Share on Facebook

Main News Page

ਸਿੱਖਾਂ ਨੂੰ ਇਨਸਾਫ ਕਿਉਂ ਨਹੀਂ ਮਿਲਦਾ ?
ਬਾਦਲ, ਕਮਲਨਾਥ, ਸੋਨੀਆਂ ਕੇਸਾਂ ਦੀ ਅਸਲੀਅਤ

(ਅਦਾਰਾ ਖ਼ਬਰਦਾਰ): ਜਦ ਗੱਲ ਅਸੀਂ 1984 ਦੇ ਕਤਲੇਆਮ ਯਾਨੀ ਸਿੱਖ ਨਸਲਕੁਸ਼ੀ ਦੀ ਕਰਦੇ ਹਾਂ, ਤਾਂ ਉਸ ਤੋਂ ਨਾਲ ਹੀ ਅਗਲੀ ਗੱਲ ਅਸੀਂ ਕਰਦੇਂ ਇਨਸਾਫ ਦੀ। ਅਸੀਂ ਮਰੇ ਵੀ, ਸਾਨੂੰ ਜ਼ਿਬਾ ਵੀ ਕੀਤਾ ਗਿਆ, ਪਰ ਅਗਲਾ ਦੁਖਾਂਤ ਇਹ ਕਿ ਸਾਨੂੰ ਇਨਸਾਫ ਵੀ ਨਹੀਂ ਮਿਲਿਆ। ਇਨਸਾਫ ਦੀ ਛੱਡੋ ਹਿੰਦੋਸਤਾਨ ਦੀ ਕਿਸੇ ਹਕੂਮਤ ਨੇ ਉਸ ਸਾਰੇ ਕੁਝ ਲਈ ਦੋ ਅੱਖਰ ਮਾਫੀ ਦੇ ਵੀ ਨਹੀਂ ਕਹੇ।

ਤੁਸੀਂ ਕੁੱਟ ਕੇ ਵੀ ਮਾਫੀ ਪਤਾ ਕਦੋਂ ਨਹੀਂ ਮੰਗਦੇ ਕਿਸੇ ਕੋਲੋਂ? ਜਦ ਤੁਸੀਂ ਕੁੱਟੇ ਜਾਣ ਵਾਲੇ ਨੂੰ ਪਸ਼ੂ-ਡੰਗਰ ਤੋਂ ਵੱਧ ਕੁਝ ਨਾ ਸਮਝਦੇ ਹੋਵੋਂ। ਬ੍ਰਹਾਮਣ ਸਦੀਆਂ ਤੋਂ ਆਖੇ ਜਾਂਦੇ ਸ਼ੂਦਰ ਨੂੰ ਕੁੱਟਦਾ ਰਿਹਾ ਪਰ ਉਸ ਕਦੇ ਮਾਫੀ ਵਰਗੀ ਗੱਲ ਮਹਿਸੂਸ ਨਹੀਂ ਕੀਤੀ ਕਿਉਂਕਿ ਉਹ ਸ਼ੂਦਰ ਨੂੰ ਬੰਦਾ ਹੀ ਨਹੀਂ ਸੀ ਸਮਝਦਾ, ਹਾਲੇ ਵੀ ਕਿਹੜਾ ਸਮਝਦਾ। ਹਿੰਦੋਸਤਾਨ ਵਿਚ ਸਿੱਖ ਕੌਮ ਗੁਲਾਮ ਤਾਂ ਜਿਹੜੀ ਹੋਈ ਹੀ ਹੋਈ ਪਰ ਉਹ ਅਪਣੀ ਇਨੀ ਵੀ ਚੜ੍ਹਤ ਨਹੀਂ ਕਾਇਮ ਰੱਖ ਸਕੀ ਕਿ ਉਸ ਨੂੰ ਕੁੱਟ ਕੇ ਕੋਈ ਦੋ ਅੱਖਰ ਮਾਫੀ ਦੇ ਵੀ ਕਹਿ ਦਏ।

ਭਲਾ ਕਿਉਂ? ਉਨ੍ਹਾਂ ਨੂੰ ਪਤਾ ਕਿ ਅੱਗੇ ਖੜੋਤੇ ਲੀਡਰ ਲੋਕ ਬਹੁਤ ਥੋੜੀ ਬੋਲੀ ਉਪਰ ਵਿੱਕ ਜਾਣ ਵਾਲੇ ਹਨ। ਬੋਲੀ ਲੱਗਣ ਹੀ ਕਿਹੜੀ ਦਿੰਦੇ ਮਾਂ ਦੇ ਪੁੱਤ ਪਹਿਲਾਂ ਹੀ ਬਾਂਹ ਖੜੀ ਕਰ ਦਿੰਦੇ ਹਨ! ਇਦਾਂ ਦੇ ਸਸਤੇ ਲੀਡਰਾਂ ਦੀ ਕੌਮ ਕੋਲੋਂ ਕੋਈ ਮਾਫੀ ਕਿਉਂ ਮੰਗੇਗਾ? ਗੱਲ ਸੁਣੀ ਜਾਂਦੀ ਮਹਿੰਗੇ ਅਤੇ ਭਾਰੇ ਲੋਕਾਂ ਦੀ ਸਸਤੇ ਬੰਦੇ ਦੀ ਕੋਈ ਗੱਲ ਕਿਉਂ ਸੁਣੇ? ਇਨਸਾਫ ਜਾਂ ਮਾਫੀ ਦੀ ਗੱਲ ਤਾਂ ਉਦੋਂ ਤੁਰਦੀ ਜਦ ਅਗਲੇ ਨੂੰ ਪਤਾ ਹੋਵੇ ਮੂਹਰੇ ਡਾਂਗ ਤਗੜੀ ਹੈ। ਅਸੀਂ ਜਦ ਇਨਸਾਫ ਦੀ ਗੱਲ ਕਰਦੇ ਹਾਂ ਸਾਨੂੰ ਇਹ ਵੀ ਤਾਂ ਸਮਝਣਾ ਚਾਹੀਦਾ ਕਿ ਇਨਸਾਫ ਲੈਣ ਵਾਲੇ ਕੌਣ ਹਨ? ਇਹ ਸਾਡੇ ਦੁਖਾਂਤ ਦੀ ਲੰਮੀ ਕਹਾਣੀ ਹੈ ਪਰ ਜਿਹੜੀ ਕਹਾਣੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਤੋਂ ਸਹਿਜੇ ਹੀ ਅੰਦਾਜਾ ਲੱਗ ਸਕਦਾ ਕਿ ਇਨਸਾਫ ਨੇ ਹਾਲੇ ਤੱਕ ਸਾਡਾ ਦਰਵਾਜਾ ਕਿਉਂ ਨਹੀਂ ਖੜਕਾਇਆ।

ਸਿੱਖਸ ਫਾਰ ਜਸਟਿਸ’ ਨਾਂ ਦੀ ਸੰਸਥਾ ਹੈ ਇਧਰ, ਜਿਸਦਾ ਸੰਚਾਲਕ ਮਿਸਟਰ ਗੁਰਪਤਵੰਤ ਪੰਨੂ ਹੈ ਅਤੇ ਟਰੰਟੋ ਵਿਖੇ ਉਸ ਦੀ ਗਤੀ-ਵਿਧੀਆਂ ਦੀ ਪੈਰਵਾਈ ਕਰਨ ਵਾਲਾ ਮਿਸਟਰ ਜਤਿੰਦਰ ਗਰੇਵਾਲ ਅਤੇ ਵੈਨਕੋਵਰ ਤੋਂ ਬੀਬੀ ਤਜਿੰਦਰ ਨਿੱਝਰਯਾਨੀ ਇਹ ਕੁੱਲ ਤਿੰਨ ਕੁ ਲੋਕ ‘ਸਿੱਖਸ ਫਾਰ ਜਸਟਿਸ’ ਦੇ ਹੌਲੀ ਸੋਲੀ ਹਨ ਅਤੇ ਚੌਥਾ ਪੰਜਾਬ ਵਿਚ ਬੈਠਾ ਕਰਨੈਲ ਸਿੰਘ ਪੀਰ-ਮੁਹੰਮਦ!

ਅਸੀਂ ਤੁਸੀਂ ਬਹੁਤ ਰੌਲਾ ਸੁਣਿਆ ਇਸ ਗੱਲ ਦਾ ਕਿ ਮਿਸਟਰ ਪ੍ਰਕਾਸ਼ ਸਿਉਂ ਬਾਦਲ ਅਮਰੀਕਾ ਆਇਆ ਅਤੇ ਉਸ ਨੂੰ ‘ਸਿੱਖਸ ਫਾਰ ਜਸਟਿਸ’ ਵਲੋਂ ਸੰਮਨ ਜਾਰੀ ਕਰਕੇ ਕੋਰਟ ਵਿਚ ਖਿੱਚਿਆ ਗਿਆ। ਬਾਦਲ ਉਪਰ ਕੇਸ? ਬਾਦਲ ਨੂੰ ਕੋਰਟ ਵਿਚ ਘਸੀਟਿਆ? ਖ਼ਬਰ ਸੁਣਨ ਵਿਚ ਹੀ ਬੜੀ ਵੱਡੀ ਲੱਗਦੀ, ਲੋਕਾਂ ਨੂੰ ਅਚੰਭਤ ਤਾਂ ਕਰੇਗੀ ਹੀ। ਪਰ ਤੁਸੀਂ ਇਸ ਕੇਸ ਨੂੰ ਨੇੜਿਓਂ ਹੋ ਕੇ ਦੇਖੋਂਗੇ ਤਾਂ ਇਹ ਸਿਵਾਏ ਹਵਾ ਤੋਂ ਕੱਖ ਵੀ ਨਹੀਂ ਸੀ!

ਮੇਰੇ ਸਾਹਵੇਂ ਅਮਰੀਕਾ ਵਿਚਲੀ ਉਸ ਕੇਸ ਨਾਲ ਸਬੰਧਤ ‘ਜੱਜਮਿੰਟ’ ਪਈ ਹੈ। 13-2316 ਨੰਬਰ ਇਸ ਕੇਸ ਉਪਰ ਬਹਿਸ 8 ਨਵੰਬਰ 2013 ਨੂੰ ਹੋਈ ਅਤੇ ਇਸ ਦੀ ‘ਜੱਜਮਿੰਟ’ ਆਈ 26 ਨਵੰਬਰ 2013 ਨੂੰ। ਉਸ ‘ਜੱਜਮਿੰਟ’ ਵਿਚ ਜਿਹੜੀ ‘ਲੇਨ ਐਡਲਮੈਨ’ ਨਾਂ ਦੇ ਜੱਜ ਵਲੋਂ ਹੈ, ਦੇ ਜਿਆਦਾ ਵਿਸਥਾਰ ਵਿਚ ਨਾ ਜਾਂਦੇ ਹੋਏ ਇਨਾ ਕਹਿਣਾ ਹੀ ਕਾਫੀ ਹੈ ਕਿ ਜਿਸ ਕੇਸ ਬਾਰੇ ਅਸਮਾਨ ਸਿਰ ਉਪਰ ਚੁੱਕਿਆ ਗਿਆ ਸੀ ਉਸ ਕੇਸ ਨਾਲ ਸਬੰਧਤ ਜਾਰੀ ਹੋਣ ਵਾਲੇ ਸੰਮਨ ਮਿਸਟਰ ਬਾਦਲ ਤੱਕ ਪਹੁੰਚੇ ਹੀ ਨਹੀਂ ਸਨ। ‘ਲੋਅਰ ਕੋਰਟ’ ਵਿਚੋਂ ਖਾਰਜ ਹੋਣ ਉਪਰੰਤ ਇਹ ਕੇਸ ‘ਹਾਇਅਰ ਕੋਰਟ’ ਵਿਚ ਕੀਤਾ ਗਿਆ ਉਥੇ ਵੀ ਜਵਾਬ ਪਹਿਲਾਂ ਵਾਲਾ ਹੀ ਮਿਲਿਆ! ਹੈਰਾਨੀ ਦੀ ਗੱਲ ਇਹ ਹੈ ਕਿ ਜਦ ‘ਲੋਅਰ ਕੋਰਟ’ ਨੇ ਇਸ ਕੇਸ ਨੂੰ ਇਹ ਕਹਿ ਖਾਰਜ ਕਰ ਦਿੱਤਾ ਸੀ ਕਿ ਇਸ ਕੇਸ ਨਾਲ ਸੰਮਨ ਹੀ ਸਬੰਧਤ ਬੰਦੇ ਨੂੰ ‘ਸਰਵ’ ਨਹੀਂ ਹੋਏ ਤਾਂ ਇਸ ਮਰੇ ਹੋਏ ਕੇਸ ਉਪਰ ‘ਹਾਇਅਰ ਕੋਰਟ’ ਵਿਚ ਦੁਬਾਰਾ ਪੈਸਾ ਕਿਉਂ ਬਰਬਾਦ ਕੀਤਾ ਗਿਆ? ਯਾਦ ਰਹੇ ਕਿ ‘ਸਿੱਖਸ ਫਾਰ ਜਸਟਿਸ’ ਵਲੋਂ ਇੱਕ ਕਰਿਸਟਫਰ-ਕਰੈਚਵਲ (Christopher Kratochvil) ਨਾਂ ਦਾ ਗੋਰਾ ‘ਹਾਇਰ’ ਕੀਤਾ ਗਿਆ ਸੀ, ਜਿਸ ਨੇ ਮਿਸਟਰ ਬਾਦਲ ਨੂੰ ਸੰਮਨ ‘ਡਲਿਵਰ’ ਕਰਨੇ ਸਨ। ਸੰਮਨ ‘ਸਰਵ’ ਕਰਨ ਦੀ ਥਾਂ ਉਸ ਨੂੰ ਦੱਸੀ ਗਈ ਸੀ ਅਮਰੀਕਾ ਦੇ ਮਿਲਵਾਕੀ ਸ਼ਹਿਰ ਦਾ ਇੱਕ ‘ਹਾਈ ਸਕੂਲ’ ਜਿਥੇ ਉਸ ਦਿਨ ਬਾਦਲ ਦੇ ਆਉਂਣ ਬਾਰੇ ‘ਸਿੱਖਸ ਫਾਰ ਜਸਟਿਸ’ ਕੋਲੇ ਕੱਚੀ ਜਾਣਕਾਰੀ ਸੀ ਕਿਉਂਕਿ 9 ਅਗੱਸਤ ਨੂੰ ਸੰਮਨ ‘ਡਲਿਵਰ’ ਹੁੰਦੇ ਹਨ ਜਦ ਕਿ ਮਿਸਟਰ ਬਾਦਲ ਉਥੇ ਆਇਆ 10 ਅਗੱਸਤ ਨੂੰ। 9 ਅੱਗਸਤ ਨੂੰ ਬਾਦਲ ਉਸ ਥਾਂ ਤੋਂ ਕੋਈ 17 ਮੀਲ ਦੂਰ (boelter superstore) ‘ਸ਼ੌਪਿੰਗ’ ਕਰਦਾ ਫਿਰ ਰਿਹਾ ਸੀ! ਉਸ ਦਿਨ ਮਿਸਟਰ ਬਾਦਲ ਉਥੇ ਮੌਜੂਦ ਹੀ ਨਹੀਂ ਸੀ ਤਾਂ ਉਸ ਕੇਸ ਦੀ ਤੁੱਕ ਕੀ ਬਣਦੀ ਹੈ?

ਟਰੰਟੋ ਵਿਚਲੇ ਮਿਸਟਰ ਜਤਿੰਦਰ ਗਰੇਵਾਲ ਨੂੰ ਜਦ ਇਸ ਬਾਰੇ ਪੁੱਛਿਆ ਗਿਆ ਕਿ ਇਨੇ ਅਹਿਮੀਅਤ ਵਾਲੇ ਕੇਸ ਨਾਲ ਸਬੰਧਤ ਸੰਮਨ ‘ਸਰਵ’ ਕਰਨ ਲਈ ਤੁਸੀਂ ਖੁਦ ਤਰਦਦ ਕਿਉਂ ਨਹੀਂ ਕੀਤਾ ਜਾਂ ਉਸ ਗੋਰੇ ਨਾਲ ਕੁਝ ਅਜਿਹੇ ਬੰਦੇ ਕਿਉਂ ਨਹੀਂ ਲਾਏ ਜਿਹੜੇ ਪਛਾਣ ਕੇ ਦੱਸ ਸਕਦੇ ਹੁੰਦੇ ਕਿ ਔਹ ਮਿਸਟਰ ਬਾਦਲ ਹੈ? ਤਾਂ ਮਿਸਟਰ ਗਰੇਵਾਲ ਦਾ ਜਵਾਬ ਸੀ ਕਿ ਉਥੇ ਸਕਿਉਰਟੀ ਬੜੀ ਸੀ ਕਿਸੇ ਬੰਦੇ ਨੂੰ ਉਥੇ ਜਾਣ ਨਹੀਂ ਸੀ ਦਿੱਤਾ ਜਾਂਣਾ। ਪਰ ਜਦ ਉਨ੍ਹਾਂ ਨੂੰ ਪੁੱਛਿਆ ਕਿ ਨਾਲ ਗਏ ਬੰਦੇ ਦੂਰੋਂ ਤਾਂ ਦੱਸ ਹੀ ਸਕਦੇ ਸਨ ਕਿ ਔਹ ਮਿਸਟਰ ਬਾਦਲ ਹੈ ਤਾਂ ਮਿਸਟਰ ਗਰੇਵਾਲ ਨੇ ‘ਯੂ ਟਰਨ’ ਮਾਰਦਿਆਂ ਕਿਹਾ ਕਿ ਬੰਦੇ ਭੇਜੇ ਸਨ। ਪਰ ਉਨਾਂ ਨੂੰ ਜਦ ਪੁੱਛਿਆ ਕਿ ਉਹ ਬੰਦੇ ਕੌਣ ਸਨ, ਕੀ ਨਾਮ ਸਨ ਉਨ੍ਹਾਂ ਦੇ ਤਾਂ ਮਿਸਟਰ ਗਰੇਵਾਲ ਨੇ ਉਨ੍ਹਾਂ ਬਾਰੇ ਜਾਣਕਾਰੀ ਦੇਣ ਤੋਂ ਅਸਮਰਥਾ ਪ੍ਰਗਟਾਈ। ਉਨ੍ਹਾਂ ਦੇ ਜਵਾਬ ਦਾ ਕੱਚ ਪੁਣਾ ਇਸ ਗੱਲ ਦੀ ਪੁਸ਼ਟੀ ਕਰਦਾ ਸੀ ਕਿ ਕੇਸ ਕਰਤਾ ਲੋਕ ਇਸ ਕੇਸ ਦੇ ਨਾਂ ਤੇ ਕੇਵਲ ਤੇ ਕੇਵਲ ਰੌਲਾ ਪਾ ਕੇ ਅਪਣੀ ਅਹਿਮੀਅਤ ਬਣਾਈ ਰੱਖਣਾ ਚਾਹੁੰਦੇ ਸਨ ਪਰ ਉਹ ਇਸ ਕੇਸ ਸਬੰਧੀ ਗੰਭੀਰ ਨਹੀਂ ਸਨ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਸੰਮਨ ਮਿਸਟਰ ਬਾਦਲ ਨੂੰ ਸਰਵ ਨਾ ਹੋ ਸਕਦੇ। ਬਾਦਲ ਕੋਈ ਕੀੜੀ ਨਹੀਂ ਸੀ ਕਿ ਕਿਸੇ ਖੁੱਡ ਵਿਚ ਵੜ ਗਿਆ। ਉਹ ਕਰੀਬਨ ਛੇ ਦਿਨ ਅਮਰੀਕਾ ਘੁੰਮਦਾ ਰਿਹਾ, ਉਹ ਸਟੋਰਾਂ ਵਿਚ ਸ਼ਾਪਿੰਗ ਕਰਦਾ ਰਿਹਾ, ਉਹ ਗੁਰਦੁਆਰੇ ਵੀ ਬੋਲਦਾ ਰਿਹਾ, ਉਹ ਉਸ ਹਾਈ-ਸਕੂਲ ਵਿਚ ਜਾ ਕੇ ਵੀ ਬੋਲਿਆ ਜਿਥੇ ਇੱਕ ਦਿਨ ਪਹਿਲਾਂ ਸੰਮਨ ਡਲਿਵਰ ਕਰਨ ਗਿਆ ਗੋਰਾ ਸੰਮਨ ਸੁਰਿੰਦਰਪਾਲ ਸਿੰਘ ਕਾਲਰਾ ਦੇ ਪੈਰਾਂ ਵਿਚ ਸੁੱਟ ਕੇ ਦੌੜ ਗਿਆ ਸੀ!

ਇਸ ਸਬੰਧੀ ਵੈਨਕੋਵਰ ਜਦ ਬੀਬੀ ਤਜਿੰਦਰ ਨਿੱਝਰ ਨਾਲ ਗੱਲ ਕੀਤੀ ਗਈ ਕਿ ਬਾਦਲ ਵਿਰੁਧ ਲੱਗੇ ਕੇਸ ਦਾ ਕੀ ਬਣਿਆ ਤਾਂ ਉਨ੍ਹਾਂ ਕਿਹਾ ਕਿ ਬਹੁਤੀ ਜਾਣਕਾਰੀ ਤਾਂ ਮਿਸਟਰ ਪੰਨੂੰ ਹੀ ਦੇ ਸਕਦੇ ਹਨ, ਪਰ ਮੈਨੂੰ ਇਨਾ ਪਤਾ ਕਿ ਭੇਜੇ ਗਏ ਸੰਮਨ ਬਾਦਲ ਨੂੰ ‘ਡਲਿਵਰ’ ਹੋਏ ਸਨ, ਪਰ ਉਨਾ ਇੱਕ ਝੂਠਾ ਗਵਾਹ ਪੇਸ਼ ਕਰਕੇ ਇਹ ਸਾਬਤ ਕਰ ਦਿੱਤਾ ਕਿ ਸੰਮਨ ਬਾਦਲ ਤੱਕ ਪਹੁੰਚੇ ਹੀ ਨਹੀਂ! ਟਰੰਟੋ ਵਿਚਲਾ ਮਿਸਟਰ ਗਰੇਵਾਲ ਤਾਂ ਕਹਿ ਰਿਹਾ ਕਿ ਸੰਮਨ ਗਲਤ ਬੰਦੇ ਨੂੰ ਡਲਿਵਰ ਹੋਏ, ਪਰ ਵੈਨਕੋਵਰ ਵਾਲੀ ਬੀਬਾ ਕਹਿ ਰਹੀ ਕਿ ਸੰਮਨ ਬਾਦਲ ਨੂੰ ਹੀ ਮਿਲੇ ਸਨ???? ਇਥੇ ਟਰੰਟੋ ਦੇ ਮੀਡੀਏ ਦੇ ਇੱਕ ਜਿੰਮੇਵਾਰ ਸੱਜਣ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਸੀ ਕਿ ਸੰਮਨ ਡਲਿਵਰ ਨਹੀਂ ਹੋਏ। ਇਹ ਬੀਬਾ ਇਨਾ ਵੱਡਾ ਝੂਠ ਪਤਾ ਨਹੀਂ ਕਿਵੇਂ ਬੋਲ ਗਈ ਜਦ ਕਿ ਇਸ ਗੱਲ ਦੇ ਪੁੱਖਤਾ ਸਬੂਤ ਹਨ ਕਿ ਉਹ ਸੰਮਨ ਬਾਦਲ ਦੀ ਬਜਾਇ ਮਿਸਟਰ ਕਾਲਰਾ ਨੂੰ ਹੀ ਸਰਵ ਹੋਏ ਸਨ। ਉਥੇ ਲੱਗੇ ਕੈਮਰੇ, ਉਥੇ ਹਾਜਰ ਲੋਕ, ਉਥੇ ਹਾਜਰ ਸੀਨੀਅਰ ਪੁਲਿਸ ਅਫਸਰ, ਸਭ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਬਾਦਲ ਉਸ ਦਿਨ ਉਥੇ ਸੀ ਹੀ ਨਹੀਂ ਤਾਂ ਇਹ ਬੀਬੀ ਕਿਉਂ ਹਾਲੇ ਵੀ ਅਪਣੇ ਝੂਠ ਨੂੰ ਮੰਨਣ ਲਈ ਤਿਆਰ ਨਹੀਂ ਹੈ। ਹੋਰ ਹੈਰਾਨੀ ਦੀ ਗੱਲ ਕਿ ਮਿਸਟਰ ਕਾਲਰਾ ਨੂੰ ਕਿਹਾ ਜਾਂਦਾ ਰਿਹਾ ਕਿ ਤੂੰ ਕਹਿ ਕਿਉਂ ਨਹੀਂ ਦਿੰਦਾ ਕਿ ਸੰਮਨ ਉਸ ਨੂੰ ਨਹੀਂ ਸਨ ਮਿਲੇ! ਯਾਨੀ ਇੱਕ ਅੰਮ੍ਰਤਿਧਾਰੀ ਬੰਦੇ ਨੂੰ ਕਿਹਾ ਜਾ ਰਿਹੈ ਕਿ ਤੂੰ ਝੂਠ ਬੋਲ? ਜੇ ਉਹ ਝੂਠ ਨਹੀਂ ਬੋਲਦਾ ਤਾਂ ਉਸ ਉਪਰ ਬਾਦਲ ਤੋਂ ਪੈਸੇ ਲੈ ਕੇ ਸੰਮਨ ਪ੍ਰਪਾਤ ਕਰਨ ਵਾਲੀ ਗਵਾਹੀ ਦੇਣ ਦਾ ਦੋਸ਼ ਲਾ ਦਿੱਤਾ ਜਾਂਦਾ ਹੈ?

ਤਜਿੰਦਰ ਨੂੰ ਜਦ ਪੁੱਛਿਆ ਕਿ ਪੰਜਾਬ ਵਿਚਲੇ ਕਰਨੈਲ ਸਿੰਘ ਪੀਰ-ਮਹੁੰਮਦ ਦਾ ‘ਸਿੱਖਸ ਫਾਰ ਜਸਟਿਸ’ ਨਾਲ ਕੀ ਸਬੰਧ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚਲੇ ਕੇਸਾਂ ਸਬੰਧੀ ਸਾਡੀ ਮਦਦ ਕਰਦੇ ਹਨ। ਹੈਰਾਨੀ ਹੋਣੀ ਚਾਹੀਦੀ ਹੈ ਕਿ ਜਿਹੜੀ ਸੰਸਥਾ ਮਿਸਟਰ ਪੀਰ-ਮੁਹੰਮਦ ਵਰਗੇ ਲੋਕਾਂ ਦੀ ਮਦਦ ਲੈ ਕੇ ਚਲ ਰਹੀ ਹੋਵੇ ਜਾਂ ਜਿਹੜੇ ਲੋਕ ਇਨਸਾਫ ਲੈਣ ਲਈ ਕਰਨੈਲ ਸਿੰਘ ਪੀਰ ਮੁਹੰਮਦ ਵਰਗੇ ਲੋਕਾਂ ਉਪਰ ਨਿਰਭਰ ਹੋਣ, ਉਸ ਕੌਮ ਨੂੰ ਇਨਸਾਫ ਬਾਰੇ ਜੇ ਹਾਲੇ ਵੀ ਭੁਲੇਖਾ ਹੈ ਤਾਂ ਸਾਨੂੰ ਅਪਣੇ ਇਲਾਜ ਦੀ ਲੋੜ ਹੈ। ਯਾਦ ਰਹੇ ਕਿ ਕਰਨੈਲ ਸਿੰਘ ਪੀਰ-ਮੁਹੰਮਦ ਉਹ ਸਖਸ਼ ਹੈ ਜਿਸ ਗੁਰਬਖਸ਼ ਸਿੰਘ ਦੀਆਂ ਦੋਨੋ ਭੁੱਖ-ਹੜਤਾਲਾਂ ਵੇਲੇ ਦੀਆਂ ਲਹਿਰਾਂ ਦਾ ਲੱਕ ਤੋੜਨ ਵਿਚ ਕੋਈ ਕਸਰ ਨਹੀਂ ਸੀ ਛੱਡੀ ਅਤੇ ਇਸੇ ਭੱਦਰ-ਪੁਰਸ਼ ਨੇ ਬੀਬੀ ਨਿਰਪ੍ਰੀਤ ਕੋਰ ਨੂੰ ਭੁੱਖ ਹੜਤਾਲੋਂ ਲਾਹ ਕੇ ਸਿੱਖ ਕੌਮ ਦੀ ਪਿੱਠ ਵਿਚ ਛੁਰਾ ਮਾਰਿਆ। ਚਿੱਲੜ ਹੋਂਦ ਕਾਂਡ ਬਾਰੇ ਇਸ ਬੰਦੇ ਦੀ ਕੀਤੀ ਗਦਾਰੀ ਦੀਆਂ ਬੜੀਆਂ ਸਪੱਸ਼ਟ ਪੈੜਾਂ ਹਨ। ਖੁਲ੍ਹੇ ਪੰਜਾਬੀ ਲਫਜਾਂ ਵਿਚ ਉਹ ਬਾਦਲਾਂ ਦੇ ਹਰਿਵਾਅਲ ਦਸਤੇ ਦਾ ਮੋਹਰਾ ਹੈ ਜਿਥੇ ਲੋੜ ਹੋਵੇ ਉਥੇ ਵਰਤਿਆ ਜਾਣਾ ਵਾਲਾ? ਸੋਚਿਆ ਜਾ ਸਕਦਾ ਕਿ ਅਜਿਹੇ ਸਖਸ਼ ਦੀ ਮਦਦ ਵਾਲੀ ‘ਸਿੱਖਸ ਫਾਰ ਜਸਟਿਸ’ ਬਾਦਲਾਂ ਉਪਰ ਕੇਸ ਕਰ ਰਹੀ ਹੈ?

ਬਾਦਲ ਨੂੰ ਭੇਜੇ ਗਏ ਸੰਮਨਾ ਨਾਲ ਕੀ ਵਾਪਰੀ, ਇਹ ਕਹਾਣੀ ਵੀ ਅਪਣੇ ਆਪ ਵਿਚ ਬੜੀ ਦਿਲਸਚਪ ਹੈ। ਉਹ ਸੰਮਨ ਜਿਹੜੇ ਕਿ ਕਿਹਾ ਹੈ ਮਿਸਟਰ ਬਾਦਲ ਨੂੰ ‘ਸਰਵ’ ਕੀਤੇ ਗਏ ਦਰਅਸਲ ਉਹ ਸੰਮਨ ਇੱਕ ਸੁਰਿੰਦਰਪਾਲ ਸਿੰਘ ਕਾਲਰਾ ਅੱਗੇ ‘ਕ੍ਰਸਿਟਫਰ’ ਨਾਂ ਦਾ ਗੋਰਾ ਸੁੱਟ ਕੇ ਦੌੜ ਆਇਆ। ਜਿਨ੍ਹਾਂ ਲੋਕਾਂ ਨੂੰ ਸੰਮਨ ‘ਸਰਵ’ ਕਰਨ ਦੇ ਕਨੂੰਨੀ ਤਰੀਕੇ ਦੀ ਹੀ ਜਾਣਕਾਰੀ ਨਹੀਂ ਉਹ ਕੇਸ ਕਿਹੋ ਜਿਹਾ ਲੜਨਗੇ ਸਮਝੋਂ ਬਾਹਰ ਹੈ। ਮਿਸਟਰ ਕ੍ਰਸਿਰਫਰ ਨੇ ਮਿਸਟਰ ਕਾਲਰਾ ਨੂੰ ਪੇਪਰ ਦੇਣ ਸਮੇ ਉਸ ਦਾ ਨਾਮ ਤੱਕ ਨਹੀਂ ਪੁੱਛਿਆ ਤਾਂ ਮਿਸਟਰ ਪੰਨੂੰ ਹੋਰੀਂ ਕਿਸ ਵਜ੍ਹਾ ਨਾਲ ਕੋਰਟ ਵਿਚ ਕੇਸ ਚੁੱਕੀ ਫਿਰਦੇ ਹਨ? ਮਿਸਟਰ ਪੰਨੂੰ ਹੋਰੀਂ ਛੇ ਮਹੀਨੇ ਬਾਅਦ ਕੋਰਟ ਕੋਲੋਂ ਸਮਾ ਮੰਗਦੇ ਫਿਰ ਰਹੇ ਹਨ, ਕਿ ਅਸੀਂ ਹਾਲੇ ਸਟੋਰ ਵਿਚੋਂ ਉਹ ਵੀਡੀਓ ਪ੍ਰਾਪਤ ਕਰਨੀਆਂ ਹਨ ਜਿਹੜੀਆਂ ਇਹ ਸਾਬਤ ਕਰਦੀਆਂ ਸਨ ਕਿ ਜਿਸ ਦਿਨ ਸੰਮਨ ‘ਸਰਵ’ ਕਰਨ ਦੀ ਗੱਲ ਕਰੀ ਜਾ ਰਹੀ ਹੈ ਉਸ ਸਮੇ ਮਿਸਟਰ ਬਾਦਲ ਹੁਰੀਂ ਉਂਨ੍ਹਾਂ ਸਟੋਰਾਂ ਵਿਚ ਨਹੀਂ ਸਨ, ਬਲਕਿ ਉਸ ਥਾਂ ਮੌਜੂਦ ਸਨ, ਜਿਥੇ ਸੰਮਨ ਡਲਿਵਰ ਕੀਤੇ ਗਏ ਸਨ। ਯਾਦ ਰਹੇ ਕਿ ਬਾਦਲ ਧਿਰ ਇਹ ਸਾਬਤ ਕਰਨ ਵਿਚ ਕਾਮਯਾਬ ਰਹੀ ਕਿ ਉਸ ਦਿਨ ਉਹ ਉਥੇ ਮੌਜੂਦ ਹੀ ਨਹੀਂ ਸੀ, ਜਿਥੇ ਉਸ ਨੂੰ ਸੰਮਨ ‘ਸਰਵ’ ਕੀਤੇ ਦਿਖਾਏ ਜਾ ਰਹੇ ਹਨ, ਬਲਕਿ ਉਸ ਦੇ ਵਕੀਲ ਨੇ ਉਹ ਰਸੀਤਾਂ ਪੇਸ਼ ਕੀਤੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਸਨ ਕਿ ਮਿਸਟਰ ਬਾਦਲ ਉਥੇ ‘ਸ਼ਾਪਿੰਗ’ ਕਰ ਰਿਹਾ ਸੀ!

ਇੱਕ ਹੋਰ ਗੱਲ ਜਿਹੜੀ ਮਿਸਟਰ ਪੰਨੂੰ ਐਂਡ ਪਾਰਟੀ ਦੀ ਇਸ ਸਾਰੇ ਕੇਸ ਵਿਚ ਕੋਈ ਖਾਸ ਰੁਚੀ ਨਾ ਹੋਣ ਦੀ ਪੁਸ਼ਟੀ ਕਰਦੀ ਹੈ ਅਤੇ ਐਵੇਂ ਰੌਲਾ ਜਿਹਾ ਪਾ ਕੇ ਕੌਮ ਨੂੰ ਮੂਰਖ ਬਣਾਉਂਣ ਵਾਲੀ ਖੇਡ ਜਿਹੀ ਜਾਪਦੀ ਹੈ, ਉਹ ਇਹ ਕਿ ਜਿਹੜੀ ਫੋਟੋ ਮਿਸਟਰ ਬਾਦਲ ਦੀ ਪੇਪਰ ‘ਡਲਿਵਰ’ ਕਰਨ ਗਏ ਗੋਰੇ ਨੂੰ ਮੁਹੱਈਆ ਕੀਤੀ ਗਈ ਹੈ ਉਹ ਫੋਟੋ ਹੀ ਸਪੱਸ਼ਟ ਨਹੀਂ ਹੈ! ਮਿਸਟਰ ਬਾਦਲ ਦੀ ‘ਸਾਈਡ-ਪੋਜ਼’ ਵਾਲੀ ਫੋਟੋ ਦੇ ਕੇ ਗੋਰੇ ਨੂੰ ਤੋਰਿਆ ਜਾਂਦਾ ਹੈ ਕਿ ਇਸ ਬੰਦੇ ਨੂੰ ਸੰਮਨ ਦੇ ਕੇ ਆ? ਕੀ ਮਿਸਟਰ ਪੰਨੂ ਐਂਡ ਪਾਰਟੀ ਕੋਲੇ ਬਾਦਲ ਦੀ ਕੇਵਲ ਉਹੀ ਇੱਕੋ ਫੋਟੋ ਸੀ? ਹੋਰ ਕਿ ਜੇ ਇਨ੍ਹਾਂ ਨੂੰ ਪਤਾ ਸੀ ਕਿ ਬਾਦਲ ਦੁਆਲੇ ਸਕਿਉਰਿਟੀ ਬਹੁਤ ਹੁੰਦੀ ਤਾਂ ਕੀ ਇਨੀ ਗੋਰੇ ਨੂੰ ਨਹੀਂ ਸੀ ਦੱਸਿਆ ਹੋਇਆ ਕਿ ਜਿਸ ਬੰਦੇ ਨੂੰ ਤੂੰ ਸੰਮਨ ਸਰਵ ਕਰਨ ਚਲਿਆਂ ਉੇਥੇ ਸਕਿਉਰਿਟੀ ਹੋਵੇਗੀ? ਜੇ ਦੱਸਿਆ ਹੋਇਆ ਸੀ ਤਾਂ ਜਦ ਗੋਰਾ ਸੰਮਨ ਸਰਵ ਕਰਨ ਲੱਗਾ ਤਾਂ ਉਸ ਨੂੰ ਪਤਾ ਨਹੀਂ ਲੱਗਾ ਕਿ ਮਿਸਟਰ ਕਾਲਰਾ ਤਾਂ ਇਕੱਲਾ ਹੀ ਉਥੇ ਤੁਰਿਆ ਫਿਰਦਾ ਸੀ?

ਮਿਸਟਰ ਸੁਰਿੰਦਰਪਾਲ ਸਿੰਘ ਕਾਲਰਾ ਨੂੰ ਜਦ ਖ਼ਬਰਦਾਰ ਵਲੋਂ ਇਹ ਸੰਮਨ ‘ਸਰਵ’ ਕਰਨ ਦੀ ਕਹਾਣੀ ਬਾਰੇ ਫੋਨ ਕਰਕੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਉਸ ਮੀਟਿੰਗ ਵਿਚ ਇੱਕ ‘ਇੰਟਰਪ੍ਰੇਟਰ’ ਦੇ ਤੌਰ 'ਤੇ ਸ਼ਾਮਲ ਹੋਣ ਗਿਆ ਸੀ ਜਿਹੜੀ ਮਿਲਵਾਕੀ ਵਿਖੇ ਹੋਏ ਖੂਨੀ ਕਾਂਡ ਵਿਚ ਸਿੱਖ ਭਾਈਵਾਰੇ ਨਾਲ ਮਰੇ ਲੋਕਾਂ ਸਬੰਧੀ ਰੱਖੀ ਗਈ ਸੀ। ਉਹ ਇਸ ਭੱਜ-ਦੌੜ ਵਿਚ ਮਸ਼ਰੂਫ ਸਨ ਜਦ ਕਿ ‘ਸਿਲਵੀਅਨ’ ਬਰਦੀ ਵਾਲੇ ਗੋਰੇ ਨੇ ਉਸ ਅੱਗੇ ਕੁਝ ਪੇਪਰ ਸੁੱਟੇ ਅਤੇ ਦੌੜ ਗਿਆ। ਉਸ ਨੂੰ ਪੁੱਛਣ ਦਾ ਵੀ ਸਮਾ ਨਹੀਂ ਉਸ ਦਿੱਤਾ ਕਿ ਜਿਹੜੇ ਪੇਪਰ ਉਹ ਫੜਾ ਕੇ ਜਾ ਰਿਹਾ ਹੈ ਉਨ੍ਹਾਂ ਵਿਚ ਹੈ ਕੀ? ਮਿਸਟਰ ਕਾਲਰਾ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਪੇਪਰਾਂ ਨੂੰ ਕਿਸੇ ਗੋਰੇ ਮਿਸ਼ਨਰੀ ਵਲੋਂ ਉਸ ਦੇ ਧਰਮ ਬਾਰੇ ਦਿੱਤੇ ਗਏ ਪੇਪਰ ਸਮਝ ਕੇ ਅਪਣੀਆਂ ਬਾਕੀ ਫਾਇਲਾਂ ਨਾਲ ਰੱਖ ਲਿਆ ਅਤੇ ਕੋਈ ਛੇ ਮਹੀਨੇ ਬਾਅਦ ਉਨੀ ਅਪਣੀ ਗੱਡੀ ਵਿਚਲੇ ਫਾਲਤੂ ਪੇਪਰਾਂ ਦੀ ਸਾਫ-ਸਫਾਈ ਕੀਤੀ ਤਾਂ ਅਨਜਾਣੇ ਜਿਹੇ ਪੇਪਰ ਸਮਝ ਕੇ ਜਦ ਉਸ ਨੇ ਉਹ ਖੋਹਲੇ ਤਾਂ ਉਹ ਮਿਸਟਰ ਬਾਦਲ ਨੂੰ ਭੇਜੇ ਗਏ ਸੰਮਨ ਸਨ? ਪਰ ਯਾਦ ਰਹੇ ਕਿ ਮਿਸਟਰ ਕਾਲਰਾ ਦੀ ਗੱਡੀ ਵਿਚ ਕਈ ਚਿਰ ਕੈਦ ਰਹੇ ਉਨ੍ਹਾਂ ਪੇਪਰਾਂ ਦੇ ਨਾਂ ਤੇ ਮਿਸਟਰ ਪੰਨੂ ਨੇ ਕਈ ਚਿਰ ਦੁਨੀਆਂ ਭਰ ਵਿਚ ਅਸਮਾਨ ਸਿਰ ਤੇ ਚੁੱਕੀ ਰੱਖਿਆ ਸੀ ਕਿ ਅਸੀਂ ਬਾਦਲਾਂ ਨੂੰ ਦੌੜਾ ਮਾਰਿਆ ਹੈ?

ਮੁੰਡਾ ਘੋੜੀ ਹੀ ਨਹੀਂ ਚੜਿਆ ਤਾਂ ਇਹ ਨਿਆਣਾ ਕਿਥੇ ਜੰਮ ਪਿਆ? ਸੰਮਨ ਹੀ ਨਹੀਂ ਪਹੁੰਚੇ ਤਾਂ ਕੇਸ ਕਾਹਦਾ ਲੜਿਆ ਜਾ ਰਿਹਾ ਸੀ ਤੇ ਰੌਲਾ ਕਾਹਦਾ ਪਾਇਆ ਜਾ ਰਿਹਾ ਸੀ ਮੀਡੀਏ ਉਪਰ? ਲੋਕਾਂ ਵਲੋਂ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਕੱਚੀ ਲੜਾਈ ਲੜ ਕੇ ਮਿਸਟਰ ਪੰਨੂੰ ਐਂਡ ਪਾਰਟੀ ਨੇ ਬਾਦਲ, ਸੋਨੀਆਂ ਅਤੇ ਕਮਲਨਾਥ ਨੂੰ ਅਮਰੀਕਾ ਵਿਚੋਂ ਕਿਤੇ ਬਰੀ ਤਾਂ ਨਹੀਂ ਕਰਾ ਦਿੱਤਾ ਹੈ? ਕੱਲ ਨੂੰ ਜਦ ਦੁਬਾਰਾ ਕੋਈ ਸਿੱਖ ਇਨ੍ਹਾਂ ਨੂੰ ਕੋਟ-ਕਚਹਿਰੀ ਘਸੀਟਣ ਦੀ ਕੋਸ਼ਿਸ਼ ਕਰੇਗਾ ਤਾਂ ਕੀ ਇਹ ਇੱਕ ਦਸਤਾਵੇਜ ਨਹੀਂ ਹੋਵੇਗਾ ਕਿ ਅਮਰੀਕਾ ਦੀਆਂ ਅਦਾਲਤਾਂ ਨੇ ਇਹ ਬੰਦੇ ਬਰੀ ਕੀਤੇ ਹੋਏ ਹਨ ਇਹ ਕਹਿਕੇ ਕਿ ਇਹ ਕੇਸ ਬਣਦਾ ਹੀ ਨਹੀਂ? ਕੀ ਮਿਸਟਰ ਪੰਨੂੰ ਐਂਡ ਪਾਰਟੀ ਉਹ ਸਾਰੇ ਦਸਤਾਵੇਜ ਕੌਮ ਨੂੰ ਮੁਹੱਈਆ ਕਰਨ ਦੀ ਕ੍ਰਿਪਾ ਕਰਨਗੇ ਜਿਹੜੇ ਇਨ੍ਹਾਂ ਕੇਸਾਂ ਵਿਚ ਵਰਤੇ ਗਏ?

ਯਾਦ ਰਹੇ ਇੰਝ ਦੀ ਹੀ ਕਹਾਣੀ ਮਿਸਟਰ ਪੰਨੂੰ ਵਲੋਂ ਇੱਕ ਹੋਰ ਸਮੇ ਮੀਡੀਏ ਵਿਚ ਉਛਾਲੀ ਗਈ ਸੀ ਕਿ ਦਿੱਲੀ ਵਿਚਲੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਕਮਲਨਾਥ ਉਪਰ ਵੀ ਕੇਸ ਠੋਕ ਦਿੱਤਾ ਗਿਆ ਹੈ ਪਰ ਉਥੇ ਵੀ ਰਲਦੀ ਮਿਲਦੀ ਕਹਾਣੀ ਇਹੀ ਸੀ ਕਿ ਸੰਮਨ ਉਸ ਤੱਕ ਵੀ ਨਹੀਂ ਸਨ ਪਹੁੰਚੇ। ਮਾਰਚ 2012 ਵਿਚ ‘ਰੌਬਟ-ਸਵੀਟ’ ਨਾਂ ਦੇ ਜੱਜ ਨੇ ਉਦੋਂ ਇਹ ਕਹਿਕੇ ਇਹ ਕੇਸ ਖਾਰਜ ਕਰ ਦਿੱਤਾ ਸੀ ਕਿ ਸੰਮਨ ਉਸ ਬੰਦੇ ਨੂੰ ਜਦ ‘ਸਰਵ’ ਹੀ ਨਹੀਂ ਹੋਏ ਤਾਂ ਕੇਸ ਕਾਹਦਾ? ਉਸ ਵੇਲੇ ਮਿਸਟਰ ਪੰਨੂੰ ਵਲੋਂ ਭੇਜੀ ਗਈ ‘ਜੌਸਲਿਨ’ ਨਾਂ ਦੀ ਕੁੜੀ ਕਮਲਨਾਥ ਦੀ ਬਜਾਇ ਜਦ ਇਹ ਸੰਮਨ ਕਿਸੇ ਸੰਦੀਪ ਨਾਂ ਦੇ ਬੰਦੇ ਅੱਗੇ ਸੁੱਟ ਆਈ ਤਾਂ ਉਸ ਨੇ ਉਸ ਕੁੜੀ ਦੇ ਸਾਹਵੇਂ ਉਹ ਪੇਪਰ ਗਾਰਬਿਜ ਚਲਾ ਮਾਰੇ! ਕੀ ਉਸ ਕੁੜੀ ਨੇ ਮਿਸਟਰ ਪੰਨੂੰ ਨੂੰ ਦੱਸਿਆ ਨਹੀਂ ਕਿ ਉਹ ਪੇਪਰ ਸਬੰਧਤ ਬੰਦੇ ਨੂੰ ‘ਸਰਵ’ ਨਹੀਂ ਹੋਏ? ਇਨ੍ਹਾਂ ਕੇਸਾਂ ਉਪਰ ਪੈਸਾ ਕਿਉਂ ਲਾਇਆ ਗਿਆ ਜਦ ਸੰਮਨ ਹੀ ਸਬੰਧਤ ਬੰਦਿਆ ਨੂੰ ਡਲਿਵਰ ਕਰਨ ਵਿਚ ਇਹ ਨਾ-ਕਾਮਯਾਬ ਰਹੇ? ਲੋਕਾਂ ਵਿਚ ਉੱਧੜ-ਧੁੰਮੀ ਕਿਉਂ ਚੁੱਕੀ ਰੱਖੀ ਗਈ ਜਦ ਉਨ੍ਹਾਂ ਨੂੰ ਪਤਾ ਸੀ ਕਿ ਸੰਮਨ ਸਬੰਧਤ ਲੋਕਾਂ ਨੂੰ ਡਲਿਵਰ ਹੀ ਨਹੀਂ ਹੋਏ?

ਇਸ ਬੇਵੱਜਾ ਰੌਲੇ ਬਾਰੇ ਟਰੰਟੋ ਵਿਖੇ ਹੀ ਜਦ ਕੁਝ ਇੱਕ ਨੌਜਵਾਨਾ ਇਨ੍ਹਾਂ ਦੀ ਟੀਮ ਦੇ ਜਿੰਮੇਵਾਰ ਬੰਦੇ ਨੂੰ ਪੁੱਛਿਆ ਕਿ ਜਦ ਇਨ੍ਹਾਂ ਕੇਸਾਂ ਵਿਚ ਹੈ ਹੀ ਕੁਝ ਨਹੀਂ ਤਾਂ ਤੁਸੀਂ ਕੌਮ ਦਾ ਪੈਸਾ ਕਿਉਂ ਬਰਬਾਦ ਕਰ ਰਹੇ ਹੋਂ ਤਾਂ ਉਸ ਵਿਅਕਤੀ ਨੇ ਬੜੇ ਗੈਰ ਜਿੰਮੇਵਾਰਾਨਾ ਜਵਾਬ ਦਿੰਦਿਆਂ ਕਿਹਾ ਕਿ ਇੰਡੀਆਂ ਦੀ ਸਰਕਾਰ ਸਾਡੇ ਵਿਰੁਧ ਪ੍ਰਾਪੇਗੰਡਾ ਕਰ ਰਹੀ ਅਸੀਂ ਉਨ੍ਹਾਂ ਵਿਰੁਧ ਕਰ ਰਹੇ ਹਾਂ? ਕੋਈ ਵੀ ਠੋਸ ਗੱਲ ਨਾ ਕਰਕੇ ਪ੍ਰਾਪੇਗੰਡਾ ਦਾ ਸਸਤਾ ਜਿਹਾ ਤੇ ਚਲਾਵਾਂ ਤਰੀਕਾ ਹੀ ਬਚਿਆ ਹੈ ਸਾਡੇ ਕੋਲ?

ਨਵੰਬਰ 1984 ਦੇ ਖੂਨੀ ਕਾਂਡ ਵਿਚ ਬਾਲੀਵੁੱਡ ਦੇ ਐਕਟਰ ਮਿਸਟਰ ਅਮਿਤਾਬ ਬਚਨ ਦਾ ਵੀ ਹੱਥ ਹੈ, ਜਦ ਉਹ ਇੰਦਰਾ ਦੀ ਅਰਥੀ ਨੇੜੇ ਖੜਾ ਕਹਿ ਰਿਹਾ ਸੀ ਕਿ ਸਿੱਖਾਂ ਨੇ ਮੇਰੀ ਮਾਂ ਮਾਰੀ ਹੈ ਇਸ ਖੂਨ ਦੇ ਛੱਟੇ ਸਿੱਖਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਹਨ! ਪਰ ਮਿਸਟਰ ਪੰਨੂ ਦਾ ਉਸ ਨਾਲ ਲੜਨ ਦਾ ਜਾਂ ਖ਼ਬਰਾਂ ਵਿਚ ਰਹਿਣ ਦਾ ਤਰੀਕਾ ਇਥੇ ਵੀ ਬੜਾ ਹਾਸੋਹੀਣਾ ਹੈ ਜਦ ਉਹ ਇਥੇ ਬੈਠਾ ਅਸਟ੍ਰੇਲੀਆ ਦੀ ਸਰਕਾਰ ਨੂੰ ਚਿੱਠੀ ਲਿਖ ਰਿਹਾ ਕਿ ਇਸ ਬੰਦੇ ਨੂੰ ਅਪਣੇ ਮੁੱਲਖ ਵਿਚ ਨਾ ਵੜਨ ਦਿਓ? ਤੇ ਇਹੀ ਹਾਸੋਹੀਣਾ ਤਰੀਕਾ ਮਿਸਟਰ ਪੰਨੂੰ ਦਾ ਸੋਨੀਆ ਗਾਂਧੀ ਵੇਲੇ ਦਾ ਹੈ! ਯਾਨੀ ਉਹ ਸੰਮਨ ਕਿਸੇ ਹੋਰ ਨੂੰ ਦਿੰਦਾ ਤੇ ਕੇਸ ਕਿਸੇ ਹੋਰ ਤੇ ਕਰ ਰਿਹਾ ਹੁੰਦਾ? ਅਜਿਹੇ ਵਕੀਲਾਂ ਜਾਂ ਲੋਕਾਂ ਦੇ ਹੁੰਦਿਆਂ ਸਿੱਖ ਕੌਮ ਕਿਵੇਂ ਉਮੀਦ ਕਰ ਸਕਦੀ ਕਿ ਉਸ ਨੂੰ ਇਨਸਾਫ ਮਿਲੇ?

ਯਾਦ ਰਹੇ ਕਿ ਇਸ ਕਹਾਣੀ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਮਿਸਟਰ ਗੁਰਪਤਵੰਤ ਪੰਨੂੰ ਨੂੰ ਅਦਾਰਾ ਖ਼ਬਰਦਾਰ ਵਲੋਂ ਕਈ ਫੋਨ ਕੀਤੇ ਗਏ ਪਰ ਉਨ੍ਹਾਂ ਸਾਡੇ ਕਿਸੇ ਫੋਨ ਦਾ ਜਵਾਬ ਨਹੀਂ ਦਿੱਤਾ। ਇੱਕ ‘ਟੈਕਸ-ਮੈਸਿਜ’ ਜਰੂਰ ਆਇਆ ਕਿ ਕੌਣ ਫੋਨ ਕਰ ਰਿਹਾ ਹੈ। ਉਸ ਨੂੰ ਜਦ ਨਾਂ ਅਤੇ ਮੈਗਜ਼ੀਨ ਦਾ ਨਾਮ ਦੱਸਿਆ ਤਾਂ ਮਿਸਟਰ ਪੰਨੂੰ ਦਾ ਜਵਾਬ ਸੀ ਕਿ ਮੈਂ ਕੋਰਟ ਵਿਚ ਹਾਂ ਕੱਲ ਨੂੰ ਫੋਨ ਕਰਾਂਗਾ, ਪਰ ਹੁਣ ਤੱਕ ਕਈ ਕੱਲ ਲੰਘ ਚੁੱਕੇ ਪਰ ਮਿਸਟਰ ਪੰਨੂੰ ਹੋਰਾਂ ਦਾ ਕੋਈ ਪਤਾ ਨਹੀਂ ਕਿ ਕਿਹੜੀ ਧਰਤੀ ਨੂੰ ਭਾਗ ਲਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਮਿਸਟਰ ਪੰਨੂੰ ਕੋਈ ਵੀ ਜਵਾਬ ਦੇਣ ਤੋਂ ਜਾਂ ਫੋਨ ਚੁੱਕਣ ਤੋਂ ਟਾਲ-ਮਟੋਲਾ ਕਿਉਂ ਕਰ ਰਿਹਾ ਹੈ? ਵੱਡੇ ਵੱਡੇ ਬਾਦਲਾਂ, ਜਾਂ ਸੋਨੀਆਂ-ਕਮਲਨਾਥਾਂ ਨੂੰ ਭਾਜੜਾਂ ਪਾਉਂਣ ਦੀਆਂ ਫੜਾਂ ਮਾਰਨ ਵਾਲੇ ਮਿਸਟਰ ਪੰਨੂੰ ਵਲੋਂ ਕਿਸੇ ਦਾ ਜਵਾਬ ਦੇਣ ਤੋਂ ਟਾਲ-ਮਟੋਲਾ ਕਰਨਾ ਕੀ ਸਾਬਤ ਕਰਦਾ ਹੈ?

ਪਾਠਕਾਂ ਨੂੰ ਪਤਾ ਹੋਵੇ ਕਿ ਮਿਸਟਰ ਪੰਨੂੰ ਅਤੇ ਉਸ ਦੇ ਸਾਥੀ ਹਰੇਕ ਸਾਲ ਇਥੇ ਟਰੰਟੋ ਅਤੇ ਹੋਰ ਵੱਡੇ ਸ਼ਹਿਰਾਂ ਵਿਚ ‘ਫੰਡ-ਰੇਜਿੰਗ’ ਕਰਦੇ ਰਹੇ ਹਨ ਅਤੇ ਹਰੇਕ ਵਾਰੀ ‘ਹਾਲ ਫੁੱਲ’ ਜਾਂਦਾ ਰਿਹਾ ਹੈ। ਮਸਲਨ ਟਰੰਟੋ ਵਿਚ ਹੀ ਜੇ 500 ਬੰਦਾ ਇਕੱਠਾ ਹੋਇਆ ਤਾਂ 200 ਡਾਲਰ ਦੀ ਟਿਕਟ ਨਾਲ ਲੱਖ ਡਾਲਰ ਤਾਂ ਇੱਕ ਵਾਰੀ ਦਾ ਇਥੇ ਹੀ ਬਣ ਗਿਆ। ਬਾਕੀ ਸਭ ਸ਼ਹਿਰਾਂ ਵਿਚ ਵੀ ਇਹੀ ਕਹਾਣੀ ਦੁਹਰਾਈ ਜਾਂਦੀ ਹੈ ਤੇ ਹਰੇਕ ਸਾਲ ਦੁਹਰਾਈ ਜਾਂਦੀ ਰਹੀ ਹੈ। ਪਰ ਕੀ ਮਿਸਟਰ ਪੰਨੂੰ ਜਾਂ ਉਸ ਦੇ ਸਾਥੀਆਂ ਕਦੇ ਅਪਣੀ ‘ਵੈਬ-ਸਾਈਟ’ ਉਪਰ ਇਹ ਵੇਰਵਾ ਦੇਣ ਦੀ ਲੋੜ ਸਮਝੀ ਕਿ ਇਕੱਠਾ ਹੋਇਆ ਫੰਡ ਕਿਥੇ ਗਿਆ ਜਾਂ ਖਰਚਿਆ ਗਿਆ? ਜਾਂ ਦਿੱਲੀ ਦੇ ਕਿਹੜੇ ਕੇਸ ਦੀ ਪੈਰਵਾਈ ਇਨ੍ਹਾਂ ਲੋਕਾਂ ਕੀਤੀ? ਜਾਂ ਦਿੱਲੀ ਦੇ ਉਨ੍ਹਾਂ ਲੋਕਾਂ ਤੱਕ ਇਨ੍ਹਾਂ ਦੀ ਕੀ ਪਹੁੰਚ ਰਹੀ ਜਿਹੜੇ ਅਪਣੇ ਟੱਬਰਾਂ ਨੂੰ ਮਰਵਾ ਕੇ ਰੋਟੀਓਂ ਆਤਰ ਦਿਨ ਕੱਟੀ ਕਰ ਰਹੇ ਹਨ! ਦਿੱਲੀ ਕੇਸ ਨਾਲ ਸਬੰਧਤ ਬੀਬੀ ਜਗਦੀਸ਼ ਕੌਰ ਇਥੇ ਆਏ ਸਨ ਉਹ ਤਾਂ ਵਿਚਾਰੀ ਰਿਕਸ਼ਿਆਂ 'ਤੇ ਜਾ ਜਾ ਅਪਣਾ ਕੇਸ ਲੜਦੀ ਰਹੀ, ਪਰ ਮਿਸਟਰ ਪੰਨੂੰ ਨੇ ਕੀ ਉਨ੍ਹਾਂ ਤੱਕ ਕਦੇ ਪਹੁੰਚ ਕੀਤੀ?

ਮਿਸਟਰ ਪੰਨੂੰ ਇਸ ਗੱਲ ਦੇ ਜਵਾਬ-ਦੇਹ ਹਨ ਕੌਮ ਨੂੰ, ਕਿ ਇਨੇ ਵੱਡੇ ਝੂਠ ਉਹ ਕੌਮ ਅੱਗੇ ਕਿਉਂ ਬੋਲਦੇ ਰਹੇ, ਜਦ ਕਿ ਉਹ ਬਾਦਲ, ਕਮਲਨਾਥ ਜਾਂ ਸੋਨੀਆਂ ਵਰਗਿਆਂ ਨੂੰ ਸੰਮਨ ਹੀ ‘ਸਰਵ’ ਕਰਨ ਵਿਚ ਨਾ-ਕਾਮਯਾਬ ਰਹੇ!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top