Share on Facebook

Main News Page

ਨਰੂ ਮਰੈ ਨਰੁ ਕਾਮਿ ਨ ਆਵੈ
-:
ਗੁਰਦੇਵ ਸਿੰਘ ਸੱਧੇਵਾਲੀਆ

ਮਨੁੱਖ ਅੰਦਰਲਾ ਮਨੁੱਖ ਹੀ ਜਦ ਮਰ ਜਾਏ, ਤਾਂ ਦੱਸੋ ਉਹ ਕੀ ਕੰਮ ਆ ਸਕਦਾ! ਆ ਸਕਦਾ? ਬੰਦਾ ਖੁਦ ਕਿਸੇ ਕੰਮ ਦਾ ਨਹੀਂ। ਕੀ ਕੰਮ ਦਾ? ਕੀ ਇਹ ਦੁੱਧ ਦੇ ਸਕਦਾ, ਜਾਂ ਇਸ ਦਾ ਗੋਹਾ ਕਿਸੇ ਕੰਮ ਆਉਂਦਾ, ਜਾਂ ਇਸ ਦੇ ਚੰਮ ਦੇ ਜੁੱਤੇ ਬਣਦੇ? ਹਲ ਵੀ ਨਹੀਂ ਜੁੱਪ ਸਕਦਾ, ਗੱਡਾ ਇਹ ਨਹੀਂ ਖਿੱਚ ਸਕਦਾ, ਮਾਸ ਇਸ ਦਾ ਕਿਸੇ ਕੰਮ ਦਾ ਨਹੀਂ, ਅੰਡੇ ਇਹ ਨਹੀਂ ਦਿੰਦਾ?

ਬੰਦੇ ਅੰਦਰਲਾ ਬੰਦਾ ਜਦ ਮਰ ਜਾਏ, ਤਾਂ ਉਹ ਮਰਿਆ ਵੀ ਕਿਸੇ ਕੰਮ ਦਾ ਨਹੀਂ। ਵਿਗਿਆਨ ਨੇ ਇਹ ਸਹੂਲਤ ਪੈਦਾ ਕਰ ਦਿੱਤੀ ਕਿ ਮਰੇ ਬਾਅਦ ਇਸਦੀਆਂ ਅੱਖਾਂ ਕਿਸੇ ਨੂੰ ਰਾਹ ਦਿਖਾ ਸਕਣ, ਇਸ ਦੀ ਦੇਹੀ ਦੇ ਹੋਰ ਪੁਰਜੇ ਕਿਸੇ ਕੰਮ ਆ ਸਕਣ, ਪਰ ਇਸ ਅੰਦਰਲਾ ਮਰਿਆ ਮਨੁੱਖ ਕਹਿੰਦਾ ਅੱਖਾਂ ਕੱਢ ਲਈਆਂ, ਤਾਂ ਅੱਗੇ ਜਾ ਕੇ ਦੇਖਾਂਗਾ ਕਿਵੇਂ? ਯਾਨੀ ਕਿਸੇ ਕੰਮ ਦਾ ਨਹੀਂ। ਬਾਬਾ ਜੀ ਆਪਣੇ ਕਹਿੰਦੇ ਜਦ ਇਸ ਅੰਦਰਲਾ ਨਰੂ ਯਾਨੀ ਬੰਦਾ ਮਰ ਜਾਂਦਾ ਤਾਂ ਇਸ ਨਾਲੋਂ ਪਸ਼ੂ ਕਿਤੇ ਭਲਾ।

ਬੰਦੇ ਕੋਲੇ ਹੈ ਕੀ? ਕੁੱਝ ਵੀ ਤਾਂ ਨਹੀਂ! ਪਰ ਇਹ ਪਸ਼ੂ ਨਾਲੋਂ ਅਗੇ ਨਿਕਲ ਗਿਆ, ਕਿਉਂਕਿ ਇਸ ਕੋਲੇ ਇੱਕ ਚੀਜ ਸੀ ਤੇ ਉਹ ਸੀ ਵਿਚਾਰ! ਜਿਸ ਨੂੰ ਤੁਸੀਂ ਅਕਲ ਕਹਿੰਨੇ। ਇਸ ਵਿਚਾਰ ਨੇ ਇਸ ਨੂੰ ਪਸ਼ੂ ਦੀ ਦੁਨੀਆਂ ਨਾਲੋਂ ਅਲੱਗ ਕਰ ਦਿੱਤਾ। ਪਰ ਇਸ ਦੀ ਵਿਚਾਰ ਦੇ ਵਿਕਾਸ ਨੇ ਐਸੀ ਪੁੱਠੀ ਪਲਟੀ ਮਾਰੀ, ਕਿ ਇਸ ਦੀ ਦੇਹ ਤਾਂ ਮਨੁੱਖਾਂ ਵਾਲੀ ਰਹੀ, ਪਰ ਅੰਦਰੋਂ ਇਹ ਫਿਰ ਤੋਂ ਪਸ਼ੂ ਹੋਣ ਵੰਨੀ ਤੁਰ ਪਿਆ! ਬਲਕਿ ਪਸ਼ੂ ਨਾਲੋਂ ਵੀ ਹੇਠਾਂ ਚਲਾ ਗਿਆ। ਇਸੇ ਨੂੰ ਬਾਬਾ ਜੀ ਆਪਣੇ ਕਹਿੰਦੇ ਕਿ ਦੇਹ ਜ਼ਰੂਰ ਤੇਰੀ ਮਨੁੱਖਾਂ ਵਾਲੀ ਹੈ, ਪਰ ਕਰਤੂਤਾਂ ਤੇਰੀਆਂ ਪਸ਼ੂਆਂ ਵਾਲੀਆਂ ਹਨ। ਪਸ਼ੂ ਕੋਲੇ ਵਿਚਾਰ ਨਹੀਂ ਤੇ ਬੰਦੇ ਕੋਲੇ ਕਿਹੜਾ ਰਿਹਾ। ਬੰਦੇ ਅੰਦਰਲਾ ਬੰਦਾ ਹੀ ਜਦ ਮਰ ਗਿਆ, ਤਾਂ ਵਿਚਾਰ ਕਿਥੋਂ ਆਵੇਗਾ। ਵਿਚਾਰ ਤਾਂ ਬੰਦੇ ਵਿਚੋਂ ਆਉਂਣੀ ਸੀ ਨਾ, ਪਰ ਬੰਦਾ ਤਾਂ ਰਿਹਾ ਹੀ ਨਾ! ਕਿਥੇ ਹੈ ਬੰਦਾ? ਜਗ ਉਪਰਲਾ ਵਰਤਾਰਾ ਬੰਦਿਆਂ ਵਾਲਾ ਤਾਂ ਨਹੀਂ ਨਾ! ਮਨੁੱਖ, ਮਨੁੱਖ ਨੂੰ ਖਾ ਰਿਹਾ। ਪੱਥਰ ਜੁੱਗ ਵਿਚ ਬੰਦਾ ਬੰਦੇ ਨੂੰ ਸੱਚੀਂ ਹੀ ਖਾ ਜਾਂਦਾ ਸੀ, ਪਰ ਹੁਣ? ਹੁਣ ਤੇ ਚਿਥਦਾ ਵੀ ਨਹੀਂ! ਪਸ਼ੂ ਘੱਟੋ-ਘੱਟ ਆਪਣੀ ਨਸਲ ਦੇ ਜਾਨਵਰ ਨੂੰ ਤਾਂ ਨਹੀਂ ਖਾਂਦਾ, ਪਰ ਮਨੁੱਖ?

ਵਿਗਿਆਨ ਨੇ ਮਨੁੱਖ ਨੂੰ ਬੜਾ ਕੁੱਝ ਦਿੱਤਾ। ਸੁੱਖ, ਸਹੂਲਤਾਂ, ਸਾਧਨ। ਸਲੂਟ ਵਿਗਿਆਨ ਨੂੰ। ਪਰ ਵਿਗਿਆਨ ਨੇ ਇੱਕ ਕੰਮ ਹੋਰ ਕੀਤਾ ਕਿ ਬੰਦੇ ਕੋਲੋਂ ਉਸ ਦਾ ਬੰਦਾ ਖੋਹ ਲਿਆ? ਮਨੁੱਖ ਵਿਚੋਂ ਮਨੁੱਖ ਗੁਆ ਦਿੱਤਾ। 'ਟੈਕਨੌਲਜੀ' ਦੇ ਜੰਗਲ ਵਿਚ ਬੰਦੇ ਦਾ ਬੰਦਾ ਗੁਆਚ ਗਿਆ, ਕਿਉਂਕਿ ਬੰਦਾ ਖੁਦ ਆਪਣੇ ਨਾਲ ਕਦੇ ਹੁੰਦਾ ਹੀ ਨਹੀਂ। ਉਹ ਜਾਂ ਤਾਂ ਟੀ.ਵੀ. ਨਾਲ ਹੁੰਦਾ, ਕੰਮਪਿਊਟਰ ਨਾਲ ਹੁੰਦਾ, ਫੋਨ ਨਾਲ ਹੁੰਦਾ, ਫੇਸ-ਬੁਕ, ਟਵਿਟਰ, ਵੱਟਸਅੱਪ ਤੇ ਪਤਾ ਨਹੀਂ ਕੀ ਕੀ! ਉਹ ਤੁਰਿਆ ਜਾਂਦਾ, ਗੱਡੀ ਚਲਾਉਂਦਾ, ਰੋਟੀ ਖਾਂਦਾ, ਚਾਹ ਪੀਂਦਾ, ਵਾਸ਼ਰੂਮ ਬੈਠਾ, ਇਥੇ ਤੱਕ ਕਿ ਸੁੱਤਾ ਹੋਇਆ ਵੀ? ਫੋਨ ਸਰ੍ਹਾਣੇ ਰੱਖ ਕੇ ਕਿ ਸ਼ਾਇਦ?

ਤੁਸੀਂ ਕਦੇ ਫੋਨ ਆਪਣਾ ਘਰ ਭੁੱਲ ਜਾਉ ਸਹੀਂ! ਤੇ ਹਾਲਤ? ਤਰਸਜੋਗ! ਵਾਰ ਵਾਰ ਜ੍ਹੇਬ ਨੂੰ ਹੱਥ ਜਾਂਦਾ, ਜਿਵੇਂ ਅਮਲੀ ਦੀ ਫੀਮ ਦੀ ਡੱਬੀ ਗੁਆਚ ਗਈ ਹੁੰਦੀ। ਤੇ ਸ਼ਾਮ ਨੂੰ ਘਰ ਵੜਦਿਆਂ ਹੀ ਤੁਹਾਨੂੰ ਕਿਸੇ ਦੀ ਸਾਰ ਨਹੀਂ ਹੁੰਦੀ, ਸਿਵਾਏ ਆਪਣੇ ਫੋਨ ਵਲ ਦੌੜਨ ਦੇ! ਹੁੰਦੀ? ਤੁਸੀਂ ਬਿਨਾ ਵਜ੍ਹਾ ਸਾਰਾ ਦਿਨ ਵਾਰ ਵਾਰ ਆਪਣੇ ਫੋਨ ਨੂੰ ਉਗਲਾਂ ਮਾਰਦੇ, ਕਿ ਕੋਈ ਮਿਸ ਤਾਂ ਨਹੀਂ ਹੋਇਆ? ਬੰਦਾ ਮਰ ਕਿਉਂ ਨਾ ਜਾਏ, ਜੇ ਫੋਨ ਖੋਹ ਲਉ ਇਸ ਕੋਲੋਂ!

ਮਨੁੱਖ ਕੋਲੋਂ ਮਨੁੱਖ ਨੂੰ ਖੋਹ ਲਿਆ ਹੈ 'ਟੈਕਨੌਲਜੀ' ਨੇ। ਮਨੁੱਖ ਲੱਭ ਹੀ ਨਹੀਂ ਰਿਹਾ ਤੇ ਜਦ ਮਨੁੱਖ ਹੀ ਨਹੀਂ ਲੱਭ ਰਿਹਾ, ਤਾਂ ਮਨੁੱਖਤਾ ਕਿਥੇ ਲੱਭ ਜਾਊ? ਮਨੁੱਖਤਾ ਤਾਂ ਮਨੁੱਖਾਂ ਵਿਚੋਂ ਹੀ ਲੱਭਣੀ ਸੀ ਨਾ ਤੇ ਜਦ ਮਨੁੱਖ ਹੀ ਗੁਆਚ ਚੁੱਕਾ ਤਾਂ ਮਨੁੱਖਤਾ ਕਿਥੇ? ਮਨੁੱਖਾਂ ਦੀਆਂ ਭੀੜਾਂ ਵਿਚੋਂ ਮਨੁੱਖਤਾ ਗਾਇਬ ਹੋ ਚੁੱਕੀ, ਯਾਨੀ ਮਨੁੱਖ ਮਰ ਚੁੱਕਾ। ਤੇ ਮਰ ਚੁੱਕਾ ਨਰ ਕਿਸੇ ਦੇ ਕੀ ਕੰਮ ਆਏਗਾ। ਮੁਰਦਾ ਕਦੇ ਕਿਸੇ ਦੇ ਕੰਮ ਆਉਂਦਾ ਦੇਖਿਆ?

ਨਰ ਦੇ ਅੰਦਰਲਾ ਜਦ ਨਰੂ ਮਰਦਾ ਹੈ, ਤਾਂ ਉਹ ਪਸ਼ੂ ਨਾਲੋਂ ਵੀ ਬਦਤਰ ਹੈ। ਦੇਹ ਦੀ ਕੀ ਬੁੱਕਤ! ਦੇਹ ਤਾਂ ਪਸ਼ੂਆਂ ਦੀ ਇਸ ਨਾਲੋਂ ਕਿਤੇ ਚੰਗੀ। ਮੋਰ ਹੈ, ਕੋਇਲ ਹੈ, ਤੋਤਾ ਹੈ, ਸ਼ੇਰ ਹੈ, ਜ਼ੀਬਰਾ ਹੈ, ਹਿਰਨ ਹੈ। ਬੰਦਾ ਬਹੁਤ ਸੋਹਣਾ ਤਾਂ ਨਹੀਂ ਸਭ ਨਾਲੋ। ਕੌਡੀਆਂ ਵਾਲਾਂ ਜ਼ਹਿਰੀਲਾ ਸੱਪ ਵੀ ਆਹਲਾ! ਮਾਈਆਂ ਹਜ਼ਾਰਾ-ਲੱਖਾਂ ਡਾਲਰ ਖਰਚ ਕੇ ਉਸ ਦੇ ਪਰਸ ਗਲ ਪਾਈ ਫਿਰਦੀਆਂ। ਉਸ ਦਾ ਤਾਂ ਜ਼ਹਿਰ ਤੱਕ ਦਵਾਈਆਂ ਵਿਚ ਪੈਂਦਾ! ਮਰਿਆ ਹੋਇਆ ਤਾਂ ਮਾਸ ਖੋਰਾ ਸ਼ੇਰ ਵੀ ਕੰਮ ਆ ਜਾਂਦਾ ਤੇ ਉਸ ਦੀ ਖੱਲ ਵੱਡੇ ਵੱਡੇ 'ਮਹਾਂਪੁਰਖ' ਗੋਡਿਆਂ ਹੇਠ ਲੈ ਕੇ ਬੈਠਦੇ ਕਿ ਆਹ ਦੇਖੋ ਸ਼ੇਰ ਢਾਹਿਆ! ਉਨ੍ਹਾਂ ਨੂੰ ਸ਼ਾਇਦ ਜਾਪਿਆ ਹੋਵੇ ਕਿ ਇੰਝ ਮਰਿਆ ਸ਼ੇਰ ਢਾਹੁਣ ਨਾਲ ਸ਼ੇਰ ਬਣ ਜਾਈਦਾ? ਪਰ ਤੇਰੀ ਖੱਲ ਕਦੇ ਕਿਸੇ ਆਪਣੇ ਹੇਠ ਵਿਛਾਈ?

ਮਰਿਆ ਪਸ਼ੂ ਪਹਿਲਾਂ ਤਾਂ ਕਿਸੇ ਦੇ ਖਾਣ ਦੇ ਕੰਮ ਆਉਂਦਾ, ਫਿਰ ਉਸ ਦਾ ਚੰਮ ਤੂੰ ਪਾਈ ਫਿਰਦਾਂ। ਬਟੂਏ, ਬੈਲਟਾਂ, ਪਰਸ, ਜੁੱਤੇ! ਪਰ ਤੇਰਾ? ਪੋਸਟ-ਮਾਰਟਮ ਹੁੰਦਾ ਵੇਖਿਆ? ਆਹ ਗਲੇ ਨੇੜਿਉਂ ਚੀਰਾ ਜਿਹਾ ਦਿੰਦੇ ਤੇ ਜਿਉਂ ਅੰਦਰਲਾ ਖਲਾਰਾ ਜਿਹਾ ਧੂੰਹਦੇ ਪੇਟ ਤੱਕ ਸਭ ਕੱਢ ਕੇ ਬਾਹਰ ਮਾਰਦੇ ਤੇ ਖਾਲੀ ਕਰਕੇ ਪਤਾ ਨਹੀਂ ਕੀ ਤੂੜੀ ਜਿਹੀ ਭਰਕੇ ਉਪਰੋਂ ਸੜਿਆ ਚੰਮ ਸਿਉਂ ਕੇ ਘਰ ਦਿਆਂ ਅੱਗੇ ਰੱਖ ਦਿੰਦੇ ਤੇ ਲੋਕੀਂ ਬਕਸੇ ਵਿਚ ਪਏ ਉਸੇ ਸਿਉਂਤੇ ਚੰਮ-ਹੱਡੀਆਂ ਦੇ ਗਲ ਲੱਗ ਰੋਈ ਜਾਂਦੇ? ਬੰਦਾ ਹੈ ਕੀ?

ਤੇਰੀ ਵਡਿਆਈ ਕਿਸ ਗੱਲ ਵਿਚ ਹੈ? ਇਸ ਵਿਚ ਕਿ ਤੂੰ ਆਪਣਾ ਅੰਦਰਲਾ ਮਨੁੱਖ ਜਿਉਂਦਾ ਰੱਖੇਂ। ਜਿਉਂਦੇ ਮਨੁੱਖ ਦੀ ਹੀ ਗੈਰਤ ਜਿਉਂਦੀ ਰਹਿ ਸਕੇਗੀ, ਮਰੇ ਵਿਚ ਕਾਹਦੀ ਅਣਖ? ਉਹ ਤਾਂ ਐਵੇਂ ਹਿੱਚ ਹਿੱਚ ਕਰਦਾ ਕਿਸੇ 'ਥਰਡ ਕਲਾਸ' ਬੰਦੇ ਦੇ ਪੈਰਾਂ ਵਿਚ ਸਿਰ ਧਰਦਾ ਫਿਰੇਗਾ ਕਿ ਮੇਰੇ ਮਸਲੇ ਹੱਲ ਕਰ?

ਮਰੇ ਹੋਏ ਮਨੁੱਖ ਨੂੰ ਕੋਈ ਯਾਦ ਕਰਦਾ? ਕਿਉਂ ਕਰੂ? ਜਿਉਂਦਿਆਂ ਨੂੰ ਸਭ ਕਰਦੇ। ਗੁਰੂ ਸਹਿਬਾਨਾ, ਭਗਤਾਂ, ਸੂਰਬੀਰਾਂ, ਜੋਧਿਆਂ ਨੂੰ ਅਸੀਂ ਤੁਸੀਂ ਸਭ ਅੱਜ ਵੀ ਯਾਦ ਕਰਦੇਂ! ਕਿਉਂ? ਕਿਉਂਕਿ ਉਹ ਕਦੇ ਮਰੇ ਹੀ ਨਹੀਂ! ਜਿਸ ਦਾ ਮਨੁੱਖ ਜਿਉਂ ਪੈਂਦਾ ਹੈ ਉਹ ਕਦੇ ਮਰਦਾ ਨਹੀਂ! ਉਹ ਜਦ ਦੇਹ ਵਿਚ ਸੀ ਉਦੋਂ ਤਾਂ ਕੰਮ ਆਉਂਦਾ ਹੀ ਆਉਂਦਾ ਸੀ, ਬਲਕਿ ਜਦ ਦੇਹ ਵਿਚ ਨਹੀਂ ਵੀ ਰਿਹਾ ਤਾਂ ਮਨੁੱਖਤਾ ਦੇ ਕੰਮ ਆ ਰਿਹਾ ਹੈ। ਉਨ੍ਹਾਂ ਦੀ ਵਿਚਾਰਧਾਰਾ ਦੇ ਚਾਨਣ ਤੋਂ ਲੁਕਾਈ ਹਾਲੇ ਵੀ ਰੌਸ਼ਨੀ ਲੈ ਰਹੀ ਹੈ। ਉਨ੍ਹਾਂ ਦੇ ਬੱਚਨ ਹਾਲੇ ਵੀ ਲੁਕਾਈ ਨੂੰ ਚਾਨਣ ਦੇ ਰਹੇ ਹਨ।

ਬੰਦੇ ਦੇ ਅੰਦਰਲਾ ਬੰਦਾ ਜਦ ਜਿਉ ਪੈਂਦਾ ਹੈ, ਤਾਂ ਉਸ ਨੂੰ ਕੋਈ ਲੋਭ, ਕੁਰਸੀ, ਅਹੁਦਾ, ਧੰਨ-ਦੌਲਤ, ਪੈਸਾ ਮਾਰ ਨਹੀਂ ਸਕਦਾ। ਕਮਜ਼ੋਰ ਬੰਦੇ ਦੇ ਮਨੁੱਖ ਨੂੰ ਤਾਂ ਗੁਰਦੁਆਰੇ ਦੀ ਪ੍ਰਧਾਨਗੀ ਹੀ ਮਾਰ ਦਿੰਦੀ। ਸਕੱਤਰੀ-ਮੈਂਬਰੀ ਖਾਤਰ ਹੀ ਉਹ ਆਪਣੇ ਮਨੁੱਖ ਦਾ ਕਤਲ ਕਰ ਬੈਠਦਾ! ਮਨੁੱਖ ਮਰ ਹੀ ਤਾਂ ਚੁੱਕਾ ਹੁੰਦਾ ਉਸ ਦਾ, ਜਦ ਉਹ ਕੋਟਾਂ-ਕਚਹਿਰੀਆਂ ਵਿਚ ਜਾ ਕੇ ਝੂਠ ਬੋਲਦਾ ਹੈ!

ਇਸੇ ਲਈ ਮਨੁੱਖ ਕਿਸੇ ਕੰਮ ਨਹੀਂ ਆ ਰਿਹਾ, ਕਿਉਂਕਿ ਉਸ ਦੇ ਅੰਦਰਲਾ ਨਰੂ ਮਰ ਚੁੱਕਾ ਹੋਇਆ ਤੇ ਜਦ ਅੰਦਰ ਹੀ ਮਨੁੱਖ ਜਿਉਂਦਾ ਨਹੀਂ ਰਿਹਾ, ਤਾਂ ਬਾਹਰ ਮਨੁੱਖਤਾ ਕਿਥੇ ਰਹਿ ਜਾਊ! ਰਹਿ ਜਾਊ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top