Share on Facebook

Main News Page

ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ - ਭਾਗ ਪਹਿਲਾ
-: ਗੁਰਦੇਵ ਸਿੰਘ ਸੱਧੇਵਾਲੀਆ 

ਅਸੀਂ ਅਪਣੀ ਦੇਹ ਬਾਰੇ ਕਿੰਨੇ ਕੁ ਚਿੰਤਤ ਹਾਂ!

ਦੇਹ ਦੇ ਹੋਣ ਤੱਕ ਹੀ ਮੈਂ ਮਨੁੱਖ ਹਾਂ, ਦੇਹ ਵਿਚੋਂ ਜਿਉ ਹੀ ਸਾਹ ਨਿਕਲਿਆ, ਚੁੱਕ ਲਓ ਥੱਲ ਲਓ ਹੋ ਜਾਂਦੀ ਤੇ ਮੈਂ ਪ੍ਰੇਤ ਜਾਣਿਆ ਜਾਂਦਾ ਹਾਂ। ਦੇਹ ਦੇ ਜਾਣ ਤੋਂ ਬਾਅਦ ਕੋਈ ਮੈਨੂੰ ਅਪਣੇ ਸੁਪਨੇ ਵਿੱਚ ਵੀ ਦੇਖਣਾ ਨਹੀ ਚਾਹੁੰਦਾ। ਮੇਰਾ ਸੁਪਨੇ ਵਿਚ ਆਉਂਣਾ ਵੀ ਬਦਸ਼ਗਨੀ ਮੰਨਿਆ ਜਾਣ ਲੱਗਦਾ ਹੈ!

ਜੀਵਨ ਦਾ ਕੁੱਲ ਦਾਮੋ-ਦਮਾਰ ਦੇਹ ਕਾਰਨ ਹੈ। ਦੇਹ ਜਿੰਨਾ ਚਿਰ ਤੁਰਦੀ ਸੰਸਾਰ ਤੁਰਦਾ ਹੈ। ਜਵਾਨੀ ਵੇਲੇ ਦੇਹ ਉੱਡਦੀ ਹੈ ਤਾਂ ਸੰਸਾਰ ਉੱਡਦਾ ਹੈ, ਪਰ ਜਿਉਂ ਹੀ ਦੇਹ ਖੜੋਂਦੀ ਹੈ ਪੂਰਾ ਸੰਸਾਰ ਖੜੋ ਜਾਂਦਾ ਹੈ। ਦੂਰ ਤੱਕ ਫੈਲਿਆ ਹੋਇਆ ਮੇਰਾ ਸੰਸਾਰ ਕੇਵਲ ਮੰਜੇ ਤੱਕ ਸਿਮਟ ਜਾਂਦਾ ਹੈ।

ਪਰ ਪੂਰੇ ਜੀਵਨ ਵਿਚ ਜੇ ਸਭ ਤੋਂ ਘੱਟ ਤਵੱਕੋਂ ਮੈਂ ਦਿੱਤੀ ਹੈ, ਤਾਂ ਦੇਹ ਵੰਨੀ। ਮੈ ਜੀਵਨ ਭਰ ਕਦੇ ਜਾਨਣ ਦੀ ਕੋਸ਼ਿਸ ਨਹੀਂ ਕੀਤੀ ਕਿ ਜਿਸ ਬੇੜੇ 'ਤੇ ਸਵਾਰ ਮੈਂ ਜੀਵਨ ਦੀਆਂ ਲਹਿਰਾਂ ਉਪਰ ਤੈਰ ਰਿਹਾ ਹਾਂ, ਦਰਅਸਲ ਉਹ ਚਲਦਾ ਕਿਵੇਂ ਹੈ। ਉਹ ਕੰਮ ਕਿਵੇਂ ਕਰਦਾ ਹੈ। ਉਸ ਵਿਚਲੇ ਕਾਮੇ ਕਿਵੇਂ ਦਿਨ ਪੁਰ ਰਾਤ ਮੇਰੇ ਲਈ ਕੰਮ ਵਿਚ ਜੁੱਟੇ ਰਹਿੰਦੇ ਹਨ। ਦਿੱਲ ਕਿਵੇਂ ਦਿਨ ਰਾਤ ਇੱਕ ਕਰੀ ਰੱਖਦਾਂ, ਮੇਰੇ ਇਸ ਜੀਵਨ ਨੂੰ ਤੋਰਨ ਲਈ। ਉਮਰ ਭਰ ਡਰੰਮਾ ਦੇ ਡਰੰਮ ਲਹੂ ਨੂੰ ਪੂਰੇ ਸਰੀਰ ਵਿਚ ਗੇੜਦਾ ਰਹਿੰਦਾ ਹੈ ਤੇ ਦੇਹ ਦੀ ਇੱਕ ਇੱਕ ਨਾੜੀ ਵਿਚ ਪਹੁੰਚਾਉਂਦਾ ਰਹਿੰਦਾ ਹੈ। ਲਿਵਰ ਕਿਵੇਂ ਮੇਰੇ ਖਾਧੇ ਨੂੰ ਤੋੜ ਭੰਨ ਕੇ ਮੇਰੀ ਦੇਹ ਦੇ ਕਾਬਲ ਬਣਾਉਂਦਾ। ਕਿਡਨੀਆਂ ਕਿਵੇਂ ਦਿਨ ਰਾਤ ਮੇਰੇ ਸਰੀਰ ਦੇ ਜ਼ਹਿਰੀਲੇ ਕੈਮੀਕਲ ਕੱਢ ਕੱਢ 'ਯੂਰਨ' ਰਾਹੀਂ ਬਾਹਰ ਸੁੱਟਦੀਆਂ ਤੇ ਕੈਲਸ਼ੀਅਮ ਬਣਾ ਕੇ ਮੇਰੇ ਹੱਡਾਂ ਦੀਆਂ ਸ਼ਤੀਰੀਆਂ ਨੂੰ ਥੰਮ ਕੇ ਰੱਖਦੀਆਂ। ਅੱਖਾਂ, ਕੰਨ, ਨੱਕ, ਦੰਦ, ਹੱਥ, ਪੈਰ ਪਤਾ ਹੀ ਨਹੀਂ ਮੇਰੀ ਦੇਹ ਦੇ ਕਿੰਨੇ ਨਿੱਕੇ ਨਿੱਕੇ ਕਾਮੇ ਕਿੰਝ ਮੇਰੇ ਜੀਵਨ ਦੀ ਗੱਡੀ ਨੂੰ ਧੱਕਣ ਖਾਤਰ ਲੱਗੇ ਰਹਿੰਦੇ ਹਨ।

ਕੁਦਰਤ ਦਾ ਇੱਕ ਵਿਸ਼ਾਲ 'ਪ੍ਰੋਜੈਕਟ' ਮੇਰੇ ਅੰਦਰ ਹੀ ਅੰਦਰ ਖਾਧੇ ਭੋਜਨ ਦੇ ਚੰਗੇ ਮਾੜੇ ਤੱਤਾਂ ਨੂੰ ਅਲੱਗ ਕਰਕੇ ਖੂਨ ਬਣਾਉਂਦਾ, ਉਸ ਖੂਨ ਦੀ ਇੱਕ ਇੱਕ ਬੂੰਦ ਵਿਚ ਅਗਾਂਹ ਫਿਰ ਪਤਾ ਨਹੀਂ ਕਿੰਨੇ ਹਜਾਰਾਂ ਹੋਰ ਛੋਟੇ ਕਾਮੇ ਪੈਦਾ ਕਰਦਾ ਯਾਣੀ ਸੈੱਲ ਬਣਾਉਂਦਾ, ਉਹ ਮੇਰੀ ਦੇਹ ਦੀ ਨਿੱਕੀ ਤੋਂ ਨਿੱਕੀ ਗੁੱਠ ਵਿਚ ਪਹੁੰਚ ਕੇ ਮੇਰੇ ਅੰਗਾਂ ਨੂੰ ਤੁਰਦਾ ਰੱਖਦੇ। ਕਿਤੇ ਲਹੂ ਦੀ ਬੂੰਦ ਜਾਣੋ ਰਹਿ ਜਾਏ ਉਹੀ ਟਾਹਣੀ ਸੁੱਕ ਜਾਂਦੀ ਯਾਣੀ ਅੰਗ ਖੜੋ ਜਾਂਦਾ ਹੈ। ਪਰ ਉਸ ਬੂੰਦ ਬੂੰਦ ਨੂੰ ਹਰੇਕ ਗੁੱਠ, ਨਾੜੀ, ਖਾਲੀ ਵਿਚ ਪਹੁੰਚਾਉਂਣ ਦਾ ਕੰਮ ਦਿੱਲ ਕਰਦਾ ਹੈ, ਲਗਾਤਾਰ ਕਰਦਾ ਹੈ, ਮੇਰੇ ਸੁੱਤੇ ਪਏ ਦੇ ਵੀ ਕਰਦਾ ਹੈ। ਘੜੀ ਦੀ ਇੱਕ 'ਟਿੱਕ' ਜਿੰਨਾ ਸਮਾਂ ਵੀ ਦਿੱਲ ਅਪਣਾ ਕੰਮ ਬੰਦ ਕਰ ਦਏ ਤਾਂ ਦੇਹ ਦੀ ਯਾਹ ਜਾਂਦੀ ਹੋ ਜਾਂਦੀ!

ਇਸ ਦੇਹ ਨੂੰ 'ਰਿਮੋਟ' ਕਰਦਾ ਹੈ ਸਿਰ। ਸਿਰ ਸਾਰੀ ਦੇਹ ਦਾ ਸਰਦਾਰ ਹੈ। ਸਿਰ ਦੱਸਦਾ ਕਿ ਤੂੰ ਕਿਧਰ ਜਾਣਾ, ਕੀ ਖਾਣਾ, ਕੀ ਪੀਣਾ, ਕੀ ਚੰਗਾ, ਕੀ ਮਾੜਾ। ਸਿਰ ਦੇ ਫੈਸਲੇ ਦੇਹ ਨੂੰ ਮੰਨਣੇ ਪੈਂਦੇ ਹਨ। ਸਿਰ ਦੀਆਂ ਗਲਤੀਆਂ, ਦੇਹ ਨੂੰ ਭੁਗਣੀਆਂ ਪੈਦੀਆਂ ਹਨ। ਸਾਰੀ ਉਮਰ ਸਿਰ ਦੇਹ ਨਾਲ ਜੇ ਖਿਲਵਾੜ ਕਰਦਾ ਹੈ, ਤਾਂ ਜਦ ਦੇਹ ਮੰਜੇ ਤੇ ਢਹਿੰਦੀ ਹੈ ਤਾਂ ਝੂਰਨਾ ਵੀ ਸਿਰ ਨੂੰ ਪੈਂਦਾ ਹੈ!

ਸ਼ਰਾਬ ਦੇਹ ਨਹੀਂ ਮੰਗਦੀ, ਨਸ਼ਾ ਦੇਹ ਦੀ ਲੋੜ ਨਹੀਂ। ਇਹ ਸਿਰ ਦਿੰਦਾ ਹੈ ਦੇਹ ਨੂੰ। ਸਿਰ ਫੈਸਲਾ ਠੋਸਦਾ ਦੇਹ ਉਪਰ, ਕਿ ਉਹ ਘੁੰਮਣਾ ਚਾਹੁੰਦਾ। ਉਹ ਆਪਣੀਆਂ ਦੋ ਪੱਲ ਘੁੰਮੇਰੀਆਂ ਖਾਤਰ ਦੇਹ ਉਪਰ ਜ਼ਹਿਰੀਲੀਆਂ ਚੀਜਾਂ ਠੋਸਦਾ, ਜਿਸ ਕਾਰਨ ਦੇਹ ਦੇ ਕਾਮਿਆਂ ਨੂੰ 'ਓਵਰਟਾਈਮ' ਲਾਉਂਣਾ ਪੈਂਦਾ ਹੈ ਤੇ ਇੰਝ ਵਾਰ ਵਾਰ ਕਰਨ ਨਾਲ ਕਈ ਵਾਰ ਤਾਂ ਉਹ ਜਵਾਨੀ ਵੇਲੇ ਹੀ ਥੱਕ ਜਾਂਦੇ ਹਨ ਤੇ ਉੱਡਦਾ ਫਿਰਦਾ ਬੰਦਾ ਹੇਠਾਂ ਆ ਡਿੱਗਦਾ ਹੈ!

ਤੁਸੀਂ ਟੇਬਲ ਤੇ ਰੱਸਗੁੱਲੇ, ਪਕੌੜੇ, ਚਾਹ ਰੱਖ ਦਿਓ ਤੇ ਨਾਲ ਕੱਟ ਕੇ ਫਰੂਟ। ਪਰ ਤੁਹਾਡੇ ਸਿਰ ਦੀ ਚੋਣ ਪਤਾ ਕੀ ਹੋਵੇਗੀ? ਅੱਖਾਂ ਸਿਰ ਨੂੰ 'ਉਕਸਾਉਦੀਆਂ' ਸਵਾਦੀ ਚੀਜਾਂ ਦਾ ਨਕਸ਼ਾ ਬਣਾ ਕੇ। ਸਿਰ ਬਣੇ ਹੋਏ ਸਵਾਦ ਦਾ ਸਿਗਨਲ ਅਗੋਂ ਜੀਭ ਨੂੰ ਭੇਜਦਾ ਤੇ ਜੀਭ ਅੱਗਿਓਂ ਅਜਿਹਾ ਰਸ ਬਣਾਉਂਦੀ ਕਿ ਉਨਾ ਰਸ ਜਲੇਬੀ ਵਿਚੋਂ ਨਹੀਂ ਚੋਂਦਾ ਹੁੰਦਾ, ਜਿੰਨਾ ਜੀਭ ਛੱਡ ਦਿੰਦੀ ਹੈ! ਬੱਅਸ ਫਿਰ ਦੇਹ ਨੂੰ ਕੌਣ ਪੁੱਛਦਾ, ਅੰਦਰ ਕੰਮ ਕਰ ਰਹੇ ਕਾਮਿਆਂ ਦੀ ਕੌਣ ਸੁਣਦਾ!

ਦੇਹ ਦੀ ਅਹਿਮੀਅਤ ਬਾਰੇ ਮੈਂ ਕਦੇ ਵੀ ਸੁਚੇਤ ਨਹੀਂ ਹੋਇਆ। ਕਦੇ ਵੀ ਨਹੀਂ। ਬੁਢੇਪੇ ਦੀ ਦਹਿਲੀਜ਼ ਟੱਪ ਜਾਣ ਵੇਲੇ ਤੱਕ ਵੀ ਨਹੀਂ। ਪੰਜਾਬੀ ਭਾਈਚਾਰੇ ਵਿੱਚ ਮੋਟੇ ਜਿਹੇ ਤੌਰ 'ਤੇ 50 ਤੋਂ ਉਪਰ ਪ੍ਰਸੈਂਟ ਲੋਕਾਂ ਦੇ ਢਿੱਡ ਇੰਝ ਹਨ ਕਿ ਉਹ ਸਾਹ ਮੂੰਹ ਥਾਣੀਂ ਲੈਣ ਦੀ ਬਜਾਇ ਢਿੱਡ ਥਾਣੀਂ ਲੈਦੇ ਹਨ! ਕੁਝ ਇੱਕ ਪ੍ਰਸੈਂਟ ਬਿਮਾਰੀ ਕਾਰਨ ਮੁਟਾਪੇ ਨੂੰ ਛੱਡ ਕੇ ਬਾਕੀ ਸਭ ਬੇਸੁਰਾ ਖਾਣ ਕਾਰਨ ਹੈ।

ਵਧੇ ਹੋਏ ਢਿੱਡ ਵਿਚੋਂ ਬੰਦੇ ਦੀ ਖੁਦ ਪ੍ਰਤੀ ਲਿਆਕਤ ਝਲਕਦੀ ਸਾਫ ਦਿੱਸਦੀ ਹੁੰਦੀ। ਢਿੱਡ ਦਾ ਬੇਸੁਰਾਪਨ ਇਸ ਗੱਲ ਦੀ ਗਵਾਹੀ ਹੁੰਦਾ ਕਿ ਇਸ ਨੂੰ ਲੋਕਾਂ ਦੀ ਪ੍ਰਵਾਹ ਤਾਂ ਹੋ ਸਕਦੀ, ਪਰ ਅਪਣੀ ਨਹੀਂ। ਉਹ ਦੁਨੀਆਂ ਬਾਰੇ ਤਾਂ ਜਾਣਦਾ ਹੋ ਸਕਦਾ, ਪਰ ਅਪਣੇ ਬਾਰੇ ਨਹੀਂ! ਢਿੱਡ ਬੇਸੁਰਾ ਉਦੋਂ ਹੁੰਦਾ, ਜਦ ਬੇਸੁਰਾ ਖਾਧਾ ਜਾਂਦਾ। ਬੰਦਾ ਬੇਸੁਰਾ ਉਦੋਂ ਚਰਦਾ, ਜਦ ਉਸ ਦੇ ਸਿਰ ਵਿਚ ਮਨੁੱਖ ਨਹੀਂ, ਪਸ਼ੂ ਆਣ ਵੱਸਦਾ ਜਿਹੜਾ ਰੱਜਿਆ ਹੋਇਆ ਵੀ ਖੁਰਲੀ ਵਿਚੋਂ ਮੂੰਹ ਨਹੀਂ ਕੱਢਦਾ!

ਤੁਹਾਡੇ ਗੁਰਦੁਆਰਿਆਂ ਦੇ ਬਹੁਤੇ ਰਾਗੀ, ਢਾਡੀ, ਭਾਈ, ਪਾਠੀ, ਕੀਰਤਨੀਏ, ਸਾਧ, ਬਾਬੇ, ਇਸ ਪੱਖੋਂ ਪਸ਼ੂਆਂ ਨਾਲੋਂ ਕਿਵੇਂ ਵੀ ਘੱਟ ਨਹੀਂ। ਇਹ ਅੰਦਾਜਾ ਤੁਸੀਂ ਉਨ੍ਹਾਂ ਦੇ ਢਿੱਡਾਂ ਤੋਂ ਸਹਿਜੇ ਹੀ ਲਗਾ ਸਕਦੇ ਹੋ। ਪਰ ਹੈਰਾਨੀ ਕਿ ਉਹ ਤੁਹਾਨੂੰ ਬੰਦੇ ਬਣਨ ਦਾ ਉਪਦੇਸ਼ ਹਰ ਵੇਲੇ ਦਿੰਦੇ ਹਨ, ਯਾਣੀ ਪਸ਼ੂ ਕਹਿ ਰਹੇ ਹਨ ਕਿ ਬੰਦੇ ਬਣੋ? ਤੁਹਾਡੇ ਧਾਰਮਿਕ ਅਸਥਾਨਾਂ ਉਪਰ ਦੇਹ ਤੇਰੀ ਦੀ ਪਰੋਸੇ ਜਾ ਰਹੇ ਪਕੌੜੇ ਅਤੇ ਮਠਿਆਈਆਂ ਵੀ ਇਸ ਗੱਲ ਦੀ ਗਵਾਹੀ ਹਨ ਕਿ ਸਾਡਾ ਬੰਦੇ ਬਣਨ ਵੰਨੀ ਕੋਈ ਧਿਆਨ ਨਹੀਂ!

ਕੁੱਲ ਪਾ ਕੇ ਦੇਹੀ ਦੀ ਭੱਠੀ ਅੰਨ ਦੇ ਬਾਲਣ ਨਾਲ ਚਲਦੀ ਹੈ, ਪਰ ਇਹ ਮੇਰੇ ਤੇ ਨਿਰਭਰ ਹੈ ਕਿ ਮੈਂ ਇਸ ਵਿਚ ਬਾਲਣ ਗਿੱਲਾ ਪਾਉਂਦਾ ਜਾਂ ਸੁੱਕਾ। ਸੁੱਕਾ ਤਾਂ ਬਲ ਜਾਏਗਾ, ਪਰ ਗਿੱਲਾ ਬਾਲਣ ਬਿਮਾਰੀਆਂ ਦਾ ਧੂੰਆਂ ਹੀ ਤਾਂ ਕਰੇਗਾ! ਨਹੀਂ?

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top