ਸ਼ਰਾਬੀ ਕਿਤੇ ਉਹੀ ਥੋੜੋ, ਜਿਹੜਾ ਪੱਬ ਵਿਚ ਜਾ ਕੇ 'ਉਲਟ-ਪੁਲਟ'
ਹੁੰਦਾ। ਨਸ਼ੇ ਦੇ ਕਈ ਰੂਪ ਹਨ। ਨਸ਼ੇ ਦੀਆਂ ਕਈ ਕਿਸਮਾਂ
ਹਨ। ਰੂਪ ਦਾ ਨਸ਼ਾ, ਜੋਬਨ ਦਾ ਨਸ਼ਾ, ਧਨ ਦਾ ਨਸ਼ਾ, ਅਹੁਦੇ ਦਾ ਨਸ਼ਾ, ਕੁਰਸੀ ਦਾ ਨਸ਼ਾ,
ਪ੍ਰਧਾਨਗੀ-ਸਕੱਤਰੀ ਦਾ ਨਸ਼ਾ। ਯਾਨੀ ਜਿੰਦਗੀ ਨਸ਼ਿਆਂ ਨਾਲ ਹੀ ਤਾਂ ਭਰੀ ਪਈ ਹੈ।
ਇੱਕ ਗੁਰਦੁਆਰੇ ਦਾ ਪ੍ਰਧਾਨ ਆਪਣੇ ਵਿਰੋਧੀ ਨੂੰ ਇੱਕ ਦਿਨ ਕਹਿੰਦਾ ਹੈ, ਕਿ ਭਰਾ ਤੂੰ ਮੇਰੇ
ਕੋਲੋਂ ਪ੍ਰਧਾਨਗੀ ਲੈਣੀ ਖੋਹ ਤੇ ਮੇਰਾ ਹੋ ਜਾਣਾ ਹਾਰਟਅਟੈਕ, ਤੇ ਮੈਂ ਜਾਣਾ ਮਰ ਤੇ ਮੇਰੇ
ਨਿਆਣੇ ਜਾਣੇ ਰੁਲ। ਤੈਨੂੰ ਮੇਰੇ 'ਤੇ ਤਰਸ ਨਹੀਂ ਆਉਂਦਾ?
ਇਹ ਕਹਾਣੀ ਨਹੀਂ, ਹਕੀਕਤ ਹੈ ਨਿੱਜੀ ਤੌਰ 'ਤੇ ਕੋਈ ਪੁੱਛਣਾ ਚਾਹੇ ਤਾਂ ਦੱਸ ਹੋ ਸਕਦਾ।
ਧਰਮ
ਦਾ ਨਸ਼ਾ ਤਾਂ ਬੰਦੇ ਨੂੰ ਲੈ ਹੀ ਡੁੱਬਦਾ। ਧਰਮ ਨੇ ਹੀ ਬੰਦੇ ਨੂੰ ਨਸ਼ੇ ਤੋਂ
ਛੁਡਾਉਂਣਾ ਸੀ, ਪਰ ਜਦ ਧਰਮ ਖੁਦ ਹੀ ਨਸ਼ਾ ਬਣ ਕੇ ਸਿਰ ਨੂੰ ਚੜ ਜਾਵੇ, ਤੁਸੀਂ ਦੌੜੋਂਗੇ
ਕਿਧਰ? ਰਸਤਾ ਕੀ ਏ ਬਚ ਸਕਣ ਦਾ। ਕੋਈ ਹੈ?
ਉਨ੍ਹਾਂ ਨੂੰ ਇੰਝ ਜਾਪਦਾ ਇਹ ਸਭ ਨਰਕੀ ਕੀੜੇ ਨੇ, ਨਾਸਤਿਕ, ਨਿੰਦਕ,
ਸਭ ਨਰਕਾਂ ਨੂੰ ਜਾਣ ਵਾਲੀ ਗੱਡੀ ਵਿਚ ਬੈਠੇ ਹੋਏ ਤੇ ਉਹ ਇੰਝ ਵੇਖਦੇ ਹਨ ਦੂਜਿਆਂ ਵਲ,
ਜਿਵੇਂ ਨਵੀ ਬਣੀ ਅਮੀਰ ਔਰਤ ਏਅਰਕੰਡੀਸ਼ਨ ਕਾਰ ਵਿੱਚ ਬੈਠੀ, ਟੁੱਟੀ ਹੋਈ ਪੰਜਾਬ ਰੋਡਵੇਜ
ਦੀ ਬੱਸ ਵਿਚ ਬੈਠੇ ਬੰਦੇ ਨੂੰ ਵੇਖਦੀ ਹੈ ਕਿ, ਹੈਂਅ! ਵਿਚਾਰਾ!!
ਵਿਦਵਤਾ ਵੀ ਨਸ਼ਾ ਹੈ। ਵਿਦਵਾਨ
ਨੂੰ ਜਾਪਦਾ ਬਾਕੀ ਸਭ ਪਸ਼ੂ, ਕੋਈ ਅਕਲ ਨਹੀਂ ਇਨ੍ਹਾਂ ਨੂੰ, ਪੱਥਰ ਜੁੱਗ ਦੇ ਲੋਕ, ਅਕਲੋਂ
ਖਾਲੀ, ਅੰਨ੍ਹੇ ਹੋਏ ਹੋਏ! ਕਿੰਨਾ ਘਾਤਕ ਹੈ ਇਹ ਨਸ਼ਾ, ਕਿ ਤੁਸੀਂ ਦੂਜੇ ਨੂੰ ਪਸ਼ੂ ਹੀ
ਸਮਝਣ ਲੱਗ ਜਾਵੋਂ। ਇਹ ਨੁਕਸਾਨ ਦੇਹ ਹੈ। ਗਿਆਨ ਨਾਲ ਮਨੁੱਖ ਨੇ ਮਨੁੱਖ ਦਾ ਭਲਾ ਕਰਨਾ
ਸੀ, ਪਰ ਇਥੇ ਗਿਆਨ ਹੀ ਪੈਂਖੜ ਬਣ ਗਿਆ ਬੰਦੇ ਲਈ। ਉਹ ਉਥੇ ਬੱਧਾ ਹੀ ਦੂਜਿਆਂ ਨੂੰ ਦੁਲੱਤੇ
ਮਾਰੀ ਜਾਂਦਾ ਹੈ। ਕਈ 'ਗਿਆਨੀ' ਤਾਂ ਇਨੇ ਅਗਾਂਹ ਵਧੂ ਹੋ ਨਿਬੜੇ ਹਨ, ਕਿ ਉਨ੍ਹਾਂ ਨੂੰ
ਸਭ ਕੁਝ ਹੀ ਫਾਲਤੂ ਜਾਪਣ ਲੱਗ ਪਿਆ ਹੈ। ਇਕ ਅਗਾਂਹ ਵਧੂ ਉਸ
ਤੋਂ ਵੀ ਅਗੇ ਹਨ ਜਿਹੜੇ ਮੀਂਹ ਰੂਸ ਵਿਚ ਪੈਂਦਾ ਹੋਵੇ, ਛੱਤਰੀ ਪੰਜਾਬ ਖੋਲ੍ਹੀ ਫਿਰਦੇ
ਹੁੰਦੇ ਸਨ ਤੇ ਉਨ੍ਹਾਂ ਦਾ ਹੋਰ ਅਗਾਂਹ ਵਧੂ ਹੋਣ ਦਾ ਪੈਮਾਨਾ ਦੇਖੋ ਕੀ ਸੀ, ਕਿ
ਤੂੰ ਬੀੜੀ ਫੂਕ ਲੈਂਦਾ, ਪੈੱਗ ਲਾ ਲੈਂਦਾ ਤੇ ਔਰਤ ਦੇ ਅੰਗਾਂ ਉਪਰ ਖੁਲ੍ਹੀ ਕਵਿਤਾ ਲਿਖ
ਲੈਂਦਾ ਹੈਂ? ਇਹ ਨਸ਼ਾ ਦੇਖੋ ਬੰਦਿਆਂ ਨੂੰ ਕਿਥੇ ਲੈ ਗਿਆ। ਇਸ ਨਸ਼ੇ ਵਾਲੇ ਦੂਜੇ ਨੂੰ ਕਿਸੇ
ਉਪਰ ਵਾਲਾ ਨਰਕੀ ਜੀਵ ਤਾਂ ਨਹੀਂ ਸਮਝਦੇ, ਪਰ ਇਸ ਧਰਤੀ ਉਪਰਲਾ ਨਰਕੀ ਜੀਵ ਜਰੂਰ ਸਮਝਦੇ
ਹਨ, ਜਿਸ ਨੂੰ ਅੱਜ ਦੇ ਜੁੱਗ ਦਾ ਹਾਣੀ ਹੋਣਾ ਨਹੀਂ ਆਇਆ! ਇੰਝ ਹੀ ਹੈ ਨਾ?
ਬਾਕੀ ਨਸ਼ੇ ਤਾਂ ਸਭ ਛੁੱਟ ਸਕਦੇ ਹਨ। ਧਨ ਗਿਆ, ਨਸ਼ਾ
ਗਿਆ। ਰੂਪ-ਜੋਬਨ ਗਿਆ, ਨਸ਼ਾ ਗਿਆ। ਕੁਰਸੀ ਗਈ, ਅਹੁਦਾ ਗਿਆ, ਨਸ਼ਾ ਗਿਆ। ਪ੍ਰਧਾਨਗੀ ਖੁਸ
ਗਈ, ਨਸ਼ਾ ਗਿਆ। ਸ਼ਰਾਬ ਜਾਂ ਦੂਜੇ-ਤੀਜੇ ਨਸ਼ੇ ਵੀ ਚਲੇ ਜਾਂਦੇ ਹਨ। ਕਈਆਂ ਦੇ ਗਏ ਹਨ, ਪਰ
ਧਰਮ ਤੇ ਵਿਦਵਤਾ ਦਾ ਨਸ਼ਾ ਸਭ ਤੋਂ ਖਤਰਨਾਕ ਅਤੇ ਘਾਤਕ ਹੈ। ਇਨ੍ਹਾਂ ਦਾ ਸਬੰਧ ਕਿਉਂਕਿ
ਬਾਹਰ ਨਾਲ ਨਹੀਂ, ਬੰਦੇ ਦੇ ਅੰਦਰ ਨਾਲ ਹੀ ਹੈ। ਇਹ ਬੰਦੇ ਨੂੰ ਅੰਦਰੋਂ ਖਾਂਦਾ ਹੈ। ਇਸ
ਧਰਤੀ ਉਪਰ ਸਭ ਤੋਂ ਖਤਰਨਾਕ ਨਸ਼ੇੜੀ 'ਧਰਮੀ' ਅਤੇ 'ਗਿਆਨੀ' ਹਨ। ਦੁਨੀਆਂ ਦਾ ਇਤਿਹਾਸ ਇੰਝ
ਦਾ ਹੀ ਹੈ।
ਕਾਜ਼ੀ ਬਹੁਤ 'ਧਰਮੀ' ਸੀ, ਪਰ ਇਸਲਾਮ ਦੇ ਨਸ਼ੇ ਨੇ ਉਸ ਨੂੰ ਦਿੱਸਣੋਂ ਬੰਦ ਕਰ ਦਿੱਤਾ, ਕਿ
ਜੀਨ੍ਹਾ ਨੂੰ ਮੈਂ ਦੀਵਾਰਾਂ ਵਿਚ ਚਿਣ ਰਿਹਾ ਹਾਂ, ਉਮਰ ਕੀ ਹੈ ਉਨ੍ਹਾਂ ਦੀ। ਪੰਡਤ ਬੜਾ 'ਗੁਣੀਗਿਆਨੀ'
ਮੰਨਿਆ ਗਿਆ, ਪਰ ਉਸ ਆਖੇ ਜਾਂਦੇ ਸ਼ੂਦਰਾਂ ਦੀ ਓਹ ਜਹੀ-ਤਹੀ ਫੇਰੀ ਕਿ ਦੁਨੀਆਂ ਮੂੰਹ ਵਿੱਚ
ਉਂਗਲਾਂ ਪਾ ਗਈ! ਬਾਹਰ ਦਾ ਨਸ਼ਾ ਤਾਂ ਕੇਵਲ ਤੁਹਾਡਾ ਆਪਣਾ ਹੀ ਨੁਕਸਾਨ ਕਰਦਾ ਹੈ ਨਾ, ਪਰ
ਆਹ ਨਸ਼ੇ? ਇਨ੍ਹਾਂ ਦੁਨੀਆਂ ਤਬਾਹ ਕਰਕੇ ਰੱਖ ਦਿੱਤੀ।
ਗੁਰੂ ਸਾਹਿਬ ਇਸੇ ਲਈ ਮੈਨੂੰ ਵਾਰ-ਵਾਰ ਸਾਵਧਾਨ ਕਰਦੇ ਹਨ ਕਿ
ਬੱਅਚ! ਇਹ ਧਰਮੀ ਹੋਣ ਵਾਲਾ ਮੋੜ ਬੜਾ ਕਸੂਤਾ।
ਥੋੜਾ ਜਿਹਾ ਵੀ ਧਿਆਨ ਇਧਰ ਉਧਰ ਗਿਆ, ਤਾਂ ਗੱਡੀ ਪਲਟੀ ਸਮਝ। ਤੇ ਬਹੁਤੇ ਮੇਰੇ ਵਰਗਿਆਂ
ਦੀਆਂ ਗੱਡੀਆਂ ਪਲਟੀਆਂ ਹੋਈਆਂ ਹਨ। ਉਹ ਪਲਟੀਆਂ ਗੱਡੀਆਂ ਨੂੰ 'ਸਿਮਰਨ' ਦੀਆਂ ਦੇਹ ਰੇਸਾਂ
ਦਈ ਤੁਰੇ ਆ ਰਹੇ ਹਨ, ਪਰ ਪਹੁੰਚੇ ਉਹ ਮੇਰੇ ਵਰਗੇ 'ਨਿੰਦਕ' ਵਾਂਗ ਕਿਤੇ ਵੀ ਨਹੀਂ। ਮੈਂ
ਪਹੁੰਚ ਸਕਦਾ ਹੀ ਨਹੀਂ। ਕਿਵੇਂ ਪਹੁੰਚਾਂਗਾ। ਪਹੁੰਚਾਵਾਉਂਣ ਵਾਲੇ ਤਾਂ ਕਿਹਾ 'ਕੁਦਰਤ ਕੇ
ਸਭ ਬੰਦੇ' ਨੇ, ਪਰ ਮੈਂ ਕਿਹਾ ਨਹੀਂ! ਇਹ ਚੂਹੜਾ ਹੈ, ਇਹ ਚਮਾਰ ਹੈ, ਇਹ ਸ਼ੀਬਾ, ਨਾਈ,
ਝਿਉਰ। ਤੇ ਮੈਂ? ਮੈਂ ਜੱਟ? ਮੈਂ ਸਮਝ ਨਾ ਸਕਿਆ ਕਿ ਮੇਰੇ ਕੀ ਦੋ ਸਿਰ ਲੱਗੇ ਜਾਂ ਦੱਸ
ਬਾਹਾਂ ਲੱਗੀਆਂ? ਪਰ ਨਸ਼ਾ! ਜੱਟ ਹੋਣਾ ਦਾ ਨਸ਼ਾ! ਧਰਮੀ ਹੋਣ ਦਾ ਨਸ਼ਾ! ਵਿਦਵਾਨ ਹੋਣ ਦਾ ਨਸ਼ਾ!
ਅਜਿਹੇ ਨਸ਼ੇ ਜੇ ਮੇਰੇ ਵਿੱਚ ਨਾਂ ਹੁੰਦੇ ਤਾਂ ਕੌਮ ਮੇਰੀ ਕੋਈ
ਵਿਕਾਸ ਨਾ ਕਰਦੀ? ਮੈਂ ਦੂਜਿਆਂ ਨੂੰ ਆਪਣੇ ਨੇੜੇ ਨਾ ਲਾਉਂਦਾ? ਮੈਂ ਤਾਂ ਪ੍ਰਸਾਦ
ਲੈ ਕੇ ਚਿੜੀਆਂ ਨੂੰ ਪਾਉਂਣ ਤੁਰ ਪਿਆ, ਕਿ ਇਹ ਮੇਰੇ ਜੱਥੇ ਦੇ ਹੱਥਾਂ ਦਾ ਨਹੀਂ ਬਣਿਆ।
ਮੈਂ ਪੰਗਤ ਵਿਚ ਬੈਠ ਲੰਗਰ ਨਹੀਂ ਛੱਕ ਸਕਦਾ, ਕਿਉਂਕਿ ਇਹ 'ਬਿਬੇਕ' ਨਾਲ ਨਹੀਂ ਬਣਿਆ! ਨਸ਼ੇ
ਵਿਚ ਮੈਂ ਤਾਂ ਅਪਣੀ ਮਾਂ ਦੇ ਪਵਿੱਤਰ ਰਿਸ਼ਤੇ ਨਾਲੋਂ ਵੀ ਨਾਤਾ ਤੋੜ ਲਿਆ, ਕਿਉਂਕਿ ਉਹ
ਮੇਰੇ ਜਥੇ ਦੀ ਨਹੀਂ!! ਉਸ ਦੇ ਹੱਥ ਦਾ ਬਣਿਆ 'ਬਿਬੇਕੀ' ਨਹੀਂ! ਗੁਰੂ ਮੈਨੂੰ ਧਰਮ ਦੇ
ਨਾਂ ਤੇ ਨਸ਼ੇੜੀ ਹੋਣੋਂ ਬਚਾਉਂਦੇ ਹਨ, ਪਰ ਮੈਂ ਗੁਰੂ ਦੇ ਨਾਂ 'ਤੇ ਹੀ ਨਸ਼ਈ ਹੋ ਗਿਆ। ਤੇ
ਚੱਕ ਡਾਂਗਾਂ ਲਈਆਂ ਆਪਣੇ ਵਿਰੁਧ ਗੱਲ ਕਰਨ ਵਾਲੇ ਖਿਲਾਫ। ਨਸ਼ਈ ਹੀ ਇੰਝ ਲੜਦੇ ਹਨ ਨਾ।
ਕਿਸੇ ਗੱਲ ਕਹੀ, ਮਾਰਿਆ ਲਲਕਾਰਾ ਤੇ ਚਲ ਡਾਂਗੋ-ਡਾਂਗੀ??
ਯਾਦ ਰਹੇ ਕਿ ਧਰਮ ਆਪਣੇ ਆਪ ਵਿਚ ਨਸ਼ਾ ਨਹੀਂ, ਜਿਵੇਂ
ਕਾਮਰੇਡ ਕਹਿੰਦੇ ਰਹੇ, ਬਲਕਿ ਤੁਸੀਂ ਧਰਮ ਨੂੰ ਲੈਂਦੇ ਕਿਹੜੇ ਅਰਥਾਂ ਵਿਚ ਹੋ, ਇਹ ਗੱਲ
ਅਰਥ ਰੱਖਦੀ ਹੈ।