Share on Facebook

Main News Page

ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ
-: ਗੁਰਦੇਵ ਸਿੰਘ ਸੱਧੇਵਾਲੀਆ

ਥੋੜੇ ਪਾਣੀ ਵਿਚ ਮੱਛੀ ਛੇਤੀ ਪਕੜੀ ਜਾਂਦੀ ਹੈ, ਉਪਰ ਹੀ ਤਾਂ ਤਰਦੀ ਫਿਰਦੀ ਹੁੰਦੀ। ਮਨੁੱਖ ਬਹੁਤ ਥੋੜੇ ਪਾਣੀਆਂ ਵਿਚ ਰਹਿੰਦਾ। ਐਵੇਂ ਉਪਰ ਉਪਰ ਜਿਹੇ ਤੁਰਿਆ ਫਿਰਦਾ। ਸ਼ਿਕਾਰੀ ਬਹੁਤ ਛੇਤੀ ਜਾਲ ਪਾ ਲੈਂਦੇ। ਪਤਾ ਹੀ ਉਦੋਂ ਲੱਗਦਾ ਜਦ ਤੁੜਕਾ ਲੱਗ ਰਿਹਾ ਹੁੰਦਾ। ਬੰਦਾ ਬਹੁਤ ਉਪਰ ਫਿਰਦਾ। ਬੜੇ ਥੋੜੇ ਪਾਣੀ ਵਿਚ। ਐਵੇਂ ਛੱਪੜ ਜਿਹੇ ਵਿੱਚ ਹੀ। ਤਾਂ ਹੀ ਉਹ ਪਕੜਿਆ ਜਾ ਰਿਹਾ ਹੈ। ਖਾਧਾ ਜਾ ਰਿਹਾ ਹੈ। ਜਿਹੜਾ ਆਉਂਦਾ ਜਾਲ ਲਾ ਲੈਂਦਾ। ਹਰੇਕ ਹੱਥੋਂ ਫੜ ਹੋ ਜਾਂਦਾ। ਥੋੜੇ ਪਾਣੀ ਵਿਚ ਹੈ ਨਾ।

ਪਿੱਛਲੇ ਹਫਤੇ ਦੀ ਹੀ ਗੱਲ ਹੈ। ਮੇਰਾ ਇੱਕ ਮਿੱਤਰ ਮੈਨੂੰ ਅੱਗੇ ਕਿਸੇ ਹੋਰ ਮਿੱਤਰ ਦੇ ਘਰ ਲੈ ਗਿਆ। ਕਹਿੰਦਾ ਚਲ ਚਾਹ ਪੀ ਚਲਦੇ ਨਾਲੇ ਤੈਨੂੰ ਬੰਦਾ ਮਿਲਾਵਾਂ। ਜਦ ਅਸੀਂ ਗਏ ਉਸ ਦੀ ਅਮ੍ਰਤਿਧਾਰੀ ਮਾਂ। ਚੰਗੀ ਦਾਨੀ। ਬੜਾ ਸੋਹਣਾ ਹੇਠਾਂ ਪਟਕਾ ਬੰਨ ਕੇ ਉਪਰ ਚੁੰਨੀ ਲਈ ਹੋਈ। ਮੁੰਡਾ ਉਸ ਦਾ ਤੇ ਪੋਤਰਾ ਘਰੇ ਸਨ। ਅਸੀਂ ਚਾਹ ਪੀਤੀ ਤਾਂ ਮੁੰਡਾ ਕਹਿੰਦਾ ਬਾਈ ਜੀ ਘਰੇ ਬੜੀ ਮੁਸ਼ਕਲ ਹੈ ਮੇਰੀ ਅਰਦਾਸ ਕਰ ਦੇਸਿੱਖੀ ਸਰੂਪ ਦੇਖ ਮਾਂ ਵੀ ਕਹਿੰਦੀ ਪੁੱਤਰ ਸਾਡੀ ਅਰਦਾਸ ਕਰ ਅਸੀਂ ਬੜੇ ਦੁੱਖੀ। ਉਸ ਨੂੰ ਜਾਪਿਆ ਇੰਝ ਦੇ ਦਿੱਸਣ ਵਾਲੇ ਸਭ ਅਰਦਾਸਾਂ ਕਰਨ ਵਾਲੇ ਹੀ ਤਾਂ ਹੁੰਦੇ। ਮੈਂ ਮੁੰਡੇ ਨੂੰ ਹੱਸ ਕੇ ਕਿਹਾ ਕਿ ਚਲ ਅਰਦਾਸ ਤੇਰੀ ਕਰ ਦਿੰਨਾ ਪਰ ਪਹਿਲਾਂ ਆਹ ਪੰਡਤ ਦੇ ਪੱਥਰ-ਗੀਟੇ ਜਿਹੇ ਲਾਹ ਹੱਥਾਂ ਵਿਚੋਂ। ਦੋ ਬੇੜੀਆਂ ਨਹੀਂ ਚਲਣੀਆਂ ਪੰਡਤ ਵਾਲੀ ਚਲੂ ਜਾਂ ਅਪਣੇ ਬਾਬਾ ਜੀ ਵਾਲੀ। ਤਿੰਨ-ਚਾਰ ਮੁੰਦਰੀਆਂ ਵਿਚੋਂ ਦਿਲ ਜਿਹਾ ਕੱਢ ਕੇ ਇੱਕ ਲਾਹੁਣ ਲੱਗਾ। ਕਰੀਬਨ ਲਾਹ ਹੀ ਦਿੱਤੀ ਸੀ ਪਰ ਫਿਰ ਪਾ ਲਈ! ਹੌਸਲਾ ਨਾ ਪਿਆ। ਦਿਲ ਕੱਢਿਆ ਪਰ ਫਿਰ ਪਾ ਲਿਆ?

ਕਹਿੰਦਾ ਨਹੀਂ ਬਾਈ ਜੀ ਲਾਹੀ ਨਹੀਂ ਜਾਂਦੀ ਇੰਝ ਹੀ ਕਰ ਦੇਹ? ਮੈਂ ਕਿਹਾ ਨਾਂਹ! ਜਾਂ ਪੰਡਤ ਚਲੂ ਜਾਂ ਬਾਬਾ ਜੀ। ਪਰ ਉਸ ਨੇ ਕੋਈ ਮੁੰਦਰੀ ਲਾਹੀ ਨਾ। ਮੈਂ ਕਿਹਾ ਚਲ ਦੱਸ ਮੁਸ਼ਕਲ ਕੀ ਹੈ? ਮੁਸ਼ਕਲ ਕੀ ਸੀ ਕਿ ਪਿੱਛੇ ਭਰਾ ਫੜਿਆ ਹੋਇਆ ਸੀ। ਪੈਸਾ ਜਾਂਦਾ ਸੀ ਇਧਰੋਂ ਖੁਲ੍ਹਾ। ਉਧਰ ਵੀ ਜਮੀਨ ਸੀ ਕੰਮ ਕੋਈ ਕਰਨ ਨੂੰ ਹੈ ਨਹੀਂ ਸੀ। ਪੁੱਠੇ ਪੰਗੇ ਲੈਂਦਾ ਸੀ, ਹੁਣ ਵੀ ਲਿਆ ਹੋਣਾ ਤੇ ਅਗਲਿਆਂ 15 ਦਿਨ ਤੋਂ ਥਾਣੇ ਬੈਠਾਇਆ। ਮੈਂ ਕਿਹਾ ਇਸ ਵਿਚ ਅਰਦਾਸ ਦੀ ਕੀ ਲੋੜ ਏ ਸਗੋਂ ਥਾਣਾ ਇੰਚਾਰਜ ਨੂੰ ਦੋ ਲੱਖ ਰੁਪਈਆ ਦੇਹ ਕਿ ਸਵਾ ਮਹੀਨਾ ਇਸ ਨੂੰ ਸੁੱਚੇ ਮੂੰਹ ਪਟਾ ਚਾਹੜਿਆ ਕਰੇ ਤਾਂ ਕਿ ਮੁੜ ਇਧਰ ਆਉਂਣ ਵਾਲੇ ਕੰਮ ਕਰਨੋ ਤੋਬਾ ਕਰੇ ਮਸਲਾ ਤਾਂ ਹੱਲ ਹੀ ਪਿਆ! ਮਾਂ ਉਸ ਦੀ ਮੇਰੇ ਮੂੰਹ ਵਲ ਇੰਝ ਵੇਖੇ ਜਿਵੇਂ ਉਸ ਨੂੰ ਜਾਪਿਆ ਕਿ ਇਸ ਬੰਦੇ ਨੂੰ ਤਾਂ ਚਾਹ ਪਿਆਈ ਵੀ ਵਿਅਰਥ ਗਈ? ਤੇ ਕਹਿੰਦੀ ਵਾਹਗੁਰੂ ਆਖ ਭਾਈ! ਅਜਿਹੇ ਥੋੜੇ ਪਾਣੀ ਮੱਛੀ ਦਾ ਕੀ ਹੈ। ਚਾਹੇ ਕੋਈ ਪੰਡਤ ਜਾਲ ਲਾ ਲਏ, ਕੋਈ ਸਾਧ, ਕੋਈ ਅਜਮੇਰੀ ਜਾਂ ਕੋਈ ਮਾਸਟਰ ਅਮਰ ? ਉਪਰ ਹੀ ਤਾਂ ਫਿਰਦੀ ਮੱਛੀ ਫੜੀ ਤਾਂ ਜਾਵੇਗੀ ਹੀ ਨਾ! ਨਹੀਂ?

ਬੜੇ ਥੋੜੇ ਪਾਣੀ ਵਿਚ ਤੁਰੀ ਫਿਰਦੀ ਕਮਲੀ। ਛੱਪੜ ਵਿਚ। ਕੋਈ ਤਰਦਦ ਵੀ ਨਹੀਂ ਕਰਨਾ ਪੈਂਦਾ। ਪਾਣੀ ਵਿਚ ਵੀ ਨਹੀਂ ਉਤਰਨਾ ਪੈਂਦਾ। ਪੈਰ ਵੀ ਨਹੀਂ ਭਿਉਂਣੇ ਪੈਂਦੇ। ਉਪਰ ਹੀ ਤਾਂ ਤਰਦੀ ਫਿਰਦੀ। ਉਪਰ ਕੀ ਪਾਣੀ ਹੀ ਨਹੀਂ ਛੱਪੜ ਵਿਚ ਹੇਠਾਂ ਕਿਥੇ ਚਲੀ ਜਾਵੇਗੀ। ਸੁੱਕੇ ਛਪੱੜਾਂ ਵਿਚ ਤੁਰੀ ਫਿਰਦੀ।

ਪਿੱਛੇ ਜਿਹੇ ਮੈਂ ਇੱਕ ਪੰਡਤ ਦੀ ਕਹਾਣੀ ਲਿਖੀ ਸੀ। ਉਹ ਸਿਰੇ ਦਾ ਯੱਬਲ ਬੰਦਾ ਪਰ ਹਰੇਕ ਸਾਲ ਇਨਾ ਕੁ ਲੁੱਟ ਜਾਂਦਾ ਲੋਕਾਂ ਨੂੰ ਕਿ ਮੁੰਡੇ ਉਸ ਦੇ ਚੱਪਲਾਂ ਤੱਕ ‘ਗੂਚੀ’ ਦੀਆਂ ਪਾਉਂਦੇ। ਇੱਕ ਗੱਡੀ ਉਸ ਦੀ ਵੈਨਕੋਵਰ ਖੜੀ ਹੈ, ਦੂਜੀ ਇਥੇ ਟਰੰਟੋ ਜਿਹੜੀ ਉਹ ਕੇਵਲ ਕੁਝ ਦਿਨ ਆ ਕੇ ਵਰਤਦਾ। ਸੁਦਰਸ਼ਨ ਯਾਨੀ ‘ਗੁਰੂ ਜੀ’ ਨਾਂ ਦੇ ਬੰਦੇ ਦੀਆਂ ਯੱਬਲੀਆਂ ਵਿਚ ਮੱਛੀਆਂ ਫੱਸੀ ਜਾਦੀਆਂ। ਉਸ ਦੀ ਗੱਲਾਂ ਸੁਣ ਕੇ ਉਸ ਨੂੰ ਕੋਈ ਭਿੱਖ ਦੇਣ ਲਈ ਤਿਆਰ ਨਾ ਹੋਵੇ ਪਰ ਉਹ? ਬੋਲਣ ਦੀ ਹੀ ਜਾਚ ਨਹੀਂ। ਅਖੇ ਉਏ ਵਲੈਤੀਓ, ਉਏ ਬਲੈਕੀਓ! ਤੇ ਤੁਸੀਂ ਹੈਰਾਨ ਹੋਵੋਂਗੇ ਕਿ ਪੜਿਆ ਲਿਖਿਆ ਵਰਗ। ਤੇ ਬਹੁਤੀਆਂ ਮੱਛੀਆਂ ਪੰਜਾਬ ਦੇ ਦਰਿਆਵਾਂ ਦੀਆਂ? ਮੈਂ ਉਸ ਦੀ ਪੈੜ ਕੱਢਣ ਜਦ ਕਿਸੇ ਦੇ ਘਰ ਗਿਆ ਉਸ ਦਿਨ ਹਾਲੇ ਉਸ ਆਂਉਂਣਾ ਸੀ। ਉਸ ਦੀ ਆਮਦ ਵਿਚ ਚੰਗੀਆਂ ਝੰਡੀਆਂ-ਛੰਡੀਆਂ ਘਰੇ ਲਾਈਆਂ ਹੋਈਆਂ ਸਨ ਅਤੇ ਉਸ ਦਾ ਮੁਢਲਾ ਪ੍ਰਬੰਧਕ ਕੁਲਵਿੰਦਰ ਨਾਂ ਦਾ ਸਰਦਾਰ ਹੀ ਸੀ, ਪਰ ਸਭ ਤੋਂ ਹੈਰਾਨੀ ਦੀ ਗੱਲ ਕਿ ਉਥੇ ਇਕ ਅਜਿਹਾ ਜੋੜਾ ਵੀ ਤੁਰਿਆ ਫਿਰੇ ਜਿਹੜਾ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਸਰਨਾਵੇ ਦੱਸਦਾ ਹੈ। ਯਾਨੀ ਟਰੰਟੋ ਵਿਚ ਹਰੇਕ ਸਾਲ ਨਿਕਲਦੀ ‘ਈਸਟ-ਵੈਸਟ’ ਡਾਇਰੈਕਟਰੀ ਦਾ ਮਾਲਕ ਅਤੇ ਮਾਲਕਣੀ? ਬਾਅਦ ਪਤਾ ਚਲਿਆ ਕਿ ਉਸ ਨੇ ਕਈ ਹੋਰ ਬੀਬੀਆਂ ਨੂੰ ਪੰਡਤ ਦੇ ਪੈਰਾਂ ਵਿਚ ਸੁੱਟਣ ਦੀ ‘ਸੇਵਾ’ ਬੜੀ ਲਗਨ ਨਾਲ ਕੀਤੀ। ਕਿਸੇ ਬਜ਼ੁਰਗ ਮੈਨੂੰ ਦੱਸਿਆ ਕਿ ਉਹ ਬੀਬੀ ਇੱਕ ਗੁਰਦੁਆਰੇ ਬੁਢੀਆਂ ਦੀ ਵੈਨ ਭਰੀ ਜਾਵੇ ਜਦ ਉਹ ਮੱਥਾ ਟੇਕ ਕੇ ਬਾਹਰ ਆਇਆ ਤਾਂ ਉਸ ਪੁਛਿਆ ਬੀਬਾ ਕਿਧਰ? ਕਹਿੰਦੀ ਇਕ ਗੁਰੂ ਮਾਤਾ ਜੀ ਆਏ ਉਨ੍ਹਾਂ ਦੇ ਚਲੇਂ, ਆ ਜਾਉਂ ਤੁਸੀਂ ਵੀ ਇੱਕ ਸੀਟ ਖਾਲੀ ਹੈ? ਤੇ ਉਹੀ ਪਰਿਵਾਰ ਸਮੇਤ ਬੱਚਿਆਂ ਕੀਰਤਨ-ਸਿਮਰਨ ਵਾਲਿਆਂ ਵਿਚ ਵੀ ਮੂਹਰੇ?

ਥੋੜੈ ਪਾਣੀ ਵਿਚ ਮੱਛੀ ਫੜੀ ਜਾਂਦੀ ਹੈ ਜਿਹੜਾ ਮਰਜੀ ਫੜ ਲਏ। ਛੱਪੜ ਵਿਚ ਤਾਂ ਤਰਦੀ ਫਿਰਦੀ। ਸਮੁੰਦਰ ਵਿਚ ਜਾਂਦੀ ਹੀ ਨਹੀਂ। ਸਮੁੰਦਰ ਨੂੰ ਤਾਂ ਕੰਢੇ ਤੋਂ ਦੇਖ ਮੁੜ ਆਉਂਦੀਭਾਈਆਂ ਨੂੰ ਪੈਸੇ ਦਿੰਦੀ ਕਿ ਤੁਸੀਂ ਮਾਰੋ ਛਾਅਲ ਮੇਰੇ ਵੱਟੇ। ਤੇ ਉਨ੍ਹਾਂ ਵਿਚਾਰਿਆ ਕੀ ਮਾਰਨੀ ਉਹ ਸਉਂ-ਸੂੰਅ ਕੇ ਸਮਾ ਪੁਰਾ ਕਰ ਆਉਂਦੇ। ਤੁਸੀਂ ਜੇ ਹੌਸਲਾ ਨਹੀਂ ਕੀਤਾ ਸਮੁੰਦਰ ਵਿਚ ਛਾਲ ਮਾਰਨ ਦਾ ਤਾਂ ਭਾਈ ਦੀ ਕੀ ਵੇਲਣੇ ਬਾਂਹ ਆਈ ਬਈ! ਛੱਪੜਾਂ ਵਿਚ ਤੁਰੀ ਫਿਰਦੀ ਮੱਛੀ। ਕਦੇ ਕਿਸੇ ਡੇਰੇ ਕਦੇ ਕਿਸੇ ਡੇਰੇ। ਜਿਹੜਾ ਸਾਧ ਚਾਰ ਗੱਜ ਕੱਪੜੇ ਵਿਚ ਮੋਰੀ ਕੱਢ ਕੇ ਆ ਜਾਏ ਉਸੇ ਮਗਰ। ਜਿਹੜਾ ਸਾਧ ਜੋ ਕਹਿ ਦਏ ‘ਸੱਤ ਬੱਚਨ’?

ਆਹ ਹੁਣੇ ਤਾਜਾ ਖ਼ਬਰ ਹੈ। ਰਾਮ ਸਿੳਂ ਨਾਨਕਸਰੀਆ ਹੈਲੀਕੌਪਟਰ 'ਤੇ ਸ੍ਰੀ ਗੁਰੂ ਗਰੰਥ ਸਹਿਬ ਜੀ ਨੂੰ ਝੂਟੇ ਦਿਵਾ ਰਿਹਾ ਹੈ। ਪਰ ਕਿਸੇ ਸਵਾਲ ਨਹੀਂ ਕੀਤਾ ਕਿ ਮਾਮਾ ਝੂਟੇ ਲੈਣੇ ਸਿੱਧਾ ਕਹਿ ਆਹ ਬਾਬਾ ਜੀ ਨੂੰ ਕਾਹਤੋਂ ਪੱਟਾਂ ਤੇ ਧਰੀ ਫਿਰਦਾਂ! ਉਸੇ ਸਾਧ ਦੀ ਇਸ ਸੀ.ਡੀ. ਆਈ ਸੀ ‘ਗੋਬਿੰਦ ਨਾਮ ਮਤ ਵੀਸਰੈ’ ਉਸ ਵਿਚ ਉਹ ਕਿਸੇ ਮੰਦਰ ਜਾ ਕੇ ਕੀਰਤਨ ਕਰ ਰਿਹਾ ਅਤੇ ਪਹਿਲਾਂ ਵਾਹਿਗੁਰੂ ਜਪਾ ਕੇ ਮੁੜ ‘ਜੈ ਸੀਆ ਰਾਮ’ ਜੈ ਜੈ ਰਾਮ’ ਦਾ ਭਜਨ ਕਰਾਉਂਦਾ ਕਹਿੰਦਾ ਭਾਈ ਆਪ ਤਾੜੀ ਭੀ ਬਾਜ ਸਕਤੇ ਹੋ। ਪਰ ਮੱਛੀਆਂ ਇਨ੍ਹਾਂ ਛੱਪੜਾਂ ਵਿਚ ਵੀ ਤੁਰੀਆਂ ਫਿਰਦੀਆਂ।ਫ ੜੀਆਂ ਤਾਂ ਜਾਣਗੀਆਂ ਹੀ ਨਾ। ਫਰਾਈ Fry ਤਾਂ ਹੋਣਗੀਆਂ ਹੀ ਨਾ।

ਵੈਨਕੋਵਰ ਦੀ ਗੱਲ ਹੈ। ਮੇਰੇ ਜਾਣੂੰ ਹਨ ਉਨ੍ਹਾਂ ਦਾ ਸਟੋਰ ਹੈ। ਉਹ ਕਿਤਾਬਾਂ, ਮਾਲਾ, ਗੁਟਕੇ, ਬਾਟੇ ਯਾਨੀ ਇਦਾਂ ਕੁ ਦਾ ਸਮ੍ਹਾਨ ਰੱਖਦੇ ਹਨ। ਉਨ੍ਹਾਂ ਕੋਲੇ ਇੱਕ ਬੰਦਾ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਹਜ਼ਾਰ ਮਣਕੇ ਦੀ ਮਾਲਾ ਚਾਹੀਦੀ!

ਹਜ਼ਾਰ ਮਣਕੇ ਦੀ?

ਹਾਂਅ! ਹਜ਼ਾਰ ਦੀ। ਮੈਨੂੰ ਬਾਬਾ ਜੀ ਨੇ ਹਜ਼ਾਰ ਦੀ ਹੀ ਕਿਹਾ ਹੈ।

ਕੱਲ ਆ ਕੇ ਲੈ ਜਾਈਂ।

ਬਣਾਉਂਣ ਵਾਲੇ ਕੀ ਕੀਤਾ ਕਿ ਉਸ ਦੀ ਸਹੂਲਤ ਲਈ ਹਰੇਕ ਸੌ ਮਣਕੇ ਪਿੱਛੇ ਵੱਡਾ ਮਣਕਾ ਨਿਸ਼ਾਨੀ ਵਜੋਂ ਲਾ ਦਿੱਤਾ ਕਿ ਇਸ ਦੀ ‘ਗਿਣਤੀ’ ਸੌਖੀ ਰਹੂ। ਅਗਲੇ ਦਿਨ ਜਦ ਉਹ ਲੈਣ ਆਇਆ ਤਾਂ ਮਾਲਾ ਵੇਖ ਪ੍ਰੇਸ਼ਾਨ!

ਮੈਂ ਤੁਹਾਨੂੰ ਹਜ਼ਾਰ ਮਣਕੇ ਦੀ ਕਿਹਾ ਸੀ।

ਪਰ ਇਹ ਹਜ਼ਾਰ ਦੀ ਹੀ ਤਾਂ ਹੈ!

ਆਹ ਵਿਚ ਗਾਂਡੇ ਲਾਉਣ ਨੂੰ ਕੀਹਨੇ ਕਿਹਾ ਸੀ? ਮੈਨੂੰ ਬਾਬਾ ਜੀਆਂ ਹਜ਼ਾਰ ਮਣਕੇ ਦੀ ਕਿਹਾ ਵਿਚ ਗਾਂਡਾ ਨਹੀਂ ਹੋਣਾ ਚਾਹੀਦਾ। ਦੁਬਾਰਾ ਬਣਾ ਨਹੀਂ ਤਾਂ ਮੈਂ ਹੋਰ ਪ੍ਰਬੰਧ ਕਰ ਲਾਂਗਾ!!

ਹੁਣ ਕੀ ਕਰੋਂਗੇ ਤੁਸੀਂ ਇਸ ਦਾ? ਕਿਵੇਂ ਨਹੀਂ ਫੜੀ ਜਾਵੇਗੀ ਮੱਛੀ ਜਿਹੜੀ ਸੁੱਕੇ ਵਰਗੇ ਛੱਪੜ ਵਿਚ ਤੁਰੀ ਫਿਰਦੀ। ਕਿਸ ਦਾ ਮਨ ਨਹੀਂ ਲਲਚਾਵੇਗਾ ਉਸ ਦਾ ਤੜਕਾ ਲਾਉਂਣ ਲਈ, ਜਦ ਉਹ ਉਪਰ ਹੀ ਤਰਦੀ ਦਿੱਸ ਰਹੀ ਹੈ। ਤੇ ਬਾਹਰ ਦੀਆਂ ਮੱਛੀਆਂ? ਇਹ ਪਲੀਆਂ ਵੀ ਚੰਗੀਆਂ। ਡਾਲਰ ਮੋਟਾ ਹੈ ਨਾ। ਤੇ ਸ਼ਿਕਾਰੀ? ਗਰਮੀਆਂ ਨੂੰ ਹਰੇਕ ਸਾਲ ਵਾਹੋ-ਦਾਹੀ ਹੋ ਪੈਂਦੇ ਬਾਹਰ ਵੰਨੀ। ਚੰਗਆਂ ਮੋਟੀਆਂ ਮੱਛੀਆਂ ਫੜ ਕੇ ਖੜਦੇ। ਚੋਲੇ ਹੇਠਾਂ ਪਾਈਆਂ ਵੱਡੀਆਂ ਜੇਬ੍ਹਾਂ ਵਾਲੀਆਂ ਬਥੂਹੀਆਂ ਤੋਂ ਭਾਰ ਨਹੀਂ ਚੁੱਕਿਆ ਜਾਂਦਾ ਡਾਲਰਾਂ-ਪੌਡਾਂ ਦਾ।

ਜਿੰਮੀਦਾਰਾਂ ਦਾ ਢਿੱਲੋਂ ਮੁੰਡਾ ਹੈ। ਪਿੱਛੋਂ ਉਹ ਕੰਪਿਉੂਟਰ ਇੰਨਜੀਰਿੰਗ ਕਰਕੇ ਆਇਆ ਹੈ। ਡੇੜ-ਦੋ ਲੱਖ ਦੀ ਤਗੜੀ ਜੌਬ ਹੈ ਉਸ ਦੀ ਇਥੇ ਟਰੰਟੋ। ਪਿੱਛਲੇ ਸਾਲ ਦੀ ਗੱਲ ਹੈ ਸਾਡੇ ਵਾਲੇ ਏਰੀਏ ਵਿਚ ਨਵੇਂ ਘਰ ਬੁੱਕ ਹੋ ਰਹੇ ਸਨ। ਮੇਰੇ ਕੁਝ ਮਿੱਤਰਾਂ ਇੱਕਠੇ ਹੀ ਚੁੱਕ ਲਏ। ਕਿਸੇ ਮਿੱਤਰ ਰਾਹੀਂ ਉਹ ਵੀ ਆ ਗਿਆ। ਨੌਰਥ ਵਾਲੇ ਪਾਸੇ ਦੇ ਘਰ ਬੁੱਕ ਹੋ ਚੁੱਕੇ ਸਨ। ਸਾਊਥ ਵਾਲੇ ਪਾਸੇ ਦੇ ਵੀ ਉਦਾਂ ਦੇ ਹੀ ਸਨ ਪਰ ਉਹ ਕਹਿੰਦਾ ਖੜ ਜਾਉ। ਉਸ ਫੋਨ ਕੀਤਾ ਕੁਝ ਚਿਰ ਗੱਲ ਕੀਤੀ ਤੇ ਕਹਿੰਦਾ ਨਹੀਂ! ਸਾਊਥ ਵਲ ਦਾ ਨਹੀਂ ਲੈਣਾ। ਉਹ ਪਿੱਛੇ ਬੈਠੇ ਕਿਸੇ ‘ਵਾਸਤੂਸ਼ਾਸਤਰ’ ਵਾਲੇ ਨੂੰ ਪੁੱਛ ਕੇ ਘਰ ਦਾ ਫੈਸਲਾ ਕਰਦਾ ਸੀ ਕਿ ਕਿਹੜਾ ਲੈਣਾ ਕਿ ਕਿਧਰ ਵਾਲਾ ਲੈਣਾ। ਕਿਸੇ ਉਸ ਦੇ ਅਗੇ ਮਿੱਤਰ ਨੇ ਦੱਸਿਆ ਕਿ ਪਿੱਛਲੀ ਵਾਰੀ ਜਦ ਇਸ ਨੇ ਘਰ ਲਿਆ ਸੀ ਤਾਂ ਨਵੇ ਘਰ ਵਿਚ ਕਈ ਕੁਝ ਉਸ ਪੁਟਾਅ ਮਾਰਿਆ। ਕਈ ਬੂਹੇ=ਬਾਰੀਆਂ ਉਸ ਨਜਾਇਜ ਹੀ ਬਦਲ ਮਾਰੇ ਕਿਉਕਿ ਉਸ ਦੀ ਨਿਸ਼ਾਨਦੇਹੀ ਪੰਜਾਬ ਬੈਠਾ ਉਸ ਦਾ ‘ਵਾਸੂਸ਼ਾਸ਼ਤਰ’ ਵਾਲਾ ਗੁਰੂ ਦੱਸ ਰਿਹਾ ਸੀ। ਪੜਿਆ ਲਿਖਿਆ ਯੂ ਸੀ?

ਡੂੰਘੇ ਪਾਣੀ ਵਿਚ ਉਤਰੀ ਮੱਛੀ ਛੇਤੀ ਫੜੀ ਨਹੀਂ ਜਾਂਦੀ। ਡੂੰਘੇ ਪਾਣੀ ਕੋਈ ਜਾਂਦਾ ਨਹੀਂ। ਡੂੰਘੇ ਪਾਣੀਆ ਵਿਚ ਉਤਰਨ ਦੀ ਇਨ੍ਹਾਂ ਦੀ ਉਕਾਤ ਹੀ ਨਹੀਂ। ਇਹ ਬਹੁਤ ਛੋਟੇ ਸ਼ਿਕਾਰੀ ਨੇ ਪਰ ਇਨ੍ਹਾਂ ਦੇ ਡੇਰਿਆਂ ਤੇ ਦੇਖੋ ਕਿਵੇਂ ਰੋਜ ਤੁੜਕੇ ਲੱਗਦੇ ਹਨ। ਮੱਛੀਆਂ ਹੀ ਬਹੁਤ ਹਨ। ਮੱਛੀਆਂ ਦਾ ਅੰਤ ਨਹੀਂ। ਇਨ੍ਹਾਂ ਦੇ ਅਪਣੇ ਛੱਪੜ ਹਨ। ਉਨ੍ਹਾਂ ਛੱਪੜਾਂ ਵਿਚ ਫਿਰ ਇਹ ਪੀਹੜੀ ਦਰ ਪੀਹੜੀ ਮੱਛੀਆਂ ਪਾਲਦੇ ਹਨ। ਅੱਜ ਪਿਉ ਜਾਂਦਾ ਡੇਰੇ, ਮਰਨ ਲੱਗਾ ਪੁੱਤਰ ਨੂੰ ਲਾ ਜਾਂਦਾ ਤੇ ਉਹ ਅੱਗੋਂ ਅਪਣੇ ਪੁੱਤਰ ਨੂੰ। ਤੇ ਫਿਰ ਉਹ ਬੜੇ ਮਾਣ ਨਾਲ ਦੱਸਦੇ ਹਨ ਕਿ ਸਾਡੇ ਤਾਂ ਦਾਦਾ ਜੀ ਵੇਲੇ ਦੇ ਸੰਗੀ ਨੇ ਬਾਬਾ ਜੀ ਦੇ। ਇਹ ਛੱਪੜਾਂ ਵਿਚ ਪਲਨ ਵਾਲੀਆਂ ਮੱਛੀਆਂ ਸਮੁੰਦਰ ਵਿਚ ਕਿਵੇ ਜਾਣ। ਸਮੁੰਦਰ ਦੀ ਜਦ ਕੋਈ ਗੱਲ ਕਰਦਾ ਹੈ ਤਾਂ ਇਹ ਬੁੜਕ ਉਠਦੀਆਂ ਹਨ। ਝੂਠ ਜਾਪਦਾ। ਜਿਹੜਾ ਦਾਦਿਆਂ ਬਾਬਿਆ ਤੋਂ ਛੱਪੜ ਵਿਚ ਤੁਰਿਆ ਫਿਰਦਾ ਉਹ ਸਮੁੰਦਰ ਬਾਰੇ ਕਿਵੇਂ ਸੋਚੇਗਾ।

ਬਾਬਾ ਕਬੀਰ ਜੀ ਕਹਿੰਦੇ ਕਿ ਥੋੜੈ ਜਲ ਦੀ ਮੱਛੀ ਝੀਵਰ ਜਾਲ ਲਾਉਂਦਾ ਤੇ ਫੜ ਹੋ ਕੇ ਫਰਾਈ ਵਿਚ ਭੁੱਜਦੀ, ਤੇ ਦੁੱਖ ਪਾਉਂਦੀ ਹੈ, ਅਗਲੀ ਗੱਲ ਬਾਬਾ ਜੀ ਕਰਦੇ ਕਿ:

ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹ੍ਹਾਲਿ’

"ਟੋਘਨੈ" ਕਹਿੰਦੇ ਛੱਪੜ ਨੂੰ, ਕਿ ਕਮਲੀਏ ਛੱਪੜਾਂ ਵਿਚ ਤੇਰਾ ਬਚਾਅ ਨਹੀਂ, ਮੁੜ ਆ ਵਾਪਸ ਸਮੁੰਦਰ ਨੂੰ! ਕਿ ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top