Share on Facebook

Main News Page

ਨਸ਼ਿਆਂ ਦਾ ਸੰਸਾਰ
-: ਗੁਰਦੇਵ ਸਿੰਘ ਸੱਧੇਵਾਲੀਆ

(ਅਦਾਰਾ ਖ਼ਬਰਦਾਰ): ਮਨੁੱਖ ਦੀ ਦਿਲੀ ਇਸ਼ਾ ਰਹੀ ਕਿ ਉਹ ਕੰਮ ਘੱਟ ਕਰੇ ਜਾਂ ਕਰੇ ਹੀ ਨਾ ਪਰ ਪੈਸਾ ਉਸ ਕੋਲੇ ਇਨਾ ਹੋਵੇ ਕਿ ਉਹ ਖੁਲ੍ਹੀ ਤਰ੍ਹਾਂ ਐਸ਼ੋ-ਇਸ਼ਰਤ ਕਰ ਸਕੇ ਤੇ ਇਸ ਲਈ ਭਵੇਂ ਉਸ ਨੂੰ ਬਾਕੀ ਲੋਕਾਂ ਦੀ ਜਿੰਦਗੀਆਂ ਨਾਲ ਹੀ ਕਿਉਂ ਨਾ ਖੇਡਣਾ ਪਵੇ। ਇਸ ਭਾਵਨਾ ਤਹਿਤ ਨਸ਼ਿਆਂ ਦਾ ਖੁਲ੍ਹਾ ਅਤੇ ਮਹਿੰਗਾ ਵਪਾਰ ਚਲਿਆ। ਮਨੁੱਖ ਦੇ ਰਾਤੋ-ਰਾਤ ਅਮੀਰ ਹੋ ਕੇ ਅਪਣੀਆਂ ਈਸ਼ਾਵਾਂ ਪੂਰੀਆਂ ਕਰਨ ਦੀ ਹਾਬੜਤਾ ਨੇ ਬਾਕੀ ਲੋਕਾਂ ਦੀ ਜਿੰਦਗੀਆਂ ਨੂੰ ਹਨੇਰੇ ਖੂਹ ਵਿਚ ਧੱਕ ਦਿੱਤਾ। ਅੱਜ ਆਲਮ ਇਹ ਹੈ ਜਿਸ ਦਰਵਾਜੇ ਦਸਤਕ ਦਿਓ ਨਸ਼ਿਆਂ ਦਾ ਦੈਂਤ ਲੁੱਡੀਆਂ ਪਾਉਂਦਾ ਫਿਰਦਾ ਹੈ। ਬੰਦਾ ਨਸ਼ੇ ਤੋਂ ਬਿਨਾ ਜਿੰਦਗੀ ਜਿਉਂਣੀ ਹੀ ਭੁੱਲ ਹੀ ਗਿਆ। ਇਸ ਹਨੇਰੀ ਵਿਚ ਜਿਧਰ ਨਿਗਾਹ ਮਾਰੋ ਮਨੁੱਖਤਾ ਉੱਡਦੀ ਫਿਰਦੀ ਨਜਰ ਆਉਂਦੀ ਹੈ। ਬੁੱਢਾ, ਬੱਚਾ, ਜਵਾਨ, ਰਾਗੀ, ਢਾਡੀ, ਕਵੀਸ਼ਰ, ਰਾਜਨੀਤਕ, ਡੇਰਾ, ਵਕੀਲ, ਡਾਕਟਰ, ਰਿਕਸ਼ਾ ਚਾਲਕ, ਫੈਕਟਰੀ, ਟਰੱਕ, ਟੈਕਸੀ ਕੋਈ ਬਚਿਆ ਨਹੀਂ ਜਾਪਦਾ। ਕੋਈ ‘ਹਰਿਆ ਬੂਟ’ ਭਵੇਂ ਰਹਿਆ ਤੇ ਬੱਅਸ!

ਇਸ ਮਹਿੰਗੇ ਵਪਾਰ ਵਿਚ ਸਭ ਤੋਂ ਮਹਿੰਗਾ ਨਸ਼ਾ ਹੈ "ਹੈਰੋਇਨ"। ਜਿਸ ਨੂੰ ਨਸ਼ੇੜੀ ਬੋਲੀ ਵਿਚ ਗਰਮ, ਰੈੱਡ ਜਾਂ ਨੁੱਕਰ ਵੀ ਕਿਹਾ ਜਾਂਦਾ ਹੈ। ਪੰਜਾਬੀ ਭਾਈਚਾਰਾ ਜਾਂ ਪੰਜਾਬੀ ਬੱਚੇ ਭੰਗ ਤੋਂ ਬਾਅਦ ਜਿਆਦਾ ਇਹੀ ਨਸ਼ਾ ਵਰਤਦੇ ਹਨ। ਟਰੰਟੋ ਦਾ ਹਾਲੇ ਪਤਾ ਨਹੀਂ ਪਰ ਵੈਨਕੋਰਵਰ ਵਿਖੇ ਔਸਤਨ 70 ਤੋਂ 80 ਪ੍ਰਸੈਂਟ ਸਾਡੇ ਲੋਕ ਇਸ ਦੀ ਗ੍ਰਿਫਤ ਵਿਚ ਆ ਚੁੱਕੇ ਹੋਏ ਹਨ ਜਿਸ ਵਿਚ ਮੁੰਡਿਆਂ ਤੋਂ ਇਲਾਵਾ ਕੁੜੀਆਂ ਵੀ ਸ਼ਾਮਲ ਹਨ? ਇਹ ਨਸ਼ਾ ਸੋਨੇ ਤੋਂ ਪੰਜ ਗੁਣਾ ਮਹਿੰਗਾ ਹੈ ਤੇ ਇਸ ਨਸ਼ੇ ਵਿਚ ਫਸ ਚੁੱਕਾ ਬੰਦਾ ਬਕਸੇ ਵਿਚ ਪੈ ਕੇ ਹੀ ਬਸ ਕਰਦਾ ਹੈ ਪਰ ਬਕਸੇ ਤੱਕ ਜਾਣ ਤੋਂ ਪਹਿਲਾਂ ਉਹ ਅਪਣਾ ਘਰ-ਬਾਰ ਸਭ ਬਰਬਾਦ ਤਾਂ ਕਰ ਹੀ ਚੁੱਕਦਾ ਹੈ ਪਰ ਨਾਲ ਹੀ ਜਿੰਨਾ ਚਿਰ ਉਹ ਜਿਉਂਦਾ ਅੱਤ ਦਾ ਜਲੀਲ ਹੋ ਕੇ ਜਿਉਂਦਾ ਹੈ। ਭਿਖਾਰੀਆਂ ਵਰਗੀ ਜਿੰਦਗੀ ਹੋ ਜਾਂਦੀ ਹੈ ਉਸ ਦੀ! ਸੋਨੇ ਦਾ ਜੇ 40 ਡਾਲਰ ਗਰਾਮ ਰੇਟ ਹੈ, ਤਾਂ ਹੈਰੋਇਨ ਦਾ 200 ਡਾਲਰ। ਇੱਕ ਤੋਲੇ ਹੈਰੋਇਨ ਦੀ ਕੀਮਤ ਤੇ ਪੰਜ ਤੋਲੇ ਸੋਨਾ ਆ ਜਾਂਦਾ ਹੈ। ਇਹ ਮਹਿੰਗਾ ਨਸ਼ਾ ਜਿਸ ਜੀਵਨ ਵਿਚ ਕੇਵਲ ਇੱਕ ਵਾਰੀ ਵੀ ਪ੍ਰਵੇਸ਼ ਕਰ ਜਾਂਦਾ ਹੈ, ਮੁੜ ਉਸ ਨੂੰ ਜਾਨੋ ਮਾਰੇ ਬਿਨਾ ਨਹੀਂ ਛੱਡਦਾ। ਕੋਈ ਹਜਾਰਾਂ ਵਿਚੋਂ ਵਿਰਲਾ ਤਾਂ ਭਾਵੇਂ ਇਸ ਹਨੇਰੀ ਗਲੀ ਵਿਚੋਂ ਨਿਕਲ ਜਾਵੇ ਪਰ ਬਹੁਤਾ-ਤਰ ਇਹ ਜੀਵਨ ਦੀ ਖੇਡ ਖਤਮ ਕਰਕੇ ਹੀ ਦਮ ਲੈਂਦਾ ਹੈ। ਦੂਜਾ ਥੋੜਾ ਸਸਤਾ ਪਰ ਇਸ ਵਰਗਾ ਹੀ ਮਾਰੂ ਨਸ਼ਾ ਹੈ ‘ਕਰੈਕ’! ਇਹ ਕਰੈਕ ਹੈਰੈਇਨ ਦਾ ਹੀ ਮਾਸੀ ਦਾ ਪੁੱਤ-ਭਰਾ ਵਰਗਾ ਪਰ ਗਲੋਂ ਇਹ ਵੀ ਨਹੀਂ ਲੱਥਦਾ। ਇਹ ਚਿੱਟੀ ਬੱਜਰੀ ਦੇ ਛੋਟੇ-ਛੋਟੇ ਬਰੀਕ ਟੁਕੜਿਆਂ ਵਰਗਾ ਹੁੰਦਾ। ਇਸ ਨਸ਼ੇ ਦੇ ਆਦੀ ਕਈ ਵਾਰ ਸੜਕ ਤੇ ਪਈ ਚਿੱਟੀ ਬੱਜਰੀ ਤੱਕ ਖਾਣ ਨੂੰ ਕਰਦੇ ਹਨ ਕਿ ਸ਼ਾਇਦ ਇਹ ਕਰੈਕ ਹੀ ਹੋਵੇ!

‘ਕਰੈਕ’ ਕਰਨ ਵਾਲਾ ਸਵੇਰੇ ਉੱਠਦਾ ਇਸ ਨੂੰ ਨੱਕ ਵਿਚ ਵਾੜਦਾ ਹੈ, ਪਰ ਮੁੜ ਸਾਰਾ ਦਿਨ ਇਹ ਉਸ ਦੇ ਗਲੋਂ ਨਹੀਂ ਲੱਥਦਾ ਤੇ ਹਰੇਕ 10-20-30 ਮਿੰਟ ਬਾਅਦ ਉਸ ਨੂੰ ਇਹ ਕਰਨਾ ਹੀ ਪੈਂਦਾ ਹੈ। ਕਰੈਕ ਕਰਨ ਵਾਲੇ ਦੇ ਜੂਆ ਖੇਡਣ ਵਾਲੇ ਬੰਦੇ ਵਾਂਗ ਕਿ ਹੁਣ ਜਿੱਤ ਜਾਂਗਾ ਬੱਸ ਹੁਣ ਜਿੱਤ ਜਾਂਗਾ ਵਰਗੀ ਗੱਲ ਸਿਰ ਵਿਚ ਵਾਰ-ਵਾਰ ਵੱਜਦੀ ਹੈ ਕਿ ਸਵੇਰ ਵਾਲਾ ਨਸ਼ਾ ਇਸ ਵਾਰੀ, ਨਹੀਂ ਇਸ ਵਾਰੀ ਤੇ ਉਹ ‘ਇਸ ਵਾਰੀ’ ਦੇ ਚੱਕਰ ਵਿਚ ਸਾਰਾ ਸਾਰਾ ਦਿਨ ਇਸ ਪਿੱਛੇ ਪਾਗਲ ਹੋਇਆ ਰਹਿੰਦਾ ਹੈ।

ਇਨ੍ਹਾਂ ਨਸ਼ਿਆਂ ਦੀ ਗਲੀ ਬੜੀ ਹਨੇਰੀ ਹੈ ਇਸ ਹਨੇਰੀ ਗਲੀ ਦਾ ਰਸਤਾ ਕੇਵਲ ਇੱਕ ਪਾਸੇ ਖੁਲ੍ਹਦਾ ਹੈ ਤੇ ਉਹ ਪਾਸਾ ਹੈ ਮੌਤ! ਇਸ ਗਲੀ ਦੀ ‘ਐਂਟਰੀ’ ਮੁਫਤ ਹੈ ਪਰ ਅਗਲਾ ਸਫਰ ਬਹੁਤ ਮਹਿੰਗਾ। ਇਨਾ ਮਹਿੰਗਾ ਕਿ ਤੁਸੀਂ ਪੂਰਾ ਜੀਵਨ ਦੇ ਕੇ ਵੀ ਇਸ ਦੀ ਕੀਮਤ ਤਾਰ ਨਹੀਂ ਸਕਦੇ।

ਪੰਜਾਬ ਦੀ ਜੇ ਗੱਲ ਕਰੀਏ ਤਾਂ ਉਂਝ ਰੋਜਾਨਾ 2 ਤੋਂ 3 ਗਰਾਮ ਵਾਲੇ ਨਸ਼ੇੜੀ ਵੀ ਹਨ, ਪਰ ਤੁਸੀਂ ਇੱਕ ਗਰਾਮ ਮੰਨ ਕੇ ਚਲੋ। 100 ਪਿੱਛੇ 30 ਲੋਕ ਇਸ ਨਸ਼ੇ ਦੇ ਆਦੀ ਹੋ ਚੁੱਕੇ ਹਨ, ਪਰ ਤੁਸੀਂ ਘੱਟੋ-ਘੱਟ ਇੱਕ ਪਿੰਡ 10 ਬੰਦੇ ਮੰਨੋ! ਯਾਨੀ 10-10 ਗਰਾਮ ਹੈਰਇਨ ਇੱਕ ਪਿਡ ਦੇ ਹਿੱਸੇ ਆਈ ਤਾਂ 13 ਹਜਾਰ ਪਿੰਡ ਵਿਚ ਕਿੰਨੀ ਲੱਗੀ ਰੋਜਾਨਾ? 130 ਹਜਾਰ ਗਰਾਮ ਯਾਨੀ 130 ਕਿੱਲੋ? 130 ਨੂੰ ਮਹੀਨੇ ਯਾਨੀ 30 ਦਿਨਾ ਨਾਲ ਮਲਟੀਪਲਾਈ ਕਰੋ ਤਾਂ ਇਹ 3900 ਕਿੱਲੋ ਯਾਨੀ 100 ਮਣ ਦੇ ਲਗ-ਭਗ ਬਣ ਗਿਆ? ਕੀ ਹਿੰਦੋਸਤਾਨ ਦੀ ਸਕਿਉਰਟੀ ਦਾ ਇਨਾ ਦਿਵਾਲਾ ਨਿਕਲਿਆ ਕਿ 100 ਮਣ ਨਸ਼ਾ ਹਰੇਕ ਮਹੀਨੇ ਆ ਰਿਹਾ ਪਰ ਉਸ ਨੂੰ ਪਤਾ ਹੀ ਕੁਝ ਨਹੀਂ? ਦਰਅਸਲ ਇਹ ਬਾਹਰੋਂ-ਵਾਹਰੋਂ ਕੋਈ ਨਹੀਂ ਆ ਰਿਹਾ ਇਹ ਖੁਦ ਪੰਜਾਬ ਵਿਚ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਕੁਝ ਤਿੱਖੀਆਂ ਦਵਾਈਆਂ ਅਤੇ ਕਰਿਆਨੇ ਦੇ ਹੋਰ ਨਿੱਕੜ-ਸੁੱਕੜ ਨਾਲ ਤਿਆਰ ਕੀਤਾ ਜਾਂਦਾ ਹੈ। ਬਾਡਰ ਉਪਰ ਧਰਨੇ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਹਨ। ਜੇ ਆਉਂਦਾ ਵੀ ਹੈ ਉਸ ਨੂੰ ਬਹੁਤ ਜਿਆਦਾ ਕਰਨ ਦੇ ‘ਕਾਰੀਗਰ’ ਪੰਜਾਬ ਵਿਚ ਹੀ ਬੈਠੇ ਹੋਏ ਹਨ । ਯਾਦ ਰਹੇ ਕਿ ਇਹ ‘ਚਿੱਟਾ’ ਨਾਂ ਦਾ ਜ਼ਹਿਰ ਪੰਜਾਬ ਵਿਚ ਹਜਾਰ ਰੁਪਏ ਨੂੰ ਗਰਾਮ ਹੈ ਤਾਂ 130 ਹਜਾਰ ਗਰਾਮ ਕਿੰਨੇ ਦਾ ਹੋਇਆ? ਇਸ ਬਰਬਾਦੀ ਨੂੰ ਪਰ ਸਾਡੇ ਮੱਥਿਆਂ ਤੇ ਲਿਖਣ ਵਾਲੇ ਕੌਣ ਹਨ?

ਚਲੋ ਇਹ ਤਾਂ ਪੰਜਾਬ ਦੀ ਗੱਲ ਹੋਈ ਜਿਸ ਬਾਰੇ ਹਰੇਕ ਫਿਕਰਮੰਦ ਹੈ, ਪਰ ਇਧਰ ਬਾਹਰ ਕੀ ਅਸੀਂ ਬਚ ਗਏ ਹੋਏ ਹਾਂ? ਆਪਾਂ ਗੱਲ ਕਰੀਏ ਜਿਥੇ ਅਸੀਂ ਰਹਿ ਰਹੇ ਹਾਂ। ਪੰਜਾਬ ਬਾਰੇ ਨਿੱਤ ਰੌਲਾ ਸੁਣਦੇ ਹਾਂ, ਖ਼ਬਰਾਂ ਲੱਗਦੀਆਂ ਹਨ, ਟਾਕ-ਸ਼ੋਅ ਹੁੰਦੇ ਹਨ, ਪਰ ਜਿਥੇ ਅਸੀਂ ਰਹਿ ਰਹੇ ਹਾਂ ਉਥੇ ਕੀ ਅਸੀਂ ਜਾਂ ਸਾਡੇ ਬੱਚੇ ‘ਸੇਫ’ ਹਨ? ਸਾਡੇ ਸਕੂਲਾਂ ਵਿਚ ਕੀ ਹੋ ਰਿਹਾ? ਸਾਡੇ ਬਾਰਡਰਾਂ ਉਪਰ ਨਿੱਤ ਦੀ ਫੜੋ-ਫੜਾਈ ਕਿਸ ਦੀ ਹੁੰਦੀ? ਸਾਡੇ ਖੇਡਾਂ ਦੇ ਅਦਾਰੇ ਕੀ ਨਸ਼ਾ ਮੁਕਤ ਹਨ? ਏਸ ਜ਼ਹਿਰ ਦੇ ਵਪਾਰੀ ਇਥੇ ਵੀ ਤੁਹਾਡੀਆਂ ਬਰੂਹਾਂ ਤੱਕ ਪਹੁੰਚ ਚੁੱਕੇ ਹੋਏ ਹਨ। ਤੁਹਾਡੇ ਸਕੂਲਾਂ ਤੱਕ, ਤੁਹਾਡੇ ਘਰਾਂ ਤੱਕ, ਤੁਹਾਡੀਆਂ ਖੇਡਾਂ ਤੱਕ, ਇਥੇ ਤੱਕ ਕਿ ਤੁਹਾਡੇ ਧਾਰਮਿਕ ਅਸਥਾਨਾ ਤੱਕ?

ਮਾਂ ਬੱਚੇ ਨੂੰ ਅਪਣੇ ਪੇਟ ਵਿਚ ਰੱਖਦੀ ਹੈ, ਛਾਤੀ ਨਾਲ ਲਾ ਦੁੱਧ ਚੁੰਘਾਉਂਦੀ ਹੈ, ਪਾਲਦੀ ਹੈ, ਪੋਰਿਆ ਪੋਰਿਆ ਕਰਕੇ ਵੱਡਾ ਕਰਦੀ ਹੈ ਪਰ ਇਹ ਉਸ ਨੂੰ ਅਸਮਾਨ ਦੀ ਹਾਲੇ ਉਡਾਰੀ ਵੀ ਨਹੀਂ ਭਰਨ ਦਿੰਦੇ ਕਿ ਜ਼ਹਿਰ ਦੇ ਕੇ ਪਹਿਲਾਂ ਹੀ ਧਰਤੀ ਉਪਰ ਸੁੱਟ ਲੈਂਦੇ ਹਨ! ਉਸ ਹਾਲੇ ਧਰਤੀ ਉਪਰ ਜਿਉਂਣਾ ਹੁੰਦਾ ਹੈ, ਜੀਵਨ ਮਾਨਣਾ ਹੁੰਦਾ ਹੈ, ਜਿੰਦਗੀ ਦੇਖਣੀ ਹੁੰਦੀ ਹੈ ਪਰ ਇਹ? ਇਹ ਉਸ ਨੂੰ ਪਹਿਲਾਂ ਹੀ ਸਿਵਿਆਂ ਦੇ ਰਾਹ ਪਾ ਦਿੰਦੇ ਹਨ। 9 ਸਾਲ ਤੱਕ ਦੇ ਨਿਆਣੇ ਨਸ਼ਿਆਂ ਵਿਚ ਗਰਕਣ ਦੇ ਰਾਹੇ ਪੈ ਚੁੱਕੇ ਹੋਏ ਹਨ।

ਖ਼ਬਰਦਾਰ ਦੀ ਟੀਮ ਨੇ ਕੁਝ ਤੱਥ ਇਕੱਠੇ ਕੀਤੇ ਹਨ। ਕੁਝ ਲੋਕਾਂ ਨਾਲ ਗੱਲ-ਬਾਤ ਕੀਤੀ ਹੈ। ਉਨ੍ਹਾਂ ਦੇ ਅਧਾਰ ਉਪਰ ਮੋਟੇ ਤੌਰ 'ਤੇ ਜਾਣਕਾਰੀ ਇਕੱਠੀ ਕੀਤੀ ਹੈ। ਅਸੀਂ ਉਨ੍ਹਾਂ ਲੋਕਾਂ ਤੱਕ ਸੰਪਰਕ ਕੀਤਾ ਹੈ ਜਿਹੜੇ ਬੜੀ ਦ੍ਰਿੜਤਾ ਨਾਲ ਬਿਨਾ ਮੌਤ ਦਾ ਦਰਵਾਜਾ ਖੜਕਾਏ, ਇਸ ਹਨੇਰੀ ਗਲੀ ਨੂੰ ਲੰਘ ਆਏ ਹਨ। ਅਸੀਂ ਉਨ੍ਹਾਂ ਕੁਝ ਲੋਕਾਂ ਤੱਕ ਵੀ ਪਹੁੰਚ ਕੀਤੀ ਹੈ, ਜਿੰਨਾ ਕੋਲੋਂ ਜੀਵਨ ਖੋਹ ਲਿਆ ਗਿਆ ਹੈ। ਜਿਹੜੇ ਇਨ੍ਹਾਂ ਹਨੇਰੀਆਂ ਗਲੀਆਂ ਵਿਚ ਗੁਆਚ ਚੁੱਕੇ ਹੋਏ ਹਨ। ਜਿਹੜੇ ਜੀਵਨ ਦੀ ਵਹਿੰਦੀ ਧਾਰਾ ਨਾਲੋਂ ਟੁੱਟ ਕੇ ਸੁੱਕ ਚੁੱਕੇ ਹੋਏ ਹਨ। ਉਨ੍ਹਾਂ ਦੇ ਕੁਝ ਕੌੜੇ ਤਜਰਬੇ ਅਸੀਂ ਖ਼ਬਰਦਾਰ ਦੇ ਪਾਠਕਾਂ ਨਾਲ ਸਾਂਝੇ ਕਰਨ ਲੱਗੇ ਹਾਂ ਕਿ ਸ਼ਾਇਦ ਇਨ੍ਹਾਂ ਨਾਲ ਤੁਹਾਡੇ, ਸਾਡੇ ਸਭ ਦੇ ਬੱਚੇ ਬਚ ਰਹਿਣ ਜਾਂ ਅਸੀਂ ਉਨ੍ਹਾਂ ਬਾਰੇ ਸਾਵਧਾਨ ਹੋ ਕੇ ਸੋਚਣਾ ਸ਼ੁਰੂ ਕਰ ਦਈਏ।

ਇਸ ਅਲਾਮਤ ਦੀ ਸ਼ੁਰੂਆਤ ਕਿਥੋਂ ਹੁੰਦੀ ਹੈ? ਕਹਿੰਦੇ ਮੂਰਖ ਮਿੱਤਰ ਨਾਲੋਂ ਦਾਨਾ ਦੁਸ਼ਮਣ ਕਿਤੇ ਭਲਾ ਹੁੰਦਾ। ਤੇ ਜਦ ਵੀ ਤੁਹਾਨੂੰ ਮਾਰਿਆ ਜਾਂ ਮਾਰਨਾ ਤੁਹਾਡੇ ਮਾੜੇ ਮਿੱਤਰ ਨੇ ਹੀ ਮਾਰਨਾ ਹੈ। ਤੁਸੀਂ ਇਸ ਗੱਲ ਵਲ ਖਾਸ ਖਿਆਲ ਰਖੋ ਕਿ ਤੁਹਾਡੇ ਜਾਂ ਤੁਹਾਡੇ ਬੱਚੇ ਦੇ ਮਿੱਤਰ ਕਿਹੋ ਜਿਹੇ ਹਨ। ਕੋਈ ਵੀ ਮਾੜੀ ਖੇਡ ਤੁਹਾਡੇ ਇਨ੍ਹਾਂ ਮਿੱਤਰਾਂ ਤੋਂ ਹੀ ਸ਼ੁਰੂ ਹੋਣੀ ਹੈ। ਦੁਸ਼ਮਣ ਤੁਹਾਡੇ ਦਰਵਾਜੇ ਤੱਕ ਆਉਂਣ ਲਈ ਵੀਹ ਵਾਰ ਸੋਚੇਗਾ ਪਰ ਸੱਜਣ ਨੂੰ ਤਾਂ ਕਈ ਵਾਰ ਦਰਵਾਜਾ ਖੜਕਾਉਂਣ ਦੀ ਵੀ ਲੋੜ ਨਹੀਂ ਪੈਂਦੀ। ਸੋ ਅੱਜ ਦੇ ਜੁੱਗ ਵਿਚ ਤੁਹਾਨੂੰ ਦੁਸ਼ਮਣ ਤੋਂ ਨਹੀਂ ਬਲਕਿ ਅਜਿਹੇ ਮਿੱਤਰਾਂ ਤੋਂ ਬਚਣ ਦੀ ਲੋੜ ਹੈ ਜਿਹੜੇ ਤੁਹਾਨੂੰ ਮੌਤ ਦੇ ਦਰਵਾਜੇ ਤੱਕ ਛੱਡਣ ਦਾ ਕਾਰਨ ਬਣ ਸਕਦੇ ਹਨ।

ਨਸ਼ਿਆਂ ਦੀ ਭਿਆਨਕ ਬਿਮਾਰੀ ਮਿੱਤਰਾਂ ਤੋਂ ਸ਼ੁਰੂ ਹੋ ਕੇ ਇੱਕ ਦੂਏ ਤੱਕ ਦਾ ਲੰਮਾ ਸਫਰ ਤੈਅ ਕਰਦੀ ਹੈ। ਮਿਲੀ ਜਾਣਕਾਰੀ ਮੁਤਾਬਕ ਤੁਹਾਡੇ ਬੱਚੇ ਜਾਂ ਬੰਦੇ ਦਾ ਮਿੱਤਰ ਕੇਵਲ ਤੁਹਾਡੇ ਦਾ ਹੀ ਨਹੀਂ, ਉਹ ਅੱਗੇ ਹੋਰ ਵੀ ਕਿਸੇ ਦਾ ਹੈ ਤੇ ਅੱਗੇ ਵਾਲਾ ਅਗਾਂਹ ਹੋਰ ਕਿਸੇ ਦਾ। ਪਤਾ ਨਹੀਂ ਇਹ ਕੜੀ ਕਿਥੇ ਜਾ ਕੇ ਨਸ਼ੇ ਨਾਲ ਜਾ ਜੁੜਦੀ ਹੈ ਤੇ ਉਹ ਤੁਰਦੀ ਹੋਈ ਤੁਹਾਡੇ ਘਰ ਦੇ ਦਰਵਾਜੇ ਤੱਕ ਆਣ ਦਸਤੱਕ ਦਿੰਦੀ ਹੈ। ਬਹੁਤੀਆਂ ਮਾੜੀਆਂ ਅਲਾਮਤਾ ਸਕੂਲਾਂ ਵਿਚੋਂ ਨਿਕਲ ਕੇ ਰਾਤਾਂ ਦੀਆਂ ਪਾਰਟੀਆਂ ਰਾਹੀਂ ਬੱਚਿਆਂ ਵਿਚ ਆਉਂਦੀਆਂ ਹਨ ਜਿਥੇ ਬਰਥਡੇਅ ਪਾਰਟੀਆਂ ਦੇ ਨਾਂ ਤੇ ਮੰਡੀਰ ਇਕੱਠੀ ਹੁੰਦੀ ਹੈ ਤੇ ਤੁਹਾਡਾ ਚੰਗੇ ਮਹੌਲ ਵਿਚ ਪਲਿਆ ਬੱਚਾ ਵੀ ਉਸ ਵਹਿਣ ਵਿਚ ਜਾ ਰੁੜਦਾ ਹੈ।

ਅਜਿਹੀਆਂ ਪਾਰਟੀਆਂ ਵਿਚ ਚੰਗੇ ਤੋਂ ਚੰਗੇ ਨਿਆਣੇ ਨੂੰ ਵੀ ਬਚਣ ਨਹੀਂ ਦਿੱਤਾ ਜਾਂਦਾ। ਉਂਝ ਸਕੂਲਾਂ ਵਿਚਲੀ ਸ਼ੁਰੂਆਤ ਭੰਗ ਤੋਂ ਹੁੰਦੀ ਹੈ, ਜਿਹੜਾ 5-10 ਜਾਂ 20 ਡਾਲਰ ਨੂੰ ਪੁੜੀ ਵਿੱਕਦਾ ਹੈ। ਵੇਚਣ ਵਾਲਿਆਂ ਸਕੂਲਾਂ ਵਿਚ ਹੀ ਅਪਣੇ ਏਜੰਟ ਛੱਡੇ ਹੋਏ ਹਨ, ਜਿਹੜੇ ਨਿੱਤ ਨਵੀਂ ‘ਮੁਰਗੀ’ ਦੀ ਤਾੜ ਵਿੱਚ ਰਹਿੰਦੇ ਹਨ ਅਤੇ ਉਹ ਕੋਈ ਬਾਹਰੋਂ ਨਹੀਂ ਬਲਕਿ ਸਕੂਲਾਂ ਦੇ ਹੀ ਬੱਚੇ ਹੁੰਦੇ ਹਨ! ਅਤੇ ਸਹਿਜੇ ਸਹਿਜੇ ਉਨ੍ਹਾਂ ਨੂੰ ਇਸ ਦੀ ‘ਲੱਤ’ ਲਾ ਦਿੰਦੇ ਹਨ ਅਤੇ ਬਹੁਤੀ ਵਾਰ ਇਥੋਂ ਸ਼ੁਰੂ ਹੋ ਕੇ ਅੱਗੇ ਜਾ ਕੇ ਬੱਚਾ ਅਨਜਾਣੇ ਹੀ ਇਸ ‘ਕਰੈਕ’ ਜਾਂ ‘ਹੈਰੋਇਨ’ ਵਰਗੀ ਹਨੇਰੀ ਗਲੀ ਵਿਚ ਜਾ ਵੜਦਾ ਹੈ! ਇਸ ਸ਼ੁਰੂ ਕੀਤੀ ਭੰਗ ਨੂੰ ਅਗਲੇ ਨਸ਼ੇ ਦਾ ‘ਗੇਟ’ ਯਾਨੀ ਦਰਵਾਜਾ ਮੰਨਿਆ ਜਾਂਦਾ ਹੈ, ਜਿਸ ਰਾਹੀਂ ਲੰਘ ਕੇ ਕਈ ਵਾਰ ਉਹ ਜੀਵਨ ਤੋਂ ਬਹੁਤ ਦੂਰ ਚਲਾ ਜਾਂਦਾ ਹੈ।

ਇਹ ਨਸ਼ਾ ਇੱਕ ਹੋਰ ਕਾਰਨ ਵੀ ਅੱਗੇ ਫੈਲਦਾ। ਨਸ਼ੇੜੀ ਬੰਦਾ ਜਾਂ ਬੱਚਾ ਜਦ ਲੁੱਟ-ਪੁੱਟ ਹੋ ਜਾਂਦਾ ਹੈ ਤਾਂ ਉਹ ਅਪਣੇ ਨਸ਼ੇ ਦੀ ਪੂਰਤੀ ਲਈ ਨਵਾਂ ਸ਼ਿਕਾਰ ਲੱਭਦਾ ਹੈ ਜਿਹੜਾ ਚਾਰ ਦਿਨ ਉਸ ਦੇ ‘ਸੌਖੇ’ ਕਰ ਸਕਦਾ ਹੋਵੇ। ਤੇ ਉਸ ਦਾ ਸਭ ਤੋਂ ਪਹਿਲਾ ਸ਼ਿਕਾਰ ਉਸ ਦਾ ਮਿੱਤਰ ਹੁੰਦਾ ਹੈ। ਉਹ ਜਦ ਆਲੇ ਦੁਆਲੇ ਤੋਂ ਨਿਰਾਸ਼ ਹੋ ਚੁੱਕਾ ਹੁੰਦਾ ਤਾਂ ਉਸ ਕੋਲੇ ਕੋਈ ਚਾਰਾ ਨਹੀਂ ਹੁੰਦਾ ਕਿ ਉਹ ਅਪਣੇ ਮਿੱਤਰ ਦਾ ਸਹਾਰਾ ਲਵੇ। ਮਿੱਤਰ ਉਸ ਦਾ ਉਸ ਦੀ ‘ਤੋਟ’ ਵਿਚ ਤਾਂ ਹੀ ਸ਼ਾਮਲ ਹੋਵੇਗਾ ਜੇ ਉਹ ਖੁਦ ‘ਟੁੱਟਾ’ ਹੋਵੇਗਾ। ਉਸ ਨੂੰ ਤੋੜਨ ਲਈ ‘ਕੇਵਲ ਇੱਕ ਵਾਰੀ’ ਦਾ ਫਾਰਮੂਲਾ ਉਸ ਉਪਰ ਵਰਤਦਾ ਹੈ ਅਤੇ ਨਵਾਂ ਸ਼ਿਕਾਰ ਸੋਚਦਾ ਚਲੋ ਇੱਕ ਵਾਰੀ ਨਾਲ ਕੀ ਹੁੰਦਾ। ਪਰ ਉਸ ਨੂੰ ਪਤਾ ਨਹੀਂ ਹੁੰਦਾ ਕਿ ਇਹ ਇੱਕ ਵਾਰੀ ਨਹੀਂ ਬਲਕਿ ਆਖਰੀ ਵਾਰੀ ਵੀ ਹੈ। ਤੇ ਉਹ ਇਸ ‘ਇੱਕ ਵਾਰੀ’ ਵਿਚ ਪਿਆ ਅਜਿਹਾ ਫਸਦਾ ਹੈ ਕਿ ਮੁੜ ਅਪਣੇ ਉਸ ‘ਇੱਕ ਵਾਰੀ’ ਵਾਲੇ ਮਿੱਤਰ ਨੂੰ ਬੁਰੀ ਤਰ੍ਹਾਂ ਲੱਭਦਾ ਹੈ ਅਤੇ ਕੋਲੋਂ ਪੈਸੇ ਖਰਚ ਕੇ ਉਸ ਦੇ ਵੀ ਨਸ਼ੇ ਦਾ ਪ੍ਰਬੰਧ ਕਰਦਾ ਹੈ। ਕਰਨਾ ਹੀ ਪੈਂਦਾ ਹੈ ਕਿਉਂਕਿ ਉਹ ਇਨ੍ਹਾਂ ‘ਅਸਮਾਨਾ’ ਵਿਚ ਹਾਲੇ ਨਵਾਂ ਉਡਿਆ ਹੁੰਦਾ ਹੈ, ਉਸ ਨੂੰ ਪਤਾ ਨਹੀਂ ਹੁੰਦਾ ਕਿ ਇਹ ‘ਦਾਣਾ’ ਕਿਥੋਂ ਚੁਗਣਾ ਹੈ ਤੇ ਉਸ ਦਾ ‘ਉਡਾਰੀਆਂ’ ਲਵਾਉਂਣ ਵਾਲਾ ਮਿੱਤਰ ਵੀ ਇਹੀ ਚਾਹੁੰਦਾ ਹੁੰਦਾ ਸੀ! ਨਵੇਂ ਫਸੇ ‘ਸ਼ਿਕਾਰ’ ਦੀ ਹਾਲੇ ਮਾਲੀ ਹਾਲਤ ਚੰਗੀ ਹੁੰਦੀ ਹੈ ਅਤੇ ਉਹ ਉਸ ਉਪਰ ਨਿਰਭਰ ਹੁੰਦਾ ਹੈ। ਇੰਝ ਪੁਰਾਣੇ ਬੇਲੀ ਦੇ ਨਵੇਂ ਆਸਰੇ ਕੁਝ ਦਿਨ ‘ਚੰਗੇ’ ਲੰਘ ਜਾਂਦੇ ਹਨ ਪਰ ਉਸ ਦੇ ਇਨ੍ਹਾਂ ਕੁਝ ‘ਚੰਗਿਆਂ’ ਦਿਨਾ ਦੀ ਬਲੀ ਨਵਾ ਬੰਦਾ ਹਮੇਸ਼ਾਂ ਲਈ ਚੜ੍ਹ ਜਾਂਦਾ ਹੈ।

ਇੱਕ ਵਾਰ ਦਹਿਲੀਜ ਲੰਘ ਚੁੱਕਾ ਬੰਦਾ ਫਿਰ ਦੁਬਾਰਾ ਕਰਨਾ ਚਾਹੁੰਦਾ ਤੇ ਲੱਤ ਲਾਉਂਣ ਵਾਲਾ ਦੋ- ਕੁ ਵਾਰ ਉਸ ਨੂੰ ਚੇਟਕ ਲਾਉਂਦਾ ਮੁੜ ਲੱਗਣ ਵਾਲਾ ਖੁਦ ਹੀ ਤਰਲਿਆਂ ਤੇ ਆ ਜਾਂਦਾ। ਲਾਉਂਣ ਵਾਲਾ ਨਾ ਉਸ ਨੂੰ ਥਾਂ ਦੱਸਦਾ ਜਿਥੋਂ ਉਹ ਖਰੀਦਦਾ ਤੇ ਨਾਂ ਉਸ ਨੂੰ ਲਾਉਂਣ ਦਾ ਤਰੀਕਾ। ਤਾਂ ਕਿ ਉਹ ਉਸ ਉਪਰ ਨਿਰਭਰ ਰਹਿ ਕੇ ਉਸ ਦਾ ਸਮਾ ਵੀ ਲੰਘਾਉਂਦਾ ਰਹੇ। ਕੁਝ ਚਿਰ ਲੁੱਟ ਹੋ ਕੇ ਆਖਰ ਨਵੇ ਗਾਹਕ ਨੂੰ ਵੀ ਸਮਝ ਪੈ ਜਾਂਦੀ ਕਿ ਇਹ ਵਿਚੋਲਾ ਮੈਨੂੰ ਮਹਿੰਗਾ ਪੈ ਰਿਹਾ ਹੈ। ਉਹ ਫਿਰ ਆਪੇ ਉਸ ਦੇ ਫੋਨ ਤੋਂ ਚੋਰੀ ਕਰਕੇ ਜਾਂ ਪਿੱਛਾ ਕਰਕੇ ਖੁਦ ਉਸ ਥਾਂ ਨੂੰ ਲੱਭਦਾ ਹੈ ਤੇ ਆਪ ਸਿੱਧਾ ਲੈਣਾ ਸ਼ੁਰੂ ਕਰ ਦਿੰਦਾ ਹੈ। ਹੁਣ ਤੱਕ ਉਹ ਪੂਰੀ ਤਰ੍ਹਾਂ ‘ਲੀਹੇ’ ਪੈ ਚੁੱਕਾ ਹੁੰਦਾ। ਪਹਿਲਾਂ ਪਹਿਲ ਤਾਂ ਉਸ ਦਾ ਕੰਮ ਚਲੀ ਜਾਂਦਾ। ਘਰੋਂ ਜਾਂ ਆਸਿਓ-ਪਾਸਿਓਂ ਪੈਸੇ ਦਾ ਪ੍ਰਬੰਧ ਹੁੰਦਾ ਰਹਿੰਦਾ ਪਰ ਛੇਤੀ ਹੀ ਘਰ ਅਤੇ ਬਾਹਰ ਵਾਲੀਆਂ ਚੋਰ ਮੋਰੀਆਂ ਬੰਦ ਹੋ ਜਾਦੀਆਂ। ਫਿਰ ਜਾਂ ਤਾਂ ਉਹ ਲੁੱਟਾਂ-ਖੋਹਾਂ ਕਰਦਾ ਜਾਂ ਨਸ਼ਾ ਵੇਚਣ ਵਾਲਿਆਂ ਦੀ ਉਮਰ ਭਰ ਦੀ ਗੁਲਾਮੀ। ਉਮਰ ਤਾਂ ਖੈਰ ਉਸ ਦੀ ਕਿਹੜੀ ਰਹਿ ਜਾਣੀ ਹੁੰਦੀ ਪਰ ਜਿੰਨੀ ਹੁੰਦੀ ਉਹ ਹਰੇਕ ਹੁਕਮ ਮੰਨਣ ਲਈ ਤਿਆਰ ਦਿੱਸਦਾ। ਚਾਹੇ ਕੰਨਟੇਨਰ ਚੋਰੀ ਕਰਵਾ ਲਓ, ਚਾਹੇ ਪਾਂਡੀ ਦਾ ਕੰਮ, ਚਾਹੇ ਕਿਸੇ ਦੇ ਘਰ ਦਾ ਦਰਵਾਜਾ ਭੰਨਵਾ ਲਉ। ਇਥੇ ਤੱਕ ਕਿ ਗੁਰਦੁਆਰੇ ਤੋਂ ਜੁੱਤੀਆਂ ਤੱਕ ਦੀ ਚੋਰੀ ਕਰਨ ਦੀ ਮਜਬੂਰੀ ਬਣ ਜਾਂਦੀ ਹੈ ਉਸ ਦੀ! ਇੱਕ ਬੰਦੇ ਦੱਸਿਆ ਕਿ ਉਹ ਕਿਸੇ 70 ਸਾਲ ਦੇ ਬੁੱਢੇ ਦੇ ਪੈਸੇ ਖੋਹਣ ਪੈ ਗਿਆ ਜਿਹੜੇ ਉਸ ਛੱਡੇ ਨਾ ਤਾਂ ਉਹ ਉਸ ਨੂੰ ਚਾਕੂ ਮਾਰ ਕੇ ਦੌੜ ਗਿਆ ਜਿਸ ਕਾਰਨ ਉਸਨੂੰ ਜਿਹਲ ਹੋ ਗਈ!

ਉਸ ਨੂੰ ਪੁੱਛਿਆ ਕਿ ਜਿਹਲ ਵਿਚ ਕਿਵੇਂ ਸਰਦਾ ਨਸ਼ੇ ਬਗੈਰ? ਉਹ ਹੱਸ ਪਿਆ। ਕਹਿੰਦਾ ਕਿਹੜੀ ਚੀਜ ਕਿਥੇ ਨਹੀਂ ਮਿਲਦੀ?

ਇੱਕ ਹੋਰ ਕਾਰਨ ਹੈ। ਬੰਦਾ ਕਈ ਵਾਰ ਕਿਸੇ ਪੁੱਠੇ ਪੰਗੇ ਵਿਚ ਫਸ ਕੇ ਜਾਂ ਘਰ ਦੇ ਕਿਸੇ ਕਲੇਸ਼ ਕਾਰਨ ਲਗਾਤਾਰ ‘ਸਟਰੈਸ’ ਵਿਚ ਚਲਾ ਜਾਂਦਾ ਹੈ। ਉਹ ਸ਼ਰਾਬ ਪੀੰਦਾ ਹੈ, ਭੰਗ ਖਾਂਦਾ ਹੈ ਤੇ ਕਈ ਤਰ੍ਹਾਂ ਦੇ ਨਸ਼ੇ ਕਰਦਾ ਹੈ। ਤਾਂ ਉਸ ਦੀ ਇਸ ਹਾਲਤ ਨੂੰ ਦੇਖ ਕੇ ਨਾਲ ਵਾਲੇ ਜਾਂ ਉਸ ਦੇ ਪਹਿਲੇ ਵਪਾਰੀ ਹੀ ਦੱਸ ਦਿੰਦੇ ਹਨ ਕਿ ‘ਇੱਕ ਨਵੀ ਸ਼ੈਅ’ ਆਈ ‘ਮਾਰਕਿਟ’ ਵਿਚ ਕਰਨੀ ਟਰਾਈ? ਅਜਿਹੇ ਕੇਸ ਨਾਲ ਸਬੰਧਤ ਇੱਕ ਬੰਦੇ ਸਾਨੂੰ ਦੱਸਿਆ ਕਿ ਉਹ ਪ੍ਰੇਸ਼ਾਨੀ ਵਾਲੇ ਦਿਨਾ ਵਿਚ ਦੀ ਲੰਘ ਰਿਹਾ ਸੀ। ਸ਼ਰਾਬ ਨਾਲ ਵੀ ਉਸ ਦਾ ਕੁਝ ਨਹੀਂ ਸੀ ਬਣ ਰਿਹਾ ਤਾਂ ਉਹ ਅਪਣੇ ਇੱਕ ਪੁਰਾਣੇ ‘ਬੇਲੀ’ ਕੋਲੋਂ ਭੰਗ ਲੈਣ ਗਿਆ ਤਾਂ ਉਹ ਕਹਿੰਦਾ ਇੱਕ ‘ਨਵੀ ਸ਼ੈਅ’ ਆਈ। ਉਹ ਨਵੀਂ ਸ਼ੈਅ ‘ਕਰੈਕ’ ਸੀ। ਉਸ ਜਦ ਇੱਕ ਵਾਰ ਲਾਈ ਤਾਂ ਉਸ ਸੋਚਿਆ ਚਲ ਦੂਜੀ ਵਾਰ ਲਾ ਕੇ ਛੱਡ ਦੇਣੀ ਹੈ। ਪਰ ਉਸ ਦਾ ਜਦ ਤੀਜੀ ਵਾਰ ਵੀ ਦਿੱਲ ਕਰ ਆਇਆ ਤਾਂ ਚੌਥੀ ਵਾਰੀ ਤੱਕ ਤਾਂ ਉਸ ਨੂੰ ਪਤਾ ਹੀ ਨਾ ਲੱਗਾ ਕਿ ਉਹ ‘ਲੀਹੇ’ ਚੜ੍ਹ ਚੁੱਕਾ ਹੋਇਆ ਸੀ।

ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਜਦ ਦੇ ਡੋਡੇ ਬੰਦ ਹੋਏ ਬਹੁਤੇ ਬੰਦੇ ਕਰੈਕ ਜਾਂ ਹੈਰੋਇਨ ਵਲ ਹੋ ਪਏ। ਬੰਦਾ ਪੁਰਾਣੇ ‘ਬੇਲੀਆਂ’ ਕੋਲੋਂ ਲੈਣ ਤਾਂ ਡੋਡੇ ਜਾਂਦਾ ਸੀ, ਉਹ ਅੱਗੋਂ ‘ਨਵਾਂ ਸੱਪ’ ਕੱਢ ਦਿੰਦਾ ਸੀ ਕਿ ਆਹ ਦੇਖ ਉਸ ਨਾਲੋਂ ਜ਼ਹਿਰੀਲਾ?

ਇਸ ਨਸ਼ਿਓਂ ਜਦ ਬੰਦਾ ਟੁੱਟਦਾ ਉਸ ਦਾ ਫਿਰ ਕੋਈ ਭੈਣ-ਭਰਾ-ਪਤਨੀ-ਬੱਚੇ-ਮਾਂ-ਪਿਓ ਕੱਖ ਨਹੀਂ ਰਹਿੰਦਾ। ਉਸ ਨੂੰ ਤਾਂ ਕੇਵਲ ਇੱਕ ਹੀ ਚੀਜ ਦਿੱਸਦੀ ਤੇ ਉਹ ਉਸ ਦਾ ਨਸ਼ਾ। ਇੱਕ ਬੰਦੇ ਸਾਨੂੰ ਦੱਸਿਆ ਕਿ ਉਸ ਦਾ ਨਸ਼ਾ ਟੁੱਟ ਰਿਹਾ ਸੀ ਉਸ ਘਰਦਿਆਂ ਤੋਂ 20 ਡਾਲਰ ਮੰਗੇ ਉਹ ਦੇ ਨਹੀਂ ਸਨ ਰਹੇ। ਉਸ ਚਾਕੂ ਕੱਢ ਲਿਆ ਤੇ ਕਹਿੰਦਾ ਲੱਗਾਂ ਮੈਂ ਸਾਰੀਆਂ ਗੱਡੀਆਂ ਦੇ ਟਾਇਰ ਪਾੜਨ! ਉਸ ਜਦ ਪਹਿਲੀ ਗੱਡੀ ਦੇ ਟਾਇਰ ਵਿੱਚ ਦੀ ਕਢਿੱਆ, ਤਾਂ ਘਰ ਵਾਲਿਆਂ 20 ਦੇ ਕੇ ਗਲੋਂ ਲਾਹਿਆ।

ਵੈਨਕੋਵਰ ਦੇ ਡਾਊਨ-ਟਾਊਨ ਦੀ ਇੱਕ ਮਸ਼ਹੂਰ ਗਲੀ ਹੈ ‘ਮੇਨ ਹੇਸਟਿੰਗ’! ਉਥੇ ਸਭ ਇਹੀ ਮਹਿਕਮਾ ਹੁੰਦਾ। ਉਥੇ ਕੋਈ ਸੌਂਦਾ ਨਹੀਂ! ਰਾਤ-ਪਰ ਦਿਨ ਟੁੰਨ ਹੋਏ ਫਿਰੀ ਜਾਂਦੇ ਰਹਿੰਦੇ ਹਨ ਪਰ ਜਦ ਚਿਰਾਂ ਬਾਅਦ ਕੋਈ ਸੌਂਦਾ ਹੈ ਤਾਂ ਨਾ ਉਸ ਦੇ ਕੱਪੜੇ ਹੁੰਦੇ ਨਾਂ ਉਪਰ ਲਿਆ ਕੰਬਲ! ਥੋੜਾ-ਬਾਹਤਾ ਨਸ਼ਾ ਵੇਚ ਕੇ ਬਣਾਇਆ ਕੈਸ ਵੀ ਗੁੰਮ! ਜਦ ਕੁ ਨੂੰ ਬੰਦੇ ਦੀ ਜਾਗ ਖੁਲ੍ਹਦੀ ਉਹ ਨੰਗ ਤੋਂ ਵੀ ਨੰਗਾ ਹੋ ਚੁੱਕਾ ਹੁੰਦਾ!

ਇਹ ਅਜਿਹਾ ਪਾਗਲ ਕਰ ਦੇਣ ਵਰਗਾ ਨਸ਼ਾ ਹੈ, ਕਿ ਤੁਹਾਨੂੰ ਨੀਂਦ ਆਉਂਣ ਹੀ ਕਿਥੇ ਦਿੰਦਾ। ਇੱਕ ਉਥੇ ਰਹਿ ਕੇ ਆਏ ਬੰਦੇ ਸਾਨੂੰ ਦੱਸਿਆ ਕਿ ਮੈਂ 16 ਰਾਤਾਂ ਸੁੱਤਾ ਨਹੀਂ। 16 ਰਾਤਾਂ ਦਾ ਰਿਕਾਡ ਹੈ ਉਸ ਦਾ!! ਬੰਦਾ ਪਾਗਲ ਹੋਣ ਤੱਕ ਪਹੁੰਚ ਜਾਂਦਾ! ਪਹੁੰਚ ਜਾਂਦਾ ਕੀ ਹੋ ਹੀ ਜਾਂਦਾ! ਬੰਦਾ ਨਸ਼ਾ ਕਰੀ ਜਾਂਦਾ ਤੇ ‘ਉੱਡੀ’ ਜਾਂਦਾ! ਨੀਂਦ ਕਿਥੇ? ਕਰੈਕ ਜਾਂ ਹੈਰੋਇਨ ਨੀਂਦ ਉਡਾ ਦਿੰਦਾ ਬੰਦੇ ਦੀ ਤੇ ਕਈ ਕਈ ਚਿਰ ਹਵਾ ‘ਚ ਹੀ ਉੱਡਦਾ ਬੰਦਾ ਕਈ ਵਾਰ ਪਾਗਲ ਹੋਣ ਤੱਕ ਜਾਂਦਾ ਹੈ। ਪਰ ਜਦ ਇਸ ਦੀ ਤੋਟ ਲੱਗਦੀ ਤਾਂ ਵੀ ਸੌਂ ਨਹੀਂ ਹੁੰਦਾ। ਸਰੀਰ ਟੁੱਟਦਾ, ਲੱਤਾਂ ਭੱਜਦੀਆਂ, ਦੇਹ ਵਿਚ ਕੜੱਲਾਂ ਪੈਂਦੀਆਂ, ਬੰਦਾ ਬਹੁੜੀਆਂ ਨਾ ਪਾ ਉੱਠੇ ਤਾਂ ਇਹ ਨਸ਼ਾ ਕੀ ਹੋਇਆ? ਅਜਿਹੇ ਹਲਾਤਾਂ ਵਿਚ ਬੰਦੇ ਨੂੰ ਮੌਤ ਵੱਟੇ ਵੀ ਮਿਲਦਾ ਹੋਵੇ ਤਾਂ ਲੈਣ ਲਈ ਤਿਆਰ। ਬੰਦੇ ਨੂੰ ਜੇ ਪਤਾ ਲੱਗ ਜੇ ਕਿ ਔਹ ਫਲਾਂ ਬੰਦਾ ਮਾਰਿਆਂ ਉਸ ਵਿਚੋਂ ਨਸ਼ਾ ਨਿਕਲ ਆਉਂਣਾ ਮਿੰਟ ਲਾਵੇ ਗਾਟਾ ਲਾਹੁਣ ਲੱਗਾ! ‘ਮੈਥਾਡਨ’ ਵਰਗੀ ਦਵਾਈ ਕੋਈ ਨਸ਼ਾ ਛੁਡਾਉਂਣ ਲਈ ਨਹੀਂ ਬਲਕਿ ਇਸ ਅੰਨੇ ਹੋਏ ਬੰਦੇ ਤੋਂ ਬਾਕੀ ਲੋਕ ਬਚਾਉਂਣ ਵਾਸਤੇ ਹੈ ਕਿ ਚਲ ਜੇ ਨਾ ਕਿਤੋਂ ਮਿਲੇ ਤਾਂ ਹਾਲੇ ਇਸ ਨਾਲ ਗੁਜਾਰਾ ਕਰ ਕਿਤੇ ਪਾਗਲ ਹੋਇਆ ਕਿਸੇ ਦਾ ਨੁਕਸਾਨ ਕਰ ਬਹਵੇ!

ਟੁੱਟੇ ਬੰਦੇ ਤੋਂ ਬਹੁਤ ਪੁੱਠੇ ਕੰਮ ਲਏ ਜਾਂਦੇ ਹਨ ਜਾਂ ਉਹ ਖੁਦ ਕਰਦਾ ਹੈ, ਬਲਕਿ ਕਰਨ ਤੋਂ ਬਿਨਾ ਉਸ ਦਾ ਗੁਜਾਰਾ ਹੀ ਨਹੀਂ ਹੁੰਦਾ। ਇੱਕ ਟੁੱਟਾ ਬੰਦਾ ਕੀ ਕਰਦਾ ਸੀ ਕਿ ‘ਹੋਮ ਡਿੱਪੂ’ ਤੋਂ ਇੱਕਠਾ ਸਮਾਨ ਚੁੱਕਦਾ, ਬਿਨਾ ਪੈਸੇ ਦਿੱਤੇ ਤੇ ਬਿਨਾ ਅਲਾਰਮ ਨੂੰ ਪਤਾ ਲੱਗਣ ਦੇ ਉਹ ਬਾਹਰ ਆ ਜਾਂਦਾ ਤੇ ਮੁੜ ਦੂਜੇ ‘ਹੋਮ-ਡਿੱਪੂ’ ਜਾ ਕੇ ਵਾਪਸ ਕਰਕੇ ‘ਕਰੈਡਿਟ’ ਲੈ ਕੇ ਉਹੀ ‘ਕਰੈਡਿਟ’ ਅੱਗੇ ਸਸਤੇ ਵਿੱਚ ਵੇਚ ਦਿੰਦਾ। ਇੱਕ ਵਾਰ ਉਸ ਕੋਈ 15-1600 ਡਾਲਰ ਦਾ ਸਮ੍ਹਾਨ ਚੁੱਕਿਆ ਤੇ ਦੂਜੇ ਸਟੋਰ ਜਾ ਕੇ ਵਾਪਸ ਕਰਨ ਲੱਗ ਪਿਆ। ਦੋ ਬੰਦੇ ਵਾਪਸੀ ਦੀ ਲਾਇਨ ਵਿਚ ਲਾ ਕੇ ਅੰਦਰੋ ਹੋਰ ਸਮ੍ਹਾਨ ਲਿਆ ਕੇ ਵਾਪਸੀ ਵਾਲੀ ਰਿਹੜੀ ਉਪਰ ਰੱਖ ਦਿੱਤਾ ਤੇ 1600 ਡਾਲਰ ਵਾਲਾ ਸਮ੍ਹਾਨ 3300 ਦਾ ਬਣਾ ਕੇ ‘ਕਰੈਡਿਟ’ ਲੈ ਕੇ, ਜਦ ਬਾਹਰ ਨਿਕਲਣ ਲੱਗਾ ਤਾਂ ਟੁੰਨ ਹੋਏ ਨੇ ਲਾਲਚ ਵੱਸ 7-8 ਡਾਲਰ ਦੇ ਨੱਟ-ਕਾਬਲੇ ਜਿਹੇ ਹੋਰ ਚੁੱਕ ਲਏ! ਹੁਣ ਜਿਹਲ ਵਿੱਚ ਹੈ। ਸਮ੍ਹਾਨ ਅੰਦਰੋਂ ਕੱਢਦੇ ਕਿਵੇਂ ਸਨ, ਇਹ ਰਹੱਸ ਹੈ, ਕੋਈ ਮਨੁੱਖ ਇਸ ਰਹੱਸ ਵਿਚੋਂ ਨਾ ਲੰਘੇ ਤਾਂ ਚੰਗਾ!

ਤੁਸੀਂ ਹੈਰਾਨ ਹੋਵੋਂਗੇ ਕਿ ਕਈ ਦਫਾ ਜਦ ‘ਸਮ੍ਹਾਨ’ ਨਹੀਂ ਮਿਲਦਾ, ਨਸ਼ੇੜੀ ਦੀ ਹਾਲਤ ਦੇਖਣ ਵਾਲੀ ਹੁੰਦੀ। ਇੱਕ ਬੰਦਾ ਟਰੰਟੋ ਤੋਂ ਮਾਂਟਰੀਅਲ ਦਾ ਲ੍ਹੋਡ ਲੈ ਕੇ ਗਿਆ ਕਿੰਗਸਟਨ ਯਾਨੀ ਅੱਧ ਵਿੱਚ ਜਾ ਕੇ ਜਦ ਉਹ ਨਸ਼ਾ ਲਾਉਂਣ ਲੱਗਾ ਤਾਂ ਡੁਲ ਗਿਆ? ਟਰੱਕ ਉਥੇ ਹੀ ਛੱਡ ਕੇ ਆ ਗਿਆ! ਕਹਿੰਦਾ ਨਹੀਂ! ਅੱਗੇ ਜਾ ਹੀ ਨਹੀਂ ਸਕਦਾ। ਸਵਾਲ ਹੀ ਨਹੀਂ ਪੈਦਾ ਹੁੰਦਾ। ਕੰਪਨੀ ਨੇ ਤਰਲੇ ਲਏ, ਪਰ ਉਸ ਵਿੱਚ ਜਾਣ ਜੋਗੀ ਸਤਿਆ ਹੀ ਨਹੀਂ ਸੀ। ਉਸ ਨੂੰ ਜਾਪਿਆ ਇਨੇ ਘੰਟੇ ਕਿਵੇਂ ਕਢਾਂਗਾ। ਤੇ ਉਹ ਕਿਸੇ ਹੋਰ ਟਰੱਕ ਵਿਚ ਬੈਠ ਵਾਪਸ ਆ ਗਿਆ! ਇੱਕ ਹੋਰ ਬੰਦੇ ਨੇ ਦੱਸਿਆ ਕਿ ਉਹ ਮਾਂਟਰੀਅਲ ਤੋਂ ਕਈ ਵਾਰ ਖਾਲੀ ਮੁੜਿਆ ਹੈ ਕਿਉਂਕਿ ਉਸ ਦਾ ਨਸ਼ਾ ਮੁੱਕ ਚੁੱਕਾ ਹੁੰਦਾ ਸੀ, ਤਾਂ ਉਸ ਨੂੰ ਜਾਪਣਾ ਜੇ ਚਾਰ ਘੰਟੇ ਵੇਟ ਕਰਨੀ ਪੈ ਗਈ ਤਾਂ ਮਾਰਿਆ ਜਾਵਾਂਗਾ? ਤੇ ਉਸੇ ਮੁਤਾਬਕ ਨਸ਼ਾ ਮੁੱਕਣ ਦੀ ਹਾਲਤ ਵਿੱਚ ਉਹ ਕਈ ਵਾਰ ਦੋ ਜਾਂ ਤਿੰਨ-ਤਿੰਨ ਦਿਨਾਂ ਵਿਚ ਮਾਂਟਰੀਅਲ ਤੋਂ ਟਰੰਟੋ ਪੁੱਜਿਆ ਹੈ, ਜਦ ਕਿ ਇਹ ਕੇਵਲ ਛੇ ਜਾਂ ਸੱਤ ਘੰਟੇ ਦਾ ਰਸਤਾ ਹੈ!

ਖ਼ਬਰਦਾਰ ਦੀ ਟੀਮ ਕੁਝ ਇੱਕ ਅੀਜਹੇ ਬੰਦਿਆਂ ਨੂੰ ਮਿਲੀ ਜੋ ਬੁਰੀ ਤਰ੍ਹਾਂ ਟਰੱਕਾਂ ਵਿਚ ਘਾਇਲ ਯਾਨੀ ਟੁੱਟੇ ਪਏ ਹੋਏ ਸਨ। ਜਿਵੇਂ ਮੌਤ ਮੰਗ ਰਹੇ ਹੋਣ, ਪਰ ਮੌਤ ਆ ਨਾ ਰਹੀ ਹੋਵੇ। ਬੇਸੁਰਤ! ਉਨ੍ਹਾਂ ਨੂੰ ਕੋਈ ਸੁਰਤ ਨਹੀਂ ਸੀ। ਸਾਡੇ ਵਿਹਦਿੰਆਂ-ਵਿਹਦਿੰਆਂ ਕੁਝ ਮਿੱਤਰਾਂ ਨੇ ਜਦ ਇੱਕ ਡੰਗ ਦਾ ਪ੍ਰਬੰਧ ਕੀਤਾ ਤਾਂ ਉਹ ਉਸੇ ਵੇਲੇ ਸੁਰਤ ਫੜ ਕੇ ਇੰਝ ਬੋਲਣ ਜਿਵੇਂ ਵਡਭਾਗੀਆਂ ਦੇ ਚਿਮਟੇ ਖਾ ਕੇ ਭੂਤਾਂ ਬੋਲਦੀਆਂ। ਕੁਝ ਚਿਰ ਪਹਿਲੇ ਝੂਠੇ ਮੁਕਾਬਲਿਆਂ ਵਾਂਗ ਮਰੇ ਪਏ ਲੋਕਾਂ ਦੀ ਜਿੰਦਗੀ ਮਾਅਰ ਛਾਲਾਂ ਮਾਰ ਉੱਠੀ! ਸਾਨੂੰ ਪਤਾ ਲੱਗਾ ਹੈ ਕਿ ਕਈ ਵਾਰ ਜਦ ਬੰਦੇ ਨੂੰ ਕਿਸੇ ਪਾਸਿਉਂ ਵੀ ਨਸ਼ਾ ਨਹੀਂ ਮਿਲਦਾ ਤਾਂ ਉਨ੍ਹਾਂ ਦੀ ਹਾਲਤ ਇੰਝ ਹੁੰਦੀ ਜਿਵੇਂ ਮਾਲ ਮੰਡੀ ਵਿਚ ਪੰਜਾਬ ਪੁਲਿਸ ਨੇ ਪੁੱਠੇ ਟੰਗਿਆ ਹੁੰਦਾ। ਰਾਤਾਂ ਨੂੰ ਨੀਂਦ ਆਉਂਦੀ ਨਹੀਂ, ਸਰੀਰ ਟੁੱਟਦਾ, ਦੇਹ ਵਿਚ ਖੋਹਾਂ ਪੈਦੀਆਂ ਤੇ ਕਈ ਵਾਰ ਤਾਂ ਉਹ ਅਪਣੇ ਆਪ ਨੂੰ ਪੱਖੇ ਨਾਲ ਪੁੱਠਾ ਤੱਕ ਟੰਗ ਕੇ ਸੌਂਣ ਦੀ ਕੋਸ਼ਿਸ਼ ਕਰਦੇ ਹਨ ਪਰ ਨੀਂਦ ਤਦ ਵੀ ਨਹੀਂ ਆਉਂਦੀ।

ਟੁੱਟ ਚੁੱਕਾ ਬੰਦਾ ਕਈ ਵਾਰ ਕਈ ਕਈ ਘੰਟੇ ਵੇਚਣ ਵਾਲੇ ਦੇ ਦਰਾਂ ਤੇ ਖੜਾ ਰਹਿੰਦਾ ਹੈ, ਪਰ ਉਹ ਜਾਣ-ਬੁੱਝ ਕੇ ਉਸ ਨੂੰ ਖਰਾਬ ਕਰਦਾ ਹੈ। ਵੇਚਣ ਵਾਲੇ ਨੂੰ ਬੰਦੇ ਦਾ ਪਤਾ ਹੁੰਦਾ ਕਿ ਇਹ ਕਿੰਨੀ ਕੁ ਔਕਾਤ ਦਾ ਮਾਲਕ ਹੈ ਉਹ ਚਾਹੁੰਦਾ ਹੁੰਦਾ ਕਿ ਅਜਿਹਾ ਬੰਦਾ ਰੋਜ ਰੋਜ ਗੇੜਾ ਮਾਰਨ ਨਾਲੋਂ ਇਕੱਠਾ ਹੀ ਲੈ ਜਾਵੇ! ਕਈ ਟੁੱਟੇ ਹੋਏ ਬੰਦੇ ਕਿੰਗਸਟਨ ਤੱਕ ਵੀ ਜਾ ਆਉਂਦੇ ਹਨ। ਉਨ੍ਹਾਂ ਨੂੰ ਖ਼ਬਰ ਲੱਗ ਜਾਵੇ ਚਾਹੇ ਚੰਦ ੳੇਪਰ ਲੈ ਜਾਵੋ। ਕਈ ਤੇਜ-ਤਰਾਰ ਨਿਆਣਿਆਂ ਨੂੰ ਪਾਂਡੀ ਦੇ ਤੌਰ ਵਰਤਿਆ ਜਾਂਦਾ ਹੈ। ਉਸ ਨੂੰ ਡਲਿਵਰੀ ਕਰਨ ਲਈ ਇੱਕ ਡੰਗ ਦਾ ਟੁਟਵਾਂ ਨਸ਼ਾ ਦਿੱਤਾ ਜਾਂਦਾ। ਟੁੱਟਵਾਂ ਇਸ ਲਈ ਕਿ ਉਹ ਦੁਬਾਰਾ ਆ ਕੇ ਅਗਲੀ ਡਲਿਵਰੀ ਲਈ ਤਿਆਰ ਰਹੇ। ਇਹ ਨਸ਼ਾ ਕਿਉਂਕਿ ਬਹੁਤ ਮਹਿੰਗਾ ਹੁੰਦਾ, ਸੋ ਡਲਿਵਿਰੀ ਕਰਾਉਂਣ ਮੌਕੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਕਿ ‘ਪੰਜ-ਪੁੜੀਆਂ’ ਤੋਂ ਵੱਧ ਦੀ ਡਲਿਵਰੀ ਇੱਕੇ ਵਾਰ ਨਾ ਦਿੱਤੀ ਜਾਵੇ। ਇਹ ‘ਹੋਮ ਡਲਿਵਰੀ’ ਤੋਂ ਲੈ ਕੇ ਜਿਥੇ ਤੁਸੀਂ ਚਾਹੋ, ਜਦ ਚਾਹੋ ਉਥੇ ਲੈ ਕੇ ਪਹੁੰਚ ਜਾਂਦੇ ਹਨ।‘ਦੇਸੀ ਸਟੋਰਾਂ’ ਦੇ ਪਲਾਜਿਆਂ ਵਿਚ ਸ਼ਾਮਾਂ ਨੂੰ ਇਨ੍ਹਾਂ ਦੀਆਂ ਗੱਡੀਆਂ ਆਮ ਹੀ ਖੜੀਆਂ ਹੁੰਦੀਆਂ।

ਵੇਚਣ ਵਾਲਾ 20 ਗਰਾਮ ਦੋ ਹਜਾਰ ਡਾਲਰ ਨੂੰ ਇੱਕੇ ਵਾਰ ਖਰੀਦਦਾ, ਪਰ ਉਹ ਉਸ ਨੂੰ 200 ਡਾਲਰ ਗਰਾਮ ਦੇ ਹਿਸਾਬ ਅੱਗੇ ਵੇਚਦਾ ਹੈ। ਉਹ ਅਪਣੇ ਦੋ ਹਜਾਰ ਨੂੰ ‘ਡਬਲ’ ਕਰ ਲੈਂਦਾ ਹੈ। ਦੂਜਾ ਕੰਮ ਉਹ ਇਹ ਕਰਦਾ ਕਿ ਹਰੇਕ ਗਰਾਮ ਪਿੱਛੇ ਪੁਆਇੰਟ 2 ਹੋਰ ਬਚਾ ਜਾਂਦਾ ਹੈ, ਯਾਨੀ 20 ਗਰਾਮ ਪਿੱਛੇ ਉਹ ਦੋ ਕੁ ਗਰਾਮ ਅਪਣੇ ਨਸ਼ੇ ਗੋਚਰੇ ਇਸੇ ਵਿਚੋਂ ਕੱਢ ਲੈਂਦਾ ਹੈ ਤੇ ਉਸ ਦਾ ਇਹ 20 ਗਰਾਮ ਇੱਕੇ ਦਿਨ ਵਿੱਕ ਜਾਂਦਾ ਹੈ। ਉਹ ਇੱਕ ਦਿਨ ਵਿਚ ਹਜਾਰ ਡਾਲਰ ਬਣਾਉਂਦਾ ਹੈ ਤੇ ਨਾਲ ਆਪਦਾ ਨਸ਼ਾ। ਪਰ ਹਰੇਕ ਨੂੰ ਵੇਚਣ ਨੂੰ ਇਹ ਨਸ਼ਾ ਦਿੱਤਾ ਨਹੀਂ ਜਾਂਦਾ, ਜਾਂ ਇਹ ਕਹਿ ਲਵੋ ਕਿ ਬਹੁਤੇ ਨਸ਼ੇੜੀਆਂ ਕੋਲੇ ਦੋ ਹਜਾਰ ਡਾਲਰ ਖਰਚਣ ਦੀ ਗੁੰਜਾਇਸ਼ ਹੀ ਨਹੀਂ ਹੁੰਦੀ। ਉਂਨ੍ਹਾਂ ਲਈ ਇਹ ਦੋ ਹਜਾਰ ਡਾਲਰ ਬਹੁਤ ਵੱਡੀ ‘ਇੰਨਵੈਸਟਮਿੰਟ’ ਹੈ! ਉਹ ਤਾਂ 100-50 ਡਾਲਰ ਦੇ ਵੀ ਮੁਥਾਜ ਹੁੰਦੇ ਹਨ ਦੋ ਹਜਾਰ ਡਾਲਰ ਕਿਥੇ ਉਨ੍ਹਾਂ ਕੋਲੇ। ਅਸੀਂ ਅਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਕਈਆਂ ਨੂੰ ਪੁੱਛਿਆ ਕਿ ਉਹ ਖੁਦ ਵੀ ਦੋ ਹਜਾਰ ਵਾਲਾ ‘ਵਪਾਰ’ ਕਿਉਂ ਨਹੀਂ ਕਰ ਲੈਂਦੇ। ਉਹ ਕਹਿੰਦੇ ਦੋ ਹਜਾਰ? ਇਨੀ ਵੱਡੀ ਰਕਮ? ਉਨ੍ਹਾਂ ਲਈ ਦੋ ਹਜਾਰ ਡਾਲਰ ਬਹੁਤ ਵੱਡੀ ਰਕਮ ਹੋ ਨਿਬੜਦੀ ਹੈ। ਕਿਉਂਕਿ ਕੰਮ ਉਹ ਕਰ ਨਹੀਂ ਸਕਦੇ ਹੁੰਦੇ। ਪਹਿਲੇ ਖਾਤੇ ਖਾਲੀ ਹੋ ਚੁੱਕੇ ਹੁੰਦੇ ਹਨ। ਇੱਕ ਬੰਦੇ ਸਾਨੂੰ ਦੱਸਿਆ ਕਿ ਉਸ ਨੇ ਅੱਠ ਮਹੀਨਿਆਂ ਵਿਚ 3 ਲੱਖ 34 ਹਜਾਰ ਡਾਲਰ ਫੂਕ ਮਾਰਿਆ?

ਇਸ ਵਪਾਰ ਵਿਚ ਉਧਾਰ ਬਿੱਲਕੁਲ ਨਹੀਂ, ਬਲਕਿ ਹੈ ਹੀ ਨਹੀਂ। ਨਗਦੀ ਵਪਾਰ ਹੈ। ਤੇ ਤੁਸੀਂ ਹੈਰਾਨ ਹੋਵੋਂਗੇ ਕਿ ਗਾਹਕ ਇਸ ਪਿੱਛੇ ਲਿਲੜੀਆਂ ਕੱਢਦੇ ਫਿਰਦੇ ਹਨ। ਸਾਨੂੰ ਇੱਕ ਨਸ਼ਾ ਕਰਨ ਵਾਲੇ ਦੱਸਿਆ ਕਿ ਇੱਕ ਵਾਰ ਉਸ ਦਾ ਨਸ਼ਾ ਮੁੱਕ ਗਿਆ, ਤਾਂ ਉਸ ‘ਡੀਲਰ’ ਲੋਕਾਂ ਨੂੰ ਘੰਟੇ ਵਿਚ 350 ਕਾਲਾਂ ਕੀਤੀਆਂ! ਵੇਚਣ ਵਾਲੇ ਜਿਆਦਾਤਰ ਸਵੇਰੇ 7 ਤੋਂ 9 ਅਤੇ ਸ਼ਾਮੀ 3 ਵੱਜੇ ਤੋਂ ਸਰਗਰਮ ਹੋ ਜਾਂਦੇ ਹਨ। ਇਨ੍ਹਾਂ ਦੇ ਸੌਣ ਦਾ ਸਮਾਂ ਕੇਵਲ ਸਵੇਰੇ 9 ਤੋਂ 2 ਤੱਕ ਦਾ ਹੁੰਦਾ ਹੈ। ਵੈਸੇ ਬਹੁਤੇ ਦਿਨ ਤਾਂ ਇਹ ਸੌਂਦੇ ਹੀ ਨਹੀਂ। ਤੇ ਜਦ ਬਹੁਤੀ ਬੇ-ਵਾਹ ਹੋਈ ਹੋਵੇ ਤਾਂ ਇਹ ਸਵੇਰੇ ਕੰਮ 'ਤੇ ਜਾਣ ਵਾਲਿਆਂ ਨੂੰ ‘ਭੁਗਤਾ’ ਕੇ ਸੌਂ ਜਾਂਦੇ ਹਨ ਅਤੇ ਮੁੜ ਜਦ ਲੋਕੀਂ ਕੰਮਾਂ ਤੋਂ ਆਉਂਦੇ ਹਨ, ਫਿਰ ਤਿਆਰ ਹੋ ਜਾਂਦੇ ਹਨ ਤੇ ਮੁੜ ਇਹ ਕੰਮ ਰਾਤ ਤੱਕ ਚਲਦਾ ਰਹਿੰਦਾ ਹੈ।

ਇਸ ਦੁਨੀਆਂ ਦੀ ਉਮਰ ਕੋਈ ਬਹੁਤੀ ਨਹੀਂ। ਉਸ ਦੇ ਜਿਆਦਾ ਕਾਰਨ ਇਹ ਹੁੰਦੇ ਹਨ ਬੰਦਾ ਤੋਟ ਵਿਚ ਆਇਆ ਕਈ ਵਾਰ ‘ਓਵਰ-ਡੋਜ਼’ ਕਰ ਜਾਂਦਾ ਹੈ। ਇਹ ਬਹੁਤ ਤੇਜ ਅਤੇ ਅੱਗ ਵਰਗਾ ਨਸ਼ਾ ਹੁੰਦਾ, ਥੋੜਾ ਬਾਹਲਾ ਵੀ ਜਿਆਦਾ ਲੱਗ ਗਿਆ ਤਾਂ ਬੰਦਾ ਗਿਆ? ਜਾਂ ਕਈ ਵਾਰ ਇੰਝ ਵੀ ਹੁੰਦਾ ਕਿ ਵਪਾਰੀ ਲੋਕ ਗਲਤ ਜਾਂ ਘਟੀਆ ਨਸ਼ਾ ਵੇਚ ਜਾਂਦੇ ਹਨ, ਉਹ ਵੀ ਬੰਦੇ ਨੂੰ ਲੈ ਬਹਿੰਦਾ ਹੈ।

ਇਸ ਮੌਤ ਦੀ ਗਲੀ ਵਿੱਚੋਂ ਬਹੁਤ ਘੱਟ ਬੰਦੇ ਨਿਕਲੇ ਹਨ, ਪਰ ਜੇ ਕੋਈ ਵਿਰਲਾ-ਟਾਵਾਂ ਨਿਕਲਿਆ ਹੈ ਤਾਂ ਉਹ ਦੋ ਤਰ੍ਹਾਂ ਦੇ ਮਨੁੱਖ ਹਨ। ਇੱਕ ਤਾਂ ਜਦ ਬੰਦਾ ਇਨਾ ਜ਼ਲੀਲ ਹੋ ਚੁੱਕਾ ਹੋਵੇ ਤਾਂ ਕਿਸੇ ਮੋੜ ਉਪਰ ਉਸ ਦਾ ਅੰਦਰਲਾ ਸਵੈਮਾਨ ਕਿਤੇ ਅੰਗੜਾਈ ਲੈ ਜਾਏ ਤਾਂ ਉਹ ਇਰਾਦਾ ਕਰ ਲੈਂਦਾ ਹੈ। ਦੂਜੀ ਤਰ੍ਹਾਂ ਦੇ ਬੰਦੇ ਉਹ ਹਨ ਜਿੰਨਾ ਦੇ ਅੰਦਰ ਪਹਿਲਾਂ ਕਿਤੇ ਧਾਰਮਿਕ ਸੰਸਕਾਰ ਪਏ ਸਨ। ਉਨ੍ਹਾਂ ਦੇ ਅੰਦਰੋਂ ਕੋਈ ਲਾਹਨਤ ਪਈ ਤੇ ਉਨ੍ਹਾਂ ਗੁਰਬਾਣੀ ਦਾ ਆਸਰਾ ਲੈ ਲਿਆ। ਕੁੱਝ ਇੱਕ ਬੰਦੇ ਸਾਨੂੰ ਅਜਿਹੇ ਮਿਲੇ ਜਿਹੜੇ ਜਿਉਂ ਲੱਗੇ ਗੁਰਬਾਣੀ ਪੜ੍ਹਨ ਤੇ ਉਨ੍ਹਾਂ ਨੂੰ ਜਾਪਿਆ ਇਹੀ ਬਚਾਅ ਦਾ ਆਖਰੀ ਰਸਤਾ ਹੈ, ਤੇ ਉਹ ਮੁੜ ਆਏ! ਪਰ ਇਨ੍ਹਾਂ ਵਿਚੋਂ ਉਹੀ ਲੋਕ ਮੁੜ ਸਕੇ ਜਿੰਨਾ ਦੇ ਪਰਿਵਾਰਾਂ ਨੇ ਸਹਿਜੋਗ ਦਈ ਰੱਖਿਆ, ਨਹੀਂ ਤਾਂ ਬਾਹਲੇ ਪਰਿਵਾਰ ਦੁੱਖੀ ਹੋ ਕੇ ਬੰਦੇ ਨੂੰ ਉਸ ਦੀ ਹੋਣੀ ਉਪਰ ਛੱਡ ਦਿੰਦੇ ਹਨ ਅਤੇ ਉਸ ਦਾ ਇੱਕਲਾ-ਪਨ ਉਸ ਨੂੰ ਜੀਵਨ ਤੋਂ ਹੋਰ ਦੂਰ ਲੈ ਜਾਂਦਾ ਹੈ। ਨਸ਼ਾ ਛੱਡ ਚੁੱਕੇ ਬੰਦੇ ਲਈ ਇਹ ਖਤਰਾ ਸਾਰੀ ਉਮਰ ਬਣਿਆ ਰਹਿੰਦਾ ਹੈ ਕਿ ਉਸ ਦੇ ਅੰਦਰਲਾ ਨਸ਼ੇ ਦਾ ਦੈਂਤ ਕਦੇ ਵੀ ਸਿਰ ਚੁੱਕ ਸਕਦਾ ਹੈ। ਘਰ ਵਿੱਚ ਕਿਸੇ ਸਦਮੇ ਜਾਂ ‘ਟਰੈਜਿਡੀ’ ਸਮੇਂ ਉਹ ਕਦੇ ਵੀ ਦੁਬਾਰਾ ਅਪਣੀ ਦੁਨੀਆਂ ਵਲ ਮੁੜ ਸਕਦਾ ਹੈ!

ਇਸ ਸਾਰੀ ਕਹਾਣੀ ਅਤੇ ਬਿਮਾਰੀ ਦੀ ਜੜ੍ਹ ਕਿੱਥੇ ਹੈ? ਅਸੀਂ ਜੇ ਸਮਾਂ ਲੱਗਿਆ ਤਾਂ ਅਗਲੀ ਵਾਰੀ ਇਸ ਉਪਰ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਾਠਕਾਂ ਜਾਂ ਇਸ ਦੁਨੀਆਂ ਵਿਚੋਂ ਆ ਚੁੱਕੇ ਜਾਂ ਫਸ ਚੁੱਕੇ ਲੋਕਾਂ ਦੇ ਕੋਈ ਇਸ ਸਬੰਧੀ ਵਿਚਾਰ ਹੋਣ ਤਾਂ ਸਾਡੇ ਵਲੋਂ ਜੀ ਆਇਆਂ!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top