Share on Facebook

Main News Page

ਜਥੇਦਾਰ ਅਕਾਲ ਤਖਤ ਸਰਬਉੱਚ ! ਇਸ ਵਿਰੁਧ ਬੋਲਣ ਵਾਲੇ ਨਿੰਦਣਯੋਗ !
-: ਬੁਲੰਦਪੁਰ ਡੇਰਾ

(ਅਦਾਰਾ ਖ਼ਬਰਦਾਰ): ਪਿੱਛਲੇ ਦਿਨੀ ਬੁਲੰਦਪੁਰ ਡੇਰੇ ਦੇ ਨਵੇਂ ਨਾਮਕਰਨਣ ਨੂੰ ਲੈ ਕੇ ਸੱਦੇ ਗਏ 'ਜਥੇਦਾਰ' ਅਕਾਲ ਤਖਤ ਗੁਰਬਚਨ ਸਿੰਘ ਨੂੰ ਉਸ ਸਮੇਨ ਬੇਇੱਜਤ ਹੋ ਕੇ ਬਿਨਾ ਬੋਲੇ ਵਾਪਸ ਮੁੜਨਾ ਪਿਆ, ਜਦ ਕੁਝ ਸਿੰਘਾਂ ਨੇ ਬੁਲੰਦਪੁਰ ਡੇਰੇ ਪਹੁੰਚ ਕੇ ਉਸ ਦੀ ਵਿਰੋਧਤਾ ਕੀਤੀ। ਉਸ ਘਟਨਾ ਤੋਂ ਬਾਅਦ ਬੁਲੰਦਪੁਰ ਡੇਰੇ ਵਲੋਂ 20 ਜੁਲਾਈ 2015 ਨੂੰ ਪੰਜਾਬੀ ਪੋਸਟ ਦੇ ਪੇਜ ਪੰਜ ਉਪਰ ਇੱਕ ਇਸ਼ਤਿਹਾਰ ਨੁਮਾ ਖ਼ਬਰ ਪ੍ਰਸਾਰਤ ਹੋਈ, ਜਿਸ ਵਿਚ ਉਨੀ ਅਪਣੇ 6 ਪਾਸ ਕੀਤੇ ਮਤਿਆਂ ਵਿਚ ਵਾਰ ਵਾਰ ਇੱਕੇ ਗੱਲ ਨੂੰ ਦੁਹਰਾਇਆ, ਕਿ ਅਸੀਂ ਜਥੇਦਾਰ ਅਕਾਲ ਤਖਤ ਨੂੰ ਸਰਬਉਚਤ ਮੰਨਦੇ ਹਾਂ ਅਤੇ ਮੰਨਦੇ ਰਹਾਂਗੇ। ਜਥੇਦਾਰ ਦੀ ਅਥਾਰਟੀ 'ਤੇ ਸਵਾਲ ਕਰਨ ਵਾਲੇ ਦੋ ਵਿਅਕਤੀਆਂ ਦੀ ਨਿੰਦਾ ਕਰਦੇ ਹਾਂ ਅਤੇ ਕੋਈ ਸੱਚਾ ਸਿੱਖ ਅਕਾਲ ਤਖਤ ਦੀ ਅਥਰਾਟੀ ਤੇ ਸਵਾਲ ਕਰਨ ਬਾਰੇ ਸੋਚ ਵੀ ਨਹੀਂ ਸਕਦਾ! ਮਤਾ ਨੰਬਰ ਦੋ ਵਿਚ ਉਹ ਹੈਰਾਨ ਕਰਨ ਵਾਲਾ ਝੂਠ ਬੋਲਦੇ ਹਨ, ਜਦ ਉਹ ਕਹਿਦੇ ਹਨ ਕਿ'

'ਅਸੀਂ ਜਥੇਦਰ ਗਿਆਨੀ ਗੁਰਬਚਨ ਸਿੰਘ ਨੂੰ ਪੂਰਨ ਸਮਰਥਨ ਦਿੰਦੇ ਹਾਂ ਅਤੇ ਉਨ੍ਹਾਂ ਵਲੋਂ ਕੌਮ ਦੀ ਚੜ੍ਹਦੀ ਕਲਾ ਅਤੇ ਸਚੁੱਜੀ ਅਗਵਾਈ ਦੀ ਸ਼ਲਾਘਾ ਕਰਦੇ ਹਾਂ'!!

ਲੋਕਾਂ ਵਿਚ ਇਸ ਬਿਆਨ ਨੂੰ ਲੈ ਕੇ ਚਰਚਾ ਹੈ ਕਿ ਜੇ ਸੁਚੱਜੀ ਅਗਵਾਈ ਅਤੇ ਕੌਮ ਦੀ ਚੜ੍ਹਦੀ ਕਲਾ ਇਸੇ ਨੂੰ ਕਹਿੰਦੇ ਹਨ, ਤਾਂ ਬਾਬਾ ਬੁਲੰਦਪੁਰੀਆਂ ਨੂੰ ਆਪਣਾ ਇਲਾਜ ਕਰਾਉਂਣ ਦੀ ਲੋੜ ਹੈ, ਜਿੰਨਾ ਨੂੰ ਸਾਹਵੇਂ ਵਾਪਰ ਰਿਹਾ ਸੱਚ ਨਹੀਂ ਦਿੱਸ ਰਿਹਾ ਕਿ ਗੁਰਬਚਨ ਸਿੰਘ ਦੀ ਅਗਵਾਈ ਹੇਠ ਕੌਮ ਦੀ ਜੋ ਚੜ੍ਹਦੀ ਕਲਾ ਹੋਈ ਹੈ ਉਹ ਬਿਆਨੋ ਬਾਹਰ ਹੈ?

ਆਮ ਲੋਕਾਂ ਦਾ ਕਹਿਣਾ ਹੈ ਕਿ ਬੁਲੰਦਪੁਰੀ ਡੇਰੇ ਦੇ ਸੰਚਾਲਕ ਬਾਬਾ ਬਲਦੇਵ ਸਿੰਘ ਨੂੰ ਹਾਲੇ ਤੱਕ ਇਨੀ ਗੱਲ ਹੀ ਸਪੱਸ਼ਟ ਨਹੀਂ ਹੋ ਸਕੀ ਕਿ ਸਰਬਉੱਚਤ ਕੌਣ ਹੈ, ਤੇ ਉਹ ਬਾਦਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜਮਾਂ ਨੂੰ ਹੀ ਸਬਰਉੱਚ ਕਹੀ ਜਾ ਰਹੇ ਹਨ ਜਿਹੜੇ ਬਹੁਤ ਥੋੜੀ ਤਨਖਾਹ ਉਪਰ ਅਪਣੀ ਇੱਜਤ-ਅਬਰੂ ਦਾਅ ਤੇ ਲਾਈ ਫਿਰਦੇ ਹਨ।

ਭਰੋਸੇਯੋਗ ਸੂਤਰਾਂ ਦਾ ਮੰਨਣਾ ਹੈ ਕਿ ਬਾਬਾ ਬਲਦੇਵ ਸਿੰਘ ਨੂੰ ਬਾਦਲਕਿਆਂ ਵਲੋਂ ਕ੍ਰੋੜਾਂ ਦਾ ਵੱਡਾ ਗੱਫਾ ਮਿਲਿਆ ਹੈ ਜਿਹੜਾ ਅਕਾਲ ਤਖਤ ਦੇ ਜਥੇਦਾਰ ਰਾਹੀਂ ਬਾਹਰਲੇ ਮੁਲਕਾਂ ਵਿੱਚ ਅਪਣੇ ਮੁੜ ਪੈਰ ਪਸਾਰਨ ਦੇ ਯਤਨ ਕਰ ਰਹੇ ਹਨ। ਅਤੇ ਇਸੇ ਕੜੀ ਵਿਚ ਡੇਰੇ ਦਾ ਨਾਂ ਬਦਲਣਾ ਵੀ ਸ਼ਾਮਲ ਹੋ ਸਕਦਾ ਹੈ, ਨਹੀਂ ਤਾਂ ਬੁਲੰਦਪੁਰ ਡੇਰਾ ਤਾਂ ਪਹਿਲੇ ਨਾਂ ਨਾਲ ਵੀ ਬੁਲੰਦੀਆਂ 'ਤੇ ਹੀ ਸੀ।

ਸੂਤਰਾਂ ਮੁਤਾਬਕ ਬਾਦਲਾਂ ਵਲੋਂ ਬਾਬਾ ਬਲਦੇਵ ਸਿੰਘ ਨੂੰ ਇਹ ਭਰੋਸਾ ਵੀ ਦਿਵਾਏ ਜਾਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਉਹ ਭਵਿੱਖਤ ਜਥੇਦਾਰ ਅਕਾਲ ਤਖਤ ਹੋ ਸਕਦੇ ਹਨ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਬਾਬਾ ਬਲਦੇਵ ਸਿੰਘ ਹੁਰੀਂ ਅਪਣੇ ਨਾਮ ਸਿਮਰਨ ਅਤੇ ਪ੍ਰੀਤ ਨੂੰ ਛੱਡ ਕੇ ਜਥੇਦਾਰਾਂ ਵਾਲੇ ਗੇੜ ਵਿਚ ਪੈ ਕੇ ਫਾਲਤੂ ਵਿੱਚ ਹੀ ਅਪਣੇ ਡੇਰੇ ਦੀ ਚਰਚਾ ਛਿੜਵਾ ਬਹਿਣ। ਬੇਸ਼ਕ ਗਿਆਨੀ ਗੁਰਬਚਨ ਸਿੰਘ ਨੂੰ ਟਰੰਟੋ ਦੇ ਬੁਲੰਦਪੁਰ ਡੇਰੇ ਬੋਲਣ ਨਹੀਂ ਦਿੱਤਾ ਗਿਆ, ਪਰ ਇਸ ਵੱਡੀ 'ਭੁੱਲ' ਨੂੰ 'ਕਵਰ' ਕਰਨ ਵਾਸਤੇ ਬੁਲੰਦਪੁਰ ਡੇਰੇ ਨੂੰ ਬਕਾਇਦਾ ਸਟੇਟਮਿੰਟ ਦੇਣੀ ਪਈ ਹੈ, ਜਿਸ ਉਹ ਵਾਰ ਵਾਰ ਜਥੇਦਾਰ ਦੇ ਹੀ ਗੁਣ ਗਾਇਨ ਕਰਦੇ ਨਜ਼ਰ ਆ ਰਹੇ ਹਨ, ਕਿ ਉਹ ਸਰਬਉੱਚ ਹੈ!

ਖ਼ਬਰਦਾਰ ਅਤੇ ਇਸ ਦੀ ਟੀਮ ਵਲੋਂ ਤਾਂ ਬੁਲੰਦਪੁਰੀਆਂ ਦੀ ਬਿੱਲੀ ਬੜੇ ਚਿਰਾਂ ਦੀ ਥੈਲਿਓਂ ਬਾਹਰ ਕਰ ਦਿੱਤੀ ਸੀ ਅਤੇ ਜਿਹੜੀ ਹਾਲੇ ਵੀ 'ਖਾਲਸਾ ਨਿਊ' ਉਪਰ ਪੰਜ ਕਿਸ਼ਤਾਂ ਵਿਚ ਪਈ ਹੈ, ਪਰ ਸਾਧ ਦੇ ਚੇਲਿਆਂ ਤੋਂ ਬਿਨਾ ਇਸ ਵਾਰੀ ਸਾਡੇ ਕੁਝ 'ਅਗਾਂਹ ਵਧੂ ਖਾਲਸੇ' ਵੀ ਫੁੱਲੇ ਨਹੀਂ ਸਨ ਸਮਾਉਂਦੇ ਕਿ ਬਾਬਾ ਜੀ ਬੁਲੰਦਪੁਰੀ ਆਪਣੇ ਡੇਰੇ ਦਾ ਨਾਂ ਬਦਲਣ ਨਾਲ ਸਿੱਖ ਵਿਚਾਰਧਾਰਾ ਵਿੱਚ ਮੁੜ ਆਏ ਹਨ ਤੇ ਇੱਕ 'ਖਾਲਿਸਤਾਨੀ' ਨੇ ਤਾਂ ਇੰਟਰਵਿਊ ਵੀ ਦੇ ਮਾਰੀ ਕਿ ਬਾਬਾ ਜੀ ਨੂੰ ਜਥੇਦਾਰਾਂ ਨਾਲ ਨਾ ਮੇਲੋ, ਇਹ ਤਾਂ ਸਿੱਖੀ ਨੂੰ ਚਾਰ ਚੰਨ ਲਾ ਰਹੇ ਹਨ, ਜਦ ਕਿ 'ਜਥੇਦਾਰ' ਸਿੱਖਾਂ ਦਾ ਬੇੜਾ ਗਰਕ ਕਰ ਰਹੇ ਹਨ। ਬੁਲੰਦਪੁਰੀ ਸਾਧ ਤਾਂ ਕਹਿ ਰਿਹਾ ਕਿ ਜਥੇਦਾਰ ਸਰਬਉੱਚ ਹਨ, ਪਰ ਇਹ ਕਹਿ ਰਹੇ ਕਿ ਜਥੇਦਾਰ ਨਹੀਂ ਬਲਕਿ ਮਹਾਂਪੁਰਖ ਮਹਾਨ ਹਨ?

ਕੁੱਲ ਪਾ ਕੇ ਸਾਧਾਂ, ਜਥੇਦਾਰਾਂ ਅਤੇ ਬਾਦਲਾਂ ਦੀ ਖਿੱਚੜੀ ਰਲ ਕੇ ਪੱਕਦੀ ਹੈ। ਸੁਖਬੀਰ ਬਾਦਲ ਦਾ ਹੈਲੀਕਾਪਟਰ ਸਿੱਧਾ ਬੁਲੰਦਪੁਰ ਆ ਕੇ ਉਤਰਦਾ ਹੈ, ਜਿਥੇ ਉਸ ਨੂੰ ਬਕਾਇਦਾ ਸਨਮਾਨਿਆਂ ਜਾਂਦਾ ਅਤੇ ਸਿਰੋਪੇ ਪਾਏ ਜਾਂਦੇ ਹਨ। ਬਾਹਰ ਆਏ ਬਾਦਲਾਂ ਦੇ ਅਰਦਲੀਆਂ ਦਾ ਤਾਂ ਲੋਕ ਜਲੂਸ ਕੱਢ ਰਹੇ ਅਤੇ ਜੁੱਤੀਆਂ ਸੁੱਟ ਰਹੇ ਹਨ, ਕਿ ਇਨ੍ਹੀ ਪੰਜਾਬ ਦਾ ਛੱਡਿਆ ਕੱਖ ਨਹੀਂ, ਪਰ ਇਧਰ ਸਾਡੇ ਇਹ 'ਮਹਾਂਪੁਰਖ' ਇਨ੍ਹਾਂ ਨੂੰ ਸਿਰੋਪੇ ਪਾ ਰਹੇ ਹਨ। ਕੌਣ ਨਹੀਂ ਜਾਣਦਾ ਕਿ ਬਾਦਲਾਂ ਨੇ ਪੂਰੇ ਪੰਜਾਬ ਨੂੰ ਨਸ਼ਿਆਂ ਦੀ 'ਸਾਇਲੈਂਟ' ਮੌਤੇ ਮਾਰਿਆ ਹੈ ਅਤੇ ਉਨ੍ਹਾਂ ਦੇ ਹੱਥ ਬੁਰੀ ਤਰ੍ਹਾਂ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹਨ, ਪਰ ਇਧਰ ਲੋਕਾਂ ਨੂੰ ਮੂਰਖ ਬਣਾਉਂਣ ਲਈ ਸਿੱਖ ਵਿਚਾਰਧਾਰਾ ਵਲ ਮੁੜਨ ਦੇ ਖੇਖਨ ਕਰਨ ਵਾਲੇ ਬੁਲੰਦਪੁਰੀਏ ਉਨ੍ਹਾਂ ਦੇ ਚਪੜਾਸੀਆਂ ਨੂੰ ਅਪਣੇ ਡੇਰਿਆਂ ਦੇ ਨਾਮਕਰਣ ਤੇ ਸੱਦ ਕੇ ਸਿਰੋਪੇ ਪਾਉਂਣਾ ਚਾਹੁੰਦੇ ਹਨ, ਪਰ ਜਦ ਕੁਝ ਲੋਕ ਇਨ੍ਹਾਂ ਵਿਰੁਧ ਬੋਲੇ ਹਨ ਤਾਂ ਖ਼ਬਰ ਲੱਗ ਗਈ, ਕਿ ਕੋਈ ਇਨ੍ਹਾਂ ਜਰਖਰੀਦਾਂ ਨੂੰ ਸਵਾਲ ਨਹੀਂ ਕਰ ਸਕਦਾ? ਤੇ ਇਹ ਬੜੇ ਮਹਾਨ ਅਤੇ ਸਰਬਉੱਚਤ ਹਨ?

ਕੁਝ ਲੋਕਾਂ ਦਾ ਮੰਨਣਾ ਹੈ ਕਿ ਜਥੇਦਾਰ ਅਕਾਲ ਤਖਤ ਰਾਹੀਂ ਬਾਦਲਕੇ ਬਾਹਰ ਦੇ ਲੋਕਾਂ ਵਿਚ ਆਪਣੇ ਪੈਰ ਪਸਾਰਨ ਦਾ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਹਿਜੋਗ ਕਰ ਰਹੇ ਹਨ ਬੁਲੰਦਪੁਰ ਡੇਰੇ ਵਾਲੇ। ਖਿਆਲ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਜਿਥੇ ਬਾਕੀ ਡੇਰੇ ਬਦਨਾਮ ਹੋ ਚੁੱਕੇ ਜਾਂ ਉਨ੍ਹਾਂ ਦੀ ਮਾਰਕਿਟ ਘੱਟ ਗਈ ਹੋਈ ਹੈ ਉਥੇ ਬੁਲੰਦਪੁਰ ਡੇਰਾ ਹੁਣ ਬੁਲੰਦੀਆਂ 'ਤੇ ਹੈ ਅਤੇ ਬਾਬਾ ਬਲਦੇਵ ਸਿੰਘ ਮਗਰ ਸਿੱਖਾਂ ਦੀ ਬਾਹਤੀ ਉਹ ਕਰੀਮ ਹੈ, ਜਿਹੜੀ ਪਿੱਛਲੇ ਸਮਿਆਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਖਾੜਕੂ ਲਹਿਰ ਨਾਲ ਜੁੜੀ ਰਹੀ ਹੈ। ਸਰਕਾਰ ਨਹੀਂ ਚਾਹੁੰਦੀ ਹੁੰਦੀ ਕਿ ਭਵਿੱਖ ਵਿਚ ਉਨ੍ਹਾਂ ਲਈ ਦੁਬਾਰਾ ਕੋਈ ਸਿਰਦਰਦੀ ਖੜੀ ਹੋਵੇ, ਉਨ੍ਹੀ ਬਲਦੇਵ ਸਿੰਘ ਵਰਗੇ ਸਾਧਾਂ ਮਗਰ ਇਹ ਭੀੜਾਂ ਤੋਰ ਦਿੱਤੀਆਂ ਹੋਈਆਂ, ਜਿਹੜੀਆਂ ਕਿਸੇ ਨਾ ਕਿਸੇ ਰੂਪ ਵਿਚ ਸਰਕਾਰ ਦੇ ਵਿਰੁਧ ਨਹੀਂ, ਸਗੋਂ ਹੱਕ ਵਿਚ ਭੁਗਤਦੀਆਂ ਰਹਿੰਦੀਆਂ ਹਨ। ਇਸ ਗੱਲ ਦਾ ਪੁਖਤਾ ਸਬੂਤ ਬਾਦਲਾਂ ਦੇ ਤਨਖਾਹਦਾਰ ਜਥੇਦਾਰਾਂ ਦਾ ਸਨਮਾਨ ਕਰਨਾ ਅਤੇ ਖੁਦ ਬਾਦਲਾਂ ਨੂੰ ਸੱਦ ਕੇ ਸਿਰੋਪੇ ਦੇਣੇ ਹਨ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top