Share on Facebook

Main News Page

ਪਾਠ ਵੇਚਣ ਵਾਲਾ ਮਾਫ਼ੀਆ
-: ਗੁਰਦੇਵ ਸਿੰਘ ਸੱਧੇਵਾਲੀਆ

ਧਰਮ ਧੰਦਾ ਨਹੀਂ, ਧਰਮ ਇੱਕ ਜੀਵਨ ਜਾਚ ਹੈ। ਧਰਮ ਇੰਜ ਕਦੇ ਨਹੀਂ ਹੁੰਦਾ ਕਿ ਤੁਸੀਂ ਘਰ ਸੁੱਤੇ ਹੋਵੋਂ ਤੇ ਤੁਹਾਡਾ ਪਾਠ ਕੋਈ ਹੋਰ ਕਰ ਰਿਹਾ ਹੋਵੇ। ਇੰਜ ਕਿਰਾਏ 'ਤੇ ਕੀਤੇ ਪਾਠ ਦਾ ਨਾ ਤੁਹਾਡੇ ਤੇ ਕੋਈ ਅਸਰ ਹੁੰਦਾ ਨਾ ਪਰਿਵਾਰ ਉੱਪਰ। ਕਰਨ ਵਾਲੇ ਉੱਪਰ ਤਾਂ ਹੋਣਾ ਹੀ ਕੀ

 ਪੈਸੇ ਦੇ ਕੇ ਸਜਾ ਦਿੰਦੇ ਤੁਸੀਂ ਪਾਠੀ ਨੂੰ ਦੋ ਘੰਟੇ ਦੀ। ਰੌਲ ਲਾਉਂਦੇ ਪਾਠੀ ਦਾ ਉਬਾਸੀਆਂ ਮਾਰ ਮਾਰ ਬੁਰਾ ਹਾਲ ਹੁੰਦਾ। ਖ਼ਾਸ ਕਰ ਰਾਤ ਦੀਆਂ ਰੌਲ਼ਾਂ 'ਤੇ? ਤੁਸੀਂ ਪੈਸੇ ਦਿਖਾ ਕੇ ਉਸ ਨੂੰ ਸਜਾ ਦਿੱਤੀ। ਉਹ ਕੰਮ ਹੁੰਦਾ ਹੀ ਸਜਾ ਹੈ ਜਿਹੜਾ ਤੁਸੀਂ ਰੂਹ ਤੱਕ ਵੀ ਨਾ ਕਰਨਾ ਚਾਹੁੰਦੇ ਹੋਵੋਂ ਪਰ ਤੁਹਾਡੇ ਕੋਲੋਂ ਕਰਾਇਆ ਜਾ ਰਿਹਾ ਹੋਵੇ। ਪਾਠੀ ਪਾਠ ਕਰਨਾ ਨਹੀਂ ਚਾਹੁੰਦਾ। ਕਦੇ ਵੀ ਨਹੀਂ ਕਰਨਾ ਚਾਹੁੰਦਾ। ਪਾਠ ਨਾਲ ਉਸ ਦਾ ਦੂਰ ਦਾ ਵੀ ਵਾਸਤਾ ਨਹੀਂ। ਉਸ ਦੀ ਮਜਬੂਰੀ ਹੈ ਪਾਠ ਕਰਨਾ। ਤੇ ਮਜਬੂਰੀ ਹੀ ਤਾਂ ਸਜਾ ਹੁੰਦੀ। 'ਬੱਧਾ ਚੱਟੀ ਭਰਨਾ' ਕਹਿੰਦੇ ਇਸ ਨੂੰ।

ਪਾਠ ਇੱਕ ਵੱਡਾ ਧੰਦਾ ਬਣ ਗਿਆ ਹੈ ਤੇ ਇਸ ਧੰਦੇ ਨੂੰ ਚਲਾਉਣ ਵਾਲਾ ਇੱਕ ਬਹੁਤ ਵੱਡਾ ਮਾਫ਼ੀਆ ਪੈਦਾ ਹੋ ਗਿਆ ਹੈ। ਉਹ ਮਾਫ਼ੀਆ ਹੈ ਡੇਰੇ ਦਾ ਸਾਧ, ਉਹ ਮਾਫ਼ੀਆ ਹੈ ਗੁਰਦੁਆਰੇ ਦਾ ਪ੍ਰਬੰਧਕ! ਉਹ ਮਾਫ਼ੀਆ ਕਬਰਾਂ, ਮੜ੍ਹੀਆਂ, ਭੂਤਾਂ ਕੱਢਣ ਵਾਲਿਆਂ, ਵਡਭਾਗੀਆਂ, ਰੋਡੇ ਸ਼ਾਹਾਂ, ਸ਼ੇਖ਼ ਫੱਤਿਆਂ ਅਤੇ ਕਈ ਹੋਰ ਅਜਿਹੇ ਨੰਗਾਂ ਦੀਆਂ ਕਬਰਾਂ ਉੱਪਰ ਵੀ ਬੈਠਾ ਹੈ। ਗੁਰਦੁਆਰਾ ਗੁਰੂ ਦੀ ਸਿੱਖਿਆ ਦਾ ਸਕੂਲ ਸੀ, ਪਾਠਸ਼ਾਲਾ ਸੀ, ਸਿੱਖ ਜਿੱਥੇ ਗੁਰੂ ਪਾਂਧੇ ਪਾਸ ਪੜ੍ਹਨ ਆਉਂਦੇ ਅਤੇ ਜੀਵਨ ਜਾਚ ਲੈ ਕੇ ਜਾਂਦੇ ਸਨ। ਪਰ ਇਸ ਮਾਫ਼ੀਏ ਅਖੰਡ-ਪਾਠਾਂ ਦੀਆਂ ਸੇਲਾਂ ਲਾ ਕੇ ਪੰਡੀਏ ਨਾਲੋਂ ਵੀ ਵੱਡਾ ਧੰਦਾ ਚਲਾ ਮਾਰਿਆ! ਜਿਸ ਗੁਰਬਾਣੀ ਵਿਚ ਧੰਦੇ ਵਾਲਿਆਂ ਦਲਾਲਾਂ ਨੂੰ ਆੜੇ ਹੱਥੀਂ ਲਿਆ ਗਿਆ ਇਸ ਮਾਫ਼ੀਏ ਨੇ ਉਸੇ ਗੁਰਬਾਣੀ ਉੱਪਰ ਧੰਦਾ ਸ਼ੁਰੂ ਕਰ ਲਿਆ। ਤੁਹਾਡੇ ਅਖੰਡ ਪਾਠਾਂ ਉੱਪਰ ਇੰਨੀਆਂ ਵਿਹਲੜ ਧਾੜਾਂ ਪਲ ਰਹੀਆਂ ਹਨ ਕਿ ਹਰੇਕ ਪਾਸਿਉਂ ਫਿਹਲ ਹੋ ਚੁੱਕਾ ਜੋ ਨਿਕੰਮਾ ਤੇ ਨਿਖਿੱਧ ਬੰਦਾ ਪਾਠੀ ਬਣ ਗਿਆ। ਯੂ. ਪੀ. ਦੇ ਬਈਏ ਤੱਕ ਕਿਰਪਾਨਾਂ ਪਾ ਕੇ ਇਸ ਧੰਦੇ ਵਿਚ ਕੁੱਦ ਚੁੱਕੇ ਹਨ ਜਿੰਨਾ ਨੂੰ ਪਾਠ ਕਰਨਾ ਤਾਂ ਪਾਸੇ ਰਿਹਾ ਇਹ ਵੀ ਪਤਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਕਿਸ ਦੀ ਹੈ। ਪਾਠਾਂ ਦੇ ਸਿਰ 'ਤੇ ਪਨਪ ਰਹੇ ਇਸ ਮਾਫ਼ੀਏ ਨੇ ਅਗਲਾ ਧਰੋਹ ਕੌਮ ਨਾਲ ਇਹ ਕੀਤਾ ਕਿ ਜਹਾਨ ਦੇ ਛੱਟੇ ਬਦਮਾਸ਼, ਚੋਰ ਅਤੇ ਡਰੱਗੀ ਲੋਕਾਂ ਨੂੰ ਗੁਰੂ ਘਰਾਂ ਦੀਆਂ ਸਟੇਜਾਂ ਤੇ ਸਿਰੋਪੇ ਦਿੱਤੇ ਅਤੇ ਪੈਰ ਪੈਰ ਤੇ ਝੂਠ ਬੋਲਣ ਵਾਲੇ ਰਾਜ ਨੇਤਾਵਾਂ ਨੂੰ ਇੱਥੋਂ ਸਨਮਾਨਿਆ। ਝੂਠ ਦਾ ਸੱਚ ਸਾਹਵੇਂ ਸਨਮਾਨ?

ਇਦੋਂ ਵੱਡੀ ਗ਼ੱਦਾਰੀ ਗੁਰੂ ਘਰ ਨਾਲ ਕੀ ਹੈ? ਇਹ ਗੁਰੂ ਨਾਲ ਧਰੋਹ ਨਹੀਂ? ਗੁਰੂ ਘਰ ਨਾਲ ਵੱਡਾ ਧ੍ਰੋਹ ਹੀ ਨਹੀਂ ਬਲਕਿ ਸਿੱਖ ਜੀਵਨ ਜਾਚ ਨੂੰ ਹੀ ਪੁੱਠਾ ਗੇੜਾ ਦੇ ਮਾਰਿਆ! ਜਿੱਥੋਂ ਤਵੱਕੋ ਕੀਤੀ ਜਾਂਦੀ ਸੀ ਕਿ ਇੱਥੇ ਸੱਚ ਦੀ ਆਵਾਜ਼ ਬੁਲੰਦ ਹੁੰਦੀ ਹੈ ਉੱਥੇ ਜਦ ਡਰੱਗੀ, ਸਮਗਲਰ, ਠੱਗ, ਚੋਰ ਅਤੇ ਝੂਠੇ ਲੋਕ ਸਨਮਾਨੇ ਜਾਣਗੇ ਤਾਂ ਸਿੱਖ ਜੀਵਨ ਜਾਚ ਦਾ ਭੋਗ ਨਹੀਂ ਪਵੇਗਾ ਤਾਂ ਕੀ ਹੋਵੇਗਾ। ਰਾਜਨੀਤਕਾਂ ਦਾ ਕੰਮ ਕੀ ਹੈ ਗੁਰੂ ਘਰ ਦੀਆਂ ਸਟੇਜਾਂ ਤੇ? ਕਦੇ ਤੁਸੀਂ ਚਰਚ, ਮਸਜਿਦ 'ਤੇ ਰਾਜਨੀਤਕ ਲੋਕਾਂ ਨੂੰ ਸਿਰੋਪਾ ਮਿਲਦਾ ਜਾਂ ਸਨਾਮਨਤ ਹੁੰਦਾ ਵੇਖਿਆ?

ਗੁਰਬਾਣੀ ਪੜ੍ਹਨੀ, ਸਮਝਣੀ ਅਤੇ ਜੀਵਨ ਜਾਚ ਦਾ ਹਿੱਸਾ ਬਣਾਉਣ ਦੀ ਬਜਾਇ ਸਿੱਖ ਜਗਤ ਇਸ ਮਾਫ਼ੀਏ ਦੀ ਗ੍ਰਿਫ਼ਤ ਵਿਚ ਬੁਰੀ ਤਰ੍ਹਾਂ ਫਸ ਕੇ ਰਹਿ ਚੁੱਕਾ ਹੈ। ਲੱਖਾਂ ਅਖੰਡ ਪਾਠਾਂ ਦਾ ਧੰਦਾ ਹੁੰਦਾ ਹਰੇਕ ਸਾਲ। ਹਰੇਕ ਗੁਰਦੁਆਰੇ, ਡੇਰੇ, ਕਬਰਾਂ ਤੇ, ਇੱਥੇ ਤੱਕ ਕਿ ਬਿਉਟੀ-ਪਾਰਲਰ 'ਤੇ, ਭੂਤਾਂ ਵਾਲੇ ਵਡਭਾਗ ਸਿੰਘੀਆਂ ਦੇ, ਸ਼ਰਾਬੀ ਸਾਧ ਰੋਡੇ ਸ਼ਾਹ ਵਰਗਿਆਂ ਦੀਆਂ ਕਬਰਾਂ 'ਤੇ ਵੀ! ਸਭ ਨੰਗਾਂ ਦੀਆਂ ਮੜੀਆਂ-ਕਬਰਾਂ ਤੇ ਅਖੰਡ-ਪਾਠ ਦਾ ਵਪਾਰ ਹੋ ਰਿਹਾ ਹੈ। ਇੰਨਾ ਸਸਤਾ ਪਾਠ? ਇੰਨੀ ਕੁ ਕੀਮਤ? ਇੰਨੀ ਵਿੱਕਰੀ? ਹਰੇਕ ਥਾਂ ਸੇਲ? ਵਪਾਰ ਹੀ ਵਪਾਰ? ਗੁਰਬਾਣੀ ਦਾ ਵਪਾਰ? ਗੁਰੂ ਦੇ ਅਮੁੱਲੇ ਬਚਨਾਂ ਦਾ ਵਪਾਰ? ਹਰੇਕ ਨੰਗ ਫੇਰੀ ਲਾਉਣ ਵਾਲਿਆਂ ਵਾਂਗ ਸਿਰ ਤੇ ਚੁੱਕੀ ਫਿਰਦਾ ਗੁਰੂ ਗ੍ਰੰਥ ਸਾਹਿਬ ਨੂੰ ਵੇਚਣ ਲਈ?

ਨਤੀਜ? ਨਾ ਪੜ੍ਹਨ ਵਾਲ਼ਿਆਂ ਦੇ ਕੁੱਝ ਪੱਲੇ ਪਿਆ, ਨਾ ਪੜਾਉਣ ਵਾਲਿਆਂ ਦੇ। ਸਿੱਖ ਕਰੈਕਟਰ ਦੀ ਜਹੀ ਤਹੀ ਫੇਰ ਕੇ ਰੱਖ ਦਿੱਤੀ ਇਸ ਮਾਫ਼ੀਏ ਨੇ। ਗੁਰਬਾਣੀ ਅਮੁੱਲ ਖ਼ਜ਼ਾਨਾ ਸੀ ਪਿਉ-ਦਾਦੇ ਦਾ ਪਰ ਇਸ ਦੀ ਕੀਮਤ ਕੁੱਝ ਚੰਦ ਟੱਕੇ ਪਾਈ ਭਾਈਆਂ-ਗਰੰਥੀਆਂ, ਸਾਧਾ ਅਤੇ ਬਾਬਿਆਂ ਨੇ। ਇਸ ਮਾਫ਼ੀਏ ਨੇ ਅਗਾਂਹ ਗੁੰਡੇ ਰੱਖੇ ਹੋਏ ਨੇ। 'ਉਰੀ ਪਰੀ' ਕਰਨ ਵਾਲੇ ਨੂੰ ਪੈ ਨਿਕਲਦੇ ਹਨ। ਤੁਸੀਂ ਕੋਈ ਸਵਾਲ ਕਰ ਕੇ ਦੇਖੋ ਡੇਰੇ ਦੇ ਸਾਧ ਨੂੰ ਜਾਂ ਪ੍ਰਬੰਧਕ ਨੂੰ! ਤੁਹਾਡੀ ਸ਼੍ਰੋਮਣੀ ਕਮੇਟੀ ਦੀ 'ਟਾਕਸ-ਫੋਰਸ' ਕੀ ਹੈ? ਗੁੰਡਿਆਂ ਦੀ ਧਾੜ ਪਲ ਰਹੀ ਗੁਰੂ ਦੀ ਗੋਲਕ ਉੱਪਰ! ਇਹ ਮਾਜਰਾ ਛੋਟੇ ਵੱਡੇ ਸਭ ਗੁਰਦੁਆਰੇ ਹੈ। ਛੋਟੇ ਦੀ ਛੋਟੀ 'ਟਾਕਸ-ਫੋਰਸ' ਵੱਡੇ ਦੀ ਵੱਡੀ? ਕੋਈ ਇਨ੍ਹਾਂ ਤੋਂ ਡਰਦਾ ਬੋਲਦਾ ਨਹੀਂ। ਕੋਈ ਇਨ੍ਹਾਂ ਨਾਲ ਪੰਗੇ ਵਿਚ ਨਹੀਂ ਪੈਣਾ ਚਾਹੁੰਦਾ। ਇਹ ਤਾਂ ਸਿੱਧਾ ਪੱਗ ਨੂੰ ਆਉਂਦੇ। ਕੌਣ ਪੱਗ ਲਹਾਏ। ਇਹ ਮਾਫ਼ੀਆ ਸਿੱਖ ਸੋਚ ਉੱਪਰ ਪੂਰੀ ਤਰ੍ਹਾਂ ਕਾਬਜ਼ ਹੈ। ਇਨ੍ਹਾਂ ਦੇ ਸਬੰਧ ਵੱਡੇ ਲੀਡਰਾਂ, ਚੌਧਰੀਆਂ, ਡਰੱਗੀਆਂ ਅਤੇ ਸਮਗਲਰਾਂ ਨਾਲ ਹਨ। ਇਨ੍ਹੀਂ ਰਲ ਕੇ ਸਿੱਖੀ ਦਾ ਉਜਾੜਾ ਕੀਤਾ ਹੈ। ਕੋਟਾਂ-ਕਚਹਿਰੀਆਂ ਵਿਚ ਜੁੰਡਿਓ-ਜੁੰਡੀ ਹੋ ਕੇ ਇੰਨੀ ਸਿੱਖ ਕੌਮ ਦਾ ਚੁਰਾਹੇ ਵਿਚ ਜਲੂਸ ਕੱਢਿਆ ਹੈ। ਹਰੇਕ ਦੂਜਾ ਗੁਰਦੁਆਰਾ ਕੋਰਟ ਵਿਚ ਹੈ। ਇਹ ਮਾਫ਼ੀਆ ਜਦ ਕਬਜ਼ਿਆਂ ਖ਼ਾਤਰ ਲੜਦਾ ਹੈ ਤਾਂ ਪੂਰੀ ਦੁਨੀਆਂ ਸਿੱਖ ਦੇ ਇਮੇਜ ਤੋਂ ਘ੍ਰਿਣਤ ਹੁੰਦੀ ਹੈ। ਦੁਨੀਆਂ ਤਾਂ ਕੀ ਸਿੱਖ ਕੌਮ ਦੇ ਖ਼ੁਦ ਦੇ ਆਪਣੇ ਬੱਚੇ ਨਫ਼ਰਤ ਕਰਨ ਲੱਗੇ ਹਨ ਸਿੱਖ ਨੂੰ?

ਇਸ ਪਾਠਾਂ ਦੀ ਵਿੱਕਰੀ ਵਰਗੇ ਅਪਰਾਧ ਦਾ ਸਿੱਖ ਖ਼ੁਦ ਵੀ ਗੁਨਾਹਗਾਰ ਹੈ। ਇਸ ਘੋਰ ਗੁਨਾਹ ਦੇ ਪਾਪਾਂ ਦਾ ਭਾਗੀ ਉਹ ਵੀ ਹੈ। ਹੈ ਹੀ ਉਹ? ਉਹ ਖ਼ਰੀਦਦਾ ਹੈ, ਤਾਂ ਪਾਠ ਵਿਕਦਾ ਹੈ? ਮਾਰਕੀਟ ਵਿਚ ਖ਼ਰੀਦਦਾਰ ਹੀ ਨਾ ਹੋਵੇ ਤਾਂ ਵਿੱਕਰੀ ਕਿਵੇਂ ਹੋਵੇਗੀ। ਵਪਾਰੀ ਲੋਕ ਬੋਲੀ ਲਾਉਂਦੇ ਪਾਠ ਦੀ। ਇਹ ਸੰਪਟ ਪਾਠ ਇੰਨੇ ਦਾ, ਇਹ ਸਾਧਾਰਨ ਪਾਠ ਇੰਨੇ ਦਾ, ਇਹ ਮਹਾਂ ਸੰਪਟ ਇੰਨੇ ਦਾ, ਇਹ ਸਣ ਕੇਸੀਂ ਇਸ਼ਨਾਨ ਵਾਲਾ ਇੰਨੇ ਦਾ, ਇਹ ਬਾਬਾ ਜੀ ਦੀ ਮਰਿਆਦਾ ਵਾਲਾ ਇੰਨੇ ਦਾ, ਇਹ ਕੁੰਭ-ਲਲੇਰ ਵਾਲਾ ਇੰਨੇ ਦਾ! ਗੱਲ ਇਦੋਂ ਵੀ ਅੱਗੇ ਲੰਘ ਚੁੱਕੀ। ਇੱਕ ਮੀਡੀਏ ਵਾਲਾ ਅਖੰਡ ਪਾਠ ਆਪਣੇ ਰੇਡੀਉ ਜਾਂ ਟੀ.ਵੀ. ਉੱਪਰ ਰੱਖਦਾ ਹੈ ਤੇ ਮੁੜ ਸਾਰੀ ਦੁਨੀਆਂ ਤੋਂ ਪਾਠ ਦੇ ਨਾਂ ਉਗਰਾਹੀ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਤੇ 'ਸਿੱਖ ਚੈਨਲ' ਵਾਲਿਆਂ ਕੀਤੀ ਹੈ! ਪਾਠ ਇੰਗਲੈਂਡ ਸਟੂਡੀਓ ਵਿਚ ਚਲ ਰਿਹਾ ਸੀ ਉਗਰਾਹੀ ਸਾਰੇ ਸ਼ਹਿਰਾਂ ਅਤੇ ਮੁਲਕਾਂ ਵਿਚ ਕੀਤੀ ਜਾ ਰਹੀ ਸੀ? ਫਲਾਣੇ ਦੀ 100 ਡਾਲਰ, ਫਲਾਂ ਦੀ 50 ਤੇ ਉਸ ਦੀ 200 ਡਾਲਰ? ਇੰਨੀ ਇਸ ਦੀ ਸੇਵਾ ਹੈ, ਓਨੀ ਉਸ ਦੀ ਭੇਟਾ ਹੈ! ਲਓ ਪਾਠ ਜਿਸ ਲੈਣਾ ਹੈ। 100-50-200 ਜਿੰਨੇ ਦਾ ਲੈਣਾ ਹੈ ਲਓ! ਇਹ ਧੰਦਾ ਬੜੇ ਜ਼ੋਰਾਂ ,ਤੇ ਹੋਇਆ। ਸੇਵਾ ਅਤੇ ਭੇਟਾ ਦੇ ਅਰਥ ਦੀ ਬਦਲ ਛੱਡੇ ਮਾਂ ਦਿਆਂ ਪੁੱਤਾਂ ਨੇ! ਪਾਠ ਇੱਕ 'ਫਲ' ਹਜ਼ਾਰਾਂ ਪਾਠਾਂ ਦਾ? ਇਸ ਨੂੰ ਕਹਿੰਦੇ ਸ਼ੈਤਾਨ ਵਪਾਰੀ?

ਹੋਰ ਸੁਣੋ! ਵੈਨਵੋਕਰ ਕੁੱਝ ਲੋਕਾਂ ਬੈਂਕੁਟ ਹਾਲ ਬਣਾਉਣ ਦੇ ਇਰਾਦੇ ਨਾਲ ਜਗ੍ਹਾ ਖ਼ਰੀਦੀ। ਉਨ੍ਹਾਂ ਨੂੰ ਜਾਪਿਆ ਕਹਾਣੀ ਬਣਨੀ ਨਹੀਂ। ਓਨੀ ਉੱਥੇ ਗਿਆਨੀ ਨਰਿੰਦਰ ਸਿੰਘ ਨਾਂ ਦੇ ਬੰਦੇ ਨਾਲ ਸੰਪਰਕ ਕਰ ਕੇ 'ਠੇਕਾ' ਕਰ ਲਿਆ ਕਿ ਇੰਨੇ ਸਾਡੇ ਤੂੰ ਜਿੰਨੇ ਮਰਜ਼ੀ ਕਮਾ! ਉਸ ਗੁਰਦੁਆਰੇ ਦਾ ਨਾਂ 'ਦੂਖ ਨਿਵਾਰਨ' ਰੱਖ ਕੇ ਪਾਠਾਂ ਦੀਆਂ ਲੜੀਆਂ ਸ਼ੁਰੂ ਲਈਆਂ। ਹੁਣ ਉੱਥੇ ਹਰੇਕ ਹਫ਼ਤੇ 11 ਅਖੰਡ ਪਾਠ ਇਕੱਠੇ ਹੁੰਦੇ!!!! ਇੰਨੇ ਇਕੱਠੇ ਪਾਠ? ਇੱਕੇ ਵਾਰ? ਇੱਕੇ ਥਾਂ? 11 ਸੌ ਡਾਲਰ ਇੱਕ ਪਾਠ ਦਾ। 11 ਹਜ਼ਾਰ ਹੋ ਗਿਆ ਹਫ਼ਤੇ ਦਾ ਤੇ 44 ਹਜ਼ਾਰ ਮਹੀਨੇ ਦਾ? ਧੰਦਾ ਨਹੀਂ ਇਹ? ਕੇਵਲ ਵਪਾਰ?

ਕਿੰਨੀ ਕਮਾਈ ਬਣੀ ਹਫ਼ਤੇ ਦੀ ਤੇ ਉਦੋਂ ਅੱਗੇ ਮਹੀਨੇ ਦੀ? ਤੁਹਾਡਾ ਨਿਆਣਾ ਡਾਕਟਰ-ਇੰਨਜਿਨੀਅਰ ਬਣ ਕੇ ਵੀ ਇੰਨੀ ਕਮਾਈ ਨਹੀਂ ਕਰ ਸਕਦਾ ਜਿੰਨੀ ਅਨਪੜ੍ਹ ਭਾਈ ਕਰੀ ਜਾਂਦਾ? ਮੈਂ ਜਦ ਗਿਆਨੀ ਨਰਿੰਦਰ ਸਿੰਘ ਨੂੰ ਪੁੱਛਿਆ ਕਿ ਇੰਨੇ ਪਾਠ ਹੋ ਸਕਦੇ? ਉਸ ਦੇ ਜਵਾਬ ਤੋਂ ਪਤਾ ਲੱਗਾ ਕਿ ਨਹੀਂ ਹੋ ਸਕਦੇ, ਪਰ ਪਤਾ ਹੋਣ ਦੇ ਬਾਵਜੂਦ ਵੀ ਇਹ ਲੋਕ ਕਰ ਰਹੇ ਨੇ? ਕਿਉਂ? ਵੈਨਕੋਵਰ ਦੇ ਹੀ ਦਸਮੇਸ਼ ਦਰਬਾਰ ਗੁਰਦੁਆਰੇ, ਨਾਨਕਸਰ ਬਾਕੀ ਸਰੇ ਵੀ ਇਕੱਠੇ 14-14-20-20- 51-51 ਪਾਠ ਇੱਕੇ ਵਾਰ ਹੁੰਦੇ। ਹਾਲੇ ਪਹਿਲਿਆਂ ਦੇ ਭੋਗ ਨਹੀਂ ਪੈਂਦੇ ਅਗਲਿਆਂ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ । ਇਹ ਕੀ ਹੈ? ਪਾਠ ਜਾਂ ਧੰਦਾ? ਪਾਠ ਇਸ ਨੂੰ ਕਹਿੰਦੇ? ਗੁਰਬਾਣੀ ਪੜ੍ਹਨੀ ਇਸ ਨੂੰ ਕਹਿੰਦੇ?

ਸਿੱਖ ਖ਼ੁਦ ਪਾਠ ਦੀ ਬੋਲੀ ਲਾਉਂਦਾ ਜਦ ਉਹ ਭਾਅ ਪੁੱਛਦਾ ਕਿ ਕਿਹੜਾ ਪਾਠ ਕਿੰਨੇ ਦਾ! ਬਾਹਰ ਵਾਂਗ ਗੁਰਦੁਆਰੇ ਜਾ ਕੇ ਵੀ ਉਸ ਦਾ ਇਹੀ ਸਵਾਲ ਕਿ 'ਹਓ ਮੱਚ' How much? ਲਫ਼ਜ਼ ਬਦਲਣ ਨਾਲ ਅਰਥ ਨਹੀਂ ਬਦਲਦੇ। ਭੇਟਾ ਕਹਿਣ ਨਾਲ ਵੀ ਅਰਥ ਉਹੀ ਰਹਿਣੇ ਕਿ ਪਾਠ ਕਿੰਨੇ ਦਾ! ਮੈਂ ਮੁੱਲ ਪੁੱਛਿਆ ਤਾਂ ਭਾਈ ਨੇ ਦੱਸਿਆ ਨਾ। ਮੈਂ ਪੁੱਛਿਆ ਕਿ ਪਾਠ ਕਿੰਨੇ ਦਾ ਹੈ ਤਾਂ ਭਾਈ ਨੇ ਦੱਸਿਆ ਕਿ 500 ਦਾ ! ਦੂਜੇ ਗੁਰਦੁਆਰੇ ਨੂੰ ਪੁੱਛ ਕੇ ਦੇਖਿਆ ਉਹ ਕਹਿੰਦਾ ਸਾਢੇ ਚਾਰ ਸੌ ਦਾ? ਤੀਜਾ ਸਵਾ ਚਾਰ ਸੌ? 80 ਡਾਲਰ ਕੀਰਤਨ ਦੇ। ਦੂਜੇ ਕਿਹਾ 71 ਡਾਲਰ ਕੀਰਤਨ ਦੇ 51 ਅਰਦਾਸ ਦੇ ਤੇ ਇੰਨੇ ਹੀ ਜੇ ਕਥਾ ਵੀ ਕਰਾਉਣੀ।

ਪਕੌੜੇ ਗਰਮ! ਜ਼ਿੱਦ ਜ਼ਿੱਦ ਕੇ ਇੱਕ ਦੂਜੇ ਨਾਲੋਂ? ਮਾਨਸਿਕ ਤੌਰ ਤੇ ਤਾਂ ਬਿਮਾਰ ਕਰ ਹੀ ਰਹੇ ਨੇ ਇਹ ਸਿਹਤ ਵੱਲੋਂ ਵੀ ਸੁੱਖ-ਸਾਂਦ? ਤੁਸੀਂ ਪੁੱਛ ਕੇ ਦੇਖੋ ਕਿ ਆਹ ਕੀ? ਉਹ ਕਹਿਣਗੇ ਜੇ ਅਸੀਂ ਪਕੌੜੇ ਨਾ ਖਵਾਏ ਉਹ ਦੂਜੇ ਗੁਰਦੁਆਰੇ ਚਲੇ ਜਾਣਗੇ! ਸਟੇਜਾਂ ਉੱਪਰ ਸੰਗਤ ਹੀ ਸਭ ਕੁੱਝ ਹੈ, ਸੰਗਤ ਇੱਕੀ ਵਿਸਵੇ ਹੈ ਕਹਿਣ ਵਾਲਿਆਂ ਦਾ ਤੁਹਾਡੇ ਬਾਰੇ ਇਹ ਵਿਚਾਰ ਹੈ ਕਿ ਤੁਸੀਂ ਪਕੌੜੇ ਹੀ ਖਾਣ ਜਾਂਦੇ ਹੋ ਜੇ ਅਸੀਂ ਨਾ ਬਣਾਏ ਤਾਂ ਉਹ ਦੂਜੇ ਗੁਰਦੁਆਰੇ ਚਲੇ ਜਾਣਗੇ। ਯਾਨੀ ਉਨ੍ਹਾਂ ਦੀਆਂ ਨਜ਼ਰਾਂ ਵਿਚ ਤੁਸੀਂ ਪਕੌੜੇ ਖਾਣਿਆਂ ਤੋਂ ਵੱਧ ਕੁੱਝ ਨਹੀਂ। ਕੀ ਇਹ ਇੰਜ ਹੀ ਹੈ? ਤਾਂ ਫਿਰ ਇਹ ਗੁਰੂ ਘਰ ਕਿਵੇਂ ਰਹਿ ਗਿਆ? ਇਹ ਗੁਰਦੁਆਰਾ ਕਿਵੇਂ ਹੋਇਆ ਕਿ ਜਿੱਥੇ ਪਕੌੜੇ ਨਾ ਹੋਏ ਤਾਂ ਤੁਸੀਂ ਜਾਵੋਗੇ ਨਹੀਂ? ਰੱਬ ਖਿਡੌਣਾ ਨਹੀਂ ਬਣ ਕੇ ਰਹਿ ਗਿਆ? ਖੇਡ ਨਹੀਂ ਰਹੀ ਲੁਕਾਈ? ਤੁਹਾਡੀ ਖੇਡ ਹੀ ਇਸ ਮਾਫ਼ੀਏ ਨੂੰ ਇਸ ਧੰਦੇ ਨੂੰ ਜ਼ੋਰਾਂ ਤੇ ਚਲਾ ਰਹੀ ਹੈ। ਤੁਹਾਡੀ ਖੇਡ ਹੀ ਇਸ ਵਿੱਕਰੀ ਦਾ ਕਾਰਨ ਹੈ।

ਜਿੰਨਾ ਚਿਰ ਅਸੀਂ ਰੱਬ ਨਾਲ ਖੇਡਣਾ ਨਹੀਂ ਛੱਡਦੇ ਇਸ ਮਾਫ਼ੀਏ ਦੀ ਗ੍ਰਿਫ਼ਤ ਵਿਚੋਂ ਨਿਕਲ ਨਹੀਂ ਪਾਵਾਂਗੇ। ਇਸ ਧੰਦੇ ਵਿਚੋਂ ਨਿਕਲਣ ਦਾ ਇੱਕੋ ਅਤੇ ਆਖ਼ਰੀ ਤਰੀਕਾ ਹੈ ਉਹ ਕਿ ਸਿੱਖ ਮੁੱਲ ਦੇ ਪਾਠ ਖ਼ਰੀਦਣੇ ਬੰਦ ਕਰੇ। ਇਸ ਖ਼ਰੀਦਦਾਰੀ ਦਾ ਹਿੱਸਾ ਨਾ ਬਣ ਕੇ ਖ਼ੁਦ ਗੁਰਬਾਣੀ ਪੜੇ। ਘੱਟੋ-ਘੱਟ ਇੱਕ ਵਾਰ ਤਾਂ ਖ਼ੁਦ ਨੂੰ ਸਵਾਲ ਕਰੇ ਕਿ ਗੁਰਬਾਣੀ ਬਾਜ਼ਾਰਾਂ ਵਿਚ ਵੇਚਣ ਖ਼ਾਤਰ ਸੀ? ਤੇ ਇਸ ਦੀ ਵਿੱਕਰੀ ਦਾ ਕਾਰਨ ਕੀ ਮੈਂ ਨਹੀਂ ਹਾਂ? ਜਿਹੜੀ ਚੀਜ਼ ਵਿਕਣ ਹੀ ਲੱਗ ਗਈ ਉਹ ਅਮੁੱਲ ਕਿਵੇਂ ਰਹਿ ਗਈ ਤੇ ਕੀ ਇਹ ਮਾਫ਼ੀਆ ਗੁਰਬਾਣੀ ਨੂੰ ਵੇਚ ਨਹੀਂ ਰਿਹਾ ਤੇ ਅਸੀਂ ਖ਼ਰੀਦ ਨਹੀਂ ਰਹੇ?

ਇਹ ਵਪਾਰ ਬੰਦ ਕਰਾਂਗੇ ਤਾਂ ਅਸੀਂ ਗੁਰਬਾਣੀ ਵਿਚਲੇ ਗੁਰੂ ਬਚਨਾਂ ਉੱਪਰ ਗ਼ੌਰ ਕਰਨ ਲੱਗਾਂਗੇ ਤੇ ਸਿੱਖ ਦੇ ਜੀਵਨ ਵਿਚ ਕੋਈ ਹੁਲਾਰਾ ਆਉਣ ਲੱਗੇਗਾ। ਸਿੱਖ ਦਾ ਇਖ਼ਲਾਕੀ ਫ਼ਰਜ਼ ਹੈ ਕਿ ਉਹ ਨਿੱਜੀ ਜੀਵਨ ਵਿਚ ਖ਼ੁਦ ਗੁਰਬਾਣੀ ਨੂੰ ਲੈ ਕੇ ਆਵੇ, ਖ਼ੁਦ ਗੁਰਬਾਣੀ ਦੇ ਨੇੜੇ ਬੈਠੇ, ਖ਼ੁਦ ਗੁਰਬਾਣੀ ਨੂੰ ਸਮਝੇ। ਰੋਜ਼ਾਨਾ ਨਹੀਂ ਤਾਂ ਵੀਕ-ਐਂਡ ਤੇ ਹੀ ਬੱਚਿਆਂ ਸਮੇਤ ਘਰ ਵਿਚ ਸਹਿਜ ਪਾਠ ਕਰੇ। ਤੇ ਅਖੰਡ-ਪਾਠ ਕਰਾਉਣੇ ਮੁੱਢੋਂ ਹੀ ਬੰਦ ਕਰੇ। ਗੁਰਬਾਣੀ ਅਖੰਡ-ਪਾਠਾਂ ਲਈ ਸੀ ਹੀ ਨਹੀਂ। ਤਾਂ ਇਹ ਧੰਦਾ ਬੰਦ ਹੋਵੇ। ਜਦ ਇਹ ਧੰਦਾ ਬੰਦ ਹੋਵੇਗਾ ਤਾਂ ਇਸ ਮਾਫ਼ੀਏ ਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਇਹ ਖ਼ੁਦ-ਬਖ਼ੁਦ ਮਰ ਜਾਏਗਾ।

ਪਾਠ ਵਿਕੇ ਨਾ, ਗੁਰਬਾਣੀ ਵਿਕੇ ਨਾ, ਧਰਮ ਧੰਦਾ ਨਾ ਬਣੇ ਇਸ ਗੱਲ ਨੂੰ ਮੱਦੇ-ਨਜ਼ਰ ਰੱਖਦਿਆਂ ਬੜੀ ਕਰੜੀ, ਸਖ਼ਤ ਘਾਲਣਾ ਅਤੇ ਮਿਹਨਤ ਨਾਲ ਸਿਆਟਲ ਤੋਂ ਸ੍ਰ ਸਤਪਾਲ ਸਿੰਘ ਪੁਰੇਵਾਲ ਹੋਰਾਂ ਆਪਣਾ ਸਮਾਂ ਅਤੇ ਪੈਸਾ ਲਾ ਕੇ ਇਹ ਸਹੂਲਤ ਸਿੱਖ ਕੌਮ ਦੇ ਉਨ੍ਹਾਂ ਲੋਕਾਂ ਲਈ ਮੁਹੱਈਆ ਕੀਤੀ ਹੈ ਜਿਨ੍ਹਾਂ ਅੰਦਰ ਡਰ ਪਾਇਆ ਗਿਆ ਸੀ ਕਿ ਉਹ ਗੁਰਬਾਣੀ ਗ਼ਲਤ ਪੜ੍ਹਨ ਤਾਂ ਪਾਪ ਲੱਗੇਗਾ ਜਾਂ ਸੰਥਿਆ ਤੋਂ ਬਿਨਾ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ। ਹੁਣ ਤੁਸੀਂ ਘਰ ਬੈਠੇ ਕੰਪਿਊਟਰ ਖੋਲ੍ਹੋ। ਸਤਿਕਾਰ ਨਾਲ ਬੈਠੋ। ਹੇਠਾਂ ਦੱਸੇ ਪ੍ਰੋਗਰਾਮ ਮੁਤਾਬਿਕ ਚਲੋ।

www.EkTuhi.com ਸਾਈਟ ਖ਼ੋਲ੍ਹੋ। ਜੇ ਕਰ ਤੁਸੀਂ ਆਨਲਾਈਨ ਸੁਣਨਾ ਅਤੇ ਪੜ੍ਹਨਾ ਚਾਹੁੰਦੇ ਹੋ ਤਾਂ Tutor Videos 'ਤੇ ਕਲਿਕ ਕਰੋ। ਅਗੇ ਅੰਕ ਨੰਬਰ ਲਿਖੇ ਮਿਲਣਗੇ ਜਿਨ੍ਹਾਂ ਤੇ ਕਲਿਕ ਕਰਨ ਨਾਲ ਵੀਡੀਓ ਚਲ ਪਵੇਗੀ। ਜੇ ਕਰ ਇੰਟਰਨੈਟ ਵਧਿਆ ਹਾਈ ਸਪੀਡ ਦਾ ਹੋਇਆ ਤਾਂ ਤੁਹਾਡੀ ਮਰਜੀ ਹੈ ਭਾਂਵੇ ਪਹਿਲੇ ਅੰਕ ਤੋਂ ਲੈ ਕੇ ੧੪੩੦ ਅੰਕ ਤੱਕ ਚਲਦਾ ਹੀ ਰੱਖ ਲਓ। ਚਾਹੋ ਤਾਂ ਰੋਜ਼ ਦੀ ਇੱਕ ਦੋ ਵੀਡੀਓ ਦੀ ਰੂਟੀਨ ਬਣਾ ਲਓ। ਜੇ ਕਰ ਇੰਟਰਨੈਟ ਦੀ ਸੁਵਿਧਾ ਨਹੀਂ ਹੈ ਜਾਂ ਵਧੀਆ ਨਹੀਂ ਹੈ, ਤਾਂ ਇੱਕ ਵਾਰ ਕਿਸੇ ਚੰਗੀ ਸਪੀਡ ਵਾਲੇ ਇੰਟਰਨੈਟ ਤੇ ਜਾ ਕੇ ‘Gurbani Tutor’ Download ਕਰ ਲਓ ਜਾਂ ਕਰ ਲਿਆਓ। ਇਹ ਪੂਰਾ Software, 618mb ਦਾ ਹੈ, ਫਿਰ ਸਾਈਟ ਤੇ ਦੱਸੇ ਫਾਰਮੂਲੇ ਮੁਤਾਬਿਕ Install ਕਰ ਲਓ। ਇਸ ਦੀਆਂ ਵੱਖਰੀਆਂ ਹੀ ਸਹੁਲਤਾਂ ਹਨ। ਚਲਾਉਂਦੇ ਸਮੇਂ ਜਿਸ ਵੀ ਸ਼ਬਦ ਤੇ ਕਲਿਕ ਕਰੋਗੇ ਉੱਥੋਂ ਹੀ ਚੱਲ ਪਵੇਗਾ। ਜਿੰਨੀ ਵਾਰ ਚਾਹੋ ਕਲਿਕ ਕਰ ਕੇ ਦੁਬਾਰਾ ਸੁਣ ਸਕਦੇ ਹੋ। ਫ਼ਿਰ Settings 'ਤੇ ਜਾ ਕੇ ਅੱਖਰਾਂ ਦਾ ਰੰਗ ਅਤੇ ਸਾਈਜ਼ ਵੀ ਬਦਲ ਸਕਦੇ ਹੋ। ਜੇ ਕਰ ਆਪ ਜੀ ਪਾਸ iPhone ਜਾਂ Andoid ਫੋਨ ਹੈ ਤਾਂ App Store 'ਤੇ ਜਾ ਕੇ (Ek Tuhi) search ਕਰ ਕੇ ਇੰਸਟਾਲ ਕਰ ਲਓ। ਇਸ ਢੰਗ ਨਾਲ ਵੀ ਆਪ ਜੀ ਪੜ੍ਹ ਸੁਣ ਸਕਦੇ ਹੋ। ਇੰਟਰਨੈਟ 'ਤੇ ਚਲਣ ਵਾਲੀ ਹਰ ਸਕਰੀਨ 'ਤੇ ਚਲੇਗਾ, ਚਾਹੋ ਤਾਂ LCD TV ਦੀ ਸਕਰੀਨ 'ਤੇ ਚਲਾ ਲਓ। ਹੁਣ VCR ਵੀ.ਸੀ.ਆਰ 'ਤੇ ਚਲਣ ਵਾਲੀ Video CD ਵੀ ਬਣ ਗਈ ਹੈ, ਜਿਸ 'ਤੇ ਕੰਮ ਹੋ ਰਿਹਾ ਹੈ, ਛੇਤੀ ਹੀ ਆਪ ਤੱਕ ਪਹੁੰਚਦੀ ਹੋ ਜਾਵੇਗੀ, ਜਿਸ ਨਾਲ ਜਿਨ੍ਹਾਂ ਕੋਲ ਕੰਪਿਊਟਰ ਦੀ ਸਹੁਲਤ ਨਹੀਂ ਹੈ, ਉਹ ਵੀ ਲਾਭ ਲੈ ਸਕਣਗੇ। ਤੁਸੀਂ ਪਾਉਗੇ ਕਿ ਕਿਸੇ ਗ੍ਰੰਥੀ, ਭਾਈ, ਸਾਧ, ਬਾਬੇ ਦੇ ਪੈਰ ਘੁੱਟਣ ਦੀ ਲੋੜ ਨਹੀਂ, ਤੁਸੀਂ ਖ਼ੁਦ ਹੀ ਚੰਗੇ ਗੁਰਬਾਣੀ ਪੜ੍ਹਨ ਵਾਲੇ ਹੋ ਸਕਦੇ ਹੋ।

ਅਜਿਹੀ ਸਹੂਲਤ ਦੇ ਹੁੰਦਿਆਂ ਜੇ ਤੁਸੀਂ ਹਾਲੇ ਵੀ ਪੜ੍ਹਨਾ ਨਹੀਂ ਚਾਹੁੰਦੇ, ਤਾਂ ਫਿਰ ਯਕੀਨ ਜਾਣਿਓ ਇਸ ਗੁਰਬਾਣੀ ਪਾਠ ਦੇ ਨਾਂ 'ਤੇ ਹੋ ਰਹੇ ਧੰਦੇ ਦੇ ਤੁਸੀਂ ਖ਼ੁਦ ਵੀ ਭਾਗੀਦਾਰ ਅਤੇ ਗੁਨਾਹਗਾਰ ਹੋ ਅਤੇ ਇਹ ਮਾਫ਼ੀਆ ਤੁਹਾਡੀ ਇੰਜ ਹੀ ਖੇਹ-ਮਿੱਟੀ ਉਡਾਉਂਦਾ ਰਹੇਗਾ ਅਤੇ ਤੁਹਾਡਾ ਉਜਾੜਾ ਇੰਜ ਹੀ ਹੁੰਦਾ ਰਹੇਗਾ ਅਤੇ ਭਵਿੱਖ ਵਿਚ ਤੁਹਾਡੀ ਕੌਮ ਦਾ ਨਾਮੋ-ਨਿਸ਼ਾਨ ਇਸ ਧਰਤੀ ਪੁਰ ਨਹੀਂ ਹੋਵੇਗਾ, ਨਹੀਂ ਯਕੀਨ ਤਾਂ ਬੋਧੀਆਂ-ਜੈਨੀਆਂ ਦਾ ਇਤਿਹਾਸ ਜ਼ਰੂਰ ਪੜ੍ਹ ਲੈਣਾ


ਟਿੱਪਣੀ: ਜਿਨ੍ਹਾਂ ਅਖੌਤੀ ਜਥੇਦਾਰਾਂ ਨੂੰ ਸਿੱਖ ਅਖਵਾਉਣ ਵਾਲਿਆਂ ਨੇ ਪੰਥ ਦੀ ਬਾਗਡੋਰ ਫੜਾਈ ਹੈ, ਉਹ ਹੀ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਨੇ... ਦੇਖੋ ਪੋਸਟਰ... ਕੀ ਹੈ ਮੌਨ ਵਰਤ ਅਖੰਡ ਪਾਠ? ਆਦਿ ਤੋਂ ਪੜਿਆ, ਅੰਤ ਤੋਂ ਪੜ੍ਹਿਆ, ਵਿੱਚੋਂ ਵਿੱਚੋਂ ਦਰਸ਼ਨ ਕਰਿਆ... ਇਹ ਹੈ ਪਖੰਡ ਪਾਠ... ਸੰਪਾਦਕ ਖ਼ਾਲਸਾ ਨਿਊਜ਼


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top