Share on Facebook

Main News Page

ਇਹੀ ਤੇਰਾ ਅਉਸਰੁ ਇਹ ਤੇਰੀ ਬਾਰ…
-: ਗੁਰਦੇਵ ਸਿੰਘ ਸੱਧੇਵਾਲੀਆ

ਇਹੀ ਆਉਸਰ, ਇਹੀ ਵਾਰੀ। ਇਹੀ ਸਮਾਂ। ਇਸੇ ਜਨਮ! ਤੇਰੀ ਹਸਤੀ ਬਅਸ ਏਸੇ ਜਨਮ! ਮੁੜਕੇ ਆਉਂਣ ਦੀ ਕੀ ਗਰੰਟੀ ਹੈ। ਮੁੜਕੇ ਮੈਂ ਆਉਂਣਾ ਹੀ ਕਿਉਂ ਚਾਹੁੰਦਾ! ਮੁੜਕੇ ਆਉਂਣਾ ਤਾਂ ਲਾਰਾ ਹੈ। ਬਾਬਾ ਜੀ ਕਹਿ ਤਾਂ ਰਹੇ ਕਿ ਇਹੀ ਅਉਸਰ ਹੈ ਤੇਰਾ। ਇਹੀ ਵਾਰੀ ਹੈ।

ਪਰ ਮੈਂ ਕਿਉਂ ਚਾਹੁੰਦਾ ਕਿ ਮੈਂ ਵਾਰ ਵਾਰ ਆਵਾਂ, ਫਿਰ ਆਵਾਂ ਤੇ ਆਈ ਹੀ ਜਾਵਾਂ। ਇਸ ਜਨਮ ਉਪਰ ਮੈਨੂੰ ਕੀ ਭਰੋਸਾ ਨਹੀਂ ਕਿ ਮੈਂ ਦੁਬਾਰਾ ਆਉਂਣ ਦੀ ਆਸ ਕਰਾਂ। ਮੇਰੇ ਮੁੜ ਆਉਂਣ ਦੀ ਆਸ ਕਾਰਨ ਹੀ ਤਾਂ ਧਰਮ ਵਿਚ ਧਾਂਦਲੀਆਂ ਹੋਈਆਂ। ਮੇਰੀ ਇਥੇ ਦੀ ਦੁਨੀਆਂ ਤੋਂ ਬਾਅਦ ਵਾਲੀ ਦੁਨੀਆਂ ਦੇ ਸੁਪਨਿਆਂ ਹੀ ਤਾਂ ਮੈਨੂੰ ਲੁੱਟਿਆ।

ਈਸਟ ਅਤੇ ਵੈਸਟ ਦੀ ਅਮੀਰੀ ਅਤੇ ਗਰੀਬੀ ਦੇ ਵੱਡੇ ਪਾੜੇ ਦਾ ਕਾਰਨ ਇਹੀ ਰਿਹਾ। ਵੈਸਟ ਕਹਿੰਦਾ ਹੁਣੇ ਹੀ, ਇਥੇ ਹੀ, ਇਸੇ ਧਰਤੀ ਉਪਰ ਹੀ ਤੇ ਬੱਅਸ! ਤੇ ਜੇ ਧਰਤੀ ਉਪਰ ਹੀ ਹੈ ਤਾਂ ਫਿਰ ਇਸ ਧਰਤੀ ਉਪਰ ਹੀ ਚੱਜ ਨਾਲ ਕਿਉਂ ਨਾ ਰਹਿ ਹੋਵੇ। ਪਰ ਈਸਟ? ਉਹ ਕਹਿੰਦਾ ਨਹੀਂ! ਤੂੰ ਫਿਕਰ ਨਾ ਕਰ, ਜੇ ਹੁਣ ਨਹੀਂ ਤਾਂ ਫਿਰ ਸਹੀ! ‘ਫਿਰ ਸਹੀ’ ਹੀ ਤਾਂ ਲਾਰਾ ਹੈ! ਤੇ ਉਹ ਢਿੱਲਾ ਪੈ ਗਿਆ ਕਿ ਕੋਈ ਨਾ ਇਸ ਵਾਰੀ ਨਹੀਂ ਤਾਂ ‘ਫਿਰ ਸਹੀ’। ‘ਫਿਰ ਸਹੀ’ ਹੀ ਤਾਂ ਦਲਿਦਰੀ ਦਾ ਕਾਰਨ ਬਣਿਆ। ਪਾੜਾ ਭਿਖਾਰੀ ਅਤੇ ਦਾਨੀ ਵਾਲਾ ਹੋ ਗਿਆ!

ਕੁਝ ਸਾਲਾਂ ਦੀ ਗੱਲ ਹੈ। ਮੈਂ ਡਰਾਈਵਿੰਗ-ਇੰਸਟਰੱਕਟਰ ਦਾ ਲਾਇੰਸਸ ਲੈਣਾ ਸੀ। ਉਸ ਵਿਚ ਕੀ ਹੁੰਦਾ ਕਿ ਤੁਹਾਨੂੰ ‘ਰੋਡ-ਟੈਸਟ’ ਵੀ ਦੇਣਾ ਪੈਂਦਾ। ਉਹ ਵੀ ਤੁਸੀਂ ਕੇਵਲ ਦੋ ਵਾਰੀ ਦੇ ਸਕਦੇ ਹੁੰਨੇ। ਜੇ ਤੁਸੀਂ ਦੋਵੇਂ ਵਾਰ ਫੇਹਲ ਹੋ ਜਾਂਦੇ ਹੋ, ਤਾਂ ਸਾਲ ਬਾਅਦ ਵਾਰੀ ਆਉਂਦੀ ਯਾਨੀ ਸਾਲ ਤੋਂ ਪਹਿਲਾਂ ਤੁਸੀਂ ਦੁਬਾਰਾ ਟੈਸਟ ਨਹੀਂ ਦੇ ਸਕਦੇ। ਤੁਸੀਂ ਸੋਚੋ ਕਿ ਇਦਾਂ ਦੇ ਮੌਕਿਆਂ ਉਪਰ ਤੁਸੀਂ ਕੀ ਕਰਦੇ ਹੋ। ਪਰ ਜੇ ਇੰਝ ਹੋਵੇ ਕਿ ਕੋਈ ਨਾ ਮਹੀਨੇ ਬਾਅਦ ਫਿਰ ਦੇ ਲਵਾਂਗੇ?

‘ਫਿਰ ਸਹੀ’ ਮੈਨੂੰ ਅਵੇਸਲਾ ਕਰਦੀ ਹੈ। ‘ਫਿਰ ਸਹੀ’ ਮੈਨੂੰ ਢਿੱਲਾ ਕਰ ਦਿੰਦੀ ਹੈ। ਜਦ ਮੈਨੂੰ ਦਿੱਸਦਾ ਹੋਵੇ ਕਿ ਮੇਰੇ ਕੋਲੇ ਮੌਕੇ ਹੋਰ ਬਥੇਰੇ ਨੇ, ਤਾਂ ਕੁਦਰਤੀਂ ਹੈ ਕਿ ਮੈਂ ਢਿੱਲਾ ਪੈ ਜਾਵਾਂਗਾ। ਤੁਹਾਡੇ ਸਾਹਵੇਂ ਦੁਸ਼ਮਣ ਹੋਵੇ ਤੇ ਗੋਲੀ ਤੁਹਾਡੇ ਕੋਲੇ ਇੱਕ ਹੋਵੇ, ਨਿਸ਼ਾਨਾ ਸੇਧ ਕੇ ਮਾਰੋਂਗੇ। ਨਹੀਂ ਤਾਂ ਐਵੇਂ ਕੰਧਾਂ-ਟਾਹਲੀਆਂ ਵਿਚ ਹੀ ਮਾਰੀ ਜਾਵੋਂਗੇ। ਬਾਬਾ ਜੀ ਇਥੇ ਮੈਨੂੰ ਇਹੀ ਦੱਸ ਰਹੇ ਹਨ ਕਿ ਇਹ ਅਉਸਰ, ਇਹ ਬਾਰੀ ਤੈਨੂੰ ਵਾਰ ਵਾਰ ਨਹੀਂ ਮਿਲਣੀ। ‘ਫਿਰਿ ਇਆ ਅਉਸਰੁ ਚਰੈ ਨ ਹਾਥਾ ॥’। ਫਿਰ ਹੱਥ ਨਹੀਂ ਲੱਗਣਾ ਇਹ ਅਉਸਰ। ਇਹ ਸਮਾ ਮੁੜ ਨਹੀਂ ਆਉਂਣਾ। ਤੂੰ ਈ ਨਹੀਂ ਆਉਂਣਾ ਤਾਂ ਸਮਾ ਕਿਉਂ ਆਵੇ। ਸਮੇਂ ਨੂੰ ਹੋਰ ਬਥੇਰੇ ਕੰਮ ਨੇ। ਕਿੰਨਾ ਸੰਸਾਰ, ਕਿੰਨਾ ਬ੍ਰਹਮੰਡ। ਕੁਦਰਤ ਦੇ ਖਿਲਾਅ ਦਾ ਕੋਈ ਅੰਤ ਨਹੀਂ। ਇਸ ਧਰਤੀ ਦੀ ਹੀ ਸਮਝ ਨਾ ਆਵੇ ਹਾਲੇ ਬਾਕੀ ਤਾਂ ਬਹੁਤ ਦੂਰ। ਤੇ ਤੂੰ ਸੋਚਦਾਂ ਕਿ ਸਭ ਕੁਝ ਤੇਰੀ ਖਾਤਰ ਹੀ ਖੜੋਤਾ ਰਹੇਗਾ ਕਿ ਸਰਦਾਰ ਸਾਹਬ ਨੇ ਫਿਰ ਆਉਣਾ ਹੈ? ਤੇ ਮੈਂ ਜੋ ਕਰਨਾ ਹੁਣੇ ਕਿਉਂ ਨਹੀਂ ਕਰ ਲੈਂਦਾ। ਬਾਬਾ ਜੀ ਕਹਿੰਦੇ ‘ਖੇਤ ਹੀ ਕਰੋ ਨਿਬੇੜਾ’। ਹੁਣੇ ਹੀ ਨਬੇੜਾ ਕਰਕੇ ਹੀ ਕਿਉਂ ਨਹੀਂ ਜਾਂਦਾ ਤਾਂ ਕਿ ਦੁਬਾਰਾ ਵਾਲੀ ਝਾਕ ਹੀ ਨਿਬੜਦੀ ਹੋਵੇ। ਪਰ ਨਹੀਂ!

ਦਰਅਸਲ ਮੈਂ ਮਰਨਾ ਹੀ ਨਹੀਂ ਚਾਹੁੰਦਾ। ਪਰ ਮੈਨੂੰ ਇਹ ਪਤਾ ਕਿ ਮਰਨ ਤੋਂ ਬਿਨਾ ਗੁਜਾਰਾ ਕੋਈ ਨਹੀਂ। ਇਸ ਅਟੱਲ ਸਚਾਈ ਤੋਂ ਮੂੰਹ ਕਿਵੇਂ ਮੋੜਾਂ। ਮੌਤ ਤਾਂ ਜਿਉਂ ਜੰਮਦਾਂ ਨਾਲ ਨਾਲ ਤੁਰਦੀ। ਪ੍ਰਛਾਵੇਂ ਵਾਂਗ। ਸਾਰਾ ਜੀਵਨ ਡਰ ਡਰ ਜਿਉਂਣ ਦਾ ਹੋਰ ਮੱਤਲਬ ਕੀ ਹੈ? ਕਿਤੇ ਇਥੇ ਨਾ ਸ਼ਹਿ ਲਾਈ ਬੈਠੀ ਹੋਵੇ, ਕਿਤੇ ਉਸ ਮੋੜ ਤੇ ਨਾ ਝਪਟ ਪਵੇ। ਤੜਾਗੀਆਂ, ਤਬੀਤ, ਛੱਲੇ, ਨੱਗ, ਨਜਰ ਵੱਟੂ, ਪੱਥਰ, ਗੀਟੇ ਕਾਹਦੇ ਲਈ ਪਾਈ ਫਿਰਦਾਂ ਮੈਂ ਹੱਥੀਂ। ਗੁਰਦੁਆਰੇ-ਮੰਦਰ ਕਿਤੇ ਮੈਂ ਜੀਵਨ ਜਾਚ ਥੋੜੋਂ ਲੈਣ ਜਾਂਦਾ, ਬਲਕਿ ਬਿੱਲੇ ਵਾਂਗ ਸ਼ਹਿ ਲਾਈ ਬੈਠੀ ਮੌਤ ਤੋਂ ਡਰਦਾ ਜਾਨਾਂ। ਰੱਬ ਦੀ ਮੈਨੂੰ 50-60 ਕੁ ਤੋਂ ਬਾਅਦ ਹੀ ਕਿਉਂ ਸੁੱਝਦੀ? ਉਥੇ ਇਸੇ ਉਮਰ ਤੋਂ ਬਾਅਦ ਵਾਲਿਆਂ ਦੀ ਹੀ ਭੀੜ ਕਿਉਂ ਹੁੰਦੀ? ਦਰਅਸਲ ਇਥੇ ਕੁ ਆ ਕੇ ਮੌਤ ਦੇ ਝੌਲੇ ਪੈਣ ਲੱਗ ਜਾਂਦੇ। ਮੌਤ ਲੁਕਣ-ਮੀਚੀ ਜਹੀ ਖੇਡਣ ਲੱਗ ਜਾਂਦੀ। ਡਰਿਆ ਬੰਦਾ ਫਿਰ ਰੱਬ ਵਲੀਂ ਦੌੜਦਾ।

ਇਸੇ ਡਰ ਵਿਚੋਂ ਪੈਦਾ ਹੁੰਦਾ ਅਗਲਾ ਜਨਮ! ਬੰਦਾ ਕਹਿੰਦਾ ਚਲੋ ਕੋਈ ਨਾ ਫਿਰ ਆ ਹੀ ਜਾਣਾ। ਜਿਵੇਂ ਨਾਨਕੇ ਚਲਿਆ ਹੋਵੇ ਕਿ ਚਲੋ ਕੋਈ ਨਾ ਮੁੜ ਹੀ ਆਉਂਣਾ! ਤੁਸੀਂ ਕਦੇ ਬਾਹਰ ਨਾ ਜਾਵੋਂ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਮੁੜ ਨਹੀਂ ਸਕਣਾ। ਤੁਸੀਂ ਜਾਂਦੇ ਹੋ ਮੁੜ ਆਉਂਦੇ ਹੋ। ਮਰ ਜਾਣ ਤੋਂ ਬਾਅਦ ਵੀ ਤੁਹਾਨੂੰ ਜਾਪਦਾ ਕਿ ਮੈਂ ਮੁੜ ਆਉਂਣਾ। ਤੇ ਜੇ ਮੁੜ ਹੀ ਆਉਂਣਾ ਤਾਂ ਕਿਸੇ ਚੰਗੇ ਥਾਂ ਮੁੜਾਂ ਤਾਂ ਫਿਰ ਦੇਹ ਮਾਲਾ ਨੂੰ ਗੇੜੇ ਤੇ ਗੇੜਾ। ਬਾਬੇ ਦੱਸਦੇ ਕਿ ਇਨੀਆਂ ਫੇਰਨ ਨਾਲ ਇਨਾ ਫਲ, ਇਨੀਆਂ ਗੇੜਨ ਨਾਲ ਇਨਾ! ਉਹ ਇਹ ਵੀ ਦੱਸਦੇ ਕਿ ਆਹ ਰਾਜੇ-ਮਹਾਰਾਜੇ ਜਿਹੜੇ ਦਿੱਸਦੇ ਕਿਤੇ ਐਂਵੇ ਨਹੀਂ ਬਲਕਿ ਪਿੱਛਲੇ ਜਨਮਾ ਦੀਆਂ ਮਾਲਾ ਘੁਮਾਈਆਂ ਹੋਈਆਂ। ਯਾਨੀ ਪਿੱਛਲੇ ਜਨਮ ਦੀ ਕਮਾਈ? ਬੜੇ ਬੜੇ ਤੱਪ ਤੇ ਦਾਨ ਕੀਤੇ ਭਾਈ ਇਨ੍ਹਾਂ ਦੇ। ਉਹ ਖੂਨ ਪੀਣੀਆਂ ਜੋਕਾਂ ਨੂੰ ਪਿੱਛਲੇ ਜਨਮ ਦੇ ਖਾਤੇ ਪਾ ਕੇ ਬਰੀ ਕਰ ਦਿੰਦੇ ਹਨ। ਤੇ ਮੈਂ ਸੋਚਦਾਂ ਯਾਰ ਇਨੀਆਂ ਕੁ ਮਾਲਾ ਨਾਲ ਚਲ ਜੇ ਰਾਜਾ ਨਹੀਂ ਵਜੀਰ ਵਰਗਾ ਹੀ ਕੁਝ ਸਹੀ। ਸਾਡੇ ਬਜ਼ੁਰਗ ਵਿਚਾਰੇ ਕਿਸੇ ਜੀਵਨ ਜਾਚ ਕਾਰਨ ਮਾਲਾ ਥੋੜੋਂ ਗੇੜਦੇ ਉਹ ਤਾਂ ਕਿਸੇ ਰਾਜਾ-ਵਜੀਰ ਜਾਂ ਚੰਗੇ ਘਰਾਣੇ ਵਿਚ ਜੰਮਣ ਦੇ ਚੱਕਰ ਵਿਚ ਹਨ! ਨਹੀਂ?

ਭਗਤ ਕਬੀਰ ਜੀ ਪਰ ਕਹਿੰਦੇ ਨਾਂਅ! ਇਹੀ ਵਾਰੀ ਹੈ ਜਿਹੜੀ ਤੂੰ ਲਾ ਲਈ ਹੈ। ‘ਘਟ ਭੀਤਰ ਤੂੰ ਦੇਖ ਬਿਚਾਰ’। ਬਿਚਾਰ ਕਰ ਅਪਣੇ ਅੰਦਰ ਕਿ ਕਿਉਂ ਤੈਨੂੰ ਹੀ ਵਾਪਸ ਵਾਰ ਵਾਰ ਮੋੜਿਆ ਜਾਵੇ? ਆਹ ਆਉਸਰ ਜੈ ਤੂੰ ਬੰਦਿਆਂ ਵਾਂਗ, ਸਤੁੰਸ਼ਟੀ ਨਾਲ ਜਿਉਂ ਲਿਆ ਹੁੰਦਾ, ਤਾਂ ਲੋੜ ਹੀ ਕੀ ਹੈ ਵਾਰ ਵਾਰ ਆਉਂਣ ਦੀ। ਦੁਬਾਰਾ ਵੀ ਤਾਂ ਇਹੀ ਧਰਤੀ, ਇਹੀ ਲੋਕ ਹੋਣਗੇ। ਇੱਕ ਮਿੰਟ ਲਈ ਦੁਬਾਰਾ ਆ ਵੀ ਜਾਵੇਂ ਤਾਂ ਕੀ ਖੋਹਣ ਖੋਹ ਲਵੇਂਗਾ ਜਿਹੜੇ ਹੁਣ ਨਹੀਂ ਖੋਹੇ ਗਏ।

ਪਰ ਮੈਂ ਮੰਨਣਾ ਨਹੀਂ ਚਾਹੁੰਦਾ ਕਿ ਬੱਅਸ? ਖਤਮ? ਇਹੀ ਵਾਰੀ ਸੀ? ਇਨੀ ਖੇਡ ਸੀ? ਹਾਲੇ ਤਾਂ ਸੁਆਦ ਜਿਹਾ ਹੀ ਆਉਂਣ ਲੱਗਾ ਸੀ? ਹਾਲੇ ਤਾਂ ਕਿੰਨੀ ਦੁਨੀਆਂ ਪਈ ਸੀ ਵੇਖਣ ਵਾਲੀ? ਇਹ ਤਾਂ ਕੋਈ ਗੱਲ ਨਾ ਹੋਈ। ਹਾਲੇ ਕੱਲ ਦੀਆਂ ਗੱਲਾਂ। ਜਵਾਨੀ ਹੁੰਦੀ ਸੀ। ਇਹ ਝੱਟ ਹੀ ਲੰਘ ਗਈ। ਪਰ ਹੁਣ ਅੱਗੇ ਕੋਈ ਮੌਕਾ ਨਹੀਂ। ਤੇ ਬੰਦਾ ਡਰ ਜਾਂਦਾ। ਇਸ ਗੱਲ ਤੋਂ ਹੀ ਡਰ ਜਾਂਦਾ ਕਿ ਕਹਾਣੀ ਖਤਮ? ਉਹ ਇਹ ਸੋਚਣਾ ਹੀ ਨਹੀਂ ਚਾਹੁੰਦਾ ਕਿ ਬੂੰਦ ਤੇ ਸਾਗਰ ਦਾ ਰਿਸ਼ਤਾ ਕੀ ਹੈ? ਬੂੰਦ ਅਪਣੇ ਹੰਕਾਰ ਵੱਸ ਸਾਗਰ ਨਾਲੋਂ ਅਲਿਦਗੀ ਬਣਾਈ ਰੱਖਣਾ ਚਾਹੁੰਦੀ। ਉਹ ਸਾਗਰ ਵਿਚ ‘ਮਰਜ’ ਨਹੀਂ ਹੋਣਾ ਚਾਹੁੰਦੀ। ਇਹੀ ਉਸ ਦੇ ਡਰ ਦਾ ਕਾਰਨ ਹੈ ਤੇ ਲੁੱਟਣ ਵਾਲੇ ਦੇਖ ਲੈਂਦੇ ਹਨ ਕਿ ਬੰਦਾ ਡਰਿਆ। ਤੁਸੀਂ ਨਵੇਂ ਨਵੇਂ ਕਿਤੇ ਬਾਹਰ ਜਾਵੋਂ ਜ੍ਹੇਬ ਕੱਤਰੇ ਫੱਟ ਪਛਾਣ ਜਾਂਦੇ ਹਨ, ਕਿ ਬੰਦਾ ਡਰਿਆ ਨਵਾਂ ਜਾਪਦਾ।

ਡਰ ਲੱਥ ਜਾਵੇ ਜੇ ਮੈ ਸੋਚਾਂ ਕਿ ਮੇਰੀ ਵਾਰੀ ਇਹੀ ਸੀ, ਮੇਰੀ ਮੀਟੀ ਇਨੀ ਸੀ ਜਿੰਨੀ ਮੈਂ ਦੇ ਲਈ ਤੇ ਹੁਣ ਬੂੰਦ ਸਾਗਰ ਵਿੱਚ ਮਿਲਣ ਲਈ ਤਿਆਰ ਹੈ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top