Share on Facebook

Main News Page

ਸੰਸਾਰ ਰੋਗੀ...!
-: ਗੁਰਦੇਵ ਸਿੰਘ ਸੱਧੇਵਾਲੀਆ

ਸੰਸਾਰ ਰੋਗੀ ਹੈ ਦੇਹ ਕਰਕੇ ਵੀ ਅਤੇ ਵਿਚਾਰ ਕਰਕੇ ਵੀਵਿਚਾਰ ਵਿੱਚ ਕੋਈ ਸਹਿਜ ਨਹੀਂ, ਸ਼ਹਿਣਸ਼ੀਲਤਾ ਨਹੀਂ, ਗਹਿਰਾਈ ਨਹੀਂ, ਐਵੇਂ ਉਪਰ ਜਿਹੇ ਫਿਰਦਾ। ਹੁਣ ਵਾਲਾ ਸੰਸਾਰ ਤਾਂ ਐਵੇਂ ਉਤੇ ਜਿਹੇ ਫਿਰਦਾ। ਮਾੜੀ ਜਿਹੀ ਛੱਲ ਵੱਜੀ ਤੇਰੀ ਬੇੜੀ ਕਿਸੇ ਪਾਸੇ ਮੇਰੀ ਕਿਸੇ! ਤੂੰ ਤੂੰ ਮੈਂ ਮੈਂ ਹੋਈ ਤੇ ਚਲ ਵਕੀਲਾਂ ਦੇ। ਬੰਦਾ ਘਰਵਾਲੀ ਉਡੀਕ ਰਿਹਾ ਹੁੰਦਾ ਕਿ ਚਲ ਲੜ ਕੇ ਚਾਰ ਦਿਨ ਪੇਕੀ ਗਈ ਆਜੂ, ਪਰ ਉਥੈ ਹੋਰ ਹੀ ਕੁਝ ਆਇਆ ਹੁੰਦਾ! ਯਾਣੀ 'ਡਾਇਵੋਰਸ ਪੇਪਰ'! ਹਾਲੇ ਕੱਲ ਮਾਅਰ ਵਿਆਹ ਵਾਲੇ ਦਿਨ ਦੀਆਂ 'ਮੈਚਿੰਗਾਂ' ਕਰ ਰਹੇ ਹੁੰਦੇ, ਵਿਆਹ ਤੇ ਇਕੱਠੈ ਨੱਚਣ ਦੀਆਂ ਜਾਚਾਂ ਸਿੱਖ ਰਹੇ ਹੁੰਦੇ ਤੇ ਅੱਜ ਚਲੋ ਜੀ ਤੁਸੀਂ ਅਪਣੇ ਘਰ ਤੇ ਅਸੀਂ ਆਪਣੇ! ਪਿਉਆਂ ਨੇ ਹਾਲੇ ਵਿਆਹ ਉਪਰ ਕੀਤੇ ਵਾਯਾਤ ਖਰਚੇ ਦਾ ਕਰਜਾ ਵੀ ਨਹੀਂ ਲਾਹਿਆ ਹੁੰਦਾ ਤੇ ਮੁੰਡਾ ਕੁੜੀ ਫਿਰ ਸਰ੍ਹਾਂਣੇ!

ਕੁੱਝ ਵੀ ਠੋਸਤਾ ਨਹੀਂ ਸੰਸਾਰ ਵਿੱਚ। ਨਾ ਵਿਚਾਰਾਂ ਵਿਚ ਨਾ ਦੇਹ ਵਿਚ। ਦੇਹ ਵੀ ਐਵੈਂ ਚਲਾਵੀਂ ਜਿਹੀ। ਬੇਸੁਰਾ ਢਿੱਡ, ਵਿੰਗੀਆਂ ਲੱਤਾਂ ਤੇ ਉਪਰ ਮਾਅਰ ਟਾਈ ਕੋਟ! ਉਪਰ 40 ਹਜਾਰ ਵਾਲਾ ਸੂਟ, 4 ਹਜਾਰ ਵਾਲੀ ਚੁੰਨੀ ਤੇ ਹੇਠਾਂ ਦੇਹ? ਪੰਜਾਹਾਂ ਵਿਚ ਹੀ ਗੋਡਿਆਂ ਦੀ ਬੱਅਸ! ਗੋਡੇ ਕੀ ਕਰਨ ਜਿਹੜੇ ਭਾਰ 60-70 ਕਿੱਲੋ ਚੁਕਣ ਲਈ ਸਨ, ਪਰ ਧੂਹੀ ਫਿਰਦੇ ਕੁਵਿੰਟਲ ਦੇਹੀ? ਉਹ ਛੇਤੀ ਹੀ ਗੱਡੇ ਦੇ ਪਹੀਆਂ ਵਾਂਗ ਚੀਕਣ ਲੱਗ ਜਾਂਦੇ ਤੇ ਬਾਕੀ ਅੱਧੀ ਉਮਰ ਬੰਦੇ ਦੀ ਫਿਰ ਚੀਕਾਂ ਮਾਰਦਿਆਂ ਹੀ ਲੰਘਦੀ!

ਦੇਹ ਬੇਸ਼ੱਕ ਚਲਾਏ ਮਾਨ ਹੈ, ਪਰ ਜਿੰਨਾ ਚਿਰ ਜਿਉਂਦਾ ਉਨਾ ਚਿਰ ਤਾਂ ਇਸ ਵਲ ਧਿਆਨ ਦੇਹ। ਇਸ ਨੇ ਤੇਰੇ ਪੂਰੇ ਜੀਵਨ ਦੇ ਗੱਡੇ ਨੂੰ ਖਿੱਚਣਾ, ਪਰ ਤੂੰ ਇਸ ਨੂੰ ਚੱਤੋਂ-ਪਹਿਰ ਚਰਦੇ ਰਹਿਣ ਵਾਲਾ ਪਸ਼ੂ ਕਰ ਰੱਖਿਆ। ਪਸ਼ੂ ਵੀ ਹਾਲੇ ਇੰਝ ਨਹੀਂ ਚਰਦੇ ਜਿਵੇਂ ਬੰਦਾ! ਇਨਾ ਕੂੜਾਂ ਤਾਂ ਦਿਹਾੜੀ ਵਿੱਚ ਗਾਰਬੇਜ ਨਹੀਂ ਸੁੱਟਦੇ, ਜਿੰਨਾ ਅਸੀਂ ਦੇਹ ਅੰਦਰ! ਸੰਸਾਰ ਅੰਦਰ ਉਨੇ ਲੋਕ ਭੁੱਖੇ ਨਹੀਂ ਮਰ ਰਹੇ, ਜਿੰਨੇ ਰੱਜ ਕੇ। ਤੂੜੀ ਜਾਣਾ, ਤੂੜੀ ਜਾਣਾ! ਬੰਦਾ ਬੀਮਾਰੀਆਂ ਨਾਲ ਹਾਲ ਪਾਹਰਿਆ ਵੀ ਕਰੀ ਜਾਂਦਾ, ਪਰ ਮੂੰਹ ਦਾ ਟੋਕਾ ਸਾਰਾ ਦਿਨ ਕੁਤਰਨੋ ਨਹੀਂ ਹਟਦਾ! ਕਅਰਚ ਕਅਰਚ ਸਾਰਾ ਦਿਨ ਅੰਨ ਦੇ ਪੜਛੇ ਲਾਹੀ ਤੁਰਾ ਜਾਂਦਾ। ਚਲ ਜੇ ਨਹੀਂ ਥਾਂ ਬਚੀ ਢਿਡ ਅੰਦਰ, ਤਾਂ ਚਾਹ ਹੀ ਕੱਪ ਸੁੱਟੋ ਉਹ ਤਾਂ ਐਵੇਂ ਵਿੱਥਾਂ ਵਿੱਚਦੀ ਲੰਘ ਜਾਣੀ, ਉਸ ਲਈ ਕਿਹੜੀ ਥਾਂ ਦੀ ਜ਼ਰੂਰਤ। ਪੰਜਾਬ ਵਾਲੇ ਦਿਨ ਵਿਚ 8-8 ਵਾਰੀ ਚਾਹ ਪੀ ਜਾਂਦੇ। ਚਾਹ ਆ ਰਹੀ, ਚਾਹ ਜਾ ਰਹੀ, ਚਾਹ ਰਿੱਝ ਰਹੀ, ਚਾਹ ਬਣ ਰਹੀ! ਫਿਰ ਹੋਰ ਕਿ ਬੰਦਾ ਵਿਚੇ ਗੋਲੀਆਂ ਚੱਬੀ ਜਾਂਦਾ ਆਹ ਸ਼ੂਗਰ ਦੀ, ਆਹ ਬਲੱਡ ਦੀ, ਆਹ ਕਲੈਸਟਰੌਲ ਦੀ ਤੇ ਆਹ ਕੋਈ ਕਾਹਦੀ, ਪਰ ਵਿਚੇ ਸਮੋਸੇ, ਪਕੌੜੇ, ਪੀਜੇ ਕੋਕਾਂ ਦੀ ਜਹੀ ਤਹੀ ਫੇਰੀ ਜਾਂਦਾ।

ਪਕੌੜਿਆਂ ਤੋਂ ਗੱਲ ਯਾਦ ਆਈ। ਤੁਸੀਂ ਗੁਰਦੁਆਰਿਆਂ ਵਿਚ ਲੋਕੀਂ ਪਕੌੜੇ ਖਾਂਦੇ ਵੇਖੇ? ਪੂਰਾਂ ਦੇ ਪੂਰ ਖੱਪ ਜਾਂਦੇ ਪਕੌੜਿਆਂ ਦੇ ਤੇ ਨੱਕੋ ਨੱਕ ਪਲੇਟਾਂ ਵੇਖਣ ਵਾਲੀਆਂ ਹੁੰਦੀਆਂ। ਇੱਕ ਵਾਰੀ ਦੀ ਗੱਲ ਹੈ। ਲੰਗਰ ਵਿਚ ਮੈਂ ਵੀ ਚਾਹ ਪੀ ਰਿਹਾ ਸੀ। ਇੱਕ ਅੱਧਖੜ ਭਾਈ ਪਕੌੜਿਆਂ ਦੀ ਪੰਜਾਬ ਦੇ ਤੂੜੀ ਵਾਲੇ ਲੱਦੇ ਟਰੱਕਾਂ ਵਰਗੀ 'ਓਵਰਲ੍ਹੋਡ' ਪਲੇਟ ਲੈ ਕੇ ਮੇਰੇ ਸਾਹਵੇਂ ਆ ਕੇ ਬੈਠ ਗਿਆ। ਉਸ ਦੂਹਰਾ ਗੇੜਾ ਮਾਰਨ ਖੁਣੋਂ ਜਾਂ ਉਦੋਂ ਤਾਈਂ ਮੁੱਕ ਜਾਣ ਡਰੋਂ ਵਿਚੇ ਹੀ ਜਲੇਬ ਪਾਏ ਤੇ ਵਿਚੇ ਹੀ ਵੇਸਣ ਘਸੋਰਿਆ ਹੋਇਆ, ਤੇ ਵਿਚੇ ਹੀ ਦੋ ਰਸਗੁੱਲੇ। ਚਲੋ ਜੀ ਉਹ ਹੋ ਗਿਆ ਸ਼ੁਰੂ। ਪਲੇਟ ਜਦ ਵਾਹਵਾ ਹੇਠਾਂ ਚਲੇ ਗਈ ਤਾਂ ਉਹ ਅੰਡਿਆਂ ਤੇ ਬੈਠੀ ਕੁਕੜੀ ਵਾਂਗ ਪਾਸੇ ਜਿਹੇ ਮਾਰਨ ਲੱਗ ਗਿਆ। ਮੈਨੂੰ ਲੱਗਾ ਹੁਣ ਇਸ ਦੀ ਬੱਸ ਹੋਣ ਨੂੰ ਫਿਰਦੀ ਤੇ ਇਹ ਬਹਿ ਬਹਿ ਕੇ ਨਿਕਲਣ ਨੂੰ ਫਿਰਦਾ, ਪਰ ਜੂਠਾ ਛੱਡਣ ਦੀ ਸ਼ਰਮੋ ਉੱਠ ਨਹੀਂ ਸੀ ਰਿਹਾ। ਪਲੇਟ ਵਾਕਿਆ ਹੀ ਵਿਹਰ ਗਈ ਸੀ ਤੇ ਉਸ ਟੋਕੇ ਦੀ ਚਾਲ ਬਰੀਕ ਕਰ ਲਈ ਸੀ ਕਿ ਚਲੋ ਮੈਂ ਉਠਦਾ ਹੋਜੂਂ ਨਿਕਲ ਲਾਂ ਗੇ। ਪਰ ਮੇਰਾ ਵੀ ਮਨ ਉਸ ਦਾ ਤਮਾਸ਼ਾ ਦੇਖਣ ਨੂੰ ਕਰ ਆਇਆ ਕਿ ਹੁਣ ਪਲੇਟ ਨਾਲ ਕਰੂ ਕੀ? ਵੇਸਣ ਅਤੇ ਰਸਗੁੱਲੇ ਯਾਣੀ ਪੋਲਾ ਮਾਲ ਤਾਂ ਉਹ ਬਹਿੰਦਾ ਹੀ ਮੋਟੀ ਚਾਲੇ ਚੁੱਕ ਗਿਆ। ਪਕੌੜਿਆਂ ਨੂੰ ਵੀ ਉਸ ਕਾਫੀ ਮੱਤ ਦਿੱਤੀ ਸੀ, ਪਰ ਉਹ ਭਰ ਹੀ ਜਿਆਦਾ ਲਿਆਇਆ ਸੀ। ਉਸ ਦੀ ਹੁਣ ਕੋਈ ਵਾਹ ਨਾ ਸੀ ਜਾ ਰਹੀ ਤੇ ਉਧਰ ਮੈਂ ਨਹੀਂ ਸਾਂ ਉੱਠ ਰਿਹਾ। ਜਦ ਬਰੀਕ ਚਾਲੇ ਵੀ ਢਿੱਡ ਨੇ ਨਾਹ ਕਰ ਦਿੱਤੀ ਅਤੇ ਰੱਜ ਕੇ ਉਸ ਦੇ ਆਨੇ ਨਿਕਲਣ ਵਾਲੇ ਹੋ ਗਏ ਅਤੇ ਪਾਸੇ ਮਾਰਿਆਂ ਵੀ ਥਾਂ ਨਹੀਂ ਸੀ ਬਣ ਰਹੀ, ਤਾਂ ਉਹ ਆਸਾ ਪਾਸਾ ਜਿਹਾ ਵੇਖ ਵਿਹਰੇ ਪਕੌੜਿਆਂ ਦੀ ਪਲੇਟ ਲੈ ਕੇ ਗਾਰਬੇਜ ਵੰਨੀ ਤੁਰਿਆ ਜਾਂਦਾ ਇੰਝ ਲੱਗਦਾ ਸੀ ਜਿਵੇਂ ਬਾਹਲਾ ਛਟਾਲਾ ਚਰ ਜਾਣ ਤੇ ਢੱਗੇ ਦੇ ਫੂਅ ਹੋਈ ਹੋਵੇ। ਇਥੇ ਹੁਣ ਦੇਹ ਕੀ ਕਰੂ। ਬੰਦਾ ਰੋਗੀ ਨਾ ਹੋਊ ਤਾਂ ਕੀ ਕਰੂ। ਗੁਰਦੁਆਰੇ ਵਾਲਿਆਂ ਦੀ ਤਾਂ ਮਜਬੂਰੀ ਹੈ ਕਿ ਉਨੀ ਆਪਣੇ ਗਾਹਕ ਬਣਾਈ ਰੱਖਣ ਲਈ ਗਰਮ ਪਕੌੜਿਆਂ ਦੀ ਸ਼ਹਿਬਰ ਲਾਈ ਰੱਖਣੀ, ਪਰ ਤੁਹਾਡਾ ਢਿੱਡ ਤਾਂ ਅਪਣਾ ਨਾ!

ਇਹੀ ਹਾਲ ਅਪਣੇ ਗਰੰਥੀਆਂ ਭਾਈਆਂ ਦਾ ਹੈ, ਜਿੰਨੀ ਤੁਹਾਨੂੰ ਸਾਨੂੰ ਅਕਲ ਦੇਣੀ। ਉਹ ਸਚਖੰਡ, ਬੈਕੁੰਠ, ਦਰਗਾਹ ਦੀਆਂ ਗੱਲਾਂ ਬਹੁਤ ਸੁਣਾਈ ਜਾਣਗੇ, ਪਰ ਇਸ ਧਰਤੀ ਤੇ ਬੰਦਿਆਂ ਵਾਂਗ ਰਹਿਣ ਦੀ ਗੱਲ ਨਹੀਂ ਕਰਦੇ, ਖਾਸ ਕਰ ਆਪਣੀ ਸਿਹਤ ਅਤੇ ਦੇਹ ਬਾਰੇ ਤਾਂ ਬਿੱਲਕੁਲ ਨਹੀਂ। ਕਾਰਨ ਕਿ ਉਨ੍ਹਾਂ ਦਾ ਖੁਦ ਦਾ ਬੁਰਾ ਹਾਲ ਹੈ। ਢਿੱਡ ਉਨ੍ਹਾਂ ਦੇ ਦੀ ਵੀ ਮੱਤ ਵੱਜੀ ਰਹਿੰਦੀ। ਤੂੜਦੇ ਹੀ ਇਨਾ ਤੇ ਕੰਮ ਉਪਰੋਂ ਬੈਠਣ ਦਾ। ਉਹ ਜਦ ਖਾਲਸਾ ਅਕਾਲ ਪੁਰਖ ਕੀ ਫੌਜ ਕਹਿ ਰਹੇ ਹੁੰਦੇ, ਉਂਝ ਹੀ ਹਾਸਾ ਆ ਜਾਂਦਾ ਕਿ ਫੌਜਾਂ ਇੰਝ ਦੀਆਂ ਹੁੰਦੀਆਂ?

ਸੰਸਾਰ ਰੋਗੀ ਹੈ, ਕਿਉਂਕਿ ਉਸ ਨੇ ਅਪਣੇ ਵਿਚਾਰ ਵੀ ਰੋਗੀ ਕਰ ਲਏ ਹਨ। ਉਹ ਜੋ ਵੇਖਦਾ ਹੈ, ਸੁਣਦਾ ਹੈ, ਸਭ ਰੋਗੀ ਤਾਂ ਕਰਨ ਵਾਲਾ। ਤੁਹਾਡੇ ਵਿਆਹਾਂ ਤੇ ਕੀ ਹੁੰਦਾ? ਕੋਈ ਬੰਦਿਆਂ ਵਾਲੀ ਗੱਲ ਜਾਪਦੀ ਹੁੰਦੀ ਉਥੇ? ਉਹ ਕਹਿੰਦੇ ਤੁਸੀਂ ਆ ਕਿਵੇਂ ਗਏ ਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਕੰਨਾ ਕੋਲੋਂ ਬਦਲਾ ਕਿਵੇਂ ਲੈਣਾ! ਤੇ ਵਾਯਾਤ ਸ਼ਰਾਬ? ਅਸੀਂ ਹਰੇਕ ਖੁਸ਼ੀਂ ਮੌਕੇ ਮੂਰਖ ਹੋਣ ਦੇ ਮੌਕੇ ਪਤਾ ਨਹੀਂ ਕਿਵੇਂ ਲੱਭ ਲੈਂਦੇ ਹਾਂ ਤੇ ਉਪਰੋਂ ਇਸ ਮੂਰਖਤਾ ਨੂੰ 'ਪੰਜਾਬੀਆਂ ਦੀ ਸ਼ਾਨ' ਕਹਿਣ ਦੀ ਮੂਰਖਤਾ?

ਅਜਿਹੇ ਰੌਲਿਆਂ ਵਿਚ ਵਿਚਾਰ ਵਿਚ ਠਹਿਰਾਅ ਕਿਵੇਂ ਆਵੇਗਾ, ਸਰਲਤਾ ਕਿਥੇ ਲੱਭ ਜਾਵੇਗੀ। ਵਿਚਾਰ ਵਿੱਚ ਹੀ ਜਦ ਠਹਿਰਾਅ ਨਹੀਂ ਰਿਹਾ ਤਾਂ ਦੇਹੀ ਵਿੱਚ ਕਿਥੇ ਰਹਿ ਜਾਏਗਾ। ਦੇਹੀ ਨੇ ਤਾਂ ਵਿਚਾਰ ਮਗਰ ਤੁਰਨਾ। ਵਿਚਾਰ ਹੀ ਦੇਹੀ ਨੂੰ ਚਲਾਉਂਦੀ ਤੇ ਜਦ ਵਿਚਾਰ ਹੀ ਮੈਂ ਰੋਗੀ ਕਰ ਲਈ, ਤਾਂ ਦੇਹੀ ਨੇ ਤਾਂ ਹੋਣਾ ਹੀ ਸੀ ਤੇ ਇਸੇ ਕਾਰਨ ਸੰਸਾਰ ਰੋਗੀ ਹੋਈ ਫਿਰਦਾ।

ਵਿਚਾਰ ਵਿੱਚ ਠਹਿਰਾਅ ਆਉਂਦਾ ਚੰਗਾ ਸੁਣਨ ਨਾਲ, ਚੰਗਾ ਦੇਖਣ ਨਾਲ, ਬੰਦਿਆਂ ਤਰਾਂ ਖਾਣ ਨਾਲ ਯਾਣੀ ਜੀਵਨ ਨੂੰ ਕਿਸੇ ਕਾਇਦੇ ਵਿਚ ਚਲਾਉਂਣ ਨਾਲ। ਠਹਿਰਾਅ ਹੀ ਮਨ ਨੂੰ ਸਕੂਨ ਦਿੰਦਾ ਤੇ ਮਨ ਦਾ ਸਕੂਨ ਹੀ ਦੇਹ ਨੂੰ ਤੰਦਰੁਸਤ ਰੱਖਣਾ, ਜਿਸ ਤੋਂ ਬੰਦਾ ਰੋਗੀ ਹੋਣ ਤੋਂ ਬੱਚਦਾ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top