ਸਾਡੇ ਨੇੜੇ ਗੁਰਦੁਆਰਾ 'ਟਾਹਲਾ ਸਾਹਬ'
ਬਾਬਾ ਦੀਪ ਸਿੰਘ ਜੀ ਨਾਲ ਸਬੰਧਤ। ਉਥੇ ਕਬਜਾ ਨਿਹੰਗਾਂ ਦਾ। ਉਹ ਲੋਹੜੀ ਨੂੰ
ਬੱਕਰੇ ਝਟਕਾਉਂਦੇ, ਤਾਂ ਪਹਿਲਾਂ ਉਨ੍ਹਾਂ ਨੂੰ ਨਵਾਉਂਦੇ ਹਨ, ਯਾਣੀ 'ਇਸ਼ਨਾਨ' ਕਰਾਉਂਦੇ
ਹਨ। ਨਵਾਉਂਣ ਵੇਲੇ ਉਹ ਕੀ ਕਰਦੇ ਕਿ ਬੱਕਰੇ ਦੇ ਕੰਨਾ ਵਿੱਚ ਪਾਣੀ ਪਾ ਦਿੰਦੇ ਹਨ। ਜਦ ਉਸ
ਨੂੰ 'ਸ਼ਹੀਦੀ' ਲਈ ਲਿਆਕੇ ਮੈਦਾਨ ਵਿੱਚ ਖੜਾ ਕੀਤਾ ਜਾਂਦਾ, ਤਾਂ ਕੰਨਾ ਵਿੱਚ ਪਾਣੀ ਹੋਣ
ਕਾਰਨ ਬੱਕਰਾ ਸਿਰ ਹੇਠਾਂ ਨੂੰ ਕਰਕੇ ਕੰਨਾ ਵਿੱਚਲੇ 'ਝੱਪੇ' ਕੱਢਣ ਦੀ ਕੋਸ਼ਿਸ਼ ਕਰਦਾ। ਪਰ
ਉਥੇ ਕਮਲੀਆਂ ਫੌਜਾਂ ਪਤਾ ਕੀ ਕਹਿੰਦੀਆਂ ?
'ਇਹ 'ਸ਼ਹੀਦੀ' ਲਈ ਸਿਰ ਨਿਵਾ ਰਿਹਾ ਹੈ'?
ਕੁਰਬਾਨੀ
ਯਾਣੀ ਸ਼ਹੀਦੀ ਦਾ ਸਿੱਖ ਕੌਮ ਵਿੱਚ ਬਹੁਤ ਉੱਚਾ ਅਤੇ ਪਵਿੱਤਰ ਰੁਤਬਾ ਹੈ, ਪਰ
ਬੱਕਰੇ ਵਾਂਗ ਹਮੇਸ਼ਾਂ ਕੁਰਬਾਨੀ ਲਈ ਧੌਣ ਹੇਠਾਂ ਕਰੀ ਜਾਣੀ ਸਿਆਣਪ ਨਹੀਂ।
ਅੱਜ ਅਸੀਂ ਦੁਬਾਰਾ ਤੋਂ 32 ਸਾਲ ਪਹਿਲਾਂ
ਦੀ ਦਹਿਲੀਜ ਤੇ ਖੜੇ ਹਾਂ ਯਾਣੀ ਸਾਡੀ ਅਗਲੀ ਫਸਲ ਵੱਡੇ ਜਾਣ ਲਈ ਤਿਆਰ ਖੜੀ ਹੈ!
ਮੇਰੀ ਕੌਮ ਦੀ ਮੁਸ਼ਕਲ ਪਤਾ ਕੀ ਹੈ ਕਿ ਇਹ ਜਜਬਾਤੀ ਨਾਹਰੇ ਅਤੇ
ਜੈਕਾਰਿਆਂ ਤੇ ਇਨੀ ਛੇਤੀ ਰੀਝਦੀ ਹੈ ਕਿ ਦੁੱਕੀ ਜਿਹਾ ਬੰਦਾ ਜੈਕਾਰਾ ਮਾਰ ਕੇ ਇਸ ਦਾ ਸਿਰ
ਵਢਾ ਸਕਦਾ! ਸਿਰ ਤਾਂ ਇਹ ਤਲੀ ਉਪਰ ਰੱਖੀ ਹੀ ਫਿਰਦੇ ਰਹਿੰਦੇ ਹਨ। ਇਹ ਕੌਮ ਦਾ
ਵੱਡਾ ਗੁਣ ਹੈ, ਜੋ ਦੁਨੀਆਂ ਦੀ ਕਿਸੇ ਕੌਮ ਦੇ ਹਿੱਸੇ ਨਹੀਂ ਆਇਆ, ਪਰ
ਬੱਕਰੇ ਵਰਗੀ ਕੁਰਬਾਨੀ ਦਾ ਵੀ ਤਾਂ ਕੋਈ ਮੁੱਲ ਨਹੀਂ!
ਪਿੱਛਲੱਗ! ਹਰੇਕ ਮਗਰ ਲੱਗ ਤੁਰਦੇ। ਇਨ੍ਹਾਂ ਵਿੱਚ
ਵੜਨਾ, ਘੁੱਸਪੈਠ ਕਰਨੀ ਇਨੀ ਸੌਖੀ ਕਿ ਦੂਣੀ ਦੇ ਪਹਾੜੇ ਵਰਗੀ।
ਜਿੰਦਾਬਾਦ ਮੁਰਦਾਬਾਦ ਕਹਿ ਕੇ ਜਿਹੜਾ ਮਰਜੀ ਇਨ੍ਹਾਂ ਵਿੱਚ ਵੜ ਜਾਏ। ਸਿਰੋਪਾ
ਦੇਣ ਲੱਗੇ ਮਿੰਟ ਲਾਉਂਦੇ। ਪਤਾ ਹੀ ਨਹੀਂ ਕਰਦੇ ਕਿ ਨਸਲ ਕੀ ਹੈ?
ਪੰਜਾਬ ਹੀ ਨਹੀਂ,
ਬਾਹਰ ਵੀ ਕੌਮ ਮੇਰੀ ਉਥੇ ਹੀ ਖੜੀ ਹੈ। ਚੁਰਾਸੀ ਤੋਂ ਬਾਅਦ ਲਾਅ ਜਰਨਲ ਜਸਵੰਤ
ਭੁੱਲਰ ਤੋਂ ਸ਼ੁਰੂ ਹੋ ਜਾਓ। ਉਨੀ ਪਹਿਲਾਂ ਹੀ ਲਾਈਨਾ ਵਿੱਚ ਲਾ ਛੱਡੇ ਸਨ ਜਿਹੜੇ ਬਾਹਰ
ਵੰਨੀ ਤੋਰਨੇ ਸਨ। ਉਨੀ ਦੇਹ ਜਿੰਦਾਬਾਦ ਮੁਰਦਾਬਾਦ ਤੇ ਇਹ ਮਗਰ ਮਗਰ! ਜਦ ਗਰਦੋ-ਗੁਬਾਰ
ਹਟਿਆ ਅਸਮਾਨ ਸਾਫ ਹੋਇਆ ਤਾਂ ਪਤਾ ਲੱਗਾ ਕਿ ਇਹ ਤਾਂ 'ਉਹ' ਸਨ?
ਕੌਮ ਮੇਰੀ ਦੇ ਬੌਧਿਕ ਵਿਕਾਸ ਦੀ ਗਰੀਬੀ ਦੀ ਇੰਤਹਾ ਸੀ ਕਿ ਇਹ
'ਬਾਬਾ' ਠਾਕੁਰ ਸਿੰਘ ਦੇ 20-22 ਸਾਲ ਦੇ ਝੂਠ ਨੂੰ ਵੀ ਬ੍ਰਹਮਗਿਆਨਤਾ ਮੰਨੀ ਗਈ। ਹਾਲੇ
ਤਕ ਬਰਸੀਆਂ ਮਨਾਈ ਜਾਂਦੀ। ਪੂਰੀ ਲਹਿਰ ਨੂੰ ਡੋਬ ਦਿੱਤਾ ਉਸ 'ਬੇਜੁਬਾਨੇ' ਨੇ,
ਸ਼ਹਾਦਤ ਘੱਟੇ ਰੋਲ ਛੱਡੀ ਬਾਬੇ ਦੀ ਤੇ ਉਹ ਸਾਡਾ ਬ੍ਰਹਮਗਿਆਨੀ? ਉਹ ਛੱਡੋ ਹੁਣ ਦੀ ਸੁਣ ਲਓ।
ਉਸੇ ਪੈਰ ਚਿੰਨਾ ਤੇ ਚਲਣ ਵਾਲਾ ਅਜਨਾਲਾ ਜਥੇਦਾਰ ਬਣਾ ਛੱਡਿਆ ਤੇ ਬਣਾਇਆ ਕੀਹਨੇ?
ਜਿਸ ਨੇ ਤੁਹਾਨੂੰ ਖਾਲਿਸਤਾਨ ਲੈ ਕੇ ਦੇਣਾ?
ਉਧਰ ਪੰਡੀਏ ਦੀ ਚਲਾਕੀ ਦੇਖੋ। ਉਸ ਇਧਰ ਬਾਹਰ ਗੁਰਦੁਆਰਿਆਂ ਰਾਹੀਂ ਤੁਹਾਡੇ ਪੂਰੇ ਸਰਮਾਏ
ਉਪਰ ਨਾਗਵਲ ਮਾਰਿਆ ਹੋਇਆ ਹੈ, ਕਿ ਤੁਸੀਂ ਇਸ ਸਰਮਾਏ ਨਾਲ ਕਿਤੇ ਕੋਈ ਵੱਡਾ 'ਪੰਗਾ' ਨਾ
ਖੜਾ ਕਰੋ। ਵੱਡੀਆਂ ਬਿਲੰਡਿਗਾਂ, ਵੱਡੇ ਅਡੰਬਰ, ਤੇ ਜਿਹੜਾ ਬਚ ਗਿਆ ਉਹ ਵਕੀਲਾਂ-ਕੋਟਾਂ
ਵਿੱਚ?
32 ਸਾਲ ਬਾਅਦ ਵੀ ਅਸੀਂ ਉਸੇ ਮੋੜ ਤੇ ਖੜੇ ਹਾਂ, ਜਿਥੇ ਰਾਹ
ਕੇਵਲ ਤੇ ਕੇਵਲ ਮੌਤ ਵੰਨੀ ਹੀ ਜਾਂਦਾ ਹੈ ਤੇ ਅਸੀਂ ਕੁਰਬਾਨੀ ਦੇ ਨਾਂ 'ਤੇ ਮਰਨ ਲਈ ਤਿਆਰ
ਖੜੇ ਹਾਂ! ਨਹੀਂ ?