ਚਿਰ ਦੀ ਗੱਲ ਹੈ ਵੈਨਕੁਵਰ ਦੀ। ਸਰੀ ਪਾਰਕ ਵਿਚ ਬਾਬਿਆਂ ਦੀ ਮਹਿਫਲ
ਲੱਗੀ ਹੁੰਦੀ ਸੀ। ਇੱਕ ਵਾਰ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਮੈਂ ਤੇ ਮੇਰਾ ਇੱਕ ਮਿੱਤਰ
ਵੀ ਉਨ੍ਹਾਂ ਦੀ ਮਹਿਫਲ ਵਿਚ ਜਾ ਬੈਠੇ। ਸਾਡੇ ਗਿਆਂ ਥੋੜਾ ਜਿਹਾ ਉਨ੍ਹਾਂ ਦੀਆਂ ਗੱਲਾਂ
ਵਿਚ ਵਿਘਨ ਪਿਆ, ਪਰ ਛੇਤੀ ਹੀ ਉਹ ਅਪਣੀ ਵਿਚੇ ਛੱਡੀ ਮਿੱਟੀ ਫਿਰ ਤੋਂ ਫਰੋਲਣ ਲੱਗ ਪਏ।
ਇੱਕ ਬਾਬਾ ਗੱਲਾਂ ਕਰੀ ਜਾਵੇ ਉਹ ਦੂਜੇ ਨੂੰ ਹੈਰਾਨ ਕਰਨ ਵਾਂਗ ਕਹਿੰਦਾ, ਲੈ ਔਰਤ ਦਾ ਕੀ
ਏ ਤੂੰ ਕੇਰਾਂ ਕਿਸੇ ਔਰਤ ਦੇ ਪੈਰ ਦੀ ਮਿੱਟੀ ਤਾਂ ਲੈ ਕੇ ਤੈਨੂੰ ਅਜਿਹਾ ਟੂਣਾ ਕਰ ਕੇ ਦਊਂ,
ਕਿ ਤੇਰੇ ਮਗਰ ਮਗਰ ਨਾ ਦੌੜੀ ਤਾਂ...
ਉਥੇ ਬੈਠਿਆਂ ਦੀਆਂ ਉਮਰਾਂ ਅਤੇ ਚਿੱਟੀਆਂ ਦਾਹੜੀਆਂ ਤੋਂ ਜਾਪਦਾ ਸੀ ਬੁਝੀ ਅੱਗ ਵਿਚ ਫੂਕਾਂ
ਮਾਰ ਕੇ ਕਿਸੇ ਚੰਗਾਰੀ ਬਲਣ ਦੀ ਉਮੀਦ ਇਹ ਹਾਲੇ ਵੀ ਲਾਈ ਬੈਠੇ ਹਨ, ਪਰ ਕਮਲਿਆਂ ਨੂੰ ਪਤਾ
ਨਹੀਂ ਕਿ ਸਮੇਂ ਦੇ ਸਵਾਹ ਕੀਤੇ ਢੇਰ ਵਿਚੋਂ ਵੀ ਕਦੇ ਚੰਗਾੜੇ ਉੱਠੇ? ਬੰਦਾ ਅਪਣੀ ਆਖਰੀ
ਉਮਰ ਤੱਕ ਮੰਨਣ ਲਈ ਤਿਆਰ ਨਹੀਂ ਹੁੰਦਾ, ਕਿ ਜਵਾਨੀ ਵਾਲੀ ਅੱਗ ਬੁੱਝ ਚੁੱਕੀ ਹੁਣ ਮਿੱਟੀ
ਨੂੰ ਫਰੋਲ ਕੇ ਆਪਣਾ ਮੂੰਹ ਕਾਲਾ ਨਾ ਕਰਾਂ।
ਜਿੰਦਗੀ
ਦੇ ਤਿੰਨ ਰੰਗ ਬਹੁਤ ਗੂਹੜੇ ਹੁੰਦੇ, ਜਿਸ ਵਿਚੋਂ ਜਵਾਨੀ ਅਤੇ ਹੁਸਨ ਦੇ ਰੰਗਾਂ ਨੂੰ ਤਾਂ
ਬੰਦਾ ਬਕਸੇ ਵਿਚ ਪੈਣ ਤੱਕ ਝੂਰਦਾ ਹੈ।
ਹਸਪਤਾਲ ਦੀ ਐਂਮਰਜੈਂਸੀ ਵਿੱਚ ਇੱਕ ਬੁੱਢੀ ਔਰਤ ਵੀਲ-ਚੇਅਰ 'ਤੇ ਬੈਠੀ ਹੈ।
ਕਈ ਤਰ੍ਹਾਂ ਦੀ ਟੂਟੀਆਂ ਜਿਹੀਆਂ ਉਸ ਦੇ ਲੱਗੀਆਂ ਸਨ। ਲੱਤਾਂ
ਉਸ ਦੀਆਂ ਸਾਰੀ ਉਮਰ 'ਵੈਕਸਿੰਗ' ਦੀ ਪੁੱਠ ਸਿੱਧ ਜਿਹੀ ਨਾਲ ਜਿਵੇਂ ਗਲ ਜਿਹੀਆਂ ਚੁੱਕੀਆਂ
ਨੇ, ਪਰ ਹੈਰਾਨੀ ਦੀ ਗੱਲ ਕਿ ਝੁਰੜੇ ਹੋਏ ਬੁੱਲਾਂ ਉਪਰ ਉਹ ਹਾਲੇ ਵੀ ਲਿਪਸਟਿਕ ਲਾਈ ਬੈਠੀ
ਹੈ? ਇਹ ਮਿੱਟੀ ਫਰੋਲਣ ਦਾ ਉਸ ਦਾ ਜਿਵੇਂ ਆਖਰੀ ਜਿਹਾ ਤਰਲਾ ਸੀ ਕਿ ਸ਼ਾਇਦ...?
ਬਹੁਤੇ ਬੰਦੇ ਤੁਸੀਂ ਦੇਖੇ ਹੋਣੇ ਆਖਰੀ ਸਮੇਂ ਤੱਕ ਵੀ ਦਾਹੜੀ
ਕਾਲੀ ਕਰੀ ਰੱਖਦੇ, ਪਰ ਹੇਠੋਂ ਝੁਰੜੀਆਂ ਮੂੰਹ ਚੁਲਗੀਆਂ ਕਰ ਕਰ ਬਾਹਰ ਆਉਂਦਾ ਕਿ ਦੁਹਾਈ
ਰੱਬ ਦੀ ਬੱਅਸ ਕਰ ਯਾਰ। ਹਿੰਦੋਸਤਾਨ ਦੇ ਰਾਸ਼ਟਰਪਤੀ 'ਗਿਆਨੀ' ਜੈਲ ਸਿੰਘ ਨੇ ਮਰਨ
ਤੱਕ ਮੂੰਹ ਕਾਲਾ ਕਰਨਾ ਨਹੀਂ ਛੱਡਿਆ। ਯਾਣੀ ਬੰਦਾ ਆਖਰੀ ਸਾਹ ਤੱਕ ਮਿੱਟੀ ਫਰੋਲਦਾ ਰਹਿੰਦਾ
ਕਿ ਸ਼ਾਇਦ ਕੋਈ ਚੰਗਾੜੀ ਮੱਘਦੀ ਰਹਿ ਜਾਏ, ਭੁਲੇਖੇ ਵਿੱਚ ਹੀ ਸਹੀ?
ਬੇਸ਼ਕ ਉਸ ਨੂੰ ਖੁਦ ਨੂੰ ਪਤਾ ਲੱਗ ਚੁੱਕਾ ਹੁੰਦਾ ਕਿ ਦੇਹ ਦੇ
ਢੇਰ ਵਿਚੋਂ ਅੱਗਾਂ ਬੁੱਝ ਚੁੱਕੀਆਂ, ਪਰ ਉਹ ਅਪਣਾ ਮੂੰਹ ਕਾਲਾ ਦਿਖਾ ਕੇ ਲੋਕਾਂ ਵਿਚ
ਭੁਲੇਖਾ ਬਣਾਈ ਰੱਖਣਾ ਚਾਹੁੰਦਾ ਹੁੰਦਾ ਕਿ 'ਹਾਲੇ ਅੱਗ ਬਲਦੀ ਹੈ'?
ਤੁਸੀਂ ਕਿਸੇ ਕਰੜਬਰੜੀ ਦਾਹੜੀ ਵਾਲੇ ਨੂੰ ਅੰਕਲ ਕਹਿ ਦਿਓ ਤੇ ਕਿਸੇ ਪੂਰੀ ਚਿੱਟੀ ਵਾਲੇ
ਨੂੰ ਬਾਪੂ! ਕਈ ਜਵਾਨ ਨਿਆਣੇ ਲਈ ਫਿਰਦੀਆਂ ਮਾਈਆਂ ਨੂੰ ਦੂਜੇ ਨੂੰ ਅੰਕਲ ਕਹਿਕੇ ਬੜਾ
ਸਵਾਦ ਆਉਂਦਾ ਤੇ ਆਪਣੇ ਨਿਆਣਿਆਂ ਵਰਗਿਆਂ ਨੂੰ ਵੀਰ ਜੀ? ਇਹ
ਸਭ ਕੀ ਹੈ? ਮੈਂ ਮਿੱਟੀ ਹੀ ਤਾਂ ਫਰੋਲ ਰਿਹਾਂ। ਮੈਂ ਅਪਣੇ ਅੰਦਰਲੀ ਬੁੱਝ ਚੁੱਕੀ
ਅੱਗ ਦਾ ਇੰਝ ਵਰਗੇ ਸ਼ੋਸ਼ੇ ਵੋਸ਼ੇ ਜਿਹੇ ਕਰਕੇ ਭੁਲੇਖਾ ਬਣਾਈ ਰੱਖਣਾ ਚਾਹੁੰਦਾ ਹੁੰਦਾ। ਇੰਝ
ਮੈਂ ਅਪਣੇ ਦੁਆਲੇ ਭੁਲੇਖੇ ਦਾ ਬੜਾ ਵੱਡਾ ਜਾਲ ਬੁਣ ਲੈਂਦਾ ਹਾਂ ਤੇ ਇਸੇ ਜਾਲ ਵਿਚ ਫਸੀ
ਤੁਰਿਆ ਜਾਂਦਾ ਹਾਂ। ਕਾਲੇ, ਭੂਰੇ, ਚਿੱਟੇ, ਬੱਗੇ ਸਭ ਇਸ ਜਾਲ ਦਾ ਹੀ ਤਾਂ ਹਿੱਸਾ ਹਨ।
ਚਿੱਟੇ ਲੁਕਾਉਂਣਾ ਚਾਹੁੰਦਾ ਤੇ ਕਾਲੇ ਦਿਖਾਉਂਣਾ।
ਮਿੱਟੀ ਫਰੋਲਣ ਤੁਰਿਆ ਹਾਂ, ਪਰ ਮਿੱਟੀ ਵਿਚੋਂ ਚੰਗਾਰੀਆਂ ਕਿੱਥੇ। ਸਮੇਂ ਨਾਲ ਤੁਰਦਾ ਬੰਦਾ
ਸੋਹਣਾ ਤੇ ਦਾਨਾ ਜਾਪਦਾ, ਪਰ ਸਮੇਂ ਦੇ ਵਿਪਰੀਤ ਜਾ ਕੇ ਮਿੱਟੀ ਵਿਚ ਫੂਕਾਂ ਮਾਰਨ ਨਾਲ
ਤਾਂ ਸਵਾਹ ਹੀ ਪੈਂਦੀ। ਇਹ ਸਵਾਹ ਹੀ ਤਾਂ ਪੈਣ ਹੁੰਦੀ, ਜਦ ਤੁਹਾਡੇ ਮੂੰਹ ਉਪਰ ਪੋਚਿਆ
ਕਾਲਾ ਰੰਗ ਮੈਚ ਹੀ ਨਹੀਂ ਕਰਦਾ ਹੁੰਦਾ ਤੇ ਦੇਖਣ ਵਾਲਾ ਕਹੇ ਚਾਹੇ ਕੁੱਝ ਨਾ, ਪਰ ਅੰਦਰੇ
ਅੰਦਰ ਉਹ ਤੁਹਾਡੇ ਉਪਰ ਸਵਾਹ ਹੀ ਪਾ ਰਿਹਾ ਹੁੰਦਾ, ਕਿ ਇਸ 'ਚੌਰੇ' ਨੂੰ ਕਿਧਰ ਦੀ ਜਵਾਨੀ
ਚੜੀ ਹੋਈ।
ਮਨੁੱਖ ਅੰਦਰਲਾ ਪਸ਼ੂ ਅੰਤ ਤੱਕ ਨਹੀਂ ਮਰਦਾ। ਬੰਦਾ
ਜਿਉਂ ਜਿਉਂ ਮੌਤ ਵਲ ਵੱਧ ਰਿਹਾ, ਹੁੰਦਾ ਅੰਦਰਲੀਆਂ ਵਾਸ਼ਨਾਵਾਂ ਹੋਰ ਬਲਵਾਨ ਹੋਈ ਜਾਂਦੀਆਂ।
ਦਰਅਸਲ ਦੇਹ ਦੇ ਜੋਰ ਵੇਲੇ ਉਹ ਆਪਣੇ ਇਸ ਪਸ਼ੂ ਨੂੰ ਕਿਸੇ ਆਹਰ ਜਾਂ ਕੰਮੇ ਲਾ ਛੱਡਦਾ ਹੁੰਦਾ,
ਪਰ ਹੁਣ ਬੁਢਾਪਾ ਵਿਹਲਾ ਹੋ ਬੈਠਾ। ਦੇਹ ਇੱਕ ਤਾਂ ਵਿਹਲੀ ਹੋ ਬੈਠੀ, ਦੂਜਾ ਇਸ ਵਿਚ
ਸੱਤਿਆ ਨਾ ਰਹੀ। ਉਪਰੋਂ ਬੰਦਾ ਬੁੱਢਾ ਹੁੰਦਾ ਅੰਦਰੋਂ ਤਾਂ ਨਹੀਂ! ਤੁਸੀਂ ਦੱਸੋ ਮਨ ਕਦੇ
ਬੁੱਢਾ ਹੁੰਦਾ? ਮਨ ਤਾਂ ਸਗੋਂ ਹੋਰ ਜਵਾਨ ਹੋ ਰਿਹਾ ਹੁੰਦਾ। ਜਵਾਨ ਮਨ ਦੀਆਂ ਲਾਲਸਾਵਾਂ
ਵੀ ਤਾਂ ਜਵਾਨ ਹੀ ਹੋਣਗੀਆਂ। ਮਾਲ ਵਿੱਚ ਤੁਰਿਆ ਜਾਂਦਾ ਜਾਂ ਬੱਸ ਅੱਡੇ ਖੜਿਆ ਬੁੱਢਾ ਜਦ
ਕਿਸੇ ਦੀਆਂ ਚਿੱਟੀਆਂ ਨੰਗੀਆਂ ਲੱਤਾਂ ਵਲ ਵੇਖਦਾ ਹੈ, ਤਾਂ ਤੁਸੀਂ ਅਸੀਂ ਸ਼ਰਮ ਬਾਰੇ ਸੋਚਦੇਂ,
ਕਿਉਂਕਿ ਤੁਸੀਂ ਉਸ ਨੂੰ ਉਪਰੋਂ ਵੇਖ ਰਹੇ ਹੁੰਦੇ, ਉਸ ਦੀ ਦੇਹ ਨੂੰ ਪਰ ਉਪਰ ਨਾਲ ਤਾਂ ਉਸ
ਦੇ ਅੰਦਰਲੇ ਦਾ ਕੋਈ ਤਾਲ ਮੇਲ ਹੀ ਨਹੀਂ। ਇਸ ਚਲ ਰਹੀ ਖੇਡ ਦਾ ਸਬੰਧ ਦੇਹ ਨਾਲ ਥੋੜੋਂ
ਹੁੰਦਾ, ਇਹ ਤਾਂ ਅੰਦਰ ਜਵਾਨ ਹੋ ਰਹੇ ਮਨ ਦੀਆਂ ਲਾਲਸਾਵਾਂ ਮਿੱਟੀ ਫਰੋਲ ਰਹੀਆਂ ਹੁੰਦੀਆਂ।
ਦੇਹ ਦੇ ਨਾਲ ਜਿੰਨਾਂ ਚਿਰ ਮਨ ਦਾਨਾ ਹੋਣ ਵਲ ਨਹੀਂ ਤੁਰਦਾ, ਉਨੀਂ ਦੇਰ ਉਹ ਅਜਿਹੀ ਝੱਖ
ਖਲਾਰੇਗਾ ਹੀ ਖਲਾਰੇਗਾ। ਉਹ ਮਿੱਟੀ ਫਰੋਲੇਗਾ ਹੀ ਕਿ ਸ਼ਾਇਦ ਕੋਈ ਚੰਗਾਰੀ ਬੱਚੀ ਰਹਿ ਗਈ
ਹੋਵੇ, ਪਰ ਕਮਲਿਆ ਜਵਾਨੀ ਦੇ ਗੁਆਚੇ ਲਾਲ ਬੁਢੇਪੇ ਦੀ ਮਿੱਟੀ ਵਿਚ ਕਦ ਲੱਭੇ!
ਲੱਭੇ?