Share on Facebook

Main News Page

ਕਿਉਂ ਨਗਰ ਕੀਰਤਨਾਂ ਦਾ ਲੇਖਾ ਜੋਖਾ ਨਾ ਕੀਤਾ ਜਾਵੇ ?
-: ਗੁਰਦੇਵ ਸਿੰਘ ਸੱਧੇਵਾਲੀਆ

ਕੇਵਲ ਇਕੱਲੇ ਓਨਟਰੀਓ, ਕੈਨੇਡਾ ਵਿੱਚ ਹੀ ਨਿਕਲਦੇ ਸਾਰੇ ਨਗਰ ਕੀਰਤਨਾਂ ਦਾ ਲੇਖਾ ਜੋਖਾ ਕਰੀਏ ਤਾਂ ਮੋਟੇ ਅੰਦਾਜੇ ਮੁਤਾਬਕ ਸਾਰੇ ਨਗਰ ਕੀਰਤਨ ਪਾ ਕੇ ਕੋਈ ਪੰਜ ਕੁ ਲੱਖ ਬੰਦਾ ਇੱਕਠਾ ਹੋ ਜਾਂਦਾ ਹੋਵੇਗਾ। ਪੰਜ ਲੱਖ ਬੰਦੇ ਦਾ ਔਸਤਨ ਖਰਚਾ ਕੱਢੀਏ, ਜਿਸ ਵਿੱਚ ਉਨ੍ਹਾਂ ਦਾ ਖਾਣ ਪੀਣ, ਉਨ੍ਹਾਂ ਦਾ ਸਮਾਂ, ਗੱਡੀ ਦੀ ਪਾਰਕਿੰਗ, ਗੱਡੀ ਦਾ ਤੇਲ ਆਦਿ ਤਾਂ ੧੫ ਡਾਲਰ ਕੁ ਤਾਂ ਬਣਦਾ ਹੈ। ਪੰਜ ਲੱਖ ਨੂੰ ਤੁਸੀਂ ੧੫ ਨਾਲ ਜਦ 'ਮਲਟੀਪਲਾਈ' Multiply ਕਰਦੇ ਹੋਂ ਤਾਂ ੭੫ ਲੱਖ ਡਾਲਰ ਬਣ ਜਾਂਦਾ ਹੈ!!

ਗਰਮੀਆਂ ਦੇ ਕੁਝ ਮਹੀਨਿਆਂ ਵਿੱਚ ਨਗਰ ਕੀਰਤਨਾਂ ਦੇ ਨਾਂ ਤੇ ਸੜਕਾਂ 'ਤੇ ਫਿਰ ਕੇ, ਪਕੌੜੇ ਖਾ ਕੇ ਘਰ ਜਾਣ ਦੀ ਕੀਮਤ ਅਸੀਂ ਤਾਰਦੇ ਹਾਂ ੭੫ ਲੱਖ ਡਾਲਰ! ਬਹੁਤਾ ਪਿੱਛੇ ਨਾ ਜਾਓ, ਪਰ ਵੀਹ ਸਾਲ ਤੋਂ ਤਾਂ ਇਹ ਵਰਤਾਰਾ ਆਮ ਹੈ। ਹਰੇਕ ਗੁਰਦੁਆਰਾ ਸੜਕਾਂ 'ਤੇ ਤੁਰਿਆ ਹੋਇਆ। ਹਰੇਕ ਸਾਲ ਕੋਈ ਨਾ ਕੋਈ ਨਵਾਂ ਨਗਰ ਕੀਰਤਨ ਕੱਢ ਮਾਰਦੇ। ਤੁਸੀਂ ਇਸ ੭੫ ਨੂੰ ਜਦ ੨੦ ਨਾਲ ਮਲਟੀਪਲਾਈ ਕਰਦੇ ਹੋਂ ਪਤਾ ਕਿੰਨਾ ਬਣਦਾ? ੧੫੦੦ ਲੱਖ??? ਯਾਣੀ ਪਿੱਛਲੇ ਵੀਹ ਸਾਲਾਂ ਵਿੱਚ ਅਸੀਂ ੧੫੦੦ ਲੱਖ ਡਾਲਰ ਸੜਕਾਂ ਉਪਰ ਫਿਰ ਕੇ ਫੂਕ ਛੱਡਿਆ? ਤੇ ਇਨ੍ਹਾਂ ੧੫੦੦ ਲੱਖ ਡਾਲਰ ਨੂੰ ਜੇ ਤੁਸੀਂ ਹਿੰਦੋਸਤਾਨੀ ਰੁਪਈਆਂ ਨਾਲ ਮਲਟੀਪਲਾਈ ਕਰੋ ਤਾਂ ਸਿਫਰਾਂ ਮੁੱਕ ਜਾਦੀਆਂ ਤੇ ਤੁਹਾਡਾ ਸਿਰ ਘੁੰਮ ਜਾਂਦਾ!

ਯਾਣੀ ੧੫੦੦ ਲੱਖ ਡਾਲਰ ਪਿੱਛਲੇ ਵੀਹ ਸਾਲਾਂ ਵਿੱਚ ਅਸੀਂ ਸੜਕਾਂ ਤੇ ਫਿਰ ਕੇ ਪਕੌੜੇ ਖਾ ਕੇ ਘਰ ਮੁੜ ਜਾਣ 'ਤੇ ਖਰਚਿਆ। ਜੇ ਇੰਝ ਕਹਿਣ ਨਾਲ ਤੁਸੀਂ ਸਹਿਮਤ ਨਹੀਂ ਤਾਂ ਤੁਸੀਂ ਦੱਸ ਦਿਓ ਕਿ ਕਾਹਦੇ ਉਪਰ ਖਰਚਿਆ। ਹਾਂਅ! ਇੱਕ ਹੋਰ ਵੱਡੀ ਪ੍ਰਾਪਤੀ ਸੀ ਇਸ ਵਿੱਚ। ਉਹ ਕਿ ਤੁਹਾਡੇ ਗੁਰਦੁਆਰਿਆਂ ਦੇ ਚੌਧਰੀਆਂ ਦੀਆਂ ਖੱਟੀਆਂ ਪੱਗਾਂ, ਜੈਕਟਾਂ ਤੇ ਚਿੱਟੇ ਕੁੜਤੇ ਪੰਜਾਮਿਆਂ ਵਾਲੀਆਂ ਮੂਰਤੀਆਂ ਜਰੂਰ ਲੱਗ ਗਈਆਂ ਅਖਬਾਰਾਂ ਵਿੱਚ ਤੇ ਦੂਜੀ 'ਵੱਡੀ' ਪ੍ਰਾਪਤੀ ਕਿ ਕੁਝ ਗੁਰਦੁਆਰਿਆਂ ਦੇ 'ਰਜਵਾੜਿਆਂ' ਦੇ ਰਾਜਨੀਤਕ ਲੋਕਾਂ ਨਾਲ ਘਣੇ ਸਬੰਧ ਸਥਾਪਤ ਹੋ ਗਏ, ਜਿੰਨਾ ਗੁਰੂ ਦੇ ਨਾਂ 'ਤੇ ਇਕੱਠੇ ਹੋਏ ਲੋਕਾਂ ਨੂੰ ਅਪਣੇ ਅਕਾਊ ਭਾਸ਼ਣ ਸੁਣਾ ਕੇ ਤੁਹਾਡੇ ਸਮੇਂ ਦੀ ਬਰਬਾਦੀ ਕੀਤੀ!

ਇਨ੍ਹਾਂ ਪਾ੍ਰਪਤੀਆਂ' ਤੋਂ ਇਲਾਵਾ ਜੇ ਕੋਈ ਹੋਰ ਗੱਲ ਤੁਹਾਨੂੰ ਨਜਰ ਆਈ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ। ਕੌਮ ਦਾ ਸਰਮਾਇਆ ਤਾਂ ਜਾਇਆ ਹੋਇਆ ਹੀ ਹੋਇਆ, ਪਰ ਇੱਕ ਹੋਰ ਵੱਡਾ ਨੁਕਸਾਨ ਕੀਤਾ। ਉਹ ਪਤਾ ਕੀ? ਉਹ ਇਹ ਕਿ ਜਦ ਤੁਸੀਂ ਤੀਜੇ ਕੁ ਦਿਨ ਸੜਕਾਂ ਘੇਰੀ ਰੱਖਦੇ ਹੋਂ ਤਾਂ ਟਰੈਫਿਕ ਵਿੱਚ ਫਸੇ ਦੂਜੇ ਭਾਈਚਾਰਿਆਂ ਦੇ ਲੋਕ ਤੁਹਾਨੂੰ ਸਲਾਮ ਕਰਕੇ ਨਹੀਂ ਲੰਘਦੇ ਯਾਣੀ ਤੁਸੀਂ ਕੌਮ ਦਾ ਇਮਿਜ ਘ੍ਰਿਣਤ ਕੀਤਾ ਲੋਕਾਂ ਵਿੱਚ!!

ਇਹ ਕੇਵਲ ਇਕੱਲੇ ਓਨਟੇਰੀਓ ਦੀ ਤਸਵੀਰ ਸੀ, ਸਾਰੇ ਸੰਸਾਰ ਵਿੱਚਲੇ ਸਿੱਖਾਂ ਦੀ ਅਕਲ ਨੂੰ 'ਮਲਟੀਪਲਾਈ' ਕਰੋ, ਤਾਂ ਤੁਸੀਂ 'ਧੰਨ' ਕਹਿਣੋਂ ਨਹੀਂ ਰਹਿ ਸਕੋਂਗੇ। ਤੁਹਾਡਾ ਕਹਿਣ ਜਾਂ ਮੰਨ ਲੈਣ ਦਾ ਹੱਕ ਹੈ ਕਿ ਕੀ ਇਹ ਸਭ ਫਿਰ ਫਜੂਲ ਸੀ? ਪਰ ਜੇ ਫਜੂਲ ਨਹੀਂ ਸੀ, ਤਾਂ ਤੁਸੀਂ ਦੱਸ ਦਿਓ ਕਿ ਫਜੂਲ ਕਿਵੇਂ ਨਹੀਂ ਸੀ?

ਕਿਉਂਕਿ ਇਨੇ ਸਰਮਾਏ ਨੂੰ ਇਕੱਠਾ ਕਰਕੇ ਜੇ ਢੰਗ ਨਾਲ ਵਰਤਿਆ ਜਾ ਸਕਿਆ ਹੁੰਦਾ ਤਾਂ ਤੁਸੀਂ ਕੀ ਨਹੀਂ ਸੀ ਕਰ ਸਕਦੇ। ਸਿੱਖਾਂ ਦੇ ਅਪਣੇ ਕਾਲਜ-ਯੂਨੀਵਰਸਟੀਆਂ ਚਲ ਸਕਦੀਆਂ ਸਨ ਇਕੱਲੇ ਟਰੰਟੋ ਵਿੱਚ ਸੜਕਾਂ 'ਤੇ ਜਾਇਆ ਕੀਤੇ ਸਰਮਾਏ ਨਾਲ! ਇਹ ਮੂਰਖਤਾ ਹਰੇਕ ਸਾਲ ਦੁਹਰਾਈ ਜਾਂਦੀ ਹੈ ਤੇ ਵਾਰ ਵਾਰ ਦੁਹਰਾਈ ਜਾਂਦੀ ਹੈ।

ਚੌਧਰੀਆਂ ਦੀ ਈਗੋ ਦੇ ਭਾਰੇ ਬੂਟ ਹਰੇਕ ਸਾਲ ਤੁਹਾਡੀ ਸ਼ਰਧਾ ਨੂੰ ਕੁਚਲਦੇ ਲੰਘਦੇ ਹਨ। ਤੁਸੀਂ ਰੱਬ ਦੇ ਨਾਂ ਤੇ, ਗੁਰੂ ਦੇ ਨਾਂ 'ਤੇ ਹਰੇਕ ਵਾਰੀ ਇਨ੍ਹਾਂ ਅਪਣੇ ਉਪਰੋਂ ਦੀ ਲੰਘ ਜਾਣ ਦਿੰਦੇ ਹੋ। ਤੁਹਾਡੀਆਂ ਮੀਚੀਆਂ ਅੱਖਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਕਦ ਵਾਰ ਵਾਰ ਤੁਹਾਨੂੰ ਲਿਤਾੜਦੇ ਲੰਘੀ ਤੁਰੇ ਜਾਂਦੇ ਹਨ।

ਸ਼ਰਧਾ ਨਾਲ ਜੁੜੇ ਤੁਹਾਡੇ ਹੱਥਾਂ ਨੂੰ ਕਦੇ ਪਤਾ ਨਹੀਂ ਚਲਣਾ ਕਿ ਤੁਹਾਡੇ ਹੀ ਹੱਥੋਂ ਕਿੰਨਾ ਵੱਡਾ ਸਰਮਾਇਆ ਫੂਕ ਕੇ ਤੁਹਾਡੇ ਦੁਨੀਆਂ ਦੇ ਹਾਣੀ ਹੋ ਕੇ ਅੱਗੇ ਵੱਧਣ ਦੇ ਰਾਹ ਬੰਦ ਕਰ ਦਿੱਤੇ ਜਾਂਦੇ ਹਨ। ੫ ਲੱਖ ਲੋਕਾ ਦੇ ੧੫ ਡਾਲਰ ਨਾਲ ਪੂਰੀ ਦੁਨੀਆਂ ਦੇ ਸਿੱਖਾਂ ਵਿੱਚ ਨਵੀਂ ਰੂਹ ਫੂਕੀ ਜਾ ਸਕਦੀ ਸੀ, ਪਰ ਤੁਹਾਡੀ ਅਕਲ ਕਿਤੇ ਸੱਚੀਂ ਸਹੀ ਪਾਸੇ ਤੁਰ ਕੇ ਸਿੱਖ ਨੂੰ ਜਿਉਂਦਾ ਨਾ ਕਰ ਦਏ, ਇਹ ਕਦੇ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਤੁਸੀਂ ਅਪਣੇ ਬੇੜੇ ਦੇ ਚੱਪੂ ਉਨ੍ਹਾਂ ਮੁਹਾਣਿਆ ਹੱਥ ਦੇ ਦਿੱਤੇ ਹੋਏ ਨੇ ਜਿਹੜੇ ਜ਼ਿਦ ਜ਼ਿਦ ਕੇ ਇਸ ਨੂੰ ਡੋਬਣ ਤੁਰੇ ਹੋਏ ਨੇ! ਨਹੀਂ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top