ਤੋਂ ਵੀ ਸਿਖਿਆ, ਮੈਂ ਬਾਕੀ ਦੁਨੀਆਂ ਤੋਂ ਵੀ ਜਾਣਿਆ, ਮੈਂ ਬਾਕੀ ਦੁਨੀਆਂ ਕੋਲੋਂ ਵੀ ਲਿਆ, ਪਰ ਮੇਰੀ ਨੀਂਹ ਕਿੱਥੇ ਹੈ। ਮੈਂ ਕਿੰਨਾ ਉਪਰ ਉੱਠ ਜਾਵਾਂ, ਮੈਂ ਅਪਣੀ ਨੀਂਹ ਤੋਂ ਬਿਨਾ ਡਿੱਗ ਜਾਵਾਂਗਾ। ਅਸਮਾਨ ਛੋਹਦੇਂ ਮੁਨਾਰੇ ਹੇਠਾਂ ਡੂੰਘੀ ਨੀਂਹ ਕਰਕੇ ਹਨ। ਮੇਰੀ ਨੀਂਹ ਮੇਰਾ ਲਹੂ ਚੋਂਦਾ ਸੂਰਬੀਰਾਂ ਦਾ ਇਤਿਹਾਸ, ਉਸ ਇਤਿਹਾਸ ਦੀ ਨੀਂਹ ਹੇਠਾਂ ਸ੍ਰੀ ਗੁਰੂ ਜੀ ਦੀ ਵਿਚਾਰਧਾਰਾ! ਉਸ ਵਿਚਾਰਧਾਰਾ ਕਾਰਨ ਹੀ ਤਾਂ ਦਰੜੇ, ਕੁਚਲੇ, ਦਬਾਏ ਅਤੇ ਦੁਬਕੇ ਲੋਕ ਅਬਦਾਲੀਆਂ-ਨਾਦਰਾਂ ਅੱਗੇ ਬਰਛੇ ਗੱਡ ਕੇ ਖੜਨ ਗੋਚਰੇ ਹੋਏ।

ਮੇਰੀ ਨੀਂਹ ਸ੍ਰੀ ਗੁਰੂ ਗਰੰਥ ਸਾਹਿਬ ਹੈ। ਮੈਂਨੂੰ ਜੇ ਜਾਪਦਾ ਦੂਜੇ ਜਾਂ ਦੂਜਿਆਂ ਵਿਚੋਂ ਮੈਨੂੰ ਕੁਝ ਚੰਗਾਂ ਲੱਭਦਾ, ਮੈਂ ਉਸ ਵਿਚੋਂ ਲੈ ਲਵਾਂ, ਪਰ ਉਸ ਨੂੰ ਅਪਣੇ ਬਾਪ ਦੇ ਬਰਾਬਰ ਤਾਂ ਨਾ ਲਿਆ ਬਿਠਾਵਾਂ। ਗੁਆਂਢੀ ਅੰਕਲ ਜੇ ਮੈਨੂੰ ਕੋਈ ਚੰਗੀ ਅਕਲ ਦਿੰਦਾ, ਲੈ ਲਵਾਂ ਪਰ ਅਪਣੀ ਮਾਂ ਨੂੰ ਇਹ ਤਾਂ ਨਾ ਆਖਣ ਲੱਗ ਜਾਵਾਂ ਕਿ ਮਾਂ ਅੱਜ ਤੋਂ ਇਹ ਵੀ ਤੇਰਾ ਖਸਮ?

ਇਹ ਮੇਰੇ ਜੀਵਨ ਦੀ ਪਛਾਣ ਹੈ, ਮੇਰੇ ਜੀਵਨ ਦਾ ‘ਬੇਸ’ ਹੈ। ਜੇ ਇਹ ਹਿੱਲ ਗਿਆ ਤਾਂ ਉਪਰ ਦਿੱਸਦਾ ਸਭ ਕੁਝ ਅਪਣੇ ਆਪ ਹੇਠਾਂ ਆ ਜਾਣਾ ਹੈ। ਮੇਰੀ ਦਸਤਾਰ, ਮੇਰੀ ਕ੍ਰਿਪਾਨ! ਮੇਰੀ ਮੁੱਛ ਖੜੀ ਕਿਵੇਂ ਰਹਿ ਜਾਊ ਹੇਠਾਂ ਨੀਂਹ ਨਾ ਰਹੀ। ਡਿੱਗ ਤਾਂ ਰਹੇ ਨੇ। ਕਿਉਂਕਿ ਮੈਂ ਇਸ ਲੜਾਈ ਵਿਚ ਉਲਝ ਗਿਆ ਹਾਂ ਕਿ ਦੋ ਜਾਂ ਇੱਕ! ਮੇਰੀ ਇਸ ਲੜਾਈ ਕਾਰਨ ਬਹੁਤੇ ਲੋਕਾਂ ਡੇਰਿਆ ਵਲ ਮੂੰਹ ਕਰ ਲਿਆ ਹੈ। ਲੋਕ ਲੜਾਈ ਨਹੀਂ ਚਾਹੁੰਦੇ। ਬਹੁਤੇ ਲੋਕਾਂ ਦਾ ਧਰਮ ਨਾਲ ਇਨਾ ਕੁ ਹੀ ਵਾਹ ਹੁੰਦਾ ਕਿ ਸਾਡੇ ਕੀਤੇ ‘ਪਾਪ’ ਧੋਤੇ ਜਾਣ, ਸਾਡੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਰਹਿਣ, ਸਾਡੇ ਕਾਰਜ ਤੇ ਸਾਡੇ ਕਾਰੋਬਾਰਾਂ ਨੂੰ ਚਮਕਾਉਂਣ ਹਿੱਤ ਰੱਬ ਦਖਲ ਦਿੰਦਾ ਰਹੇ ਤੇ ਬੱਅਸ!

ਉਨ੍ਹਾਂ ਨੂੰ ਮੇਰੀ ਕੌਮੀਅਤ ਤੋਂ ਕੁਝ ਲੈਣਾ ਦੇਣਾ ਨਹੀਂ। ਉਨ੍ਹਾਂ ਦੀ ਅਰਦਾਸ ਜੇ ਲਾਲਾਂ ਵਾਲੇ ਦੇ ਜਾਕੇ ਪੂਰੀ ਹੋ ਗਈ, ਉਨੀ ਉਧਰ ਤੁਰ ਪੈਣਾ, ਉਨਾ ਦੀ ਮੱਝ ਜੇ ਸ਼ੇਖ ਫੱਤੇ ਦੇ ਖੀਰ ਚਾੜ੍ਹਨ ਨਾਲ ਮਿਲ ਪਈ, ਉਨ੍ਹਾਂ ਡੋਲੂ ਲੈ ਕੇ ਉਧਰ ਤੁਰ ਪੈਣਾ। ਕੌਮ ਬਾਰੇ ਕੌਮੀਅਤ ਬਾਰੇ ਅਪਣੀ ਵੱਖਰੀ ਹੋਂਦ ਬਾਰੇ ਉਸ ਹੋਂਦ ਨੂੰ ਜਿਉਂਦੇ ਰੱਖਣ ਬਾਰੇ ਜਿੰਨਾ ਲੋਕਾਂ ਸੋਚਣਾ ਸੀ ਅਤੇ ਲੋਕਾਂ ਦੀ ਸੋਚ ਨੂੰ ਉਧਰ ਤੋਰਨਾ ਸੀ, ਉਹ ਇੱਕ ਜਾਂ ਦੋ ਵਿਚ ਉਲਝ ਕੇ ਰਹਿ ਗਏ। ਦੂਜਾ ਭਾਉ ਦਿੱਲ ਨੂੰ ਲਾ ਬੈਠੇ। ਜਦ ਕਿ ਮੇਰੀ ਪਛਾਣ ਇੱਕ ਨਾਲ ਕਰਾਈ ਗਈ ਸੀ। ਮੇਰਾ ਵਾਹ ਇੱਕ ਨਾਲ ਪਾਇਆ ਗਿਆ ਸੀ।

ਪੰਡੀਆ ਤੇਜ ਨਿਕਲਿਆ। ਸ਼ਾਤਰ! ਉਸ ਦੇ ਪੁਰਾਣੇ ਤਜ਼ੁਰਬੇ ਸਨ। ਬੰਦੇ ਨੂੰ ਚੁਰਾਹੇ ਲਿਆ ਖੜਾ ਕਰੋ। ਰਾਹ ਗੁਆ ਦਿਓ ਭਟਕ ਤਾਂ ਉਸ ਜਾਣਾ ਹੀ ਹੈ। ਔਜੜੇ ਪਾ ਦਿਓ। ਭਟਕਿਆ ਬੰਦਾ ਕਦ ਅਪਣੀ ਮੰਜਲ ਪਹੁੰਚਿਆ। ਔਜੜੇ ਪਿਆ ਕਦ ਨਿਕਲ ਗਿਆ। ਉਸ ਨੂੰ ਹੁਣ ਕੁੱਝ ਕਰਨ ਦੀ ਲੋੜ ਨਹੀਂ, ਹੁਣ ਅਸੀਂ ਖੁਦ ਹੀ ਸਭ ਕੁਝ ਕਰੀ ਜਾਣਾ ਹੈ, ਜੋ ਉਹ ਕਰਨਾ ਚਾਹੁੰਦਾ ਸੀ। ਫਸੇ ਤੋਤੇ ਰਾਮ-ਨਾਮ ਜਪੀ ਜਾਂਦੇ ਹਨ, ਕਿ ਫਸਣਾ ਨਹੀਂ। ਦੂਜੇ ਭਾਉ ਕਾਰਨ ਅਸੀਂ ਗੁਆਚ ਚੁੱਕੇ ਹੋਏ ਹਾਂ, ਤੇ ਗੁਆਚੇ ਹੋਏ ਆਪਸ ਵਿਚ ਲੜੀ ਤੇ ਖਿੱਝੀ ਜਾਂਦੇ ਹਾਂ। ਪਛਾਣ ਖਤਮ ਹੋ ਚੁੱਕੀ। ਮੈਂ ਪਛਾਣ ਕਰਾਉਂਣ ਵਾਲੇ ਉਪਰ ਹੀ ਇੱਕ ਵੱਡਾ ਸਵਾਲ ਕਰ ਮਾਰਿਆ ਹੈ ਕਿ ਨਹੀਂ! ਇੱਕ ਹੋਰ ਵੀ ਸੀ। ਯਾਨੀ ਦੂਜਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top