Share on Facebook

Main News Page

ਸਤਿਕਾਰ ਕਮੇਟੀ ਬਨਾਮ ਮੜ੍ਹੀਆਂ
-: ਗੁਰਦੇਵ ਸਿੰਘ ਸੱਧੇਵਾਲੀਆ

ਸਤਿਕਾਰ ਕਮੇਟੀ ਦੇ ਡੰਡਾ ਬ੍ਰਿਗੇਡ ਦਾ ਇਹ ਕੋਈ ਪਹਿਲਾ ਕੰਮ ਨਹੀਂ। ਪਹਿਲਾਂ ਵੀ ਇਨੀ ਕਈਆਂ ਦੀਆਂ ਪੱਗਾਂ ਲਾਹੀਆਂ ਅਤੇ ਪੁੜੇ ਸੇਕੇ ਹਨ। ਇੰਝ ਜਾਪਦਾ ਸਿੱਖਾਂ ਵਿਚ ਇਕ ਨਵੀਂ ਗੁੰਡਾ ਬ੍ਰਿਗੇਡ ਪੈਦਾ ਕਰਕੇ, ਸਿੱਖ ਇਮੇਜ ਨੂੰ ਘਿਨਾਉਂਣਾ ਕੀਤਾ ਜਾ ਰਿਹਾ ਹੈ। ਬਾਹਰ ਤਾਂ ਦੁਹਾਈ ਪਾਈ ਜਾਂਦੀ ਕਿ ਸਾਡੀ ਪੱਗ, ਪਰ ਖੁਦ ਲਾਹੁਣ ਲੱਗੇ?

ਉਂਝ ਇੱਕ ਬੀਬੀ ਨਾਲ ਹੋਈ ਇੰਟਰਵਿੳਂ ਵਿਚ ਸਤਿਕਾਰ ਕਮੇਟੀ ਵਾਲੇ ਖੁਦ ਹੀ ਮੰਨ ਚੁੱਕੇ ਹਨ, ਕਿ ਸਾਡਾ ਇਹ ਤਰੀਕਾ ਗਲਤ ਹੈ। ਇਸ ਗੱਲ ਨੂੰ ਲੈ ਕੇ ਸਾਡੇ ਆਪਣੇ ਹੀ ਭਰਾਵਾਂ ਵਿਚ ਵੀ ਇੱਕ ਬਹਿਸ ਚਲ ਰਹੀ ਹੈ। ਅਸੀਂ ਕਈ ਵਾਰ ਅਪਣੀ ਗੱਲ ਮਨਵਾਉਂਣ ਲਈ ਬਹੁਤ ਕੱਚੀਆਂ ਦਲੀਲਾਂ 'ਤੇ ਉਤਰ ਆਉਂਦੇ ਹਾਂ। ਮੱਸਾ ਰੰਗੜ, ਪਿਹੋਵੇ ਵਾਲਾ, ਆਸਾ ਰਾਮ। ਬੜੀ ਹਾਸੋਹਾਣੀ ਸਥਿਤੀ ਬਣਾ ਲੈਂਦੇ ਹਾਂ ਅਸੀਂ ਆਪਣੀ। ਜਿਵੇਂ ਘੁੱਗੀ ਇੱਕ ਚੁਟਕਲੇ ਵਿੱਚ ਕਹਿ ਰਿਹਾ ਹੋਵੇ, ਕਿ "ਤੇਰੇ ਤਾਏ ਤੋਂ ਮੈਨੂੰ ਆਪਣੇ ਕੁੱਤੇ ਦੀ ਗੱਲ ਯਾਦ ਆਈ..." ਕਿਥੇ ਤਾਇਆ ਤੇ ਕਿਥੇ ਕੁੱਤਾ। ਕੋਈ ਮੇਲ ਜੋਲ ਤਾਂ ਹੋਵੇ ਗੱਲ ਦਾ? ਅਸੀਂ ਉਹ ਕਵੀ ਹਾਂ, ਜਿਸ ਦੀ ਕਵਿਤਾ ਦਾ ਕੋਈ ਵੀ ਬੰਦ ਇੱਕ ਦੂਜੇ ਨਾਲ ਰਲਦਾ ਹੀ ਨਹੀਂ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿੱਛੇ ਜਿਹੇ ਅਫਿਗਾਨਸਤਾਨ ਵਿਚ ਇੱਕ ਬੀਬੀ ਰੋੜੇ ਮਾਰ-ਮਾਰ ਬੁਰੀ ਤਰ੍ਹਾਂ ਕਤਲ ਕਰ ਦਿੱਤੀ ਗਈ ਸੀ। ਮਾਰਨ ਵਾਲਿਆਂ ਤਾਂ ਅਪਣੀ ਜਣੇ ਧਰਮ ਦਾ ਹੀ ਕੰਮ ਕੀਤਾ ਹੋਵੇਗਾ, ਪਰ ਕੁੱਲ ਦੁਨੀਆਂ ਉਸ ਨੂੰ ਸ਼ਰਮਨਾਕ ਕਾਰਾ ਦੱਸਿਆ ਸੀ ਤੇ ਪੂਰੇ ਇਸਲਾਮ ਪ੍ਰਤੀ ਮਾੜੀ ਸੋਚ ਸਿਰਜ ਦਿੱਤੀ ਉਸ ਘਟਨਾ ਨੇ! ਹਿੰਦੋਸਤਾਨ ਵਿੱਚ ਕੱਟੜ ਹਿੰਦੂਆਂ, ਈਸਾਈਆਂ ਦੇ ਪੁੱਠੇ ਕਰ-ਕਰ ਡਾਂਗ ਫੇਰੀ, ਤਾਂ ਸਾਡੇ ਹੀ ਭਰਾਵਾਂ ਉਸ ਨੂੰ ਵਾਰ ਵਾਰ ਸ਼ੇਅਰ ਕੀਤਾ ਸੀ, ਕਿ ਆਹ ਦੇਖੋ ਹਿੰਦੂਆਂ ਦੀ ਗੁੰਡਾਗਰਦੀ! ਕਿਸੇ ਦੀ ਹੋਵੇ ਤਾਂ ਗੁੰਡਾ-ਗਰਦੀ, ਪਰ ਸਾਡੀ ਹੋਵੇ ਤਾਂ ਪੰਥਕ?

ਨਿਹੱਥਾ ਬੰਦਾ ਕਿੰਨਾ ਵੀ ਗੁਨਾਹਗਾਰ ਹੋਵੇ, ਜਦ ਤੁਸੀਂ ਉਸ ਦੇ ਡਾਂਗ ਵਰ੍ਹਾਉਂਗੇ, ਕਿਸੇ ਦੀ ਹਮਦਰਦੀ ਤੁਹਾਡੇ ਨਾਲ ਨਹੀਂ ਹੋਵੇਗੀ। ਸ੍ਰੀ ਗੁਰੂ ਜੀ ਦਾ ਆਦਰ ਕਰਨ ਦਾ ਤਰੀਕਾ ਇਹ ਮੁੱਢੋਂ ਹੀ ਗਲਤ ਹੈ।

ਇਸ ਸਾਰੀ ਕਹਾਣੀ ਵਿਚੋਂ ਇੱਕ ਜਿਹੜਾ ਵੱਡਾ ਸਵਾਲ ਉੱਠਦਾ ਹੈ, ਉਹ ਕਿ ਜਿਹੜੇ ਲੋਕ ਸ੍ਰੀ ਗੁਰੂ ਜੀ ਦਾ ਆਦਰ ਕਰਾਉਂਣ ਗਏ ਸਨ, ਉਹ ਨਾਲ ਨਾਲ ਮੂਵੀਆਂ ਬਣਾ ਕੇ ‘ਯੂ-ਟਿਊਬ’ ਉਪਰ ਕਿਉਂ ਚਾੜ੍ਹ ਰਹੇ ਹਨ। ਉਹ ਕੀ ਦੱਸਣਾ ਚਾਹੁੰਦੇ, ਉਨ੍ਹਾਂ ਦਾ ਮੱਕਸਦ ਕੀ ਹੈ, ਇਸ ਪਿੱਛੇ ਕਹਾਣੀ ਕੀ ਹੈ?

ਪੰਜਾਬੀ ਦੀ ਕਹਾਵਤ ਹੈ ਕਿ "ਝੋਟਾ ਮਾਰੋ, ਜੂੰਆਂ ਨਾਲ ਹੀ ਮਰ ਜਾਣਗੀਆਂ"। ਸ੍ਰੀ ਗੁਰੂ ਜੀ ਦੀ ਬਾਣੀ ਦਾ ਆਦਰ ਕਰਨ ਵਾਲਿਆਂ ਨੂੰ ਕੀ ਪਤਾ ਨਹੀਂ ਕਿ ਝੋਟਾ ਕਿਥੇ ਹੈ? ਨਹੀਂ! ਦਰਅਸਲ ਆਦਰ ਵਾਦਰ ਅਸੀਂ ਕੋਈ ਨਹੀਂ ਕਰਨਾ ਚਾਹੁੰਦੇ, ਅਸੀਂ ਤਾਂ ਇਹ ਸਾਬਤ ਕਰਨਾ ਚਾਹ ਰਹੇ ਹਾਂ ਕਿ ਅਸੀਂ ਇੰਝ ਦੇ ਗੁੰਡੇ ਹ
ਾਂ।

ਇਸ ਵਪਾਰ ਦੇ ਗੰਦੇ ਤਲਾਅ ਵਿਚ ਵੱਡੀਆਂ ਮੱਛੀਆਂ ਹਨ। ਬਹੁਤ ਵੱਡੀਆਂ। ਖੁਦ ‘ਜਥੇਦਾਰ’ ਉਨ੍ਹਾਂ ਗੰਦੀਆਂ ਮੱਛੀਆਂ ਵਿੱਚ ਆਉਂਦੇ ਹਨ, ਜਿਹੜੇ ਕਹਿੰਦੇ ਇਹ ਠੀਕ ਹੋ ਰਿਹਾ। ਉਨ੍ਹਾਂ ਜਿੰਨਾ ਨਿਰਾਦਰ ਕਿੰਨ ਕੀਤਾ ਸ੍ਰੀ ਗੁਰੂ ਜੀ ਦੀ ਬਾਣੀ ਦਾ। ਵੇਂਦਾਤੀ ਹਾਲੇ ਜਿਉਂਦਾ ਫਿਰਦਾ, ਜਿਸ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਵਰਗੇ ਗੁਰ ਨਿੰਦਾ ਨਾਲ ਭਰੇ ਗਰੰਥਾਂ ਨੂੰ ਸੰਪਾਦਨ ਕੀਤਾ। ਡੇਰੇ, ਟਕਸਾਲਾਂ, ਜਥੇ, ਸੰਸਥਾਵਾਂ ਵਲ ਨਿਗਾਹ ਮਾਰੋ। ਉਨ੍ਹਾਂ ਜਿੰਨਾ ਘੋਰ ਨਿੰਦਕ ਅਤੇ ਸ੍ਰੀ ਗੁਰੂ ਜੀ ਦੀ ਬਾਣੀ ਦਾ ਨਿਰਾਦਰ ਕਰਨ ਵਾਲਾ ਕੌਣ ਹੈ?

ਇਹ ਹਰਗਿਜ਼ ਨਹੀਂ ਕਿ ਅਸੀਂ ਇਹ ਕਹਿ ਲਈਏ ਕਿ ਜਠੇਰਿਆਂ ਦੀਆਂ ਮੜ੍ਹੀਆਂ ਉਪਰ ਪਾਠ ਕਰਨ ਵਾਲੇ ਬਰੀ ਹੁੰਦੇ ਹਨ। ਉਹ ਵੀ ਗੁਨਾਹਗਾਰ ਹਨ, ਦੋਸ਼ੀ ਹਨ, ਪਰ ਅਸੀਂ ਦੂਜਾ ਪੱਖ ਵਿਚਾਰੇ ਬਿਨਾ ਕਿਵੇਂ ਲੰਘ ਜਾਂਦੇ ਹਾਂ, ਜਿਹੜਾ ਕਿ ਇਸ ਨਾਲੋਂ ਵੀ ਘਾਤਕ ਹੈ। ਕਬਰਾਂ ਮੜ੍ਹੀਆਂ ਰਾਤੋ-ਰਾਤ ਤਾਂ ਉਗ ਨਹੀਂ ਪਈਆਂ। ਇਨ੍ਹਾਂ ਮੜ੍ਹੀਆਂ ਦੇ ਪੈਦਾ ਹੋਣ ਦਾ ਵੀ ਤਾਂ ਕੋਈ ਪਿੱਛੋਕੜ ਹੈ।

ਜਦ ਵੱਡੀਆਂ ਮੜ੍ਹੀਆਂ ਮੇਰੇ ਸਾਹਵੇਂ ਹਨ, ਤਾਂ ਮੈਂ ਛੋਟੀਆਂ ਮੜ੍ਹੀਆਂ ਢਾਹੁਣ ਤੁਰਿਆ ਹੋਇਆ ਹਾਂ। ਵੱਡੀਆਂ ਢਾਹ ਦਿਓ ਛੋਟੀਆਂ ਤਾਂ ਅਗਲੇ ਦਿਨ ਡਿੱਗ ਜਾਣੀਆਂ। ਸਾਰਾ ਪੰਜਾਬ ਮੜ੍ਹੀਆਂ ਕਰ ਛੱਡਿਆਂ ਡੇਰਿਆਂ। ਮਰੇ ਸਾਧਾਂ ਦੀਆਂ ਜੁੱਤੀਆਂ ਦੇ ਸਾਹਵੇਂ ਪ੍ਰਕਾਸ਼ ਹੁੰਦੇ ਸ੍ਰੀ ਗੁਰੂ ਗਰੰਥ ਸਾਹਿਬ ਦੇ। ਉਥੇ ਜਾ ਜਾ ਤਾਂ ਆਹ ਲੂੰਗੀਆਂ ਵਾਲੇ ਮਰਿਯਾਦਾ ਪ੍ਰਸ਼ੋਤਮ ਮੱਥੇ ਟੇਕਦੇ! ਇਹ ਦੱਸਣਗੇ ਤੁਹਾਨੂੰ ਕਿ ਸਤਿਕਾਰ ਕੀ ਹੁੰਦਾ, ਜਿਹੜੇ ਖੁਦ ਮੜ੍ਹੀਆਂ ਤੇ ਤੁਰੇ ਫਿਰਦੇ?

ਮੜੀ ਮੈਨੂੰ ਜੇ ਪ੍ਰੇਸ਼ਾਨ ਕਰਦੀ ਹੁੰਦੀ, ਤਾਂ ਮੈਂ ਕਿਸੇ ਵੱਡੀ ਮੜੀ ਨੂੰ ਪੈਂਦਾ। ਦਰਅਸਲ ਮੜੀ ਨਹੀਂ, ਮੈਨੂੰ ਮੇਰੀ ਅਪਣੀ ਹਉਂ ਪ੍ਰੇਸ਼ਾਨ ਕਰਦੀ ਹੈ ਤੇ ਉਸ ਦੀ ਪੂਰਤੀ ਲਈ ਮੈਂ ਇਹ ਛੋਟਾ ਅਤੇ ਸਸਤਾ ਢੰਗ ਲੱਭਿਆ। ਇੱਕ ਵੀ ਵੱਡੀ ਮੜੀ ਨੂੰ ਮੈਂ ਹੱਥ ਪਾਇਆ ਹੁੰਦਾ, ਤਾਂ ਹੁਣ ਤੱਕ ਛੋਟੀ ਮੜੀ ਕੋਈ ਨਾ ਸੀ ਲੱਭਣੀ। ਪਰ ਮੈਂ ‘ਸੇਫ-ਸਾਈਡ’ ਰੱਖ ਕੇ ਚਲ ਰਿਹਾ ਹਾਂ। ਵੱਡੀ ਮੜੀ ਨੁਕਸਾਨ ਕਰੇਗੀ। ਬੱਲੇ ਬੱਲੇ ਤਾਂ ਛੋਟੀ ਵਿੱਚ ਵੀ ਹੈ, ਫਿਰ ਮੈਂ ਵੱਡੀ ਮੜੀ ਨਾਲ ਕਿਉਂ ਪੰਗਾ ਲਵਾਂ।

ਸਭ ਤੋਂ ਵੱਡੀਆਂ ਮੜ੍ਹੀਆਂ ਤਾਂ ਖੁਦ ਉਹ ‘ਜਥੇਦਾਰ’ ਪਾਲਦੇ ਹਨ, ਜਿਹੜੇ ਮਰੇ ਸਾਧਾਂ ਦੇ ਸਰਾਧਾਂ ਤੇ ਜਾ ਜਾ ਭੰਡ-ਪੁਣਾ ਕਰਦੇ ਹਨ, ਤੇ ਉਨ੍ਹਾਂ ਮੜ੍ਹੀਆਂ ਵਾਲਿਆਂ ਨੂੰ ਚੰਦ ਟੱਕਿਆਂ ਖਾਤਰ ਬ੍ਰਹਮ-ਗਿਆਨੀਆਂ ਦੇ ਖਿਤਾਬ ਦੇ ਕੇ ਆਉਂਦੇ ਹਨ। ਹਰੇਕ ਸਾਧ ਦਾ ਡੇਰਾ ਵੱਡੀ ਮੜੀ ਹੈ, ਜਿਥੇ ਪੁੱਜ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਨਿਰਾਦਰ ਹੁੰਦਾ ਹੈ। ਜਿਥੇ ਮਿੱਥ ਕੇ ਸ੍ਰੀ ਗੁਰੂ ਜੀ ਦੀ ਬਾਣੀ ਦੇ ਵਿਰੁਧ ਬ੍ਰਹਮਾ, ਬਿਸ਼ਨੂਆਂ ਅਤੇ ਇੰਦਰਾਂ ਦੀਆਂ ਆਰਤੀਆਂ ਗਾਈਆਂ ਜਾਦੀਆਂ ਹਨ।

ਇਨ੍ਹਾਂ ਮੜ੍ਹੀਆਂ ਨੂੰ ਢਾਹੁਣ ਲਈ ਬਹੁਤੇ ਡੰਡਾ ਬ੍ਰਿਗੇਡਾਂ ਦੀ ਵੀ ਲੋੜ ਨਹੀਂ। ‘ਸੌਖਾ ਕੰਮ ਏ’? ਪਰ ਕੋਈ ਢਾਹੁਣੀ ਤਾਂ ਚਾਹੁੰਦਾ ਹੋਵੇ। ਅਸੀਂ ਮੜ੍ਹੀਆਂ ਢਾਹੁਣਾ ਨਹੀਂ ਚਾਹੁੰਦੇ, ਬਲਕਿ ਰਹਿੰਦੀ ਮਿੱਟੀ ਉਡਾਉਂਣੀ ਮਿੱਥੀ ਹੋਈ ਹੈ ਕੌਮ ਦੀ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਇਦਾਂ ਕੁ ਦਾ ਇੱਕ ਡੰਡਾ ਬ੍ਰਿਗੇਡ ਇਥੇ ਟਰੰਟੋ ਵਿਖੇ ਵੀ ਪੇਦਾ ਹੋਇਆ ਸੀ। ਜਿਥੇ ਤੇ ਜਿਦੇ ਜੀਅ ਕਰਦਾ ਸੀ ਸ੍ਰੀ ਗੁਰੂ ਜੀ ਦੀ ਬਾਣੀ ਦੇ ਆਦਰ ਦੇ ਨਾਂ ਤੇ ਲਾ, ਲਾ, ਲਾ, ਲਾ, ਕਰਦੇ ਧਾਵਾ ਬੋਲ ਦਿੰਦੇ ਸਨ ਤੇ ਲੋਕ ਵਿਚਾਰੇ ਇਨ੍ਹਾਂ ਦੇ ਦੁਮਾਲੇ-ਚੋਲੇ ਵੇਖ ਹੀ ਦਹਿਲ ਜਾਂਦੇ ਸਨ। ਇਥੇ ਕਨੂੰਨ ਨਾ ਹੁੰਦਾ, ਤਾਂ ਡਾਂਗ ਇਨੀ ਵੀ ਉਥੇ ਵਾਲਿਆਂ ਵਾਂਗ ਹੀ ਫੇਰਨੀ ਸੀ। ਇਹ ਉਦੋਂ ਹਟੇ ਜਦ ਇਨ੍ਹਾਂ ਦਾ ਖੁਦ ਦਾ ਆਦਰ ਲੋਕਾਂ ਸਾਹਵੇਂ ਆਇਆ ਕਿ ਸ੍ਰੀ ਗੁਰੂ ਗਰੰਥ ਸਾਹਿਬ ਬਰਾਬਰ ਜਿਹੜਾ ‘ਗਰੰਥ’ ਇਹ ਚੁੱਕੀ ਰੱਖੀ ਫਿਰਦੇ ਸਨ ਤੇ ਗੁਰਸ਼ਨਜੀਤ ਲਾਂਬੇ ਰਾਹੀਂ ਸੰਘ ਪਾੜ ਪਾੜ ਦੱਸਦੇ ਫਿਰਦੇ ਸਨ, ਕਿ ਆਹ ਨਵਾਂ ਪੈਦਾ ਹੋਇਆ ਕੌਮ ਨੂੰ ਸਿਪਾਹੀ ਬਣਾਉਂਣ ਵਾਲਾ, ਤਾਂ ਫਿਰ ਲੋਕਾਂ ਨੂੰ ਸਮਝ ਲੱਗੀ ਕਿ ਅਸਲ ਨਿਰਾਦਰ ਤਾਂ ਇਹ ਕਰ ਰਹੇ ਹਨ।

ਛੋਟੀ ਮੜੀ ਉਖੇੜਨ ਦੀ ਬਜਾਇ, ਕਿਉਂ ਨਾ ਮੈਂ ਕਿਸੇ ਵੱਡੀ ਮੜੀ ਵਲ ਹੋਵਾਂ। ਛੋਟੀ ਮੜੀ ਨੂੰ ਆਪੇ ਕੰਨ ਹੋ ਜਾਣਗੇ, ਜਦ ਮੈਂ ਵੱਡੀ ਮੜੀ ਨੂੰ ਹੱਥ ਪਾ ਲਿਆਪਰ ਛੋਟੇ ਤੇ ਗਰੀਬ ਨੂੰ ਕੁੱਟਣਾ ਸੌਖਾ ਹੈ, ਕਿਹੜਾ ਉਸ ਦੀ ਕਿਸੇ ਸੁਣਨੀ। ਅਜਿਹੇ ਸਤਿਕਾਰ ਮਗਰ ਡਾਗਾਂ ਚੁੱਕੀ ਫਿਰਨ ਵਾਲੇ ਬਾਹਰਲੇ ਭਰਾਵਾਂ ਨੂੰ ਵੀ ਦੁਬਾਰਾ ਸੋਚਣਾ ਬਣਦਾ ਹੈ ਕਿ ਇਹ ਅਸੀਂ ਕਰ ਰਹੇ ਹਾਂ ਜਾਂ ਕਰਵਾਇਆ ਜਾ ਰਿਹਾ ਜਾਂ ਅਨਜਾਣੇ ਹੀ ਹੋਈ ਜਾ ਰਿਹਾ।

ਸਾਡੇ ਤੋਂ ਕੁੱਤੀ ਮਰ ਜਾਏ ਤਾਂ ਹਿੰਦੂ ਮੀਡੀਆ ਅਸਮਾਨ ਸਿਰ 'ਤੇ ਚੁੱਕ ਲੈਂਦਾ, ਪਰ ਸਾਡੇ ਆਹ ‘ਕਾਰਨਾਮੇ’ ਉਹ ਚੁੱਪ ਦੇਖ ਰਿਹਾ? ਚੁੱਪ! ਤਮਾਸ਼ਬੀਨ ਬਣਕੇ! ਕੋਈ ਕਾਰਨ ਤਾਂ ਹੋਵੇ! ਕੋਈ ਸਰਕਾਰ ਨਹੀਂ ਬੋਲਦੀ, ਕੋਈ ਪੁਲਿਸ ਨਹੀਂ ਹਰਕਤ ਵਿਚ ਆਉਂਦੀ! ਕਹਾਣੀ ਕੀ ਹੈ! ਚੁੱਪ-ਚੁੱਪ ਰੋਸ ਪ੍ਰਗਟ ਕਰਨ ਵਾਲਿਆਂ ਉਪਰ ਗੋਲੀਆਂ ਚਲਾਉਂਣ ਵਾਲਾ ਪ੍ਰਸ਼ਾਸ਼ਨ ਚੁੱਪ। ਸਾਡੀ ਇਸ ‘ਬਹਾਦਰੀ’ ਉਪਰ ਨਾ ਸਰਕਾਰ ਨੂੰ ਕੋਈ ਦੁੱਖ, ਨਾ ਹਿੰਦੂ ਮੀਡੀਏ ਨੂੰ, ਨਾ ਪੁਲਿਸ ਨੂੰ। ਫਿਰ ਇਹ ‘ਕਾਰਨਾਮਾ’ ਕਿੰਨਾ ਕੁ ਬਹਾਦਰੀ ਭਰਿਆ ਹੈ, ਕਿ ਸਤਿਕਾਰ ਕਮੇਟੀ ਵਾਲੇ ਇਸ ਦੀਆਂ ਮੂਵੀਆਂ ਬਣਾ ਬਣਾ ਨੈੱਟ 'ਤੇ ਚਾਹੜ ਰਹੇ ਹਨ। ਇਹ ਖੁਦ ਹੀ ਮੂਰਖ ਹਨ, ਜਾਂ ਇਹ ਮੂਰਖਤਾ ਇਨਾ ਕੋਲੋਂ ਕੋਈ ਕਰਵਾ ਰਿਹਾ ਹੈ। ਇਹ ਡੰਡਾ ਬ੍ਰਿਗੇਡ ਆਖਰ ਹੈ ਕਿਸ ਦੀ? ਇਨੇ ਵੱਡੇ ‘ਕਾਰਨਾਮੇ’ ਪਿੰਡੋ ਉਠਕੇ ਤਾਂ ਕੋਈ ਕਰ ਨਹੀਂ ਸਕਦਾ! ਕਿ ਕਰ ਸਕਦਾ?

ਇੱਥੇ ਸਤਿਕਾਰ ਕਮੇਟੀ ਕਿੱਥੇ ਸੀ ?


***** ਇਸ ਲਿੰਕ 'ਤੇ ਜਾ ਕੇ ਦੇਖ ਸਕਦੇ ਹੋ ਕਿ ਬਾਕੀ ਕੌਮਾਂ ਦੇ ਲੋਕ ਇਸ ਵਹਸ਼ੀਆਨਾ ਕਰਤੂਤ ਬਾਰੇ ਕੀ ਸੋਚ ਰਖਦੇ ਹਨ *****

https://www.facebook.com/tarekfatah/videos/10155342471840012/?hc_location=ufi


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top