Share on Facebook

Main News Page

'ਸਿੱਖਸ ਫਾਰ ਜਸਟਿਸ' ਅਤੇ 2020 ?
-: ਗੁਰਦੇਵ ਸਿੰਘ ਸੱਧੇਵਾਲੀਆ

ਪਿੱਛਲੇ ਸਮੇ ਅਸੀਂ ਸਿੱਖਸ ਫਾਰ ਜਸਟਿਸ ਦੀਆਂ ਗਤੀ ਵਿਧੀਆਂ ਬਾਰੇ ਕੌਮ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਮਿਸਟਰ ਗੁਰਪਤਵੰਤ ਪੰਨੂੰ ਐਂਡ ਪਾਰਟੀ ਦੀਆਂ ਬਹੁਤੀਆਂ ਗੱਲਾਂ ਜਾਂ ਅਮਲ ਕੇਵਲ ਤੇ ਕੇਵਲ ਕੌਮ ਨੂੰ ਗੁੰਮਰਾਹ ਕਰਨ ਵਾਲੇ ਸ਼ੋਸ਼ੇ ਹੀ ਸਨ। ਇਸ ਖ਼ਬਰ ਨੂੰ ਲੈ ਕੇ ਸਾਡੇ ਕੁਝ ਭਰਾਵਾਂ ਨੇ ਬੁਰਾ ਮਨਾਇਆ ਸੀ ਅਤੇ ਘੁਸਰ-ਮੁਸਰ ਵੀ ਕੀਤੀ ਸੀ ਕਿ ਇਹ ਤਾਂ ਏਜੰਸੀਆਂ ਕਰਵਾ ਰਹੀਆਂ ਹਨ। ਇਥੇ ਤੱਕ ਕਿ ਕੁਝ ਭਰਾਵਾਂ ਤਾਂ ਇਸ ਖ਼ਬਰ ਵਿਰੁਧ 'ਕਾਰ-ਸੇਵਾ' ਅਰੰਭਦਿਆਂ ਖ਼ਬਰਦਾਰ ਨੂੰ ਐਡਜ਼ ਦੇਣ ਵਾਲੇ ਕੁਝ ਲੋਕਾਂ ਤੱਕ ਵੀ ਪਹੁੰਚ ਕੀਤੀ ਸੀ ਅਤੇ ਕੁਝ ਹੱਦ ਤੱਕ ਸ਼ਾਇਦ ਕਾਮਯਾਬ ਵੀ ਹੋਏ ਸਨ।

ਪਰ ਸਾਡੀ ਮੁਸ਼ਕਲ ਹੀ ਇਹ ਹੈ ਕਿ ਅਸੀਂ ਗੱਲਾਂ ਦੇ ਕੜਾਹ ਉਪਰ ਬਹੁਤ ਛੇਤੀ ਰੀਝਦੇ ਹਾਂ ਅਤੇ ਵੱਡੀਆਂ ਅੱਤੇ ਲੁਭਾਉਂਣੀਆਂ ਗੱਲਾਂ ਕਰਨ ਵਾਲਿਆਂ ਮਗਰ ਛੇਤੀ ਦੌੜ ਪੈਂਦੇ ਹਾਂ। ਅਸੀਂ ਉਸ ਖ਼ਬਰ ਵਿਚ ਕੁੱਝ ਕਨੂੰਨੀ ਨੁਕਤੇ ਉਠਾਉਂਣ ਤੋਂ ਬਿਨਾ ਇਹ ਵੀ ਸਾਬਤ ਕੀਤਾ ਸੀ ਕਿ ਮਿਸਟਰ ਪੰਨੂੰ ਐਂਡ ਪਾਰਟੀ ਦੇ ਬਾਦਲਾਂ ਦੇ ਜਰਖਰੀਦ ਮਿਸਟਰ ਕਰਨੈਲ ਸਿੰਘ ਪੀਰ-ਮੁਹੰਮਦ ਨਾਲ ਸਬੰਧ ਹੀ ਨਹੀਂ ਬਲਕਿ 'ਸਿੱਖਸ ਫਾਰ ਜਸਟਿਸ' ਦਾ ਪੰਜਾਬ ਦਾ ਸੰਚਾਲਕ ਹੀ ਉਹ ਹੈ। ਯਾਣੀ ਅਸਿੱਧੇ ਤੌਰ 'ਤੇ ਸਿੱਖਸ ਫਾਰ ਜਸਟਿਸ ਬਾਦਲਾਂ ਦੇ ਹੱਥਾਂ ਵਿਚ ਹੈ!!! ਅਜਿਹੇ ਹਲਾਤਾਂ ਵਿਚ ਇਨਸਾਫ ਕਿਥੇ ਤੇ ਕਿਹੜਾ ਖਾਲਿਤਸਤਾਨ? ਲੋਕਾਂ ਵਿਚ ਇਸ ਗੱਲ ਦੀ ਵੀ ਚਰਚਾ ਹੈ ਕਿ ਕਿਸੇ ਸੰਭਾਵੀ ਨਵੀਂ ਉੱਠ ਰਹੀ ਲਹਿਰ ਦੇ ਖਦਸ਼ੇ ਕਾਰਨ ਅਗਲਿਆਂ ਪਹਿਲਾਂ ਹੀ ਬਾਨਣੂੰ ਬੰਨ ਰੱਖੇ ਹਨ ਅਤੇ ਕੌਮ ਦਾ ਸਰਮਾਇਆ ਅਤੇ ਤਾਕਤ ਨੂੰ ਗਲਤ ਰਾਹਾਂ 'ਤੇ ਪਾ ਕੇ ਜ਼ਾਇਆ ਕੀਤਾ ਜਾ ਰਿਹਾ ਹੈ।

ਸ. ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਕੰਵਰ ਸੰਧੂ ਨਾਲ ਹੋਈ ਇੰਟਰਵਿਊਂ ਨੇ ਪੂਰੀ ਸਚਾਈ ਤੋਂ ਪੜਦਾ ਹਟਾ ਦਿੱਤਾ ਹੈ ਕਿ ਜੋ ਕੁਝ ਮਿਸਟਰ ਪਨੂੰ ਐਂਡ ਪਾਰਟੀ ਕਰਨ ਜਾ ਰਹੀ ਹੈ, ਉਹ ਮੁੱਢੋਂ ਹੀ ਗਲਤ ਹੈ ਅਤੇ ਕਨੂੰਨ ਦੇ ਕਿਸੇ ਵੀ ਢਾਂਚੇ ਵਿਚ ਫਿੱਟ ਨਹੀਂ ਬੈਠਦਾ! ਸ੍ਰ. ਮਾਨ ਨੇ ਸਪੱਸ਼ਟ ਕਿਹਾ ਹੈ ਕਿ ਮਿਸਟਰ ਪੰਨੂੰ ਐਂਡ ਪਾਰਟੀ ਸਿੱਖ ਕੌਮ ਨੂੰ ਗੁਮਰਾਹ ਕਰ ਰਹੀ ਹੈ! ਪਰ ਬਜਾਇ ਇਸ ਦੇ ਕਿ ਮਿਸਟਰ ਪੰਨੂੰ ਜਾਂ ਉਸ ਦੀ ਸਿੱਖਸ ਫਾਰ ਜਸਟਿਸ ਇਸ ਦਾ ਕੋਈ ਠੋਸ ਜਵਾਬ ਦਿੰਦੇ, ਉਸ ਦੇ ਸਪੋਟਰਾਂ ਵਲੋਂ ਇਹ ਕਹਿ ਕੇ ਇਸ ਗੰਭੀਰ ਮੁੱਦੇ ਵਲੋਂ ਅੱਖਾਂ ਮੀਚ ਲਈਆਂ ਹਨ, ਕਿ ਸ੍ਰ. ਸਿਮਰਨਜੀਤ ਸਿੰਘ ਮਾਨ 'ਆਊਟ ਔਫ ਟਰੈਕ' ਹੈ।

ਸਾਡੀ ਪਤਾ ਨਹੀਂ ਕੀ ਮਜਬੂਰੀ ਹੈ ਕਿ ਅਸੀਂ ਕਿਸੇ ਉੱਠੇ ਸਵਾਲ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲੈਂਦੇ। ਚਾਹੀਦਾ ਤਾਂ ਇਹ ਸੀ ਕਿ ਮਿਸਟਰ ਪਨੂੰ ਹੁਰੀਂ ਬਕਾਇਦਾ ਸ੍ਰ. ਮਾਨ ਦੀਆਂ ਗੱਲਾਂ ਦਾ ਜਵਾਬ ਦਿੰਦੇ ਜਾਂ ਉਸ ਨਾਲ ਬੈਠ ਕੇ ਇਸ ਮੁੱਦੇ ਉਪਰ ਗੱਲ ਕਰਕੇ ਆਪਣਾ ਪੱਖ ਸਪੱਸ਼ਟ ਕਰਦੇ ਕਿ ਨੈੱਟ 'ਤੇ ਬੈਠ ਕੇ ਮੁਲਕ ਕਿਵੇਂ ਬਣਾਏ ਜਾ ਸਕਦੇ ਹਨ।

...ਅਤੇ ਹੁਣ ਤੱਕ ਕਿੰਨੇ ਕੁ ਮੁਲਕ ਹਨ ਜਿਹੜੇ ਨੈੱਟ 'ਤੇ ਬਣਾਏ ਜਾ ਚੁੱਕੇ ਹਨ? ਇੰਟਰਨੈੱਟ ਦੇ ਯੁੱਗ ਦਾ ਮੱਤਲਬ ਇਹ ਹਰਗਿਜ਼ ਨਹੀਂ ਕਿ ਤੁਸੀਂ ਘਰੇ ਬੈਠੇ ਉਂਗਲਾਂ ਮਾਰ ਕੇ ਕੋਈ ਮੁਲਕ ਖੜਾ ਕਰ ਲਵੋਂ! ਇਹ ਸਿਵਾਏ ਨਿਆਣਿਆਂ ਦੀ ਖੇਡ ਤੋਂ ਕੁੱਝ ਨਹੀਂ।

ਲੋਕਾਂ ਵਿਚ ਤਾਂ ਇਹ ਵੀ ਚਰਚਾ ਹੈ ਕਿ 2020 ਦੇ ਨੇੜੇ ਜਾ ਕੇ ਬੱਚਿਆਂ ਵਾਂਗ ਹੱਸ ਕੇ ਦਿਖਾ ਦਿੱਤਾ ਜਾਵੇਗਾ ਕਿ ਇਹ ਤਾਂ ਜੀ ਸਾਡਾ ਪ੍ਰਾਪੇਗੰਡਾ ਕਰਨ ਦਾ ਤਰੀਕਾ ਸੀ, ਜਿਵੇਂ ਕਿ ਪਿੱਛਲੇ ਸਮੇਂ ਬਾਦਲਾਂ ਜਾਂ ਹੋਰਾਂ ਦੇ ਵਰੰਟ ਕਢਾਉਂਣ ਦੀਆਂ ਗੱਲਾਂ ਵੇਲੇ ਹੋਇਆ ਹੈ। ਵਾਰ ਵਾਰ ਇੰਝ ਕਰਨ ਨਾਲ ਲੋਕਾਂ ਦਾ ਵਿਸਵਾਸ਼ ਉੱਠ ਜਾਏਗਾ ਅਤੇ ਉਹ ਅੱਗੇ ਤੋਂ ਸੱਚੀਂ ਹੀ ਕਿਸੇ ਉੱਠਣ ਲੱਗੀ ਗੰਭੀਰ ਲਹਿਰ ਤੋਂ ਕਿਨਾਰਾ ਕਰ ਜਾਣਗੇ। ਇੰਝ ਗੁਰਬਖਸ਼ ਸਿੰਘ ਵੇਲੇ ਹੋਇਆ ਹੈ।

ਲਹਿਰਾਂ ਦਾ ਮੱਚ ਮਾਰਨ ਵਾਸਤੇ ਇਹ ਕਾਰਗਰ ਹਥਿਆਰ ਹੈ, ਕਿ ਸ਼ੇਰ ਆਇਆ ਸ਼ੇਰ ਆਇਆ ਦਾ ਰੌਲਾ ਪਾ ਦਿਓ, ਪਰ ਜਦ ਆਵੇ ਤਾਂ ਲੋਕ ਹੀ ਨਾ ਆਉਂਣ। ਕਿਸੇ ਲਹਿਰ ਨੂੰ ਮਾਰਨ ਲਈ ਊਠ ਦਾ ਬੁੱਲ ਦਿਖਾ ਦਿਉ ਨਾ ਉਹ ਡਿੱਗੇ ਨਾ ਝਾਕ ਮੁੱਕੇ, ਤੇ ਆਖਰ ਲੋਕ ਇਤਬਾਰ ਕਰਨਾ ਹੀ ਛੱਡ ਦੇਣ। ਇੰਝ ਸਾਡੇ ਨਾਲ ਕਈ ਵਾਰ ਹੋਇਆ ਹੈ।

ਇੱਕ ਵਾਰੀ ਜਦ ਗੁੰਮਟੀ ਵਾਲਾ ਕੋਈ ਸਾਧ ਸ਼ੋਸ਼ਾ ਛੱਡ ਕੇ ਬੈਠ ਗਿਆ ਕਿ 97 ਵਿਚ ਅਟਾਰੀ ਵਲੋਂ 96 ਕ੍ਰੋੜ ਖਾਲਸਾ ਆਵੇਗਾ ਤੇ ਸਾਰੇ ਹਿੰਦੋਸਤਾਨ ਵਿਚ ਰਾਜ ਕਰੇਗਾ।

ਦੂਜੀ ਵਾਰ ਜਦ ਬਾਬਾ ਠਾਕੁਰ ਸਿਉਂ 22 ਸਾਲ ਸਿੱਖਾਂ ਨੂੰ ਲਾਰਾ ਲਾਈ ਗਿਆ ਕਿ ਬਾਬਾ ਜਰਨੈਲ ਸਿੰਘ ਆ ਰਹੇ ਨੇ ਤੇ ਬੱਅਸ ਆ ਹੀ ਰਹੇ ਨੇ।

ਮਿਸਟਰ ਪੰਨੂੰ ਐਂਡ ਪਾਰਟੀ ਵਲੋਂ ਵੀ ਕਿਤੇ 2020 ਦਾ ਲਾਰਾ ਲਾ ਕੇ ਕੌਮ ਨੂੰ ਖੜੋਤਿਆਂ ਤਾਂ ਨਹੀਂ ਕੀਤਾ ਜਾ ਰਿਹਾ?

...ਤੇ ਯਾਦ ਰਹੇ ਕਿ ਕਿਸੇ ਵੀ ਲਹਿਰ ਵਿਚ ਆਈ ਖੜੌਤ ਉਸ ਦਾ ਦਮ ਤੋੜ ਦਿੰਦੀ ਹੈ, ਤੇ ਮੁੜ ਉੱਠਣ ਗੋਚਰੀ ਵੀ ਨਹੀਂ ਰਹਿੰਦੀ।

2020 ਦੇ ਰਿਫਰੰਡਮ ਬਾਰੇ ਜੋ ਸਵਾਲ ਸ੍ਰ. ਸਿਮਰਨਜੀਤ ਸਿੰਘ ਮਾਨ ਹੋਰਾਂ ਉਠਾਏ ਹਨ, ਉਹ ਪੂਰੀ ਕੌਮ ਦਾ ਧਿਆਨ ਮੰਗਦੇ ਹਨ ਅਤੇ ਮਿਸਟਰ ਗੁਰਪਤਵੰਤ ਪੰਨੂੰ ਉਨ੍ਹਾਂ ਸਵਾਲਾਂ ਦਾ ਜਵਾਬ-ਦੇਹ ਹੈ ਕਿ ਕਰਵਾਇਆ ਜਾ ਰਿਹਾ ਰਿਫੰਰਡਮ ਕਿਸੇ ਸੱਚ ਦੀ ਕੱਸਵੱਟੀ ਉਪਰ ਖਰਾ ਵੀ ਉਤਰਦਾ ਜਾਂ ਇਹ ਵੀ ਮਿਸਟਰ ਪੰਨੂੰ ਦਾ ਸ਼ੋਸ਼ਾ ਹੀ ਹੈ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top